< ਉਪਦੇਸ਼ਕ 7 >
1 ੧ ਨੇਕਨਾਮੀ ਮਹਿੰਗੇ ਅਤਰ ਨਾਲੋਂ ਅਤੇ ਮਰਨ ਦਾ ਦਿਨ ਜੰਮਣ ਦੇ ਦਿਨ ਨਾਲੋਂ ਚੰਗਾ ਹੈ।
2 ੨ ਸੋਗ ਵਾਲੇ ਘਰ ਵਿੱਚ ਜਾਣਾ ਦਾਵਤ ਵਾਲੇ ਘਰ ਵਿੱਚ ਜਾਣ ਨਾਲੋਂ ਚੰਗਾ ਹੈ, ਕਿਉਂ ਜੋ ਸਾਰੇ ਮਨੁੱਖਾਂ ਦਾ ਅੰਤ ਇਹੋ ਹੈ ਅਤੇ ਜੀਉਂਦੇ ਆਪਣੇ ਦਿਲ ਵਿੱਚ ਇਸ ਉੱਤੇ ਵਿਚਾਰ ਕਰਨਗੇ।
3 ੩ ਹਾਸੇ ਨਾਲੋਂ ਦੁੱਖ ਚੰਗਾ ਹੈ, ਕਿਉਂ ਜੋ ਮੂੰਹ ਦੀ ਉਦਾਸੀ ਨਾਲ ਮਨ ਸੁਧਰ ਜਾਂਦਾ ਹੈ।
4 ੪ ਬੁੱਧਵਾਨ ਦਾ ਦਿਲ ਸੋਗ ਵਾਲੇ ਘਰ ਵੱਲ ਲੱਗਿਆ ਰਹਿੰਦਾ ਹੈ, ਪਰ ਮੂਰਖ ਦਾ ਦਿਲ ਅਨੰਦ ਦੇ ਘਰ ਵਿੱਚ ਲੱਗਾ ਰਹਿੰਦਾ ਹੈ।
5 ੫ ਮੂਰਖਾਂ ਦੇ ਗੀਤ ਸੁਣਨ ਨਾਲੋਂ ਬੁੱਧਵਾਨ ਦੀ ਝਿੜਕ ਸੁਣਨੀ ਮਨੁੱਖ ਦੇ ਲਈ ਚੰਗੀ ਹੈ।
6 ੬ ਕਿਉਂਕਿ ਜਿਵੇਂ ਕੜਾਹੇ ਦੇ ਹੇਠ ਕੰਡਿਆਂ ਦੀ ਅੱਗ ਨਾਲ ਪਟਾਕਾ ਹੁੰਦਾ ਹੈ, ਉਸੇ ਤਰ੍ਹਾਂ ਹੀ ਮੂਰਖ ਦਾ ਹਾਸਾ ਹੈ, ਇਹ ਵੀ ਵਿਅਰਥ ਹੈ।
7 ੭ ਸੱਚ-ਮੁੱਚ ਸਖਤੀ ਬੁੱਧਵਾਨ ਨੂੰ ਕਮਲਾ ਬਣਾ ਦਿੰਦੀ ਹੈ ਅਤੇ ਰਿਸ਼ਵਤ ਬੁੱਧ ਨੂੰ ਵਿਗਾੜ ਦਿੰਦੀ ਹੈ।
8 ੮ ਕਿਸੇ ਗੱਲ ਦਾ ਅੰਤ ਉਸ ਦੇ ਅਰੰਭ ਨਾਲੋਂ ਭਲਾ ਹੈ ਅਤੇ ਧੀਰਜਵਾਨ ਹੰਕਾਰੀ ਨਾਲੋਂ ਚੰਗਾ ਹੈ।
9 ੯ ਤੂੰ ਆਪਣੇ ਮਨ ਵਿੱਚ ਛੇਤੀ ਨਾਲ ਕ੍ਰੋਧ ਨਾ ਕਰ, ਕਿਉਂ ਜੋ ਕ੍ਰੋਧ ਮੂਰਖਾਂ ਦੇ ਦਿਲ ਵਿੱਚ ਰਹਿੰਦਾ ਹੈ।
10 ੧੦ ਇਹ ਨਾ ਆਖ ਕਿ ਪਿਛਲੇ ਦਿਨ ਇਹਨਾਂ ਦਿਨਾਂ ਨਾਲੋਂ ਕਿਉਂ ਚੰਗੇ ਸਨ? ਕਿਉਂ ਜੋ ਤੂੰ ਬੁੱਧ ਨਾਲ ਇਸ ਦੇ ਬਾਰੇ ਨਹੀਂ ਪੁੱਛਦਾ।
11 ੧੧ ਵਿਰਾਸਤ ਦੇ ਵਾਂਗੂੰ ਬੁੱਧ ਚੰਗੀ ਹੈ ਅਤੇ ਜਿਉਂਦਿਆਂ ਲਈ ਲਾਭਕਾਰੀ ਹੈ।
12 ੧੨ ਕਿਉਂ ਜੋ ਬੁੱਧ ਦਾ ਸਹਾਰਾ ਧਨ ਦੇ ਸਹਾਰੇ ਵਰਗਾ ਹੈ, ਪਰ ਗਿਆਨ ਦਾ ਇੱਕ ਇਹ ਲਾਭ ਹੈ, ਜੋ ਬੁੱਧ ਆਪਣੇ ਰੱਖਣ ਵਾਲਿਆਂ ਦੀ ਜਾਨ ਦੀ ਰਾਖੀ ਕਰਦੀ ਹੈ।
13 ੧੩ ਪਰਮੇਸ਼ੁਰ ਦੇ ਕੰਮ ਨੂੰ ਵੇਖ, ਜਿਸ ਨੂੰ ਉਹ ਨੇ ਟੇਡਾ ਕੀਤਾ ਹੈ, ਉਸ ਨੂੰ ਕੌਣ ਸਿੱਧਾ ਕਰ ਸਕਦਾ ਹੈ?
14 ੧੪ ਖੁਸ਼ਹਾਲੀ ਦੇ ਦਿਨ ਵਿੱਚ ਨਿਹਾਲ ਹੋ, ਪਰ ਬਿਪਤਾ ਦੇ ਦਿਨ ਵਿੱਚ ਵਿਚਾਰ ਕਰ, ਇਸ ਨੂੰ ਵੀ ਪਰਮੇਸ਼ੁਰ ਨੇ ਉਹ ਦੇ ਵਰਗਾ ਬਣਾਇਆ ਹੈ, ਤਾਂ ਕਿ ਮਨੁੱਖ ਕਿਸੇ ਆਉਣ ਵਾਲੀ ਗੱਲ ਨੂੰ ਨਾ ਬੁੱਝੇ।
15 ੧੫ ਮੈਂ ਆਪਣੇ ਵਿਅਰਥ ਦੇ ਦਿਨਾਂ ਵਿੱਚ ਇਹ ਸਭ ਕੁਝ ਦੇਖਿਆ, ਇੱਕ ਧਰਮੀ ਹੈ ਜੋ ਆਪਣੀ ਧਾਰਮਿਕਤਾ ਵਿੱਚ ਨਾਸ ਹੋ ਜਾਂਦਾ ਹੈ ਅਤੇ ਇੱਕ ਦੁਸ਼ਟ ਹੈ ਜੋ ਆਪਣੀ ਦੁਸ਼ਟਤਾ ਵਿੱਚ ਲੰਮੀ ਉਮਰ ਭੋਗਦਾ ਹੈ।
16 ੧੬ ਵਧੇਰੇ ਧਰਮੀ ਨਾ ਬਣ ਅਤੇ ਨਾ ਹੀ ਵਧੇਰੇ ਬੁੱਧਵਾਨ ਹੋ, ਆਪਣੇ ਆਪ ਨੂੰ ਨਾਸ ਕਰਨ ਦੀ ਤੈਨੂੰ ਕੀ ਲੋੜ ਹੈ?
17 ੧੭ ਵਧੇਰੇ ਦੁਸ਼ਟ ਨਾ ਬਣ ਅਤੇ ਨਾ ਹੀ ਮੂਰਖ ਹੋ, ਤੂੰ ਸਮੇਂ ਤੋਂ ਪਹਿਲਾਂ ਕਿਉਂ ਮਰੇਂ?
18 ੧੮ ਚੰਗਾ ਹੈ ਜੋ ਤੂੰ ਇਹ ਨੂੰ ਫੜ੍ਹ ਕੇ ਰੱਖੇਂ ਅਤੇ ਉਸ ਤੋਂ ਵੀ ਹੱਥ ਨਾ ਖਿੱਚੇਂ, ਉਹ ਜੋ ਪਰਮੇਸ਼ੁਰ ਤੋਂ ਡਰਦਾ ਹੈ, ਉਹਨਾਂ ਸਭਨਾਂ ਵਿੱਚੋਂ ਬਚ ਨਿੱਕਲੇਗਾ।
19 ੧੯ ਬੁੱਧ ਬੁੱਧਵਾਨ ਨੂੰ ਸ਼ਹਿਰ ਦੇ ਦਸਾਂ ਤਕੜੇ ਹਾਕਮਾਂ ਦੇ ਨਾਲੋਂ ਜਿਆਦਾ ਤਕੜਾ ਕਰਦੀ ਹੈ।
20 ੨੦ ਧਰਤੀ ਉੱਤੇ ਅਜਿਹਾ ਧਰਮੀ ਮਨੁੱਖ ਕੋਈ ਨਹੀਂ, ਜੋ ਭਲਿਆਈ ਹੀ ਕਰੇ ਅਤੇ ਪਾਪ ਨਾ ਕਰੇ।
21 ੨੧ ਸਾਰੀਆਂ ਗੱਲਾਂ ਜੋ ਆਖੀਆਂ ਜਾਂਦੀਆਂ ਹਨ, ਉਨ੍ਹਾਂ ਉੱਤੇ ਮਨ ਨਾ ਲਾ, ਕਿਤੇ ਤੂੰ ਆਪਣੇ ਦਾਸ ਨੂੰ ਤੈਨੂੰ ਸਰਾਪ ਦਿੰਦੇ ਹੋਏ ਸੁਣੇਂ!
22 ੨੨ ਕਿਉਂ ਜੋ ਤੂੰ ਆਪਣੇ ਮਨ ਵਿੱਚ ਜਾਣਦਾ ਹੈਂ, ਜੋ ਤੂੰ ਵੀ ਕਈ ਵਾਰੀ ਇਸੇ ਤਰ੍ਹਾਂ ਦੂਸਰਿਆਂ ਨੂੰ ਸਰਾਪ ਦਿੱਤਾ ਹੈ!
23 ੨੩ ਮੈਂ ਬੁੱਧ ਨਾਲ ਇਹ ਸਭ ਕੁਝ ਪਰਖਿਆ ਹੈ। ਮੈਂ ਆਖਿਆ ਕਿ ਮੈਂ ਬੁੱਧਵਾਨ ਹੋਵਾਂਗਾ ਪਰ ਇਹ ਗੱਲ ਮੇਰੀ ਪਹੁੰਚ ਤੋਂ ਦੂਰ ਸੀ
24 ੨੪ ਜੋ ਕੁਝ ਦੂਰ ਅਤੇ ਬਹੁਤ ਡੂੰਘਾ ਹੈ, ਉਹ ਨੂੰ ਕੌਣ ਲੱਭ ਸਕਦਾ ਹੈ?
25 ੨੫ ਮੈਂ ਆਪਣਾ ਮਨ ਲਗਾਇਆ ਕਿ ਬੁੱਧ ਨੂੰ ਜਾਣਾਂ ਅਤੇ ਲੱਭ ਲਵਾਂ ਅਤੇ ਉਸ ਦੇ ਮੁੱਢ ਨੂੰ ਭਾਲਾਂ ਅਤੇ ਮੂਰਖਤਾਈ ਦੀ ਬੁਰਿਆਈ ਅਤੇ ਮੂਰਖਤਾਈ ਜੋ ਪਾਗਲਪਣ ਹੈ, ਉਸ ਨੂੰ ਸਮਝਾਂ।
26 ੨੬ ਮੈਂ ਉਸ ਇਸਤਰੀ ਨੂੰ ਮੌਤ ਨਾਲੋਂ ਕੌੜੀ ਜਾਣਦਾ ਹਾਂ, ਜਿਸ ਦਾ ਦਿਲ ਫਾਹੀਆਂ ਅਤੇ ਜਾਲ਼ ਹੈ, ਜਿਸ ਦੇ ਹੱਥ ਬੇੜੀਆਂ ਹਨ। ਜਿਹੜਾ ਪਰਮੇਸ਼ੁਰ ਨੂੰ ਪਰਸੰਨ ਕਰਦਾ ਹੈ, ਉਹ ਉਸ ਤੋਂ ਬਚੇਗਾ ਪਰ ਪਾਪੀ ਉਸ ਦਾ ਸ਼ਿਕਾਰ ਹੋ ਜਾਵੇਗਾ
27 ੨੭ ਉਪਦੇਸ਼ਕ ਆਖਦਾ ਹੈ, ਵੇਖੋ, ਮੈਂ ਇੱਕ ਗੱਲ ਨੂੰ ਦੂਜੀ ਗੱਲ ਦੇ ਨਾਲ ਜੋੜ ਕੇ ਇਹ ਖੋਜ ਕੱਢੀ ਹੈ।
28 ੨੮ ਜਿਸ ਨੂੰ ਹੁਣ ਤੱਕ ਮੇਰਾ ਮਨ ਭਾਲਦਾ ਰਹਿੰਦਾ ਹੈ, ਪਰ ਮੈਨੂੰ ਨਹੀਂ ਮਿਲਿਆ: ਹਜ਼ਾਰਾਂ ਵਿੱਚੋਂ ਮੈਂ ਇੱਕ ਮਨੁੱਖ ਨੂੰ ਲੱਭਿਆ ਹੈ ਪਰ ਇੱਕ ਵੀ ਇਸਤਰੀ ਮੈਨੂੰ ਇਹਨਾਂ ਸਾਰਿਆਂ ਵਿੱਚੋਂ ਨਹੀਂ ਲੱਭੀ।
29 ੨੯ ਵੇਖੋ, ਮੈਂ ਸਿਰਫ਼ ਇਹੋ ਹੀ ਲੱਭਿਆ ਹੈ ਕਿ ਪਰਮੇਸ਼ੁਰ ਨੇ ਮਨੁੱਖ ਨੂੰ ਸਿੱਧਾ ਬਣਾਇਆ, ਪਰ ਉਹਨਾਂ ਨੇ ਬਹੁਤੀਆਂ ਜੁਗਤਾਂ ਭਾਲੀਆਂ ਹਨ।