< ਯਸਾਯਾਹ 3 >
1 ੧ ਹੁਣ ਵੇਖੋ! ਪ੍ਰਭੂ ਸੈਨਾਂ ਦਾ ਯਹੋਵਾਹ, ਯਰੂਸ਼ਲਮ ਤੇ ਯਹੂਦਾਹ ਤੋਂ ਆਸਰਾ ਤੇ ਸਹਾਰਾ ਲੈ ਜਾ ਰਿਹਾ ਹੈ, ਅਰਥਾਤ ਰੋਟੀ ਦਾ ਸਾਰਾ ਸਹਾਰਾ ਤੇ ਪਾਣੀ ਦਾ ਸਾਰਾ ਸਹਾਰਾ,
2 ੨ ਸੂਰਬੀਰ ਤੇ ਯੋਧਾ, ਨਿਆਈਂ ਤੇ ਨਬੀ, ਫ਼ਾਲ ਪਾਉਣ ਵਾਲਾ ਤੇ ਬਜ਼ੁਰਗ,
3 ੩ ਪੰਜਾਹਾਂ ਸਿਪਾਹੀਆਂ ਦਾ ਸਰਦਾਰ ਤੇ ਰਈਸ, ਦਰਬਾਰੀ ਤੇ ਸਿਆਣਾ ਕਾਰੀਗਰ ਅਤੇ ਚਾਤਰ ਜਾਦੂਗਰ ਨੂੰ ਵੀ ਦੂਰ ਕਰ ਦੇਵੇਗਾ।
4 ੪ ਤਾਂ ਮੈਂ ਮੁੰਡਿਆਂ ਨੂੰ ਉਹਨਾਂ ਦੇ ਹਾਕਮ ਬਣਾਵਾਂਗਾ, ਅਤੇ ਬੱਚੇ ਉਹਨਾਂ ਦੇ ਉੱਤੇ ਹਕੂਮਤ ਕਰਨਗੇ।
5 ੫ ਲੋਕ ਇੱਕ ਦੂਜੇ ਉੱਤੇ ਅਤੇ ਹਰੇਕ ਆਪਣੇ ਗੁਆਂਢੀ ਉੱਤੇ ਜ਼ੁਲਮ ਕਰੇਗਾ, ਜੁਆਨ ਬਜ਼ੁਰਗ ਦੀ, ਅਤੇ ਨੀਚ ਪਤਵੰਤੇ ਦੀ ਬੇਇੱਜ਼ਤੀ ਕਰੇਗਾ।
6 ੬ ਕੋਈ ਮਨੁੱਖ ਆਪਣੇ ਪਿਤਾ ਦੇ ਘਰ ਵਿੱਚ ਆਪਣੇ ਭਰਾ ਨੂੰ ਫੜ੍ਹ ਕੇ ਆਖੇਗਾ, - ਤੇਰੇ ਕੋਲ ਚੋਗਾ ਹੈ, ਤੂੰ ਸਾਡਾ ਆਗੂ ਹੋ, ਅਤੇ ਇਹ ਉੱਜੜਿਆ ਹੋਇਆ ਢੇਰ ਤੇਰੇ ਹੱਥ ਦੇ ਹੇਠ ਹੋਵੇਗਾ।
7 ੭ ਉਸ ਦਿਨ ਉਹ ਉੱਚੀ ਦੇ ਕੇ ਆਖੇਗਾ, ਮੈਂ ਪੱਟੀ ਬੰਨ੍ਹਣ ਵਾਲਾ ਨਹੀਂ ਹੋਵਾਂਗਾ, ਮੇਰੇ ਘਰ ਵਿੱਚ ਨਾ ਰੋਟੀ ਹੈ ਨਾ ਚੋਗਾ, ਤੁਸੀਂ ਮੈਨੂੰ ਲੋਕਾਂ ਦਾ ਆਗੂ ਨਾ ਠਹਿਰਾਓ!
8 ੮ ਯਰੂਸ਼ਲਮ ਤਾਂ ਠੇਡਾ ਖਾ ਗਿਆ, ਅਤੇ ਯਹੂਦਾਹ ਡਿੱਗ ਪਿਆ ਹੈ, ਕਿਉਂ ਜੋ ਉਹਨਾਂ ਦੀ ਬੋਲੀ ਤੇ ਉਹਨਾਂ ਦੇ ਕੰਮ ਯਹੋਵਾਹ ਦੇ ਵਿਰੁੱਧ ਹਨ, ਜੋ ਉਹ ਦੀਆਂ ਤੇਜਵਾਨ ਅੱਖਾਂ ਨੂੰ ਲਾਲ ਕਰਦੇ ਹਨ।
9 ੯ ਉਹਨਾਂ ਦੇ ਚਿਹਰੇ ਦਾ ਰੂਪ ਉਹਨਾਂ ਦੇ ਵਿਰੁੱਧ ਗਵਾਹੀ ਦਿੰਦਾ ਹੈ, ਅਤੇ ਉਹ ਆਪਣੇ ਆਪ ਨੂੰ ਸਦੂਮ ਵਾਂਗੂੰ ਪਰਗਟ ਕਰਦੇ ਹਨ, ਉਹ ਉਸ ਨੂੰ ਲੁਕਾਉਂਦੇ ਨਹੀਂ, - ਹਾਏ ਉਹਨਾਂ ਦੀ ਜਾਨ ਉੱਤੇ! ਉਹ ਆਪ ਹੀ ਆਪਣੇ ਉੱਤੇ ਬੁਰਿਆਈ ਲੈ ਆਉਂਦੇ ਹਨ।
10 ੧੦ ਧਰਮੀ ਨੂੰ ਆਖੋ ਕਿ ਉਨ੍ਹਾਂ ਦਾ ਭਲਾ ਹੋਵੇਗਾ, ਕਿਉਂ ਜੋ ਉਹ ਆਪਣੇ ਕੰਮ ਦਾ ਫਲ ਖਾਣਗੇ।
11 ੧੧ ਹਾਏ ਦੁਸ਼ਟ ਉੱਤੇ! ਉਹ ਦਾ ਬੁਰਾ ਹੋਵੇਗਾ, ਕਿਉਂ ਜੋ ਉਹ ਆਪਣੇ ਹੱਥ ਦਾ ਕੀਤਾ ਆਪ ਭੋਗੇਗਾ
12 ੧੨ ਮੇਰੀ ਪਰਜਾ! ਬੱਚੇ ਉਹਨਾਂ ਉੱਤੇ ਅਨ੍ਹੇਰ ਕਰਦੇ, ਅਤੇ ਔਰਤਾਂ ਉਹਨਾਂ ਉੱਤੇ ਹਕੂਮਤ ਕਰਦੀਆਂ ਹਨ। ਮੇਰੀ ਪਰਜਾ! ਤੇਰੇ ਆਗੂ ਤੈਨੂੰ ਭਟਕਾਉਂਦੇ ਹਨ, ਅਤੇ ਤੇਰੇ ਸਿੱਧੇ ਮਾਰਗਾਂ ਨੂੰ ਮਿਟਾ ਦਿੰਦੇ ਹਨ।
13 ੧੩ ਯਹੋਵਾਹ ਮੁਕੱਦਮਾ ਲੜਨ ਲਈ ਆਪਣੇ ਸਥਾਨ ਤੇ ਹੈ, ਅਤੇ ਲੋਕਾਂ ਦਾ ਫ਼ੈਸਲਾ ਕਰਨ ਲਈ ਖੜ੍ਹਾ ਹੈ।
14 ੧੪ ਯਹੋਵਾਹ ਆਪਣੀ ਪਰਜਾ ਦੇ ਬਜ਼ੁਰਗਾਂ ਅਤੇ ਆਗੂਆਂ ਦੇ ਵਿਰੁੱਧ ਨਿਆਂ ਲਈ ਆਉਂਦਾ ਹੈ, ਤੁਸੀਂ ਹੀ ਮੇਰੇ ਅੰਗੂਰੀ ਬਾਗ਼ ਨੂੰ ਚੱਟ ਕਰ ਲਿਆ ਹੈ, ਗਰੀਬਾਂ ਦੀ ਲੁੱਟ ਤੁਹਾਡੇ ਹੀ ਘਰਾਂ ਵਿੱਚ ਹੈ।
15 ੧੫ ਸੈਨਾਂ ਦੇ ਪ੍ਰਭੂ ਯਹੋਵਾਹ ਦਾ ਵਾਕ ਹੈ, ਤੁਹਾਡਾ ਕੀ ਮਤਲਬ ਹੈ ਕਿ ਤੁਸੀਂ ਮੇਰੀ ਪਰਜਾ ਨੂੰ ਦਬਾਉਂਦੇ ਹੋ, ਅਤੇ ਗਰੀਬਾਂ ਨੂੰ ਰਗੜਦੇ ਹੋ?
16 ੧੬ ਯਹੋਵਾਹ ਇਹ ਆਖਦਾ ਹੈ, ਇਸ ਲਈ ਕਿ ਸੀਯੋਨ ਦੀਆਂ ਧੀਆਂ ਹੰਕਾਰਨਾਂ ਹਨ, ਅਤੇ ਗਰਦਨ ਅਕੜਾ ਕੇ ਅਤੇ ਅੱਖਾਂ ਮਟਕਾ ਕੇ ਤੁਰਦੀਆਂ ਹਨ, ਅਤੇ ਠੁਮਕ-ਠੁਮਕ ਚਾਲ ਚੱਲਦੀਆਂ ਹਨ, ਅਤੇ ਪੈਰਾਂ ਵਿੱਚ ਘੁੰਗਰੂ ਛਣਕਾਉਂਦੀਆਂ ਹਨ,
17 ੧੭ ਹੁਣ ਪ੍ਰਭੂ ਸੀਯੋਨ ਦੀਆਂ ਧੀਆਂ ਦਾ ਸਿਰ ਗੰਜਾ ਕਰ ਦੇਵੇਗਾ ਅਤੇ ਯਹੋਵਾਹ ਉਹਨਾਂ ਦੇ ਸਰੀਰ ਨੰਗੇ ਕਰ ਦੇਵੇਗਾ।
18 ੧੮ ਉਸ ਦਿਨ ਪ੍ਰਭੂ ਉਹਨਾਂ ਦੀਆਂ ਪਜੇਬਾਂ ਦੀ ਸਜਾਵਟ, ਅਤੇ ਜਾਲੀਆਂ ਤੇ ਚੰਦਨਹਾਰ ਲੈ ਜਾਵੇਗਾ,
19 ੧੯ ਛੁਮਕੇ, ਛਣਕੰਗਣ, ਘੁੰਡ,
20 ੨੦ ਚੌਂਕ, ਕੰਗਣ, ਪਟਕੇ, ਅਤਰਦਾਨੀਆਂ, ਚੌਂਕੀਆਂ,
21 ੨੧ ਅਤੇ ਮੁੰਦਰੀਆਂ ਤੇ ਨੱਥਾਂ,
22 ੨੨ ਰਾਖਵੇਂ ਕੱਪੜੇ, ਚੱਦਰਾਂ, ਦੁਪੱਟੇ ਅਤੇ ਖੀਸੇ,
23 ੨੩ ਆਰਸੀਆਂ, ਮਲਮਲ, ਸਾਫ਼ੇ ਅਤੇ ਬੁਰਕੇ, ਇਨ੍ਹਾਂ ਸਾਰਿਆਂ ਦੀ ਸ਼ੋਭਾ ਦੂਰ ਕਰੇਗਾ।
24 ੨੪ ਅਤੇ ਅਜਿਹਾ ਹੋਵੇਗਾ ਕਿ ਸੁਗੰਧ ਦੇ ਥਾਂ ਸੜਿਆਂਧ ਹੋਵੇਗੀ, ਪਟਕੇ ਦੀ ਥਾਂ ਰੱਸੀ, ਮੀਢੀਆਂ ਦੇ ਥਾਂ ਗੰਜ, ਚੋਲੀ ਦੇ ਥਾਂ ਟਾਟ ਦੀ ਪੇਟੀ, ਸੁਹੱਪਣ ਦੇ ਥਾਂ ਦਾਗ ਹੋਣਗੇ।
25 ੨੫ ਤੇਰੇ ਪੁਰਖ ਤਲਵਾਰ ਨਾਲ, ਅਤੇ ਤੇਰੇ ਸੂਰਮੇ ਯੁੱਧ ਵਿੱਚ ਡਿੱਗਣਗੇ।
26 ੨੬ ਸਿਯੋਨ ਸ਼ਹਿਰ ਦੇ ਫਾਟਕ ਵਿਰਲਾਪ ਤੇ ਸੋਗ ਕਰਨਗੇ, ਅਤੇ ਉਹ ਲੁੱਟ-ਪੁੱਟ ਹੋ ਕੇ ਉਹ ਹੇਠਾਂ ਬੈਠੇਗੀ।