< ਸਫ਼ਨਯਾਹ 1 >
1 ੧ ਯਹੂਦਾਹ ਦੇ ਰਾਜਾ ਆਮੋਨ ਦੇ ਪੁੱਤਰ ਯੋਸ਼ੀਯਾਹ ਦੇ ਦਿਨਾਂ ਵਿੱਚ ਯਹੋਵਾਹ ਦੀ ਬਾਣੀ ਜੋ ਸਫ਼ਨਯਾਹ ਦੇ ਕੋਲ ਆਈ, ਜੋ ਕੂਸ਼ੀ ਦਾ ਪੁੱਤਰ, ਗਦਲਯਾਹ ਦਾ ਪੋਤਰਾ, ਅਮਰਯਾਹ ਦਾ ਪੜਪੋਤਾ ਸੀ, ਜੋ ਹਿਜ਼ਕੀਯਾਹ ਦਾ ਪੁੱਤਰ ਸੀ।
2 ੨ ਮੈਂ ਧਰਤੀ ਦੇ ਉੱਤੋਂ ਸਭ ਕੁਝ ਪੂਰੀ ਤਰ੍ਹਾਂ ਨਾਲ ਮਿਟਾ ਦਿਆਂਗਾ, ਯਹੋਵਾਹ ਦਾ ਵਾਕ ਹੈ।
3 ੩ ਮੈਂ ਮਨੁੱਖ ਅਤੇ ਪਸ਼ੂਆਂ ਨੂੰ ਮਿਟਾ ਦਿਆਂਗਾ, ਮੈਂ ਅਕਾਸ਼ ਦੇ ਪੰਛੀਆਂ ਨੂੰ ਅਤੇ ਸਮੁੰਦਰ ਦੀਆਂ ਮੱਛੀਆਂ ਨੂੰ, ਅਤੇ ਦੁਸ਼ਟਾਂ ਨੂੰ ਉਨ੍ਹਾਂ ਦੀਆਂ ਰੱਖੀਆਂ ਹੋਈਆਂ ਠੋਕਰਾਂ ਸਮੇਤ ਮਿਟਾ ਦਿਆਂਗਾ। ਮੈਂ ਮਨੁੱਖਾਂ ਨੂੰ ਧਰਤੀ ਉੱਤੋਂ ਨਾਸ ਕਰ ਸੁੱਟਾਂਗਾ, ਯਹੋਵਾਹ ਦਾ ਵਾਕ ਹੈ।
4 ੪ ਮੈਂ ਆਪਣਾ ਹੱਥ ਯਹੂਦਾਹ ਉੱਤੇ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਦੇ ਵਿਰੁੱਧ ਚੁੱਕਾਂਗਾ, ਅਤੇ ਇਸ ਸਥਾਨ ਤੋਂ ਬਆਲ ਦੇ ਬਚੇ ਹੋਇਆਂ ਨੂੰ ਅਤੇ ਜਾਜਕਾਂ ਸਮੇਤ ਦੇਵਤਿਆਂ ਦੇ ਪੁਜਾਰੀਆਂ ਦੇ ਨਾਮ ਨੂੰ ਨਾਸ ਕਰ ਦਿਆਂਗਾ,
5 ੫ ਉਹਨਾਂ ਨੂੰ ਵੀ ਜੋ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਅਕਾਸ਼ ਦੀ ਸੈਨਾਂ ਅੱਗੇ ਮੱਥਾ ਟੇਕਦੇ ਹਨ, ਜੋ ਯਹੋਵਾਹ ਅੱਗੇ ਮੱਥਾ ਟੇਕਦੇ ਅਤੇ ਸਹੁੰ ਖਾਂਦੇ ਹਨ, ਨਾਲੇ ਮਲਕਾਮ ਦੀ ਵੀ ਸਹੁੰ ਖਾਂਦੇ ਹਨ,
6 ੬ ਅਤੇ ਉਹਨਾਂ ਨੂੰ ਵੀ ਜੋ ਯਹੋਵਾਹ ਦੇ ਪਿੱਛੇ ਚੱਲਣ ਤੋਂ ਫਿਰ ਗਏ ਅਤੇ ਜੋ ਨਾ ਤਾਂ ਯਹੋਵਾਹ ਦੀ ਭਾਲ ਕਰਦੇ ਹਨ ਅਤੇ ਨਾ ਉਹ ਦੀ ਸਲਾਹ ਪੁੱਛਦੇ ਹਨ, ਨਾਸ ਕਰ ਦਿਆਂਗਾ।
7 ੭ ਪ੍ਰਭੂ ਯਹੋਵਾਹ ਦੇ ਸਾਹਮਣੇ ਚੁੱਪ ਰਹਿ ਕਿਉਂਕਿ ਯਹੋਵਾਹ ਦਾ ਦਿਨ ਨੇੜੇ ਹੈ, ਯਹੋਵਾਹ ਨੇ ਇੱਕ ਬਲੀ ਤਿਆਰ ਕੀਤੀ ਹੈ, ਉਹ ਨੇ ਆਪਣੇ ਪਰਾਹੁਣਿਆਂ ਨੂੰ ਪਵਿੱਤਰ ਕੀਤਾ ਹੈ।
8 ੮ ਯਹੋਵਾਹ ਦੀ ਬਲੀ ਦੇ ਦਿਨ ਅਜਿਹਾ ਹੋਵੇਗਾ ਕਿ ਮੈਂ ਹਾਕਮਾਂ ਨੂੰ, ਰਾਜੇ ਦੇ ਪੁੱਤਰਾਂ ਨੂੰ ਅਤੇ ਉਨ੍ਹਾਂ ਸਾਰਿਆਂ ਨੂੰ ਜਿਨ੍ਹਾਂ ਨੇ ਪਰਦੇਸੀ ਕੱਪੜੇ ਪਹਿਨੇ ਹੋਏ ਹਨ, ਸਜ਼ਾ ਦਿਆਂਗਾ।
9 ੯ ਉਸ ਦਿਨ ਮੈਂ ਉਹਨਾਂ ਸਾਰਿਆਂ ਨੂੰ ਸਜ਼ਾ ਦਿਆਂਗਾ, ਜੋ ਚੌਖਟ ਦੇ ਉੱਤੋਂ ਟੱਪਦੇ ਹਨ, ਜੋ ਆਪਣੇ ਮਾਲਕ ਦੇ ਘਰ ਨੂੰ ਅਨ੍ਹੇਰ ਅਤੇ ਛਲ ਨਾਲ ਭਰ ਦਿੰਦੇ ਹਨ।
10 ੧੦ ਉਸ ਦਿਨ ਅਜਿਹਾ ਹੋਵੇਗਾ, ਯਹੋਵਾਹ ਦਾ ਵਾਕ ਹੈ, ਮੱਛੀ-ਫਾਟਕ ਤੋਂ ਦੁਹਾਈ ਦੀ ਅਵਾਜ਼ ਹੋਵੇਗੀ, ਦੂਜੇ ਮੁਹੱਲੇ ਵਿੱਚ ਵਿਰਲਾਪ ਅਤੇ ਟਿੱਲਿਆਂ ਤੋਂ ਵੱਡਾ ਧੜਾਕਾ ਹੋਵੇਗਾ।
11 ੧੧ ਹੇ ਮਕਤੇਸ਼ ਦੇ ਵਾਸੀਓ, ਵਿਰਲਾਪ ਕਰੋ! ਕਿਉਂ ਜੋ ਸਾਰੇ ਵਪਾਰੀ ਮੁੱਕ ਗਏ, ਸਾਰੇ ਜੋ ਚਾਂਦੀ ਨਾਲ ਲੱਦੇ ਹੋਏ ਸਨ, ਵੱਢੇ ਗਏ।
12 ੧੨ ਉਸ ਸਮੇਂ ਮੈਂ ਦੀਵੇ ਲੈ ਕੇ ਯਰੂਸ਼ਲਮ ਦੀ ਤਲਾਸ਼ੀ ਲਵਾਂਗਾ ਅਤੇ ਉਹਨਾਂ ਮਨੁੱਖਾਂ ਨੂੰ ਸਜ਼ਾ ਦਿਆਂਗਾ, ਜੋ ਮਧ ਦੇ ਮੈਲ ਦੀ ਤਰ੍ਹਾਂ ਹਨ, ਜਿਹੜੀ ਥੱਲੇ ਬੈਠ ਜਾਂਦੀ ਹੈ ਅਤੇ ਆਪਣੇ ਮਨਾਂ ਵਿੱਚ ਕਹਿੰਦੇ ਹਨ, “ਯਹੋਵਾਹ ਨਾ ਭਲਿਆਈ ਕਰੇਗਾ, ਨਾ ਬੁਰਿਆਈ।”
13 ੧੩ ਉਹਨਾਂ ਦਾ ਧਨ ਲੁੱਟ ਦਾ ਮਾਲ ਹੋ ਜਾਵੇਗਾ, ਉਹਨਾਂ ਦੇ ਘਰ ਵਿਰਾਨ ਹੋ ਜਾਣਗੇ। ਉਹ ਘਰ ਤਾਂ ਉਸਾਰਨਗੇ ਪਰ ਉਨ੍ਹਾਂ ਵਿੱਚ ਵੱਸਣਗੇ ਨਹੀਂ, ਉਹ ਅੰਗੂਰੀ ਬਾਗ਼ ਲਾਉਣਗੇ ਪਰ ਉਨ੍ਹਾਂ ਦਾ ਦਾਖਰਸ ਨਾ ਪੀਣਗੇ।
14 ੧੪ ਯਹੋਵਾਹ ਦਾ ਮਹਾਨ ਦਿਨ ਨੇੜੇ ਹੈ, ਉਹ ਨੇੜੇ ਹੈ ਅਤੇ ਬਹੁਤ ਛੇਤੀ ਨਾਲ ਆਉਂਦਾ ਹੈ, ਹਾਂ, ਯਹੋਵਾਹ ਦੇ ਦਿਨ ਦੀ ਅਵਾਜ਼ ਸੁਣਾਈ ਦਿੰਦੀ ਹੈ। ਉੱਥੇ ਸੂਰਮਾ ਕੁੜੱਤਣ ਨਾਲ ਚਿੱਲਾਵੇਗਾ!
15 ੧੫ ਉਹ ਦਿਨ ਕਹਿਰ ਦਾ ਦਿਨ ਹੈ, ਦੁੱਖ ਅਤੇ ਕਸ਼ਟ ਦਾ ਦਿਨ, ਬਰਬਾਦੀ ਅਤੇ ਵਿਰਾਨੀ ਦਾ ਦਿਨ, ਹਨੇਰੇ ਅਤੇ ਅੰਧਕਾਰ ਦਾ ਦਿਨ, ਬੱਦਲ ਅਤੇ ਕਾਲੀਆਂ ਘਟਾਂ ਦਾ ਦਿਨ!
16 ੧੬ ਉਹ ਗੜ੍ਹਾਂ ਵਾਲੇ ਸ਼ਹਿਰਾਂ ਅਤੇ ਉੱਚੇ ਬੁਰਜ਼ਾਂ ਦੇ ਵਿਰੁੱਧ ਤੁਰ੍ਹੀ ਫੂਕਣ ਅਤੇ ਲਲਕਾਰ ਦਾ ਦਿਨ ਹੋਵੇਗਾ।
17 ੧੭ ਮੈਂ ਮਨੁੱਖਾਂ ਉੱਤੇ ਬਿਪਤਾ ਲਿਆਵਾਂਗਾ ਅਤੇ ਉਹ ਅੰਨ੍ਹਿਆਂ ਵਾਂਗੂੰ ਤੁਰਨਗੇ, ਕਿਉਂ ਜੋ ਉਨ੍ਹਾਂ ਨੇ ਯਹੋਵਾਹ ਦੇ ਵਿਰੁੱਧ ਪਾਪ ਕੀਤਾ ਹੈ, ਅਤੇ ਉਨ੍ਹਾਂ ਦਾ ਲਹੂ ਧੂੜ ਵਾਗੂੰ ਅਤੇ ਉਨ੍ਹਾਂ ਦਾ ਮਾਸ ਬਿਸ਼ਟੇ ਵਾਂਗੂੰ ਸੁੱਟਿਆ ਜਾਵੇਗਾ।
18 ੧੮ ਯਹੋਵਾਹ ਦੇ ਕਹਿਰ ਦੇ ਦਿਨ ਵਿੱਚ ਨਾ ਉਹਨਾਂ ਦਾ ਸੋਨਾ, ਨਾ ਉਹਨਾਂ ਦੀ ਚਾਂਦੀ, ਉਹਨਾਂ ਨੂੰ ਛੁਡਾਵੇਗੀ, ਪਰ ਉਹ ਦੀ ਅਣਖ ਦੀ ਅੱਗ ਨਾਲ ਸਾਰੀ ਧਰਤੀ ਭਸਮ ਹੋ ਜਾਵੇਗੀ, ਕਿਉਂ ਜੋ ਉਹ ਪੂਰਾ ਅੰਤ ਕਰੇਗਾ, ਹਾਂ ਧਰਤੀ ਦੇ ਸਭ ਵਾਸੀਆਂ ਦਾ ਅਚਾਨਕ ਅੰਤ ਕਰ ਦੇਵੇਗਾ!