< ਜ਼ਕਰਯਾਹ 14 >
1 ੧ ਵੇਖ, ਯਹੋਵਾਹ ਦਾ ਦਿਨ ਆਉਂਦਾ ਹੈ ਕਿ ਤੇਰੀ ਲੁੱਟ ਤੇਰੇ ਅੰਦਰ ਵੰਡੀ ਜਾਵੇਗੀ।
2 ੨ ਮੈਂ ਸਾਰੀਆਂ ਕੌਮਾਂ ਨੂੰ ਇਕੱਠਾ ਕਰਾਂਗਾ ਕਿ ਯਰੂਸ਼ਲਮ ਨਾਲ ਲੜਾਈ ਕਰਨ ਅਤੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਜਾਵੇਗਾ, ਇਸਤਰੀਆਂ ਦੀ ਬੇ-ਪਤੀ ਹੋਵੇਗੀ ਅਤੇ ਅੱਧਾ ਸ਼ਹਿਰ ਗੁਲਾਮੀ ਵਿੱਚ ਜਾਵੇਗਾ ਪਰ ਬਾਕੀ ਲੋਕ ਸ਼ਹਿਰ ਤੋਂ ਵੱਢੇ ਜਾਣਗੇ।
3 ੩ ਤਾਂ ਯਹੋਵਾਹ ਨਿੱਕਲੇਗਾ ਅਤੇ ਉਹਨਾਂ ਕੌਮਾਂ ਨਾਲ ਯੁੱਧ ਕਰੇਗਾ, ਜਿਵੇਂ ਯੁੱਧ ਦੇ ਦਿਨ ਲੜਦਾ ਸੀ।
4 ੪ ਉਸ ਦਿਨ ਉਸ ਦੇ ਪੈਰ ਜ਼ੈਤੂਨ ਦੇ ਪਰਬਤ ਉੱਤੇ ਖੜੇ ਹੋਣਗੇ, ਜਿਹੜਾ ਯਰੂਸ਼ਲਮ ਦੇ ਅੱਗੇ ਪੂਰਬ ਵੱਲ ਹੈ ਅਤੇ ਜ਼ੈਤੂਨ ਦਾ ਪਰਬਤ ਪੂਰਬ ਤੋਂ ਪੱਛਮ ਤੱਕ ਵਿੱਚੋਂ ਪਾਟ ਜਾਵੇਗਾ ਅਤੇ ਇੱਕ ਬਹੁਤ ਵੱਡੀ ਘਾਟੀ ਹੋ ਜਾਵੇਗੀ, ਅੱਧਾ ਪਰਬਤ ਉੱਤਰ ਨੂੰ ਅਤੇ ਅੱਧਾ ਦੱਖਣ ਨੂੰ ਸਰਕ ਜਾਵੇਗਾ।
5 ੫ ਤੁਸੀਂ ਯਹੋਵਾਹ ਦੇ ਪਰਬਤ ਦੇ ਵਿੱਚ ਦੀ ਭੱਜੋਗੇ ਕਿਉਂ ਜੋ ਪਰਬਤ ਦੀ ਦੂਣ ਆਸੇਲ ਤੱਕ ਹੋਵੇਗੀ, ਜਿਵੇਂ ਯਹੂਦਾਹ ਦੇ ਪਾਤਸ਼ਾਹ ਉੱਜ਼ੀਯਾਹ ਦੇ ਦਿਨਾਂ ਵਿੱਚ ਭੂਚਾਲ ਦੇ ਅੱਗੇ ਭੱਜੇ ਸੀ, ਤਦ ਯਹੋਵਾਹ ਮੇਰਾ ਪਰਮੇਸ਼ੁਰ ਆਵੇਗਾ ਅਤੇ ਸਾਰੇ ਸੰਤ ਜਨ ਤੇਰੇ ਨਾਲ।
6 ੬ ਇਸ ਤਰ੍ਹਾਂ ਹੋਵੇਗਾ ਕਿ ਉਸ ਦਿਨ ਚਾਨਣ ਨਾ ਹੋਵੇਗਾ, ਅਕਾਸ਼ ਦੇ ਤਾਰੇ ਮੱਧਮ ਪੈ ਜਾਣਗੇ।
7 ੭ ਪਰ ਇੱਕ ਦਿਨ ਹੋਵੇਗਾ ਜਿਹ ਨੂੰ ਯਹੋਵਾਹ ਹੀ ਜਾਣਦਾ ਹੈ, ਨਾ ਦਿਨ ਹੋਵੇਗਾ ਨਾ ਰਾਤ ਪਰ ਸ਼ਾਮ ਦੇ ਵੇਲੇ ਚਾਨਣ ਹੋਵੇਗਾ।
8 ੮ ਉਸ ਦਿਨ ਇਸ ਤਰ੍ਹਾਂ ਹੋਵੇਗਾ ਕਿ ਯਰੂਸ਼ਲਮ ਤੋਂ ਅੰਮ੍ਰਿਤ ਜਲ ਨਿੱਕਲੇਗਾ, ਜਿਸ ਦਾ ਅੱਧ ਪੂਰਬ ਵਾਲੇ ਪਾਸੇ ਦੇ ਸਮੁੰਦਰ ਵਿੱਚ ਅਤੇ ਉਸ ਦਾ ਅੱਧ ਪੱਛਮ ਵਾਲੇ ਪਾਸੇ ਦੇ ਸਮੁੰਦਰ ਵਿੱਚ ਹੈ। ਇਹ ਗਰਮੀ ਅਤੇ ਸਰਦੀ ਵਿੱਚ ਰਹੇਗਾ।
9 ੯ ਸਾਰੀ ਧਰਤੀ ਉੱਤੇ ਯਹੋਵਾਹ ਹੀ ਪਾਤਸ਼ਾਹ ਹੋਵੇਗਾ, ਉਸ ਦਿਨ ਯਹੋਵਾਹ ਇੱਕੋ ਹੀ ਹੋਵੇਗਾ ਅਤੇ ਉਸ ਦਾ ਨਾਮ ਇੱਕ ਹੀ ਹੋਵੇਗਾ।
10 ੧੦ ਗਬਾ ਤੋਂ ਰਿੰਮੋਨ ਤੱਕ ਸਾਰੀ ਧਰਤੀ ਯਰੂਸ਼ਲਮ ਦੇ ਦੱਖਣ ਵੱਲ ਅਰਾਬਾਹ ਵਾਂਗੂੰ ਹੋ ਜਾਵੇਗੀ ਪਰ ਉਹ ਉੱਚਾ ਕੀਤਾ ਜਾਵੇਗਾ ਅਤੇ ਆਪਣੇ ਸਥਾਨ ਉੱਤੇ ਵੱਸੇਗਾ। ਬਿਨਯਾਮੀਨ ਦੇ ਫਾਟਕ ਤੋਂ ਪਹਿਲੇ ਫਾਟਕ ਦੇ ਥਾਂ ਅਰਥਾਤ ਕੋਨੇ ਦੇ ਫਾਟਕ ਤੱਕ ਅਤੇ ਹਨਨੇਲ ਦੇ ਬੁਰਜ ਤੋਂ ਪਾਤਸ਼ਾਹ ਦੇ ਅੰਗੂਰੀ ਚੁਬੱਚਿਆਂ ਤੱਕ ਹੋਵੇਗਾ।
11 ੧੧ ਉਸ ਵਿੱਚ ਉਹ ਵੱਸਣਗੇ ਅਤੇ ਫੇਰ ਸਰਾਪ ਨਾ ਹੋਵੇਗਾ, ਯਰੂਸ਼ਲਮ ਸੁੱਖ ਵਿੱਚ ਵੱਸੇਗਾ।
12 ੧੨ ਉਹ ਮਹਾਂਮਾਰੀ ਹੋਵੇਗਾ ਜਿਹ ਦੇ ਨਾਲ ਯਹੋਵਾਹ ਉਹਨਾਂ ਸਾਰੀਆਂ ਕੌਮਾਂ ਨੂੰ ਮਾਰੇਗਾ, ਜਿਹੜੀਆਂ ਯਰੂਸ਼ਲਮ ਨਾਲ ਲੜਦੀਆਂ ਹਨ। ਉਹਨਾਂ ਦਾ ਮਾਸ ਖੜੇ-ਖੜੇ ਗਲ਼ ਜਾਵੇਗਾ ਅਤੇ ਉਹਨਾਂ ਦੀਆਂ ਅੱਖਾਂ ਗਲ਼ ਜਾਣਗੀਆਂ ਅਤੇ ਉਹਨਾਂ ਦੀ ਜੀਭ ਉਹਨਾਂ ਦੇ ਮੂੰਹ ਵਿੱਚ ਗਲ਼ ਜਾਵੇਗੀ।
13 ੧੩ ਅਤੇ ਇਸ ਤਰ੍ਹਾਂ ਹੋਵੇਗਾ ਕਿ ਉਸ ਦਿਨ ਯਹੋਵਾਹ ਦੀ ਵੱਲੋਂ ਉਹਨਾਂ ਵਿੱਚ ਵੱਡੀ ਹੱਲ ਚੱਲ ਹੋਵੇਗੀ, ਉਹ ਆਪੋ ਆਪਣੇ ਗੁਆਂਢੀ ਦਾ ਹੱਥ ਫੜ੍ਹਨਗੇ ਅਤੇ ਉਹਨਾਂ ਦੇ ਹੱਥ ਉਹਨਾਂ ਦੇ ਗੁਆਂਢੀਆਂ ਦੇ ਉੱਤੇ ਚੁੱਕੇ ਜਾਣਗੇ।
14 ੧੪ ਯਹੂਦਾਹ ਵੀ ਯਰੂਸ਼ਲਮ ਨਾਲ ਲੜੇਗਾ ਅਤੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦਾ ਧਨ ਇਕੱਠਾ ਕੀਤਾ ਜਾਵੇਗਾ ਅਰਥਾਤ ਸੋਨਾ ਚਾਂਦੀ ਅਤੇ ਬਸਤਰ ਢੇਰਾਂ ਦੇ ਢੇਰ।
15 ੧੫ ਇਸ ਮਹਾਂਮਾਰੀ ਵਾਂਗੂੰ ਇੱਕ ਮਹਾਂਮਾਰੀ ਘੋੜਿਆਂ, ਖੱਚਰਾਂ, ਊਠਾਂ, ਗਧਿਆਂ ਅਤੇ ਸਾਰੇ ਪਸ਼ੂਆਂ ਉੱਤੇ ਪਵੇਗੀ, ਜਿਹੜੇ ਡੇਰਿਆਂ ਵਿੱਚ ਹੋਣਗੇ।
16 ੧੬ ਇਸ ਤਰ੍ਹਾਂ ਹੋਵੇਗਾ ਕਿ ਜੋ ਸਾਰੀਆਂ ਕੌਮਾਂ ਵਿੱਚੋਂ ਜਿਹੜੀਆਂ ਯਰੂਸ਼ਲਮ ਦੇ ਵਿਰੁੱਧ ਆਈਆਂ ਹਨ ਬਾਕੀ ਰਹਿ ਜਾਣਗੀਆਂ, ਉਹ ਹਰ ਸਾਲ ਸੈਨਾਂ ਦੇ ਯਹੋਵਾਹ ਪਾਤਸ਼ਾਹ ਨੂੰ ਮੱਥਾ ਟੇਕਣ ਲਈ ਅਤੇ ਡੇਰਿਆਂ ਦਾ ਪਰਬ ਮਨਾਉਣ ਲਈ ਉਤਾਂਹਾਂ ਨੂੰ ਜਾਣਗੀਆਂ।
17 ੧੭ ਅਤੇ ਇਸ ਤਰ੍ਹਾਂ ਹੋਵੇਗਾ ਜਿਹੜਾ ਧਰਤੀ ਦੇ ਪਰਿਵਾਰਾਂ ਵਿੱਚੋਂ ਸੈਨਾਂ ਦੇ ਯਹੋਵਾਹ ਪਾਤਸ਼ਾਹ ਨੂੰ ਮੱਥਾ ਟੇਕਣ ਲਈ ਯਰੂਸ਼ਲਮ ਨੂੰ ਨਾ ਆਵੇਗਾ ਉਹ ਦੇ ਉੱਤੇ ਮੀਂਹ ਨਾ ਪਵੇਗਾ।
18 ੧੮ ਜੇ ਮਿਸਰ ਦਾ ਪਰਿਵਾਰ ਨਾ ਚੜ੍ਹੇਗਾ ਅਤੇ ਨਾ ਆਵੇਗਾ ਤਾਂ ਉਹ ਦੇ ਉੱਤੇ ਮੀਂਹ ਨਾ ਪਵੇਗਾ ਸਗੋਂ ਉਹ ਮਹਾਂਮਾਰੀ ਪਵੇਗੀ, ਜਿਹ ਦੇ ਨਾਲ ਯਹੋਵਾਹ ਉਹਨਾਂ ਕੌਮਾਂ ਨੂੰ ਮਾਰੇਗਾ ਜਿਹੜੀਆਂ ਡੇਰਿਆਂ ਦੇ ਪਰਬ ਨੂੰ ਮਨਾਉਣ ਲਈ ਉਤਾਹਾਂ ਨਹੀਂ ਚੜ੍ਹਦੀਆਂ ਹਨ।
19 ੧੯ ਇਹ ਮਿਸਰ ਦੀ ਸਜ਼ਾ ਹੋਵੇਗੀ ਅਤੇ ਉਹਨਾਂ ਸਾਰੀਆਂ ਕੌਮਾਂ ਦੀ ਸਜ਼ਾ ਜਿਹੜੀਆਂ ਡੇਰਿਆਂ ਦਾ ਪਰਬ ਮਨਾਉਣ ਲਈ ਉਤਾਹਾਂ ਨਾ ਜਾਣਗੀਆਂ।
20 ੨੦ ਉਸ ਦਿਨ ਘੋੜਿਆਂ ਦੀਆਂ ਘੰਟੀਆਂ ਉੱਤੇ ਇਹ ਲਿਖਿਆ ਹੋਵੇਗਾ, “ਯਹੋਵਾਹ ਲਈ ਪਵਿੱਤਰ” ਅਤੇ ਯਹੋਵਾਹ ਦੇ ਭਵਨ ਦੀਆਂ ਦੇਗਾਂ ਉਹਨਾਂ ਕਟੋਰਿਆਂ ਵਾਂਗੂੰ ਹੋਣਗੀਆਂ ਜਿਹੜੀਆਂ ਜਗਵੇਦੀ ਦੇ ਅੱਗੇ ਹਨ।
21 ੨੧ ਸਗੋਂ ਯਰੂਸ਼ਲਮ ਵਿੱਚ ਅਤੇ ਯਹੂਦਾਹ ਵਿੱਚ ਹਰੇਕ ਦੇਗ ਸੈਨਾਂ ਦੇ ਯਹੋਵਾਹ ਲਈ ਪਵਿੱਤਰ ਹੋਵੇਗੀ। ਸਾਰੇ ਚੜ੍ਹਾਵਾ ਚੜਾਉਣ ਵਾਲੇ ਆਉਣਗੇ ਅਤੇ ਉਹਨਾਂ ਨੂੰ ਲੈ ਕੇ ਉਹਨਾਂ ਵਿੱਚ ਪਕਾਉਣਗੇ। ਉਸ ਦਿਨ ਕੋਈ ਕਨਾਨੀ ਫੇਰ ਸੈਨਾਂ ਦੇ ਯਹੋਵਾਹ ਦੇ ਭਵਨ ਵਿੱਚ ਨਾ ਹੋਵੇਗਾ।