< ਜ਼ਕਰਯਾਹ 11 >
1 ੧ ਹੇ ਲਬਾਨੋਨ, ਆਪਣੇ ਦਰਵਾਜ਼ੇ ਖੋਲ੍ਹ ਕਿ ਅੱਗ ਤੇਰੇ ਦਿਆਰਾਂ ਨੂੰ ਖਾ ਜਾਵੇ!
2 ੨ ਹੇ ਸੂਰ, ਸੋਗ ਕਰ ਕਿਉਂ ਜੋ ਦਿਆਰ ਡਿੱਗ ਪਿਆ, ਸ਼ਾਨ ਵਾਲੇ ਨਾਸ ਹੋ ਗਏ! ਬਾਸ਼ਾਨ ਦੇ ਬਲੂਤੋ, ਸੋਗ ਕਰੋ, ਕਿਉਂ ਜੋ ਸ਼ਾਨਦਾਰ ਵਾਲਾ ਜੰਗਲ ਢਹਿ ਪਿਆ ਹੈ।
3 ੩ ਅਯਾਲੀਆਂ ਦੇ ਸਿਆਪੇ ਦੀ ਆਵਾਜ਼, ਕਿਉਂ ਜੋ ਉਹਨਾਂ ਦੀ ਸ਼ਾਨ ਨਾਸ ਹੋ ਗਈ, ਜੁਆਨ ਬੱਬਰ ਸ਼ੇਰਾਂ ਦੇ ਗੱਜਣ ਦੀ ਅਵਾਜ਼ ਅਤੇ ਯਰਦਨ ਦਾ ਜੰਗਲ ਨਾਸ ਹੋ ਗਿਆ।
4 ੪ ਯਹੋਵਾਹ ਮੇਰੇ ਪਰਮੇਸ਼ੁਰ ਨੇ ਇਸ ਤਰ੍ਹਾਂ ਕਿਹਾ, ਉਹਨਾਂ ਭੇਡਾਂ ਨੂੰ ਚਾਰ ਜੋ ਵੱਢੀਆਂ ਜਾਣ ਵਾਲੀਆਂ ਹਨ।
5 ੫ ਜਿਹੜੇ ਉਹਨਾਂ ਨੂੰ ਖਰੀਦਦੇ ਹਨ, ਉਹ ਉਹਨਾਂ ਨੂੰ ਵੱਢਣਗੇ ਅਤੇ ਸਜ਼ਾ ਨਾ ਪਾਉਣਗੇ ਅਤੇ ਉਹਨਾਂ ਦੇ ਵੇਚਣ ਵਾਲੇ ਆਖਣਗੇ, ਯਹੋਵਾਹ ਮੁਬਾਰਕ ਹੋਵੇ, ਕਿਉਂਕਿ ਮੈਂ ਧਨੀ ਹੋ ਗਿਆ ਹਾਂ! ਉਹਨਾਂ ਦੇ ਅਯਾਲੀ ਉਹਨਾਂ ਉੱਤੇ ਤਰਸ ਨਹੀਂ ਖਾਂਦੇ ਹਨ।
6 ੬ ਮੈਂ ਫੇਰ ਇਸ ਦੇਸ ਦੇ ਵਾਸੀਆਂ ਉੱਤੇ ਤਰਸ ਨਹੀਂ ਖਾਵਾਂਗਾ, ਯਹੋਵਾਹ ਦਾ ਵਾਕ ਹੈ, ਵੇਖੋ, ਮੈਂ ਹਰ ਆਦਮੀ ਨੂੰ ਉਸ ਦੇ ਗੁਆਂਢੀ ਦੇ ਅਤੇ ਉਸ ਦੇ ਰਾਜੇ ਦੇ ਹੱਥ ਵਿੱਚ ਦੇ ਦਿਆਂਗਾ। ਉਹ ਇਸ ਦੇਸ ਨੂੰ ਮਾਰਨਗੇ, ਮੈਂ ਉਹਨਾਂ ਦੇ ਹੱਥੋਂ ਨਹੀਂ ਛੁਡਾਵਾਂਗਾ।
7 ੭ ਮੈਂ ਵੱਢੀਆਂ ਜਾਣ ਵਾਲੀਆਂ ਅਤੇ ਕਮਜ਼ੋਰ ਭੇਡਾਂ ਦਾ ਅਯਾਲੀ ਬਣਿਆ। ਮੈਂ ਆਪਣੇ ਲਈ ਦੋ ਲਾਠੀਆਂ ਲਈਆਂ, ਇੱਕ ਨੂੰ “ਮਨੋਹਰਤਾ” ਅਤੇ ਦੂਜੀ ਨੂੰ “ਮਿਲਾਪ” ਕਿਹਾ ਅਤੇ ਮੈਂ ਭੇਡਾਂ ਨੂੰ ਚਰਾਇਆ।
8 ੮ ਮੈਂ ਇੱਕ ਮਹੀਨੇ ਵਿੱਚ ਤਿੰਨਾਂ ਅਯਾਲੀਆਂ ਨੂੰ ਵੱਢ ਸੁੱਟਿਆ, ਜਿਨ੍ਹਾਂ ਤੋਂ ਮੇਰੀ ਜਾਨ ਦੁਖੀ ਸੀ ਅਤੇ ਉਹਨਾਂ ਦੀ ਜਾਨ ਵੀ ਮੇਰੇ ਤੋਂ ਨਫ਼ਰਤ ਕਰਦੀ ਸੀ।
9 ੯ ਤਦ ਮੈਂ ਕਿਹਾ, ਮੈਂ ਤੁਹਾਨੂੰ ਨਹੀਂ ਚਰਾਵਾਂਗਾ, ਮਰਨ ਵਾਲਾ ਮਰ ਜਾਵੇ ਅਤੇ ਨਾਸ ਹੋ ਜਾਣ ਵਾਲਾ ਨਾਸ ਹੋ ਜਾਵੇ ਅਤੇ ਜਿਹੜੇ ਬਾਕੀ ਰਹਿਣ ਉਹ ਇੱਕ ਦੂਜਾ ਆਪਣੇ ਗੁਆਂਢੀ ਦਾ ਮਾਸ ਖਾਵੇ।
10 ੧੦ ਤਾਂ ਮੈਂ ਆਪਣੀ “ਮਨੋਹਰਤਾ” ਲਾਠੀ ਲਈ ਅਤੇ ਉਹ ਦੇ ਟੁੱਕੜੇ ਕਰ ਦਿੱਤੇ, ਤਾਂ ਕਿ ਮੈਂ ਆਪਣੇ ਨੇਮ ਨੂੰ ਜਿਹੜਾ ਮੈਂ ਸਾਰੀਆਂ ਕੌਮਾਂ ਨਾਲ ਬੰਨ੍ਹਿਆ ਹੋਇਆ ਸੀ, ਤੋੜ ਲਵਾਂ।
11 ੧੧ ਇਹ ਉਸ ਦਿਨ ਟੁੱਟ ਗਿਆ ਜਦ ਕਮਜ਼ੋਰ ਭੇਡਾਂ ਨੇ ਜਾਣ ਲਿਆ ਜਿਹੜੀਆਂ ਮੇਰੀਆਂ ਰੱਖੀਆਂ ਹੋਈਆਂ ਸਨ, ਕਿ ਇਹ ਯਹੋਵਾਹ ਦਾ ਬਚਨ ਹੈ।
12 ੧੨ ਤਦ ਮੈਂ ਉਹਨਾਂ ਨੂੰ ਕਿਹਾ, ਜੇ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਤਾਂ ਮੇਰੀ ਮਜ਼ਦੂਰੀ ਮੈਨੂੰ ਦਿਓ, ਨਹੀਂ ਤਾਂ, ਨਾ ਸਹੀ। ਉਹਨਾਂ ਨੇ ਤੋਲ ਕੇ ਤੀਹ ਦਿਨਾਂ ਦੀ ਮਜ਼ਦੂਰੀ ਮੈਨੂੰ ਦਿੱਤੀ।
13 ੧੩ ਯਹੋਵਾਹ ਨੇ ਮੈਨੂੰ ਕਿਹਾ ਕਿ ਇਨ੍ਹਾਂ ਨੂੰ ਘੁਮਿਆਰ ਦੇ ਅੱਗੇ ਸੁੱਟ ਦੇ, ਉਸ ਵੱਡੇ ਮੁੱਲ ਨੂੰ ਜਿਹੜਾ ਉਹਨਾਂ ਨੇ ਮੇਰਾ ਪਾਇਆ ਸੀ। ਮੈਂ ਉਹ ਤੀਹ ਸ਼ਕੇਲ ਅਰਥਾਤ ਤੀਹ ਦਿਨਾਂ ਦੀ ਮਜ਼ਦੂਰੀ ਲੈ ਕੇ ਯਹੋਵਾਹ ਦੇ ਭਵਨ ਵਿੱਚ ਘੁਮਿਆਰ ਦੇ ਅੱਗੇ ਸੁੱਟ ਦਿੱਤੇ।
14 ੧੪ ਤਾਂ ਮੈਂ ਆਪਣੀ ਦੂਜੀ ਲਾਠੀ ਜਿਸ ਦਾ ਮਿਲਾਪ ਹੈ, ਉਸ ਦੇ ਟੁੱਕੜੇ-ਟੁੱਕੜੇ ਕਰ ਦਿੱਤੇ, ਤਾਂ ਜੋ ਮੈਂ ਉਸ ਭਾਈਚਾਰੇ ਦੇ ਰਿਸ਼ਤੇ ਨੂੰ ਤੋੜ ਦੇਵਾਂ ਜੋ ਯਹੂਦਾਹ ਅਤੇ ਇਸਰਾਏਲ ਦੇ ਵਿੱਚ ਹੈ।
15 ੧੫ ਤਦ ਯਹੋਵਾਹ ਨੇ ਮੈਨੂੰ ਕਿਹਾ ਕਿ ਫੇਰ ਮੂਰਖ ਅਯਾਲੀ ਦਾ ਸਮਾਨ ਲੈ
16 ੧੬ ਕਿਉਂ ਜੋ ਵੇਖ, ਮੈਂ ਦੇਸ ਵਿੱਚ ਅਜਿਹੇ ਅਯਾਲੀ ਨੂੰ ਕਾਇਮ ਕਰਨ ਵਾਲਾ ਹਾਂ ਜਿਹੜਾ ਨਾਸ ਹੋਣ ਵਾਲਿਆਂ ਦੀ ਖ਼ਬਰ ਨਾ ਲਵੇਗਾ, ਭਟਕਿਆਂ ਹੋਇਆ ਨੂੰ ਨਾ ਭਾਲੇਗਾ, ਜ਼ਖਮੀ ਦਾ ਇਲਾਜ ਨਾ ਕਰੇਗਾ ਅਤੇ ਚੰਗੇ ਭਲੇ ਨੂੰ ਨਾ ਚਰਾਵੇਗਾ ਪਰ ਮੋਟਿਆਂ ਦਾ ਮਾਸ ਖਾਵੇਗਾ ਅਤੇ ਉਹਨਾਂ ਦੇ ਖੁਰ ਚੀਰ ਸੁੱਟੇਗਾ।
17 ੧੭ ਹਾਏ ਉਸ ਮੇਰੇ ਮੂਰਖ ਅਯਾਲੀ ਲਈ! ਜਿਹੜਾ ਭੇਡਾਂ ਨੂੰ ਛੱਡ ਜਾਂਦਾ ਹੈ, ਤਲਵਾਰ ਉਸ ਦੀ ਬਾਂਹ ਉੱਤੇ ਅਤੇ ਉਸ ਦੀ ਸੱਜੀ ਅੱਖ ਉੱਤੇ ਆ ਪਵੇਗੀ, ਉਸ ਦੀ ਬਾਂਹ ਪੂਰੀ ਤਰ੍ਹਾਂ ਨਾਲ ਸੁੱਕ ਜਾਵੇਗੀ ਅਤੇ ਉਸ ਦੀ ਸੱਜੀ ਅੱਖ ਪੂਰੀ ਤਰ੍ਹਾਂ ਦੇ ਨਾਲ ਫੁੱਟ ਜਾਵੇਗੀ!