< ਜ਼ਕਰਯਾਹ 1 >
1 ੧ ਸਮਰਾਟ ਦਾਰਾ ਦੇ ਰਾਜ ਦੇ ਦੂਜੇ ਸਾਲ ਦੇ ਅੱਠਵੇਂ ਮਹੀਨੇ ਵਿੱਚ ਯਹੋਵਾਹ ਦਾ ਬਚਨ ਬਰਕਯਾਹ ਦੇ ਪੁੱਤਰ ਇੱਦੋ ਦੇ ਪੋਤੇ ਜ਼ਕਰਯਾਹ ਨਬੀ ਨੂੰ ਆਇਆ ਕਿ
2 ੨ ਯਹੋਵਾਹ ਤੁਹਾਡੇ ਪੁਰਖਿਆਂ ਉੱਤੇ ਬਹੁਤ ਕ੍ਰੋਧਵਾਨ ਰਿਹਾ,
3 ੩ ਤੂੰ ਉਨ੍ਹਾਂ ਨੂੰ ਆਖ ਕਿ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਫਰਮਾਉਂਦਾ ਹੈ, ਤੁਸੀਂ ਮੇਰੀ ਵੱਲ ਮੁੜੋ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਤਾਂ ਮੈਂ ਤੁਹਾਡੀ ਵੱਲ ਮੁੜਾਂਗਾ, ਸੈਨਾਂ ਦਾ ਯਹੋਵਾਹ ਆਖਦਾ ਹੈ।
4 ੪ ਤੁਸੀਂ ਆਪਣੇ ਪੁਰਖਿਆਂ ਵਰਗੇ ਨਾ ਹੋਵੋ, ਜਿਨ੍ਹਾਂ ਨੂੰ ਪਹਿਲੇ ਨਬੀਆਂ ਨੇ ਉੱਚੀ ਦੇ ਕੇ ਕਿਹਾ ਕਿ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, “ਤੁਸੀਂ ਆਪਣੇ ਬੁਰਿਆਂ ਰਾਹਾਂ ਤੋਂ ਅਤੇ ਬੁਰਿਆਂ ਕੰਮਾਂ ਤੋਂ ਮੁੜੋ!” ਪਰ ਉਨ੍ਹਾਂ ਨਾ ਸੁਣਿਆ ਅਤੇ ਨਾ ਮੇਰੀ ਵੱਲ ਧਿਆਨ ਕੀਤਾ, ਯਹੋਵਾਹ ਦਾ ਵਾਕ ਹੈ।
5 ੫ ਤੁਹਾਡੇ ਪੁਰਖੇ, ਉਹ ਕਿੱਥੇ ਹਨ? ਅਤੇ ਕੀ ਨਬੀ ਸਦਾ ਤੱਕ ਜੀਉਂਦੇ ਰਹਿਣਗੇ?
6 ੬ ਪਰ ਮੇਰੇ ਬਚਨ ਅਤੇ ਮੇਰੀਆਂ ਬਿਧੀਆਂ, ਜਿਨ੍ਹਾਂ ਦਾ ਮੈਂ ਆਪਣੇ ਸੇਵਾਦਾਰ ਨਬੀਆਂ ਨੂੰ ਹੁਕਮ ਦਿੱਤਾ ਸੀ, ਕੀ ਉਹ ਤੁਹਾਡੇ ਪੁਰਖਿਆਂ ਉੱਤੇ ਪੂਰੀਆਂ ਨਹੀਂ ਹੋਈਆਂ? ਸਗੋਂ ਉਹ ਮੁੜੇ ਅਤੇ ਕਿਹਾ ਕਿ ਸੈਨਾਂ ਦੇ ਯਹੋਵਾਹ ਨੇ ਜਿਵੇਂ ਸਾਡੇ ਨਾਲ ਵਰਤਣਾ ਚਾਹਿਆ, ਉਸੇ ਤਰ੍ਹਾਂ ਸਾਡੇ ਰਾਹਾਂ ਅਤੇ ਸਾਡੇ ਕੰਮਾਂ ਦੇ ਅਨੁਸਾਰ ਸਾਡੇ ਨਾਲ ਵਰਤਾਓ ਕੀਤਾ।
7 ੭ ਸਮਰਾਟ ਦਾਰਾ ਦੇ ਰਾਜ ਦੇ ਦੂਜੇ ਸਾਲ ਦੇ ਗਿਆਰਵੇਂ ਮਹੀਨੇ ਦੀ ਚੌਵੀ ਤਾਰੀਖ਼ ਨੂੰ ਜੋ ਉਹ ਸ਼ਬਾਟ ਦਾ ਮਹੀਨਾ ਸੀ, ਯਹੋਵਾਹ ਦਾ ਬਚਨ ਬਰਕਯਾਹ ਦੇ ਪੁੱਤਰ ਇੱਦੋ ਦੇ ਪੋਤੇ ਜ਼ਕਰਯਾਹ ਨਬੀ ਨੂੰ ਆਇਆ ਕਿ
8 ੮ ਮੈਂ ਰਾਤ ਨੂੰ ਦੇਖਿਆ ਤਾਂ ਵੇਖੋ, ਇੱਕ ਮਨੁੱਖ ਲਾਲ ਘੋੜੇ ਉੱਤੇ ਸਵਾਰ ਮਹਿੰਦੀ ਦੇ ਬੂਟਿਆਂ ਵਿੱਚ ਜਿਹੜੇ ਨੀਵੇਂ ਥਾਂ ਉੱਤੇ ਸਨ ਖੜ੍ਹਾ ਸੀ। ਉਸ ਦੇ ਮਗਰ ਲਾਲ, ਭੂਰੇ ਅਤੇ ਚਿੱਟੇ ਘੋੜੇ ਸਨ,
9 ੯ ਤਾਂ ਮੈਂ ਕਿਹਾ, ਹੇ ਪ੍ਰਭੂ, ਇਹ ਕੀ ਹਨ? ਉਸ ਦੂਤ ਨੇ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਮੈਨੂੰ ਕਿਹਾ, “ਮੈਂ ਤੈਨੂੰ ਵਿਖਾਵਾਂਗਾ ਕਿ ਇਹ ਕੀ ਹਨ।”
10 ੧੦ ਸੋ ਉਸ ਮਨੁੱਖ ਨੇ ਜਿਹੜਾ ਮਹਿੰਦੀ ਦੇ ਬੂਟਿਆਂ ਵਿੱਚ ਖੜ੍ਹਾ ਸੀ ਉੱਤਰ ਦੇ ਕੇ ਕਿਹਾ, “ਇਹ ਉਹ ਹਨ ਜਿਨ੍ਹਾਂ ਨੂੰ ਯਹੋਵਾਹ ਨੇ ਧਰਤੀ ਵਿੱਚ ਘੁੰਮਣ ਲਈ ਭੇਜਿਆ ਹੈ।
11 ੧੧ ਉਹਨਾਂ ਨੇ ਯਹੋਵਾਹ ਦੇ ਦੂਤ ਨੂੰ ਜਿਹੜਾ ਮਹਿੰਦੀ ਦੇ ਬੂਟਿਆਂ ਵਿੱਚ ਖੜ੍ਹਾ ਸੀ ਉੱਤਰ ਦੇ ਕੇ ਕਿਹਾ ਕਿ ਅਸੀਂ ਧਰਤੀ ਦਾ ਆਪ ਦੌਰਾ ਕੀਤਾ ਹੈ ਅਤੇ ਵੇਖੋ, ਸਾਰੀ ਧਰਤੀ ਅਮਨ ਨਾਲ ਵੱਸਦੀ ਹੈ।”
12 ੧੨ ਅੱਗੋਂ ਯਹੋਵਾਹ ਦੇ ਦੂਤ ਨੇ ਉੱਤਰ ਦੇ ਕੇ ਕਿਹਾ, “ਹੇ ਸੈਨਾਂ ਦੇ ਯਹੋਵਾਹ, ਤੂੰ ਕਦੋਂ ਤੱਕ ਯਰੂਸ਼ਲਮ ਅਤੇ ਯਹੂਦਾਹ ਦੇ ਸ਼ਹਿਰਾਂ ਉੱਤੇ ਰਹਮ ਨਾ ਕਰੇਂਗਾ, ਜਿਨ੍ਹਾਂ ਉੱਤੇ ਤੂੰ ਇਹ ਸੱਤਰ ਸਾਲ ਕ੍ਰੋਧਵਾਨ ਰਿਹਾ ਹੈ?”
13 ੧੩ ਤਦ ਯਹੋਵਾਹ ਨੇ ਉਸ ਦੂਤ ਨੂੰ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ, ਚੰਗੇ ਅਤੇ ਦਿਲਾਸੇ ਦੇ ਸ਼ਬਦਾਂ ਵਿੱਚ ਉੱਤਰ ਦਿੱਤਾ।
14 ੧੪ ਫੇਰ ਉਸ ਦੂਤ ਨੇ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਮੈਨੂੰ ਕਿਹਾ, ਪੁਕਾਰ ਕੇ ਕਹਿ ਕਿ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਯਰੂਸ਼ਲਮ ਲਈ ਮੈਨੂੰ ਅਣਖ ਹੈ ਅਤੇ ਸੀਯੋਨ ਲਈ ਵੱਡੀ ਅਣਖ ਹੈ,
15 ੧੫ ਮੈਂ ਇਹਨਾਂ ਕੌਮਾਂ ਨਾਲ ਅੱਤ ਵੱਡਾ ਕ੍ਰੋਧਵਾਨ ਰਿਹਾ ਜਿਹੜੀਆਂ ਅਰਾਮ ਵਿੱਚ ਸਨ, ਕਿਉਂ ਜੋ ਮੇਰਾ ਕ੍ਰੋਧ ਥੋੜ੍ਹਾ ਜਿਹਾ ਸੀ ਪਰ ਉਹਨਾਂ ਨੇ ਉਨ੍ਹਾਂ ਬਿਪਤਾਵਾਂ ਨੂੰ ਵਧਾ ਦਿੱਤਾ।
16 ੧੬ ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਮੈਂ ਰਹਮ ਨਾਲ ਯਰੂਸ਼ਲਮ ਨੂੰ ਮੁੜ ਆਇਆ ਹਾਂ। ਮੇਰਾ ਭਵਨ ਇਸ ਵਿੱਚ ਉਸਾਰਿਆ ਜਾਵੇਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਅਤੇ ਯਰੂਸ਼ਲਮ ਦੇ ਉੱਤੇ ਨਾਪ ਦੀ ਰੱਸੀ ਖਿੱਚੀ ਜਾਵੇਗੀ।
17 ੧੭ ਫੇਰ ਪੁਕਾਰ ਕੇ ਇਹ ਵੀ ਕਹਿ ਕਿ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, “ਮੇਰੇ ਨਗਰ ਫੇਰ ਪਦਾਰਥਾਂ ਨਾਲ ਉੱਛਲਣਗੇ, ਯਹੋਵਾਹ ਫੇਰ ਸੀਯੋਨ ਨੂੰ ਤਸੱਲੀ ਦੇਵੇਗਾ ਅਤੇ ਯਰੂਸ਼ਲਮ ਨੂੰ ਫੇਰ ਚੁਣੇਗਾ।”
18 ੧੮ ਮੈਂ ਅੱਖਾਂ ਚੁੱਕ ਕੇ ਦੇਖਿਆ, ਤਾਂ ਵੇਖੋ, ਚਾਰ ਸਿੰਗ ਸਨ,
19 ੧੯ ਤਾਂ ਮੈਂ ਉਸ ਦੂਤ ਨੂੰ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਕਿਹਾ, ਇਹ ਕੀ ਹਨ? ਉਸ ਨੇ ਮੈਨੂੰ ਕਿਹਾ ਕਿ ਇਹ ਚਾਰ ਸਿੰਗ ਹਨ ਜਿਨ੍ਹਾਂ ਨੇ ਯਹੂਦਾਹ, ਇਸਰਾਏਲ ਅਤੇ ਯਰੂਸ਼ਲਮ ਨੂੰ ਤਿੱਤਰ-ਬਿੱਤਰ ਕਰ ਦਿੱਤਾ ਹੈ।
20 ੨੦ ਫਿਰ ਯਹੋਵਾਹ ਨੇ ਮੈਨੂੰ ਚਾਰ ਲੁਹਾਰ ਵਿਖਾਏ
21 ੨੧ ਤਾਂ ਮੈਂ ਕਿਹਾ, ਇਹ ਕੀ ਕਰਨ ਆਏ ਹਨ? ਉਸ ਨੇ ਕਿਹਾ ਕਿ ਇਹ ਉਹ ਸਿੰਗ ਹਨ ਜਿਨ੍ਹਾਂ ਨੇ ਯਹੂਦਾਹ ਨੂੰ ਇਸ ਤਰ੍ਹਾਂ ਤਿੱਤਰ-ਬਿੱਤਰ ਕੀਤਾ ਕਿ ਕੋਈ ਮਨੁੱਖ ਸਿਰ ਨਾ ਚੁੱਕ ਸਕੇ। ਪਰ ਇਹ ਉਹਨਾਂ ਨੂੰ ਡਰਾਉਣ ਅਤੇ ਉਹਨਾਂ ਕੌਮਾਂ ਦੇ ਸਿੰਗਾਂ ਨੂੰ ਕੱਟਣ ਦੇ ਲਈ ਆਏ ਹਨ, ਜਿਨ੍ਹਾਂ ਨੇ ਯਹੂਦਾਹ ਦੇ ਦੇਸ ਨੂੰ ਤਿੱਤਰ-ਬਿੱਤਰ ਕਰਨ ਲਈ ਸਿੰਙ ਚੁੱਕਿਆ ਹੈ।