< ਸੁਲੇਮਾਨ ਦਾ ਗੀਤ 1 >
1 ੧ ਸੁਲੇਮਾਨ ਦਾ ਸਰੇਸ਼ਟ ਗੀਤ।
2 ੨ ਤੂੰ ਮੈਨੂੰ ਆਪਣੇ ਮੂੰਹ ਦੇ ਚੁੰਮਣ ਨਾਲ ਚੁੰਮੇ, ਕਿਉਂ ਜੋ ਤੇਰਾ ਪ੍ਰੇਮ ਮਧ ਨਾਲੋਂ ਚੰਗਾ ਹੈ।
3 ੩ ਤੇਰੇ ਅਤਰ ਦੀ ਚੰਗੀ ਸੁਗੰਧ ਹੈ, ਤੇਰਾ ਨਾਮ ਚੋਏ ਹੋਏ ਤੇਲ ਵਰਗਾ ਹੈ, ਇਸ ਲਈ ਕੁਆਰੀਆਂ ਤੈਨੂੰ ਪਿਆਰ ਕਰਦੀਆਂ ਹਨ।
4 ੪ ਮੈਨੂੰ ਮੋਹ ਲੈ, ਅਸੀਂ ਤੇਰੇ ਪਿੱਛੇ ਦੌੜਾਂਗੀਆਂ। ਰਾਜਾ ਮੈਨੂੰ ਆਪਣੇ ਮਹਿਲ ਵਿੱਚ ਲਿਆਇਆ, ਅਸੀਂ ਤੇਰੇ ਵਿੱਚ ਬਾਗ਼-ਬਾਗ਼ ਤੇ ਅਨੰਦ ਹੋਵਾਂਗੀਆਂ, ਅਸੀਂ ਤੇਰੇ ਪ੍ਰੇਮ ਨੂੰ ਮਧ ਨਾਲੋਂ ਵੱਧ ਯਾਦ ਕਰਾਂਗੀਆਂ, ਉਹ ਸੱਚ-ਮੁੱਚ ਤੈਨੂੰ ਪਿਆਰ ਕਰਦੀਆਂ ਹਨ।
5 ੫ ਹੇ ਯਰੂਸ਼ਲਮ ਦੀਓ ਧੀਓ, ਮੈਂ ਹਾਂ ਤਾਂ ਕਾਲੀ ਕਲੂਟੀ ਪਰ ਸੋਹਣੀ ਹਾਂ, ਕੇਦਾਰ ਦੇ ਤੰਬੂਆਂ ਵਰਗੀ, ਸੁਲੇਮਾਨ ਦੇ ਪਰਦਿਆਂ ਦੇ ਵਾਂਗੂੰ।
6 ੬ ਮੈਨੂੰ ਘੂਰ ਕੇ ਨਾ ਵੇਖੋ, ਮੈਂ ਕਾਲੀ ਕਲੂਟੀ ਹਾਂ, ਸੂਰਜ ਦੀ ਤਪਸ਼ ਨੇ ਮੈਨੂੰ ਝੁਲਸਾ ਦਿੱਤਾ। ਮੇਰੀ ਮਾਂ ਦੇ ਪੁੱਤਰ ਮੇਰੇ ਤੋਂ ਗੁੱਸੇ ਸਨ, ਉਨ੍ਹਾਂ ਨੇ ਮੈਨੂੰ ਅੰਗੂਰੀ ਬਾਗ਼ਾਂ ਦੀ ਰਾਖੀ ਉੱਤੇ ਲਾਇਆ, ਪਰ ਮੈਂ ਆਪਣੇ ਨਿੱਜ ਅੰਗੂਰੀ ਬਾਗ਼ ਦੀ ਰਾਖੀ ਨਾ ਕੀਤੀ।
7 ੭ ਮੈਨੂੰ ਦੱਸ, ਹੇ ਮੇਰੇ ਪ੍ਰਾਣ ਪਿਆਰੇ, ਤੂੰ ਕਿੱਥੇ ਇੱਜੜ ਚਾਰਦਾ ਤੇ ਦੁਪਹਿਰ ਦੇ ਵੇਲੇ ਕਿੱਥੇ ਬਿਠਾਉਂਦਾ ਹੈ? ਮੈਂ ਕਿਉਂ ਘੁੰਡ ਵਾਲੀ ਵਾਂਗੂੰ ਤੇਰੇ ਸਾਥੀਆਂ ਦੇ ਇੱਜੜਾਂ ਦੇ ਕੋਲ ਹੋਵਾਂ?
8 ੮ ਹੇ ਇਸਤਰੀਆਂ ਵਿੱਚੋਂ ਰੂਪਵੰਤੀਏ, ਜੇ ਤੂੰ ਨਹੀਂ ਜਾਣਦੀ ਤਾਂ ਤੂੰ ਇੱਜੜ ਦੀ ਪੈੜ ਉੱਤੇ ਚੱਲੀ ਜਾ ਅਤੇ ਆਪਣੀਆਂ ਮੇਮਣੀਆਂ ਨੂੰ ਆਜੜੀਆਂ ਦੇ ਵਸੇਬਿਆਂ ਕੋਲ ਚਾਰ।
9 ੯ ਹੇ ਮੇਰੀ ਪ੍ਰੀਤਮਾ, ਮੈਂ ਤੇਰੀ ਤੁਲਨਾ ਫ਼ਿਰਊਨ ਦੇ ਰਥਾਂ ਵਿੱਚ ਜੋਹੀ ਹੋਈ ਘੋੜੀ ਨਾਲ ਕੀਤੀ ਹੈ ।
10 ੧੦ ਤੇਰੀਆਂ ਗੱਲ੍ਹਾਂ ਬਾਲ਼ੀਆਂ ਨਾਲ ਸੋਹਣੀਆਂ ਹਨ, ਤੇਰੀ ਗਰਦਨ ਮੋਤੀਆਂ ਦੀ ਮਾਲਾ ਨਾਲ।
11 ੧੧ ਅਸੀਂ ਤੇਰੇ ਲਈ ਸੋਨੇ ਦੇ ਹਾਰ ਚਾਂਦੀ ਦੇ ਫੁੱਲਾਂ ਨਾਲ ਬਣਾਵਾਂਗੇ।
12 ੧੨ ਜਦ ਤੱਕ ਰਾਜਾ ਆਪਣੀ ਮੇਜ਼ ਤੇ ਸੀ, ਮੇਰੇ ਜਟਾ-ਮਾਸੀ ਅਤਰ ਦੀ ਸੁੰਗਧ ਫੈਲਦੀ ਰਹੀ।
13 ੧੩ ਮੇਰਾ ਬਾਲਮ ਮੇਰੇ ਲਈ ਗੰਧਰਸ ਦੀ ਪੁੜੀ ਹੈ, ਜੋ ਮੇਰੀਆਂ ਛਾਤੀਆਂ ਵਿਚਕਾਰ ਰਾਤ ਕੱਟਦਾ ਹੈ।
14 ੧੪ ਮੇਰਾ ਬਾਲਮ ਮੇਰੇ ਲਈ ਮਹਿੰਦੀ ਦੇ ਫੁੱਲਾਂ ਦਾ ਗੁੱਛਾ ਹੈ, ਜੋ ਏਨ-ਗਦੀ ਦੇ ਬਗ਼ੀਚਿਆਂ ਵਿੱਚ ਹੈ।
15 ੧੫ ਵੇਖ, ਮੇਰੀ ਪ੍ਰੀਤਮਾ, ਤੂੰ ਰੂਪਵੰਤ ਹੈਂ, ਵੇਖ, ਤੂੰ ਰੂਪਵੰਤ ਹੈ, ਤੇਰੀਆਂ ਅੱਖਾਂ ਕਬੂਤਰੀ ਦੀਆਂ ਅੱਖਾਂ ਵਰਗੀਆਂ ਹਨ।
16 ੧੬ ਹੇ ਮੇਰੇ ਬਾਲਮ ਵੇਖ, ਤੂੰ ਰੂਪਵੰਤ ਹੈਂ, ਤੂੰ ਸੱਚ-ਮੁੱਚ ਮਨ ਭਾਉਂਦਾ ਹੈਂ, ਸਾਡੀ ਸੇਜ਼ ਹਰੀ-ਭਰੀ ਹੈ।
17 ੧੭ ਸਾਡੇ ਘਰ ਦੇ ਸ਼ਤੀਰ ਦਿਆਰ ਦੇ ਅਤੇ ਸਾਡੀਆਂ ਕੜੀਆਂ ਸਨੌਵਰ ਦੀਆਂ ਹਨ।