< ਰੋਮੀਆਂ ਨੂੰ 7 >
1 ੧ ਹੇ ਭਰਾਵੋ, ਕੀ ਤੁਸੀਂ ਇਸ ਗੱਲ ਤੋਂ ਅਣਜਾਣ ਹੋ (ਕਿਉਂ ਜੋ ਮੈਂ ਉਨ੍ਹਾਂ ਨਾਲ ਬੋਲਦਾ ਹਾਂ ਜਿਹੜੇ ਬਿਵਸਥਾ ਨੂੰ ਜਾਣਦੇ ਹਨ) ਕਿ ਜਿਨ੍ਹਾਂ ਚਿਰ ਮਨੁੱਖ ਜਿਉਂਦਾ ਹੈ ਉਨ੍ਹਾਂ ਚਿਰ ਬਿਵਸਥਾ ਉਸ ਉੱਤੇ ਅਧਿਕਾਰ ਰੱਖਦੀ ਹੈ?
2 ੨ ਕਿਉਂਕਿ ਸੁਹਾਗਣ ਵੀ ਜਦ ਤੱਕ ਉਸ ਦਾ ਪਤੀ ਜਿਉਂਦਾ ਹੈ, ਉਹ ਬਿਵਸਥਾ ਦੇ ਅਨੁਸਾਰ ਉਹ ਦੇ ਬੰਧਨ ਵਿੱਚ ਰਹਿੰਦੀ ਹੈ, ਪਰ ਜੇ ਪਤੀ ਮਰ ਜਾਏ ਤਾਂ ਉਹ ਪਤੀ ਦੀ ਬਿਵਸਥਾ ਤੋਂ ਛੁੱਟ ਗਈ ਹੈ।
3 ੩ ਪਰ ਜੇ ਉਹ ਆਪਣੇ ਪਤੀ ਦੇ ਜਿਉਂਦੇ ਜੀ ਦੂਜੇ ਦੀ ਹੋ ਜਾਵੇ ਤਾਂ ਵਿਭਚਾਰਣ ਕਹਾਵੇਗੀ ਪਰ ਜੇ ਉਹ ਦਾ ਪਤੀ ਮਰ ਜਾਏ ਤਾਂ ਉਹ ਬਿਵਸਥਾ ਤੋਂ ਛੁੱਟ ਗਈ ਹੈ ਅਤੇ ਭਾਵੇਂ ਦੂਜੇ ਪਤੀ ਦੀ ਹੋ ਜਾਵੇ ਤਾਂ ਵੀ ਉਹ ਵਿਭਚਾਰਣ ਨਹੀਂ ਹੁੰਦੀ।
4 ੪ ਸੋ ਮੇਰੇ ਭਰਾਵੋ ਤੁਸੀਂ ਵੀ ਮਸੀਹ ਦੇ ਵਸੀਲੇ ਨਾਲ ਬਿਵਸਥਾ ਦੇ ਵੱਲੋਂ ਮਰ ਗਏ ਕਿ ਤੁਸੀਂ ਦੂਏ ਦੇ ਹੋ ਜਾਓ ਅਰਥਾਤ ਉਹ ਦੇ ਜਿਹੜਾ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਤਾਂ ਜੋ ਅਸੀਂ ਪਰਮੇਸ਼ੁਰ ਦੇ ਲਈ ਫਲ ਦੇਈਏ।
5 ੫ ਜਦ ਅਸੀਂ ਸਰੀਰਕ ਸੀ, ਤਦ ਪਾਪਾਂ ਦੀਆਂ ਕਾਮਨਾਵਾਂ ਜੋ ਬਿਵਸਥਾ ਦੇ ਕਾਰਨ ਸਨ ਸਾਡੇ ਅੰਗਾਂ ਵਿੱਚ ਪ੍ਰੇਰਨਾ ਕਰਦੀਆਂ ਸੀ ਕਿ ਮੌਤ ਦੇ ਲਈ ਫਲ ਦੇਣ।
6 ੬ ਪਰ ਅਸੀਂ ਉਹ ਦੀ ਵੱਲੋਂ ਮਰ ਕੇ ਜਿਹ ਦੇ ਵਿੱਚ ਬੱਧੇ ਹੋਏ ਸੀ, ਬਿਵਸਥਾ ਤੋਂ ਹੁਣ ਛੁੱਟ ਗਏ ਹਾਂ, ਜਿਸ ਕਰਕੇ ਅਸੀਂ ਆਤਮਾ ਦੀ ਨਵੀਂ ਰੀਤ ਉੱਤੇ ਸੇਵਾ ਕਰਦੇ ਹਾਂ, ਨਾ ਕਿ ਲਿਖਤ ਦੀ ਪੁਰਾਣੀ ਰੀਤ ਉੱਤੇ।
7 ੭ ਹੁਣ, ਅਸੀਂ ਕੀ ਆਖੀਏ? ਕੀ ਬਿਵਸਥਾ ਪਾਪ ਹੈ? ਕਦੇ ਨਹੀਂ! ਸਗੋਂ ਬਿਵਸਥਾ ਤੋਂ ਬਿਨ੍ਹਾਂ ਮੈਂ ਪਾਪ ਨੂੰ ਨਾ ਪਛਾਣਦਾ ਕਿਉਂਕਿ ਜੇ ਬਿਵਸਥਾ ਨਾ ਕਹਿੰਦੀ ਕਿ ਲਾਲਚ ਨਾ ਕਰ ਤਾਂ ਮੈਂ ਲਾਲਚ ਨੂੰ ਨਾ ਜਾਣਦਾ।
8 ੮ ਪਰ ਪਾਪ ਨੇ ਮੌਕਾ ਪਾ ਕੇ ਹੁਕਮਨਾਮੇ ਦੇ ਕਾਰਨ ਮੇਰੇ ਵਿੱਚ ਹਰ ਪ੍ਰਕਾਰ ਦਾ ਲੋਭ ਪੈਦਾ ਕੀਤਾ ਕਿਉਂ ਜੋ ਬਿਵਸਥਾ ਦੇ ਬਿਨ੍ਹਾਂ ਪਾਪ ਮੁਰਦਾ ਹੈ।
9 ੯ ਅਤੇ ਮੈਂ ਪਹਿਲਾਂ ਬਿਵਸਥਾ ਦੇ ਬਿਨ੍ਹਾਂ ਜਿਉਂਦਾ ਸੀ ਪਰ ਜਦ ਹੁਕਮਨਾਮਾ ਆਇਆ ਤਦ ਪਾਪ ਜੀ ਪਿਆ ਅਤੇ ਮੈਂ ਮਰ ਗਿਆ।
10 ੧੦ ਅਤੇ ਉਹ ਹੁਕਮਨਾਮਾ ਜਿਹੜਾ ਜੀਵਨ ਦੇ ਲਈ ਸੀ ਉਹੋ ਮੇਰੇ ਲਈ ਮੌਤ ਦਾ ਕਾਰਨ ਵਿਖਾਈ ਦਿੱਤਾ।
11 ੧੧ ਕਿਉਂ ਜੋ ਪਾਪ ਨੇ ਮੌਕਾ ਪਾ ਕੇ ਹੁਕਮਨਾਮੇ ਦੇ ਰਾਹੀਂ ਮੈਨੂੰ ਧੋਖਾ ਦਿੱਤਾ ਅਤੇ ਉਹ ਦੇ ਵਸੀਲੇ ਨਾਲ ਮੈਨੂੰ ਮਾਰ ਸੁੱਟਿਆ।
12 ੧੨ ਸੋ ਬਿਵਸਥਾ ਪਵਿੱਤਰ ਹੈ, ਹੁਕਮਨਾਮਾ ਪਵਿੱਤਰ ਅਤੇ ਠੀਕ ਅਤੇ ਚੰਗਾ ਹੈ।
13 ੧੩ ਹੁਣ ਉਹ ਜੋ ਚੰਗਾ ਹੈ, ਕੀ ਮੇਰੇ ਲਈ ਮੌਤ ਬਣਿਆ? ਕਦੇ ਨਹੀਂ! ਪਰ ਪਾਪ ਨੇ ਕਿ ਪਾਪ ਪਰਗਟ ਹੋਵੇ ਮੇਰੇ ਲਈ ਚੰਗੀ ਗੱਲ ਦੇ ਵਸੀਲੇ ਨਾਲ ਮੌਤ ਨੂੰ ਪੈਦਾ ਕੀਤਾ ਤਾਂ ਜੋ ਹੁਕਮਨਾਮੇ ਦੇ ਕਾਰਨ ਪਾਪ ਅੱਤ ਬੁਰਾ ਠਹਿਰੇ।
14 ੧੪ ਅਸੀਂ ਜਾਣਦੇ ਤਾਂ ਹਾਂ ਜੋ ਬਿਵਸਥਾ ਆਤਮਿਕ ਹੈ ਪਰ ਮੈਂ ਸਰੀਰਕ ਅਤੇ ਪਾਪ ਦੇ ਹੱਥ ਵਿਕਿਆ ਹੋਇਆ ਹਾਂ।
15 ੧੫ ਮੈਂ ਨਹੀਂ ਜਾਣਦਾ ਜੋ ਕੀ ਕਰਾਂ ਕਿਉਂ ਜੋ ਮੈਂ ਉਹ ਨਹੀਂ ਕਰਦਾ ਜੋ ਚਾਹੁੰਦਾ ਹਾਂ ਸਗੋਂ ਉਹ ਕਰਦਾ ਹਾਂ ਜਿਸ ਤੋਂ ਮੈਨੂੰ ਨਫ਼ਰਤ ਆਉਂਦੀ ਹੈ।
16 ੧੬ ਪਰ ਜੇ ਮੈਂ ਉਹ ਕਰਦਾ ਹਾਂ ਜੋ ਨਹੀਂ ਚਾਹੁੰਦਾ ਤਾਂ ਮੈਂ ਬਿਵਸਥਾ ਨੂੰ ਮੰਨ ਲੈਂਦਾ ਹਾਂ ਕਿ ਉਹ ਚੰਗੀ ਹੈ।
17 ੧੭ ਸੋ ਮੈਂ ਹੁਣ ਇਸ ਹਾਲ ਵਿੱਚ ਉਹ ਕਰਨ ਵਾਲਾ ਨਹੀਂ ਸਗੋਂ ਪਾਪ ਹੈ ਜਿਹੜਾ ਮੇਰੇ ਵਿੱਚ ਵੱਸਦਾ ਹੈ।
18 ੧੮ ਮੈਂ ਜਾਣਦਾ ਤਾਂ ਹਾਂ ਕਿ ਮੇਰੇ ਅੰਦਰ ਅਰਥਾਤ ਮੇਰੇ ਸਰੀਰ ਦੇ ਅੰਦਰ ਕੋਈ ਭਲੀ ਗੱਲ ਹੈ ਨਹੀਂ। ਇਰਾਦਾ ਕਰਨਾ ਤਾਂ ਮੇਰੇ ਅੰਦਰ ਹੈ, ਪਰ ਭਲਾ ਕਰਨਾ ਹੈ ਨਹੀਂ।
19 ੧੯ ਜਿਹੜੀ ਭਲਿਆਈ ਮੈਂ ਕਰਨਾ ਚਾਹੁੰਦਾ ਹਾਂ, ਉਹ ਮੈਂ ਨਹੀਂ ਕਰਦਾ ਸਗੋਂ ਜਿਹੜੀ ਬੁਰਿਆਈ ਮੈਂ ਨਹੀਂ ਕਰਨਾ ਚਾਹੁੰਦਾ ਉਹ ਹੀ ਕਰਦਾ ਹਾਂ।
20 ੨੦ ਪਰ ਜੇ ਮੈਂ ਉਹ ਕੰਮ ਕਰਦਾ ਹਾਂ ਜਿਹੜਾ ਮੈਂ ਨਹੀਂ ਚਾਹੁੰਦਾ ਤਾਂ ਕਰਨ ਵਾਲਾ ਮੈਂ ਨਹੀਂ ਸਗੋਂ ਪਾਪ ਹੈ ਜੋ ਮੇਰੇ ਵਿੱਚ ਵੱਸਦਾ ਹੈ।
21 ੨੧ ਸੋ ਮੈਂ ਅੰਗਾਂ ਵਿੱਚ ਇਹ ਕਨੂੰਨ ਵੇਖਦਾ ਹਾਂ ਕਿ ਜਦੋਂ ਮੈਂ ਭਲਿਆਈ ਕਰਨਾ ਚਾਹੁੰਦਾ ਹਾਂ ਉਦੋਂ ਬੁਰਿਆਈ ਹਾਜ਼ਰ ਹੁੰਦੀ ਹੈ।
22 ੨੨ ਮੈਂ ਤਾਂ ਅੰਦਰਲੇ ਮਨੁੱਖ ਅਨੁਸਾਰ ਪਰਮੇਸ਼ੁਰ ਦੀ ਬਿਵਸਥਾ ਵਿੱਚ ਅਨੰਦ ਹੁੰਦਾ ਹਾਂ।
23 ੨੩ ਪਰ ਮੈਂ ਆਪਣੇ ਅੰਗਾਂ ਵਿੱਚ ਇੱਕ ਹੋਰ ਕਨੂੰਨ ਨੂੰ ਵੀ ਵੇਖਦਾ ਹਾਂ, ਜੋ ਮੇਰੀ ਬੁੱਧ ਦੇ ਕਨੂੰਨ ਨਾਲ ਲੜਦਾ ਹੈ ਅਤੇ ਮੈਨੂੰ ਉਸ ਪਾਪ ਦੇ ਕਨੂੰਨ ਦੇ ਜੋ ਮੇਰਿਆਂ ਅੰਗਾਂ ਵਿੱਚ ਹੈ, ਬੰਧਨ ਵਿੱਚ ਲਈ ਆਉਂਦਾ ਹੈ।
24 ੨੪ ਮੈਂ ਕਿੰਨਾਂ ਮੰਦਭਾਗੀ ਮਨੁੱਖ ਹਾਂ! ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋਂ ਛੁਡਾਵੇਗਾ?
25 ੨੫ ਮਸੀਹ ਸਾਡੇ ਪ੍ਰਭੂ ਦੇ ਵਸੀਲੇ ਪਰਮੇਸ਼ੁਰ ਦਾ ਧੰਨਵਾਦ ਹੋਵੇ! ਸੋ ਮੈਂ ਆਪ ਬੁੱਧ ਨਾਲ ਪਰਮੇਸ਼ੁਰ ਦੇ ਕਨੂੰਨ ਦੀ ਸੇਵਾ ਕਰਦਾ ਪਰ ਸਰੀਰ ਨਾਲ ਪਾਪ ਦੇ ਕਨੂੰਨ ਦੀ।