< ਰੋਮੀਆਂ ਨੂੰ 3 >
1 ੧ ਸੋ ਯਹੂਦੀ ਹੋਣ ਦਾ ਕੀ ਵਾਧਾ ਅਤੇ ਸੁੰਨਤ ਦਾ ਕੀ ਲਾਭ ਹੈ?
2 ੨ ਹਰ ਪਰਕਾਰ ਨਾਲ ਬਹੁਤ ਕੁਝ । ਪਹਿਲਾਂ ਤਾਂ ਇਹ ਜੋ ਪਰਮੇਸ਼ੁਰ ਦਾ ਬਚਨ ਉਨ੍ਹਾਂ ਨੂੰ ਸੌਂਪਿਆ ਗਿਆ।
3 ੩ ਫੇਰ ਭਾਵੇਂ ਕਈ ਬੇਵਫ਼ਾ ਨਿੱਕਲੇ ਤਾਂ ਕੀ ਹੋਇਆ? ਭਲਾ ਉਹਨਾਂ ਦੀ ਬੇਵਫ਼ਾਈ ਪਰਮੇਸ਼ੁਰ ਦੀ ਵਫ਼ਾਦਾਰੀ ਨੂੰ ਵਿਅਰਥ ਕਰ ਸਕਦੀ ਹੈ?
4 ੪ ਕਦੇ ਨਹੀਂ! ਸਗੋਂ ਪਰਮੇਸ਼ੁਰ ਸੱਚਾ ਠਹਿਰੇ ਅਤੇ ਹਰ ਮਨੁੱਖ ਝੂਠਾ। ਜਿਵੇਂ ਲਿਖਿਆ ਹੋਇਆ ਹੈ ਤੂੰ ਆਪਣੇ ਬੋਲ ਵਿੱਚ ਧਰਮੀ ਠਹਿਰੇ ਅਤੇ ਆਪਣੇ ਨਿਆਂ ਵਿੱਚ ਜਿੱਤ ਜਾਵੇਂ।
5 ੫ ਪਰ ਜੇ ਸਾਡਾ ਕੁਧਰਮ ਪਰਮੇਸ਼ੁਰ ਦੇ ਧਰਮ ਨੂੰ ਪਰਗਟ ਕਰਦਾ ਹੈ ਤਾਂ ਕੀ ਆਖੀਏ? ਭਲਾ, ਪਰਮੇਸ਼ੁਰ ਅਨਿਆਈਂ ਹੈ ਜੋ ਕ੍ਰੋਧ ਪਾਉਂਦਾ ਹੈ? (ਮੈਂ ਲੋਕਾਂ ਵਾਂਗੂੰ ਆਖਦਾ ਹਾਂ)
6 ੬ ਕਦੇ ਨਹੀਂ! ਤਾਂ ਫੇਰ ਪਰਮੇਸ਼ੁਰ ਸੰਸਾਰ ਦਾ ਨਿਆਂ ਕਿਵੇਂ ਕਰੇਗਾ?
7 ੭ ਜੇਕਰ ਮੇਰੇ ਝੂਠ ਕਰਕੇ ਪਰਮੇਸ਼ੁਰ ਦੇ ਸੱਚ ਦੀ ਵਡਿਆਈ ਬਹੁਤੀ ਪਰਗਟ ਹੋਈ, ਤਾਂ ਫਿਰ ਕਿਉਂ ਮੈਂ ਅਜੇ ਤੱਕ ਪਾਪੀਆਂ ਵਾਂਗੂੰ ਦੋਸ਼ੀ ਠਹਿਰਾਇਆ ਜਾਂਦਾ ਹਾਂ।
8 ੮ ਅਤੇ ਇਹ ਕਿਉਂ ਨਾ ਬੋਲੀਏ, ਜਿਵੇਂ ਸਾਡੇ ਉੱਤੇ ਇਹ ਦੋਸ਼ ਲਾਇਆ ਵੀ ਜਾਂਦਾ ਹੈ, ਅਤੇ ਜਿਵੇਂ ਕਈ ਆਖਦੇ ਹਨ, ਜੋ ਅਸੀਂ ਇਸ ਤਰ੍ਹਾਂ ਕਹਿੰਦੇ ਹਾਂ, ਕਿ ਆਓ, ਬੁਰਿਆਈ ਕਰੀਏ ਤਾਂ ਜੋ ਇਸ ਤੋਂ ਭਲਿਆਈ ਨਿੱਕਲੇ। ਸੋ ਏਹੋ ਜਿਹਿਆਂ ਉੱਤੇ ਸਜ਼ਾ ਦਾ ਹੁਕਮ ਪੱਕਾ ਹੈ।
9 ੯ ਤਾਂ ਫੇਰ ਕੀ? ਭਲਾ, ਅਸੀਂ ਉਹਨਾਂ ਨਾਲੋਂ ਚੰਗੇ ਹਾਂ? ਕਦੇ ਵੀ ਨਹੀਂ! ਕਿਉਂ ਜੋ ਅਸੀਂ ਤਾਂ ਪਹਿਲਾਂ ਹੀ ਕਹਿ ਬੈਠੇ ਹਾਂ ਜੋ ਯਹੂਦੀ ਅਤੇ ਯੂਨਾਨੀ ਸਾਰਿਆਂ ਦੇ ਸਾਰੇ ਪਾਪ ਦੇ ਹੇਠ ਹਨ।
10 ੧੦ ਜਿਵੇਂ ਲਿਖਿਆ ਹੋਇਆ ਹੈ ਕੋਈ ਇੱਕ ਵੀ ਧਰਮੀ ਨਹੀਂ,
11 ੧੧ ਕੋਈ ਸਮਝਣ ਵਾਲਾ ਨਹੀਂ, ਕੋਈ ਪਰਮੇਸ਼ੁਰ ਦਾ ਖੋਜੀ ਨਹੀਂ।
12 ੧੨ ਸਭ ਦੇ ਸਭ ਭਟਕ ਗਏ, ਉਹ ਸਾਰੇ ਦੇ ਸਾਰੇ ਨਿਕੰਮੇ ਹੋ ਗਏ ਹਨ, ਕੋਈ ਭਲਾ ਕਰਨ ਵਾਲਾ ਨਹੀਂ, ਇੱਕ ਵੀ ਨਹੀਂ।
13 ੧੩ ਉਹਨਾਂ ਦਾ ਸੰਘ ਖੁੱਲੀ ਹੋਈ ਕਬਰ ਹੈ, ਉਹਨਾਂ ਨੇ ਆਪਣੀਆਂ ਜੀਭਾਂ ਨਾਲ ਵਲ-ਛਲ ਕੀਤਾ ਹੈ ਅਤੇ, ਉਹਨਾਂ ਦੇ ਬੁੱਲ੍ਹਾਂ ਵਿੱਚ ਜ਼ਹਿਰੀਲੇ ਸੱਪਾਂ ਦਾ ਜ਼ਹਿਰ ਹੈ।
14 ੧੪ ਉਹਨਾਂ ਦਾ ਮੂੰਹ ਸਰਾਪ ਅਤੇ ਕੁੱੜਤਣ ਨਾਲ ਭਰਿਆ ਹੋਇਆ ਹੈ,
15 ੧੫ ਉਹਨਾਂ ਦੇ ਪੈਰ ਲਹੂ ਵਹਾਉਣ ਲਈ ਫੁਰਤੀਲੇ ਹਨ,
16 ੧੬ ਉਹਨਾਂ ਦੇ ਰਾਹਾਂ ਵਿੱਚ ਨਾਸ ਅਤੇ ਬਿਪਤਾ ਹੈ,
17 ੧੭ ਅਤੇ ਉਹਨਾਂ ਨੇ ਸ਼ਾਂਤੀ ਦਾ ਰਾਹ ਨਾ ਪਛਾਣਿਆ,
18 ੧੮ ਉਹਨਾਂ ਦੀਆਂ ਅੱਖਾਂ ਦੇ ਅੱਗੇ ਪਰਮੇਸ਼ੁਰ ਦਾ ਡਰ ਹੈ ਹੀ ਨਹੀਂ।
19 ੧੯ ਹੁਣ ਅਸੀਂ ਜਾਣਦੇ ਹਾਂ ਕਿ ਬਿਵਸਥਾ ਜੋ ਕੁਝ ਆਖਦੀ ਹੈ ਸੋ ਬਿਵਸਥਾ ਵਾਲਿਆਂ ਨੂੰ ਆਖਦੀ ਹੈ ਤਾਂ ਜੋ ਹਰੇਕ ਦਾ ਮੂੰਹ ਬੰਦ ਹੋ ਜਾਵੇ ਅਤੇ ਸਾਰਾ ਸੰਸਾਰ ਪਰਮੇਸ਼ੁਰ ਦੇ ਨਿਆਂ ਦੇ ਹੇਠ ਆ ਜਾਵੇ।
20 ੨੦ ਇਸ ਲਈ ਜੋ ਉਹ ਦੇ ਸਾਹਮਣੇ ਬਿਵਸਥਾ ਦੇ ਕੰਮਾਂ ਤੋਂ ਕੋਈ ਇਨਸਾਨ ਧਰਮੀ ਨਹੀਂ ਠਹਿਰੇਗਾ, ਕਿਉਂ ਜੋ ਬਿਵਸਥਾ ਦੇ ਰਾਹੀਂ ਪਾਪ ਦੀ ਪਛਾਣ ਹੁੰਦੀ ਹੈ।
21 ੨੧ ਪਰ ਹੁਣ ਬਿਵਸਥਾ ਤੋਂ ਬਿਨ੍ਹਾਂ ਪਰਮੇਸ਼ੁਰ ਦੀ ਧਾਰਮਿਕਤਾ ਪ੍ਰਗਟ ਹੋਈ ਹੈ, ਬਿਵਸਥਾ ਅਤੇ ਨਬੀ ਉਸ ਦੀ ਗਵਾਹੀ ਦਿੰਦੇ ਹਨ।
22 ੨੨ ਅਰਥਾਤ ਪਰਮੇਸ਼ੁਰ ਦੀ ਉਹ ਧਾਰਮਿਕਤਾ ਜੋ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਨ ਨਾਲ ਮਿਲਦੀ ਹੈ। ਇਹ ਉਨ੍ਹਾਂ ਸਭਨਾਂ ਦੇ ਲਈ ਹੈ ਜਿਹੜੇ ਵਿਸ਼ਵਾਸ ਕਰਦੇ ਹਨ ਕਿਉਂ ਜੋ ਕੁਝ ਫ਼ਰਕ ਨਹੀਂ ਹੈ।
23 ੨੩ ਕਿਉਂਕਿ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੀ ਮਹਿਮਾ ਤੋਂ ਰਹਿਤ ਹਨ।
24 ੨੪ ਸੋ ਉਹ ਦੀ ਕਿਰਪਾ ਨਾਲ ਉਸ ਛੁਟਕਾਰੇ ਦੇ ਕਾਰਨ ਜੋ ਮਸੀਹ ਯਿਸੂ ਤੋਂ ਹੁੰਦਾ ਹੈ ਉਹ ਮੁਫ਼ਤ ਧਰਮੀ ਗਿਣੇ ਜਾਂਦੇ ਹਨ।
25 ੨੫ ਜਿਸ ਨੂੰ ਪਰਮੇਸ਼ੁਰ ਨੇ ਉਹ ਦੇ ਲਹੂ ਉੱਤੇ ਵਿਸ਼ਵਾਸ ਕਰਨ ਨਾਲ ਪ੍ਰਾਸਚਿੱਤ ਠਹਿਰਾਇਆ ਤਾਂ ਜੋ ਪਰਮੇਸ਼ੁਰ ਆਪਣੀ ਧਾਰਮਿਕਤਾ ਨੂੰ ਪ੍ਰਗਟ ਕਰੇ ਇਸ ਲਈ ਜੋ ਉਹ ਨੇ ਆਪਣੀ ਸਹਿਨਸ਼ੀਲਤਾ ਨਾਲ ਪਿੱਛਲੇ ਸਮੇਂ ਵਿੱਚ ਕੀਤੇ ਹੋਏ ਪਾਪਾਂ ਤੋਂ ਅੱਖੀਆਂ ਫੇਰ ਲਈਆਂ।
26 ੨੬ ਹਾਂ, ਇਸ ਵਰਤਮਾਨ ਸਮੇਂ ਵਿੱਚ ਵੀ ਆਪਣੀ ਧਾਰਮਿਕਤਾ ਨੂੰ ਪਰਗਟ ਕਰੇ ਤਾਂ ਜੋ ਉਹ ਆਪ ਧਰਮੀ ਰਹੇ ਅਤੇ ਨਾਲੇ ਉਹ ਨੂੰ ਧਰਮੀ ਠਹਿਰਾਵੇ, ਜਿਹੜਾ ਯਿਸੂ ਮਸੀਹ ਉੱਤੇ ਵਿਸ਼ਵਾਸ ਕਰੇ।
27 ੨੭ ਸੋ ਹੁਣ ਘਮੰਡ ਕਿੱਥੇ ਗਿਆ? ਉਹ ਤਾਂ ਰਹਿ ਗਿਆ। ਕਿਸ ਤਰ੍ਹਾਂ ਦੀ ਬਿਧੀ ਨਾਲ? ਭਲਾ, ਕਰਮਾਂ ਦੀ? ਨਹੀਂ! ਸਗੋਂ ਵਿਸ਼ਵਾਸ ਦੀ ਬਿਧੀ ਨਾਲ।
28 ੨੮ ਇਸ ਲਈ ਅਸੀਂ ਹੁਣ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਮਨੁੱਖ ਬਿਵਸਥਾ ਦੇ ਕੰਮਾਂ ਤੋਂ ਨਹੀਂ ਸਗੋਂ ਵਿਸ਼ਵਾਸ ਹੀ ਤੋਂ ਧਰਮੀ ਠਹਿਰਾਇਆ ਜਾਂਦਾ ਹੈ।
29 ੨੯ ਫੇਰ ਕੀ ਪਰਮੇਸ਼ੁਰ ਕੇਵਲ ਯਹੂਦੀਆਂ ਦਾ ਹੀ ਹੈ, ਅਤੇ ਪਰਾਈਆਂ ਕੌਮਾਂ ਦਾ ਨਹੀਂ? ਹਾਂ, ਪਰਾਈਆਂ ਕੌਮਾਂ ਦਾ ਵੀ ਹੈ।
30 ੩੦ ਕਿਉਂ ਜੋ ਪਰਮੇਸ਼ੁਰ ਇੱਕੋ ਹੈ ਜਿਹੜਾ ਸੁੰਨਤੀਆਂ ਨੂੰ ਵਿਸ਼ਵਾਸ ਤੋਂ ਅਤੇ ਅਸੁੰਨਤੀਆਂ ਨੂੰ ਵੀ ਵਿਸ਼ਵਾਸ ਹੀ ਦੇ ਕਾਰਨ ਧਰਮੀ ਠਹਿਰਾਵੇਗਾ।
31 ੩੧ ਫੇਰ ਕੀ ਅਸੀਂ ਬਿਵਸਥਾ ਨੂੰ ਵਿਸ਼ਵਾਸ ਦੇ ਕਾਰਨ ਵਿਅਰਥ ਕਰਦੇ ਹਾਂ? ਕਦੇ ਨਹੀਂ, ਸਗੋਂ ਬਿਵਸਥਾ ਨੂੰ ਕਾਇਮ ਰੱਖਦੇ ਹਾਂ।