< ਰੋਮੀਆਂ ਨੂੰ 13 >
1 ੧ ਹਰੇਕ ਮਨੁੱਖ ਹਕੂਮਤਾਂ ਦੇ ਅਧੀਨ ਰਹੇ ਕਿਉਂਕਿ ਅਜਿਹੀ ਕੋਈ ਹਕੂਮਤ ਨਹੀਂ ਜਿਹੜੀ ਪਰਮੇਸ਼ੁਰ ਦੇ ਵੱਲੋਂ ਨਾ ਹੋਵੇ ਅਤੇ ਜਿੰਨ੍ਹੀਆਂ ਹਕੂਮਤਾਂ ਹਨ, ਉਹ ਪਰਮੇਸ਼ੁਰ ਦੀਆਂ ਠਹਿਰਾਈਆਂ ਹੋਈਆਂ ਹਨ।
2 ੨ ਇਸ ਲਈ ਜਿਹੜਾ ਹਕੂਮਤ ਦਾ ਵਿਰੋਧ ਕਰਦਾ ਹੈ, ਉਹ ਪਰਮੇਸ਼ੁਰ ਦੀ ਵਿਧੀ ਦਾ ਵਿਰੋਧ ਕਰਦਾ ਹੈ ਅਤੇ ਜਿਹੜੇ ਵਿਰੋਧ ਕਰਦੇ ਹਨ ਉਹ ਸਜ਼ਾ ਭੁਗਤਣਗੇ।
3 ੩ ਹਾਕਮ ਤਾਂ ਚੰਗੇ ਕੰਮ ਤੋਂ ਨਹੀਂ ਪਰ ਬੁਰੇ ਕੰਮ ਤੋਂ ਡਰਾਉਣ ਵਾਲੇ ਹੁੰਦੇ ਹਨ। ਸੋ ਜੇ ਤੂੰ ਹਾਕਮ ਤੋਂ ਨਿਡਰ ਰਹਿਣਾ ਚਾਹੁੰਦਾ ਹੈ? ਤਾਂ ਚੰਗੇ ਕੰਮ ਕਰ ਫੇਰ ਉਸ ਦੀ ਵੱਲੋਂ ਤੇਰੀ ਸ਼ੋਭਾ ਹੋਵੇਗੀ।
4 ੪ ਕਿਉਂ ਜੋ ਉਹ ਪਰਮੇਸ਼ੁਰ ਦਾ ਸੇਵਕ ਤੇਰੀ ਭਲਿਆਈ ਲਈ ਹੈ। ਪਰ ਜੇ ਤੂੰ ਬੁਰਾ ਕਰੇ ਤਾਂ ਉਸ ਤੋਂ ਡਰ, ਇਸ ਲਈ ਜੋ ਉਹ ਐਂਵੇਂ ਤਲਵਾਰ ਨਹੀਂ ਲਈ ਫਿਰਦਾ। ਉਹ ਤਾਂ ਪਰਮੇਸ਼ੁਰ ਦਾ ਸੇਵਕ ਹੈ, ਕਿ ਉਹ ਬੁਰੇ ਕੰਮ ਕਰਨ ਵਾਲਿਆ ਨੂੰ ਸਜ਼ਾ ਦੇਵੇ।
5 ੫ ਇਸ ਲਈ ਕੇਵਲ ਕ੍ਰੋਧ ਹੀ ਦੇ ਕਾਰਨ ਨਹੀਂ ਸਗੋਂ ਆਪਣੇ ਵਿਵੇਕ ਦੇ ਕਾਰਨ ਵੀ ਅਧੀਨ ਹੋਣ ਦੀ ਲੋੜ ਹੈ।
6 ੬ ਇਸ ਲਈ ਉਨ੍ਹਾਂ ਨੂੰ ਕਰ ਵੀ ਦਿਉ ਕਿਉਂਕਿ ਉਹ ਇਸੇ ਕੰਮ ਵਿੱਚ ਸਦਾ ਲੱਗੇ ਰਹਿੰਦੇ ਹਨ, ਅਤੇ ਪਰਮੇਸ਼ੁਰ ਦੇ ਸੇਵਾਦਾਰ ਹਨ।
7 ੭ ਇਸ ਲਈ ਹਰ ਇੱਕ ਦਾ ਹੱਕ ਅਦਾ ਕਰੋ। ਜਿਹ ਨੂੰ ਕਰ ਦੇਣਾ ਚਾਹੀਦਾ ਹੈ ਉਸ ਨੂੰ ਕਰ ਦਿਉ, ਜਿਹ ਨੂੰ ਮਸੂਲ ਦੇਣਾ ਚਾਹੀਦਾ ਹੈ ਉਸ ਨੂੰ ਮਸੂਲ ਦਿਉ, ਜਿਸ ਦੇ ਕੋਲੋਂ ਡਰਨਾ ਚਾਹੀਦਾ ਹੈ ਉਸ ਦੇ ਕੋਲੋਂ ਡਰੋ, ਜਿਸ ਦਾ ਆਦਰ ਕਰਨਾ ਚਾਹੀਦਾ ਹੈ ਉਸਦਾ ਆਦਰ ਕਰੋ।
8 ੮ ਇੱਕ ਦੂਜੇ ਨਾਲ ਪਿਆਰ ਕਰਨ ਤੋਂ ਬਿਨ੍ਹਾਂ ਕਿਸੇ ਹੋਰ ਗੱਲ ਵਿੱਚ ਕਿਸੇ ਦੇ ਕਰਜ਼ਦਾਰ ਨਾ ਰਹੋ ਕਿਉਂਕਿ ਜੋ ਦੂਸਰੇ ਨਾਲ ਪਿਆਰ ਕਰਦਾ ਹੈ ਉਹ ਨੇ ਬਿਵਸਥਾ ਨੂੰ ਪੂਰਾ ਕੀਤਾ ਹੈ।
9 ੯ ਕਿਉਂਕਿ ਇਹ, ਜੋ ਵਿਭਚਾਰ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਲਾਲਚ ਨਾ ਕਰ ਅਤੇ ਜੇ ਕੋਈ ਹੋਰ ਹੁਕਮ ਵੀ ਹੋਵੇ ਤਾਂ ਸਭ ਗੱਲਾਂ ਦਾ ਨਿਚੋੜ ਇਸ ਗੱਲ ਵਿੱਚ ਹੈ, ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।
10 ੧੦ ਪਿਆਰ ਗੁਆਂਢੀ ਦਾ ਕੁਝ ਬੁਰਾ ਨਹੀਂ ਕਰਦਾ, ਇਸ ਲਈ ਪਿਆਰ ਬਿਵਸਥਾ ਨੂੰ ਪੂਰਾ ਕਰਨਾ ਹੈ।
11 ੧੧ ਅਤੇ ਤੁਸੀਂ ਸਮੇਂ ਨੂੰ ਪਹਿਚਾਣ ਲਵੋ ਕਿਉਂਕਿ ਹੁਣ ਤੁਹਾਡੇ ਨੀਂਦ ਤੋਂ ਜਾਗਣ ਦੀ ਘੜੀ ਆ ਪਹੁੰਚੀ ਹੈ, ਕਿਉਂ ਜੋ ਜਿਸ ਵੇਲੇ ਅਸੀਂ ਵਿਸ਼ਵਾਸ ਕੀਤਾ ਸੀ, ਉਸ ਸਮੇਂ ਦੇ ਵਿਚਾਰ ਨਾਲ ਹੁਣ ਸਾਡੀ ਮੁਕਤੀ ਨੇੜੇ ਹੈ।
12 ੧੨ ਰਾਤ ਬਹੁਤ ਬੀਤ ਗਈ ਅਤੇ ਦਿਨ ਚੜ੍ਹਨ ਵਾਲਾ ਹੈ ਇਸ ਲਈ ਹਨ੍ਹੇਰੇ ਦੇ ਕੰਮ ਛੱਡ ਦੇਈਏ ਅਤੇ ਚਾਨਣ ਦੀ ਸੰਜੋ ਪਹਿਨ ਲਈਏ।
13 ੧੩ ਜਿਵੇਂ ਦਿਨ ਵੇਲੇ ਸ਼ੋਭਾ ਦਿੰਦਾ ਹੈ, ਉਵੇਂ ਹੀ ਅਸੀਂ ਭਲਮਾਨਸੀ ਨਾਲ ਚੱਲੀਏ, ਨਾ ਨਾਚ-ਰੰਗ ਅਤੇ ਨਾ ਨਸ਼ਿਆਂ ਵਿੱਚ, ਨਾ ਹਰਾਮਕਾਰੀਆਂ ਅਤੇ ਲੁੱਚਪੁਣਿਆਂ ਵਿੱਚ, ਨਾ ਝਗੜੇ ਅਤੇ ਖਾਰ ਵਿੱਚ।
14 ੧੪ ਸਗੋਂ ਪ੍ਰਭੂ ਯਿਸੂ ਮਸੀਹ ਨੂੰ ਪਹਿਨ ਲਵੋ ਅਤੇ ਸਰੀਰ ਦੀਆਂ ਕਾਮਨਾਵਾਂ ਨੂੰ ਪੂਰਾ ਕਰਨ ਲਈ ਕੋਈ ਪ੍ਰਬੰਧ ਨਾ ਕਰੋ।