< ਰੋਮੀਆਂ ਨੂੰ 1 >
1 ੧ ਪੌਲੁਸ ਦੇ ਵਲੋਂ ਜੋ ਯਿਸੂ ਮਸੀਹ ਦਾ ਦਾਸ ਹੈ, ਜੋ ਰਸੂਲ ਬਣਨ ਲਈ ਸੱਦਿਆ ਗਿਆ ਅਤੇ ਪਰਮੇਸ਼ੁਰ ਦੀ ਖੁਸ਼ਖਬਰੀ ਦੇ ਲਈ ਅਲੱਗ ਕੀਤਾ ਗਿਆ।
2 ੨ ਜਿਸ ਦਾ ਉਸ ਨੇ ਆਪਣੇ ਨਬੀਆਂ ਦੇ ਰਾਹੀਂ ਪਵਿੱਤਰ ਗ੍ਰੰਥ ਵਿੱਚ ਪਹਿਲਾਂ ਹੀ ਬਚਨ ਦਿੱਤਾ ਸੀ।
3 ੩ ਅਰਥਾਤ ਆਪਣੇ ਪੁੱਤਰ ਦੇ ਵਿਖੇ ਵਿੱਚ ਜੋ ਸਰੀਰਕ ਤੋਰ ਤੇ ਦਾਊਦ ਦੀ ਪੀੜ੍ਹੀ ਵਿੱਚੋਂ ਪੈਦਾ ਹੋਇਆ।
4 ੪ ਅਤੇ ਪਵਿੱਤਰਤਾਈ ਦੇ ਆਤਮਾ ਦੇ ਤੋਰ ਤੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਕਾਰਨ ਸਮਰੱਥ ਨਾਲ, ਪਰਮੇਸ਼ੁਰ ਦਾ ਪੁੱਤਰ ਅਤੇ ਸਾਡਾ ਪ੍ਰਭੂ ਯਿਸੂ ਮਸੀਹ ਠਹਿਰਾਇਆ ਗਿਆ।
5 ੫ ਜਿਸ ਦੇ ਰਾਹੀਂ ਅਸੀਂ ਕਿਰਪਾ ਅਤੇ ਰਸੂਲਗੀ ਦੀ ਪਦਵੀ ਪਾਈ ਤਾਂ ਜੋ ਉਹ ਦੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਵਿੱਚ ਵਿਸ਼ਵਾਸ ਦੀ ਆਗਿਆਕਾਰੀ ਹੋ ਜਾਵੇ।
6 ੬ ਜਿਨ੍ਹਾਂ ਵਿੱਚ ਤੁਸੀਂ ਵੀ ਰਲ ਕੇ ਯਿਸੂ ਮਸੀਹ ਦੇ ਹੋਣ ਲਈ ਬੁਲਾਏ ਗਏ ਹੋ।
7 ੭ ਅੱਗੇ ਯੋਗ ਉਹਨਾਂ ਸਾਰਿਆਂ ਨੂੰ ਜਿਹੜੇ ਰੋਮ ਵਿੱਚ ਪਰਮੇਸ਼ੁਰ ਦੇ ਪਿਆਰੇ ਅਤੇ ਪਵਿੱਤਰ ਹੋਣ ਲਈ ਬੁਲਾਏ ਗਏ ਹਨ ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ।
8 ੮ ਪਹਿਲਾਂ ਤਾਂ ਮੈਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਤੁਹਾਡੇ ਸਾਰਿਆਂ ਦੇ ਲਈ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ, ਕਿਉਂ ਜੋ ਸਾਰੇ ਸੰਸਾਰ ਵਿੱਚ ਤੁਹਾਡੇ ਵਿਸ਼ਵਾਸ ਦੀ ਚਰਚਾ ਹੋ ਰਹੀ ਹੈ।
9 ੯ ਕਿਉਂ ਜੋ ਪਰਮੇਸ਼ੁਰ ਜਿਸ ਦੀ ਮੈਂ ਆਪਣੇ ਆਤਮਾ ਨਾਲ ਉਹ ਦੇ ਪੁੱਤਰ ਦੀ ਖੁਸ਼ਖਬਰੀ ਲਈ ਸੇਵਾ ਕਰਦਾ ਹਾਂ ਮੇਰਾ ਗਵਾਹ ਹੈ ਜੋ ਮੈਂ ਕਿਸ ਤਰ੍ਹਾਂ ਹਰ ਵੇਲੇ ਆਪਣੀਆਂ ਪ੍ਰਾਰਥਨਾਵਾਂ ਵਿੱਚ ਤੁਹਾਨੂੰ ਯਾਦ ਕਰਦਾ ਹਾਂ।
10 ੧੦ ਅਤੇ ਸਦਾ ਇਹ ਪ੍ਰਾਰਥਨਾ ਕਰਦਾ ਹਾਂ ਜੋ ਕਿਸੇ ਤਰ੍ਹਾਂ ਹੁਣ ਐਨੇ ਚਿਰ ਪਿੱਛੋਂ ਪਰਮੇਸ਼ੁਰ ਦੀ ਮਰਜ਼ੀ ਨਾਲ ਮੈਂ ਸਲਾਮਤੀ ਨਾਲ ਤੁਹਾਡੇ ਕੋਲ ਪਹੁੰਚਾਂ।
11 ੧੧ ਕਿਉਂ ਜੋ ਮੈਂ ਤੁਹਾਨੂੰ ਵੇਖਣ ਲਈ ਬਹੁਤ ਤਰਸਦਾ ਹਾਂ, ਕਿ ਮੈਂ ਕੋਈ ਆਤਮਿਕ ਵਰਦਾਨ ਤੁਹਾਨੂੰ ਦੁਆਵਾਂ ਜਿਸ ਦੇ ਨਾਲ ਤੁਸੀਂ ਮਜ਼ਬੂਤ ਹੋ ਜਾਵੋ।
12 ੧੨ ਮਤਲਬ ਇਹ ਹੈ, ਕਿ ਅਸੀਂ ਆਪਸ ਵਿੱਚ ਮਿਲ ਕੇ ਵਿਸ਼ਵਾਸ ਦੇ ਦੁਆਰਾ ਜੋ ਤੁਹਾਡੇ ਅਤੇ ਮੇਰੇ ਵਿੱਚ ਹੈ ਸਾਡੀ ਦੋਹਾਂ ਦੀ ਤਸੱਲੀ ਹੋਵੇ।
13 ੧੩ ਅਤੇ ਹੇ ਭਰਾਵੋ, ਮੈਂ ਇਹ ਨਹੀਂ ਚਾਹੁੰਦਾ ਜੋ ਤੁਸੀਂ ਇਸ ਗੱਲ ਤੋਂ ਅਣਜਾਣ ਰਹੋ, ਕਿ ਮੈਂ ਕਿੰਨੀ ਹੀ ਵਾਰੀ ਤੁਹਾਡੇ ਕੋਲ ਆਉਣਾ ਚਾਹਿਆ ਕਿ ਜਿਵੇਂ ਬਾਕੀ ਪਰਾਈਆਂ ਕੌਮਾਂ ਵਿੱਚ ਮੈਨੂੰ ਫਲ ਮਿਲਿਆ, ਉਸੇ ਤਰ੍ਹਾਂ ਤੁਹਾਡੇ ਵਿੱਚ ਵੀ ਮੈਨੂੰ ਕੁਝ ਫਲ ਮਿਲੇ ਪਰ ਹੁਣ ਤੱਕ ਮੈਂ ਰੁਕਿਆ ਰਿਹਾ।
14 ੧੪ ਮੈਂ ਯੂਨਾਨੀਆਂ ਅਤੇ ਗ਼ੈਰ ਯੂਨਾਨੀਆਂ ਦਾ, ਬੁੱਧਵਾਨਾਂ ਅਤੇ ਨਿਰਬੁੱਧਾਂ ਦਾ ਕਰਜ਼ਦਾਰ ਹਾਂ।
15 ੧੫ ਸੋ ਮੈਂ ਤੁਹਾਨੂੰ ਵੀ ਜਿਹੜੇ ਰੋਮ ਵਿੱਚ ਰਹਿੰਦੇ ਹੋ ਖੁਸ਼ਖਬਰੀ ਸੁਣਾਉਣ ਲਈ ਹਮੇਸ਼ਾਂ ਤਿਆਰ ਰਹਿੰਦਾ ਹਾਂ।
16 ੧੬ ਮੈਂ ਤਾਂ ਖੁਸ਼ਖਬਰੀ ਤੋਂ ਨਹੀਂ ਸ਼ਰਮਾਉਂਦਾ ਕਿਉਂ ਜੋ ਉਹ ਹਰੇਕ ਵਿਸ਼ਵਾਸ ਕਰਨ ਵਾਲੇ ਦੀ ਮੁਕਤੀ ਦੇ ਲਈ ਪਰਮੇਸ਼ੁਰ ਦੀ ਸਮਰੱਥ ਹੈ, ਪਹਿਲਾਂ ਯਹੂਦੀ ਅਤੇ ਫੇਰ ਯੂਨਾਨੀ ਦੇ ਲਈ।
17 ੧੭ ਕਿਉਂ ਜੋ ਓਸ ਵਿੱਚ ਪਰਮੇਸ਼ੁਰ ਦਾ ਉਹ ਧਰਮ ਹੈ ਜੋ ਵਿਸ਼ਵਾਸ ਤੋਂ ਵਿਸ਼ਵਾਸ ਦੇ ਲਈ ਪਰਗਟ ਹੁੰਦਾ ਹੈ ਜਿਵੇਂ ਲਿਖਿਆ ਹੋਇਆ ਹੈ ਕਿ ਧਰਮੀ ਵਿਸ਼ਵਾਸ ਤੋਂ ਹੀ ਜੀਉਂਦਾ ਰਹੇਗਾ।
18 ੧੮ ਜਿਹੜੇ ਮਨੁੱਖ ਸਚਿਆਈ ਨੂੰ ਬੁਰਿਆਈ ਨਾਲ ਦਬਾਈ ਰੱਖਦੇ ਹਨ, ਉਨ੍ਹਾਂ ਦੀ ਸਾਰੀ ਅਭਗਤੀ ਅਤੇ ਕੁਧਰਮ ਉੱਤੇ ਪਰਮੇਸ਼ੁਰ ਦਾ ਕ੍ਰੋਧ ਤਾਂ ਸਵਰਗ ਤੋਂ ਪ੍ਰਗਟ ਹੋਇਆ।
19 ੧੯ ਕਿਉਂ ਜੋ ਪਰਮੇਸ਼ੁਰ ਦੇ ਬਾਰੇ ਜੋ ਕੁਝ ਪਤਾ ਲੱਗ ਸਕਦਾ ਹੈ ਸੋ ਉਨ੍ਹਾਂ ਦੇ ਮਨਾਂ ਵਿੱਚ ਪ੍ਰਗਟ ਹੈ, ਇਸ ਲਈ ਜੋ ਪਰਮੇਸ਼ੁਰ ਨੇ ਉਨ੍ਹਾਂ ਉੱਤੇ ਉਸ ਨੂੰ ਪ੍ਰਗਟ ਕੀਤਾ।
20 ੨੦ ਕਿਉਂ ਜੋ ਜਗਤ ਦੇ ਉਤਪਤ ਹੋਣ ਤੋਂ ਉਹ ਦੇ ਅਣ-ਦੇਖੇ ਗੁਣ ਅਰਥਾਤ ਉਸ ਦੀ ਸਦੀਪਕ ਸਮਰੱਥਾ ਅਤੇ ਪਰਮੇਸ਼ੁਰਤਾਈ ਉਸ ਦੀ ਰਚਨਾ ਤੋਂ ਚੰਗੀ ਤਰ੍ਹਾਂ ਦਿੱਸ ਪੈਂਦੀ ਹੈ, ਇਸ ਕਰਕੇ ਉਨ੍ਹਾਂ ਦੇ ਕੋਲ ਕੋਈ ਬਹਾਨਾ ਨਹੀਂ। (aïdios )
21 ੨੧ ਭਾਵੇਂ ਉਨ੍ਹਾਂ ਨੇ ਪਰਮੇਸ਼ੁਰ ਨੂੰ ਜਾਣ ਲਿਆ ਪਰ ਤਾਂ ਵੀ ਪਰਮੇਸ਼ੁਰ ਦੇ ਯੋਗ ਵਡਿਆਈ ਨਾ ਕੀਤੀ, ਨਾ ਉਹ ਦਾ ਧੰਨਵਾਦ ਕੀਤਾ ਸਗੋਂ ਆਪਣੀ ਸੋਚ ਵਿੱਚ ਨਿਕੰਮੇ ਬਣ ਗਏ ਅਤੇ ਉਹਨਾਂ ਦੇ ਮਨ ਹਨ੍ਹੇਰੇ ਹੋ ਗਏ।
22 ੨੨ ਉਹ ਆਪਣੇ ਆਪ ਨੂੰ ਬੁੱਧਵਾਨ ਸਮਝ ਕੇ ਮੂਰਖ ਬਣ ਗਏ।
23 ੨੩ ਅਤੇ ਅਵਿਨਾਸ਼ੀ ਪਰਮੇਸ਼ੁਰ ਦੀ ਮਹਿਮਾ ਨੂੰ ਨਾਸਵਾਨ ਮਨੁੱਖ ਅਤੇ ਪੰਛੀਆਂ ਅਤੇ ਚੌਪਾਇਆਂ ਅਤੇ ਘਿੱਸਰਨ ਵਾਲੇ ਜੀਵ-ਜੰਤੂਆਂ ਦੇ ਰੂਪ ਵਿੱਚ ਬਦਲ ਦਿੱਤਾ।
24 ੨੪ ਇਸ ਕਾਰਨ ਪਰਮੇਸ਼ੁਰ ਨੇ ਵੀ ਉਨ੍ਹਾਂ ਨੂੰ ਉਨ੍ਹਾਂ ਦੇ ਮਨਾ ਦੇ ਬੁਰੇ ਵਿਚਾਰਾਂ ਅਤੇ ਗੰਦ-ਮੰਦ ਦੇ ਵੱਸ ਵਿੱਚ ਕਰ ਦਿੱਤਾ ਕਿ ਉਹ ਆਪਸ ਵਿੱਚ ਆਪਣੇ ਸਰੀਰਾਂ ਦਾ ਅਨਾਦਰ ਕਰਨ।
25 ੨੫ ਉਨ੍ਹਾਂ ਨੇ ਪਰਮੇਸ਼ੁਰ ਦੀ ਸਚਿਆਈ ਨੂੰ ਝੂਠ ਨਾਲ ਵਟਾ ਦਿੱਤਾ ਅਤੇ ਸ੍ਰਿਸ਼ਟੀ ਦੀ ਪੂਜਾ ਅਤੇ ਬੰਦਗੀ ਕੀਤੀ, ਨਾ ਕਿ ਉਸ ਸਿਰਜਣਹਾਰ ਦੀ ਜਿਹੜਾ ਜੁੱਗੋ-ਜੁੱਗ ਧੰਨ ਹੈ, ਆਮੀਨ। (aiōn )
26 ੨੬ ਇਸੇ ਕਾਰਨ ਪਰਮੇਸ਼ੁਰ ਨੇ ਵੀ ਉਨ੍ਹਾਂ ਨੂੰ ਨੀਚ ਵਾਸਨਾ ਦੇ ਵੱਸ ਕਰ ਦਿੱਤਾ ਕਿਉਂ ਜੋ ਉਨ੍ਹਾਂ ਦੀਆਂ ਔਰਤਾਂ ਨੇ ਆਪਣੇ ਸੁਭਾਵਕ ਕੰਮ ਨੂੰ ਉਹ ਦੇ ਨਾਲ ਵਟਾ ਦਿੱਤਾ ਜਿਹੜਾ ਸੁਭਾਓ ਦੇ ਵਿਰੁੱਧ ਹੈ।
27 ੨੭ ਇਸੇ ਤਰ੍ਹਾਂ ਮਰਦ ਵੀ ਔਰਤਾਂ ਨਾਲ ਸੁਭਾਵਕ ਕੰਮ ਛੱਡ ਕੇ ਆਪੋ ਵਿੱਚੀ ਆਪਣੀ ਕਾਮਨਾਂ ਵਿੱਚ ਸੜ ਗਏ, ਮਰਦਾਂ ਨੇ ਮਰਦਾਂ ਦੇ ਨਾਲ ਸ਼ਰਮਨਾਕ ਕੰਮ ਕੀਤੇ ਅਤੇ ਆਪਣੇ ਆਪ ਵਿੱਚ ਆਪਣੀ ਭੁੱਲ ਦੇ ਯੋਗ ਫਲ ਭੋਗਿਆ।
28 ੨੮ ਜਿਵੇਂ ਉਨ੍ਹਾ ਨੂੰ ਪਰਮੇਸ਼ੁਰ ਨੂੰ ਆਪਣੀ ਪਛਾਣ ਵਿੱਚ ਰੱਖਣਾ ਚੰਗਾ ਨਾ ਲੱਗਾ ਓਵੇਂ ਹੀ ਪਰਮੇਸ਼ੁਰ ਨੇ ਵੀ ਉਨ੍ਹਾਂ ਨੂੰ ਮੰਦੀ ਬੁੱਧ ਦੇ ਵੱਸ ਕਰ ਦਿੱਤਾ ਕਿ ਬੁਰੇ ਕੰਮ ਕਰਨ।
29 ੨੯ ਉਹ ਹਰ ਪ੍ਰਕਾਰ ਦੇ ਕੁਧਰਮ, ਬਦੀ, ਲੋਭ ਅਤੇ ਬੁਰਿਆਈ ਨਾਲ ਭਰੇ ਹੋਏ ਸਨ। ਖਾਰ, ਘਾਤ, ਝਗੜੇ, ਛਲ ਅਤੇ ਬਦਨੀਤੀ ਨਾਲ ਭਰਪੂਰ ਹੋ ਗਏ। ਚੁਗਲੀ ਕਰਨ ਵਾਲੇ
30 ੩੦ ਨਿੰਦਕ, ਪਰਮੇਸ਼ੁਰ ਦੇ ਵੈਰੀ, ਦੂਜਿਆਂ ਦਾ ਹੱਕ ਮਾਰਨ ਵਾਲੇ, ਹੰਕਾਰੀ, ਸ਼ੇਖੀਬਾਜ, ਬਦੀਆਂ ਦੇ ਉਸਤਾਦ, ਮਾਪਿਆਂ ਦੇ ਅਣ-ਆਗਿਆਕਾਰ।
31 ੩੧ ਨਿਰਬੁੱਧ, ਨੇਮ ਤੋੜਨ ਵਾਲੇ, ਨਿਰਮੋਹ ਅਤੇ ਨਿਰਦਈ ਹੋਏ।
32 ੩੨ ਅਤੇ ਓਹ ਪਰਮੇਸ਼ੁਰ ਦੀ ਬਿਧੀ ਜਾਣਦੇ ਹਨ, ਜੋ ਏਹੋ ਜਿਹੇ ਕੰਮ ਕਰਨ ਵਾਲੇ ਮਰਨ ਦੇ ਯੋਗ ਹਨ ਉਹ ਕੇਵਲ ਆਪ ਹੀ ਨਹੀਂ ਕਰਦੇ ਸਗੋਂ ਕਰਨ ਵਾਲਿਆਂ ਤੋਂ ਵੀ ਖੁਸ਼ ਹੁੰਦੇ ਹਨ।