< ਯੂਹੰਨਾ ਦੇ ਪਰਕਾਸ਼ ਦੀ ਪੋਥੀ 2 >
1 ੧ ਅਫ਼ਸੁਸ ਦੀ ਕਲੀਸਿਯਾ ਦੇ ਦੂਤ ਨੂੰ ਇਸ ਤਰ੍ਹਾਂ ਲਿਖ ਕਿ ਜਿਸ ਨੇ ਆਪਣੇ ਸੱਜੇ ਹੱਥ ਵਿੱਚ ਸੱਤ ਤਾਰੇ ਫੜੇ ਹੋਏ ਹਨ ਅਤੇ ਜਿਹੜਾ ਸੱਤਾਂ ਸੋਨੇ ਦੇ ਸ਼ਮਾਦਾਨਾਂ ਦੇ ਵਿਚਾਲੇ ਫਿਰਦਾ ਹੈ, ਉਹ ਇਹ ਆਖਦਾ ਹੈ,
2 ੨ ਮੈਂ ਤੇਰੇ ਕੰਮਾਂ, ਮਿਹਨਤ ਅਤੇ ਸਬਰ ਨੂੰ ਜਾਣਦਾ ਹਾਂ ਅਤੇ ਇਹ ਵੀ ਜੋ ਤੂੰ ਬੁਰਿਆਂ ਦੀ ਸਹਿਣ ਨਹੀਂ ਕਰ ਸਕਦਾ ਅਤੇ ਜਿਹੜੇ ਆਪਣੇ ਆਪ ਨੂੰ ਰਸੂਲ ਦੱਸਦੇ ਹਨ, ਪਰ ਰਸੂਲ ਨਹੀਂ ਹਨ, ਤੂੰ ਦੇਖਿਆ ਕਿ ਉਹ ਝੂਠੇ ਹਨ।
3 ੩ ਅਤੇ ਤੂੰ ਧੀਰਜ ਰੱਖਦਾ ਹੈਂ ਅਤੇ ਤੂੰ ਮੇਰੇ ਨਾਮ ਦੇ ਕਾਰਨ ਦੁੱਖ ਸਹਿੰਦਾ ਰਿਹਾ ਪਰ ਥੱਕਿਆ ਨਹੀਂ।
4 ੪ ਪਰ ਫਿਰ ਵੀ ਮੈਨੂੰ ਤੇਰੇ ਵਿਰੁੱਧ ਇਹ ਆਖਣਾ ਹੈ ਕਿ ਤੂੰ ਆਪਣਾ ਪਹਿਲਾ ਪਿਆਰ ਛੱਡ ਦਿੱਤਾ ਹੈ।
5 ੫ ਸੋ ਯਾਦ ਕਰ ਕਿ ਤੂੰ ਕਿੱਥੋਂ ਡਿੱਗਿਆ ਹੈਂ, ਤੋਬਾ ਕਰ ਅਤੇ ਪਹਿਲਾਂ ਵਰਗੇ ਹੀ ਕੰਮ ਕਰ! ਜੇ ਤੂੰ ਤੋਬਾ ਨਾ ਕੀਤੀ ਤਾਂ ਮੈਂ ਤੇਰੇ ਕੋਲ ਆਵਾਂਗਾ ਅਤੇ ਤੇਰੇ ਸ਼ਮਾਦਾਨ ਨੂੰ ਉਸ ਦੇ ਥਾਂ ਤੋਂ ਹਟਾ ਦਿਆਂਗਾ।
6 ੬ ਪਰ ਤੇਰੇ ਵਿੱਚ ਇਹ ਗੱਲ ਚੰਗੀ ਹੈ, ਕਿ ਤੂੰ ਨਿਕੁਲਾਈਆਂ ਦੇ ਕੰਮਾਂ ਤੋਂ ਨਫ਼ਰਤ ਕਰਦਾ ਹੈਂ, ਜਿਨ੍ਹਾਂ ਤੋਂ ਮੈਂ ਵੀ ਨਫ਼ਰਤ ਕਰਦਾ ਹਾਂ।
7 ੭ ਜਿਹ ਦੇ ਕੰਨ ਹੋਣ ਸੋ ਸੁਣੇ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ ਉਹ ਨੂੰ ਮੈਂ ਜੀਵਨ ਦੇ ਬਿਰਛ ਵਿੱਚੋਂ ਖਾਣ ਲਈ ਦਿਆਂਗਾ, ਜੋ ਪਰਮੇਸ਼ੁਰ ਦੇ ਫ਼ਿਰਦੌਸ ਵਿੱਚ ਹੈ।
8 ੮ ਸਮੁਰਨੇ ਦੀ ਕਲੀਸਿਯਾ ਦੇ ਦੂਤ ਨੂੰ ਇਸ ਤਰ੍ਹਾਂ ਲਿਖ ਕਿ ਜਿਹੜਾ ਪਹਿਲਾ ਅਤੇ ਆਖਰੀ ਹੈ, ਜਿਹੜਾ ਮਰਿਆ ਅਤੇ ਫੇਰ ਜਿਉਂਦਾ ਹੋ ਗਿਆ, ਉਹ ਇਹ ਆਖਦਾ ਹੈ
9 ੯ ਮੈਂ ਤੇਰੀ ਬਿਪਤਾ ਅਤੇ ਗਰੀਬੀ ਨੂੰ ਜਾਣਦਾ ਹਾਂ ਭਾਵੇਂ ਨੂੰ ਧਨਵਾਨ ਹੈਂ ਅਤੇ ਉਹਨਾਂ ਦੇ ਕੁਫ਼ਰ ਨੂੰ ਵੀ ਜਿਹੜੇ ਆਪਣੇ ਆਪ ਨੂੰ ਯਹੂਦੀ ਦੱਸਦੇ ਹਨ ਪਰ ਯਹੂਦੀ ਨਹੀਂ ਹਨ ਸਗੋਂ ਸ਼ੈਤਾਨ ਦੀ ਮੰਡਲੀ ਹਨ।
10 ੧੦ ਜਿਹੜੇ ਦੁੱਖ ਤੂੰ ਸਹਿਣ ਕਰਨੇ ਹਨ, ਤੂੰ ਉਹਨਾਂ ਤੋਂ ਨਾ ਡਰੀਂ। ਵੇਖੋ, ਸ਼ੈਤਾਨ ਤੁਹਾਡੇ ਵਿੱਚੋਂ ਕਈਆਂ ਦੀ ਪ੍ਰੀਖਿਆ ਲੈਣ ਲਈ ਉਹਨਾਂ ਨੂੰ ਕੈਦ ਵਿੱਚ ਪਾ ਦੇਵੇਗਾ ਅਤੇ ਤੁਹਾਨੂੰ ਦਸ ਦਿਨ ਤੱਕ ਤਸੀਹੇ ਦਿੱਤੇ ਜਾਣਗੇ। ਤੂੰ ਮੌਤ ਤੱਕ ਵਫ਼ਾਦਾਰ ਰਹਿ, ਤਾਂ ਮੈਂ ਤੈਨੂੰ ਜੀਵਨ ਦਾ ਮੁਕਟ ਦਿਆਂਗਾ।
11 ੧੧ ਜਿਹ ਦੇ ਕੰਨ ਹੋਣ ਸੋ ਸੁਣੇ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ, ਦੂਜੀ ਮੌਤ ਉਸ ਦਾ ਕੁਝ ਵੀ ਵਿਗਾੜ ਨਹੀਂ ਸਕੇਗੀ।
12 ੧੨ ਪਰਗਮੁਮ ਦੀ ਕਲੀਸਿਯਾ ਦੇ ਦੂਤ ਨੂੰ ਇਸ ਤਰ੍ਹਾਂ ਲਿਖ ਕਿ ਜਿਹ ਦੇ ਕੋਲ ਦੋਧਾਰੀ ਤਿੱਖੀ ਤਲਵਾਰ ਹੈ, ਉਹ ਇਹ ਆਖਦਾ ਹੈ,
13 ੧੩ ਮੈਂ ਜਾਣਦਾ ਹਾਂ ਤੂੰ ਉੱਥੇ ਵੱਸਦਾ ਹੈਂ ਜਿੱਥੇ ਸ਼ੈਤਾਨ ਦੀ ਗੱਦੀ ਹੈ। ਤੂੰ ਮਜ਼ਬੂਤੀ ਨਾਲ ਮੇਰਾ ਨਾਮ ਫੜ੍ਹੀ ਰੱਖਦਾ ਹੈਂ ਅਤੇ ਤੂੰ ਉਹਨਾਂ ਦਿਨਾਂ ਵਿੱਚ ਵੀ ਮੇਰੇ ਵਿਸ਼ਵਾਸ ਤੋਂ ਇੰਨਕਾਰ ਨਹੀਂ ਕੀਤਾ, ਜਦੋਂ ਅੰਤਿਪਾਸ ਜੋ ਮੇਰਾ ਗਵਾਹ ਅਤੇ ਮੇਰਾ ਵਫ਼ਾਦਾਰ ਸੀ, ਤੁਹਾਡੇ ਵਿੱਚ ਉੱਥੇ ਮਾਰਿਆ ਗਿਆ ਜਿੱਥੇ ਸ਼ੈਤਾਨ ਵੱਸਦਾ ਹੈ।
14 ੧੪ ਪਰ ਤਾਂ ਵੀ ਮੈਨੂੰ ਤੇਰੇ ਤੋਂ ਕੁਝ ਸ਼ਿਕਾਇਤਾਂ ਹਨ, ਕਿ ਉੱਥੇ ਤੇਰੇ ਕੋਲ ਉਹ ਹਨ ਜਿਹੜੇ ਬਿਲਾਮ ਦੀ ਸਿੱਖਿਆ ਨੂੰ ਮੰਨਦੇ ਹਨ, ਜਿਸ ਨੇ ਬਾਲਾਕ ਨੂੰ ਸਿੱਖਿਆ ਦਿੱਤੀ ਸੀ, ਜੋ ਇਸਰਾਏਲ ਦੇ ਵੰਸ਼ ਦੇ ਅੱਗੇ ਠੋਕਰ ਖਵਾਉਣ ਵਾਲੀ ਵਸਤੂ ਸੁੱਟ ਦੇਵੇ, ਕਿ ਉਹ ਮੂਰਤੀਆਂ ਦੇ ਚੜ੍ਹਾਵੇ ਖਾਣ ਅਤੇ ਹਰਾਮਕਾਰੀ ਕਰਨ।
15 ੧੫ ਇਸੇ ਤਰ੍ਹਾਂ ਤੇਰੇ ਕੋਲ ਉਹ ਵੀ ਹਨ ਜਿਹੜੇ ਨਿਕੁਲਾਈਆਂ ਦੀ ਸਿੱਖਿਆ ਨੂੰ ਉਸੇ ਤਰ੍ਹਾਂ ਮੰਨਦੇ ਹਨ।
16 ੧੬ ਇਸ ਲਈ ਤੋਬਾ ਕਰ, ਨਹੀਂ ਤਾਂ ਮੈਂ ਤੇਰੇ ਕੋਲ ਛੇਤੀ ਆਵਾਂਗਾ ਅਤੇ ਉਹਨਾਂ ਨਾਲ ਆਪਣੇ ਮੂੰਹ ਦੀ ਤਲਵਾਰ ਦੇ ਨਾਲ ਲੜਾਂਗਾ।
17 ੧੭ ਜਿਹ ਦੇ ਕੰਨ ਹਨ ਸੋ ਸੁਣੇ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ, ਉਹ ਨੂੰ ਮੈਂ ਗੁਪਤ ਮੰਨੇ ਵਿੱਚੋਂ ਦਿਆਂਗਾ ਅਤੇ ਮੈਂ ਉਹ ਨੂੰ ਇੱਕ ਚਿੱਟਾ ਪੱਥਰ ਦਿਆਂਗਾ ਅਤੇ ਉਸ ਪੱਥਰ ਉੱਤੇ ਇੱਕ ਨਵਾਂ ਨਾਮ ਲਿਖਿਆ ਹੋਇਆ ਹੈ, ਜਿਸ ਨੂੰ ਉਹ ਦੇ ਪ੍ਰਾਪਤ ਕਰਨ ਵਾਲੇ ਤੋਂ ਬਿਨ੍ਹਾਂ ਹੋਰ ਕੋਈ ਨਹੀਂ ਜਾਣਦਾ ਹੈ।
18 ੧੮ ਥੂਆਤੀਰੇ ਦੀ ਕਲੀਸਿਯਾ ਦੇ ਦੂਤ ਨੂੰ ਇਸ ਤਰ੍ਹਾਂ ਲਿਖ ਕਿ ਪਰਮੇਸ਼ੁਰ ਦਾ ਪੁੱਤਰ ਜਿਹ ਦੀਆਂ ਅੱਖਾਂ ਅੱਗ ਦੀ ਲਾਟ ਵਰਗੀਆਂ ਹਨ ਅਤੇ ਉਹ ਦੇ ਪੈਰ ਸ਼ੁੱਧ ਪਿੱਤਲ ਵਰਗੇ ਹਨ, ਉਹ ਇਹ ਆਖਦਾ ਹੈ,
19 ੧੯ ਮੈਂ ਤੇਰੇ ਕੰਮਾਂ, ਪਿਆਰ, ਵਿਸ਼ਵਾਸ, ਸੇਵਾ ਅਤੇ ਸਬਰ ਨੂੰ ਜਾਣਦਾ ਹਾਂ ਅਤੇ ਇਹ ਕਿ ਤੇਰੇ ਬਾਅਦ ਵਾਲੇ ਕੰਮ ਪਹਿਲਾਂ ਵਾਲਿਆਂ ਨਾਲੋਂ ਵੱਧ ਹਨ।
20 ੨੦ ਪਰ ਤਾਂ ਵੀ ਮੈਨੂੰ ਤੇਰੇ ਤੋਂ ਇਹ ਸ਼ਿਕਾਇਤ ਹੈ ਕਿ ਤੂੰ ਉਸ ਔਰਤ ਈਜ਼ਬਲ ਨੂੰ ਆਪਣੇ ਵਿਚਕਾਰ ਰਹਿਣ ਦਿੰਦਾ ਹੈਂ, ਜਿਹੜੀ ਆਪਣੇ ਆਪ ਨੂੰ ਨਬੀਆ ਕਰਕੇ ਦੱਸਦੀ ਹੈ ਅਤੇ ਉਹ ਮੇਰੇ ਦਾਸਾਂ ਨੂੰ ਸਿਖਾਉਂਦੀ ਅਤੇ ਭਰਮਾਉਂਦੀ ਹੈ ਕਿ ਉਹ ਹਰਾਮਕਾਰੀ ਕਰਨ ਅਤੇ ਮੂਰਤੀਆਂ ਦੇ ਚੜ੍ਹਾਵੇ ਖਾਣ।
21 ੨੧ ਅਤੇ ਮੈਂ ਉਹ ਨੂੰ ਮੌਕਾ ਦਿੱਤਾ ਕਿ ਉਹ ਤੋਬਾ ਕਰੇ ਪਰ ਉਹ ਆਪਣੀ ਹਰਾਮਕਾਰੀ ਤੋਂ ਤੋਬਾ ਨਹੀਂ ਕਰਨਾ ਚਾਹੁੰਦੀ ਹੈ।
22 ੨੨ ਵੇਖ, ਮੈਂ ਉਹ ਨੂੰ ਇੱਕ ਵਿਛੌਣੇ ਉੱਤੇ ਸੁੱਟਦਾ ਹਾਂ ਅਤੇ ਉਨ੍ਹਾਂ ਨੂੰ ਜਿਹੜੇ ਉਹ ਦੇ ਨਾਲ ਵਿਭਚਾਰ ਕਰਦੇ ਹਨ ਵੱਡੀ ਬਿਪਤਾ ਵਿੱਚ ਪਾ ਦਿਆਂਗਾ, ਜੇ ਉਹਨਾਂ ਉਹ ਦੇ ਕੰਮਾਂ ਤੋਂ ਤੋਬਾ ਨਾ ਕੀਤੀ।
23 ੨੩ ਅਤੇ ਮੈਂ ਉਹ ਦੇ ਬੱਚਿਆਂ ਨੂੰ ਮਾਰ ਸੁੱਟਾਂਗਾ ਅਤੇ ਸਾਰੀਆਂ ਕਲੀਸਿਯਾਵਾਂ ਜਾਣ ਲੈਣਗੀਆਂ ਜੋ ਮਨਾਂ ਅਤੇ ਦਿਲਾਂ ਦਾ ਜਾਚਣ ਵਾਲਾ ਮੈਂ ਹੀ ਹਾਂ, ਅਤੇ ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਤੁਹਾਡੇ ਕੰਮਾਂ ਦੇ ਅਨੁਸਾਰ ਫਲ ਦੇਵਾਂਗਾ।
24 ੨੪ ਮੈਂ ਤੁਹਾਨੂੰ ਅਰਥਾਤ ਥੂਆਤੀਰੇ ਵਿੱਚ ਦੇ ਹੋਰਨਾਂ ਲੋਕਾਂ ਨੂੰ ਜਿੰਨਿਆਂ ਕੋਲ ਇਹ ਸਿੱਖਿਆ ਨਹੀਂ ਹੈ, ਅਤੇ ਜਿਹੜੇ ਉਹਨਾਂ ਗੱਲਾਂ ਨੂੰ ਨਹੀਂ ਜਾਣਦੇ ਜਿਹੜੀਆਂ ਸ਼ੈਤਾਨ ਦੀਆਂ ਡੂੰਘੀਆਂ ਗੱਲਾਂ ਕਹਾਉਂਦੀਆਂ ਹਨ, ਇਹ ਕਹਿੰਦਾ ਹਾਂ ਕਿ ਮੈਂ ਤੁਹਾਡੇ ਉੱਤੇ ਹੋਰ ਭਾਰ ਨਹੀਂ ਪਾਉਂਦਾ।
25 ੨੫ ਤਾਂ ਵੀ ਜੋ ਕੁਝ ਤੁਹਾਡੇ ਕੋਲ ਹੈ ਮੇਰੇ ਆਉਣ ਤੱਕ ਉਸ ਨੂੰ ਮਜ਼ਬੂਤੀ ਨਾਲ ਫੜੀ ਰੱਖੋ।
26 ੨੬ ਜਿਹੜਾ ਜਿੱਤਣ ਵਾਲਾ ਹੈ ਅਤੇ ਅੰਤ ਤੱਕ ਮੇਰੇ ਕੰਮਾਂ ਨੂੰ ਕਰਦਾ ਰਹਿੰਦਾ ਹੈ, ਉਹ ਨੂੰ ਮੈਂ ਕੌਮਾਂ ਉੱਤੇ ਅਧਿਕਾਰ ਦੇਵਾਂਗਾ।
27 ੨੭ ਅਤੇ ਉਹ ਲੋਹੇ ਦੇ ਡੰਡੇ ਨਾਲ ਉਹਨਾਂ ਉੱਤੇ ਹਕੂਮਤ ਕਰੇਗਾ, ਜਿਵੇਂ ਘੁਮਿਆਰ ਦੇ ਭਾਂਡਿਆਂ ਨੂੰ ਚਕਨਾ-ਚੂਰ ਕਰ ਦਿੰਦਾ ਹੈ। ਜਿਸ ਤਰ੍ਹਾਂ ਮੈਂ ਵੀ ਆਪਣੇ ਪਿਤਾ ਕੋਲੋਂ ਅਧਿਕਾਰ ਪਾਇਆ ਹੈ।
28 ੨੮ ਅਤੇ ਮੈਂ ਉਹ ਨੂੰ ਸਵੇਰ ਦਾ ਤਾਰਾ ਦੇਵਾਂਗਾ।
29 ੨੯ ਜਿਹ ਦੇ ਕੰਨ ਹਨ ਸੋ ਸੁਣੇ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਆਖਦਾ ਹੈ।