< ਯੂਹੰਨਾ ਦੇ ਪਰਕਾਸ਼ ਦੀ ਪੋਥੀ 19 >
1 ੧ ਇਸ ਤੋਂ ਬਾਅਦ ਮੈਂ ਸਵਰਗ ਵਿੱਚ ਵੱਡੀ ਭੀੜ ਦੀ ਅਵਾਜ਼ ਵਰਗੀ ਇਹ ਆਖਦੇ ਸੁਣੀ, ਹਲਲੂਯਾਹ! ਮੁਕਤੀ, ਮਹਿਮਾ ਅਤੇ ਸਮਰੱਥਾ ਸਾਡੇ ਪਰਮੇਸ਼ੁਰ ਦੀ ਹੈ,
2 ੨ ਉਹ ਦੇ ਨਿਆਂ ਤਾਂ ਸੱਚੇ ਅਤੇ ਠੀਕ ਹਨ, ਇਸ ਲਈ ਜੋ ਉਸ ਵੱਡੀ ਕੰਜਰੀ ਦਾ ਜਿਸ ਨੇ ਆਪਣੀ ਹਰਾਮਕਾਰੀ ਨਾਲ ਧਰਤੀ ਨੂੰ ਵਿਗਾੜਿਆ ਸੀ, ਨਿਆਂ ਕੀਤਾ ਅਤੇ ਆਪਣੇ ਦਾਸਾਂ ਦੇ ਲਹੂ ਦਾ ਬਦਲਾ ਉਹ ਦੇ ਹੱਥੋਂ ਲਿਆ।
3 ੩ ਉਹ ਦੂਜੀ ਵਾਰ ਬੋਲੇ, ਹਲਲੂਯਾਹ! ਉਹ ਦਾ ਧੂੰਆਂ ਜੁੱਗੋ-ਜੁੱਗ ਪਿਆ ਉੱਠਦਾ ਹੈ! (aiōn )
4 ੪ ਤਾਂ ਉਹ ਚੌਵੀ ਬਜ਼ੁਰਗ ਅਤੇ ਚਾਰ ਪ੍ਰਾਣੀ ਡਿੱਗ ਪਏ ਅਤੇ ਪਰਮੇਸ਼ੁਰ ਨੂੰ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਮੱਥਾ ਟੇਕ ਕੇ ਬੋਲੇ, ਆਮੀਨ, ਹਲਲੂਯਾਹ!
5 ੫ ਸਿੰਘਾਸਣ ਵੱਲੋਂ ਇੱਕ ਅਵਾਜ਼ ਇਹ ਆਖਦੇ ਆਈ, ਤੁਸੀਂ ਸੱਭੇ ਉਹ ਦੇ ਦਾਸੋ ਕੀ ਛੋਟੇ ਕੀ ਵੱਡੇ, ਜਿਹੜੇ ਉਸ ਦਾ ਡਰ ਮੰਨਦੇ ਹੋ, ਸਾਡੇ ਪਰਮੇਸ਼ੁਰ ਦੀ ਉਸਤਤ ਕਰੋ!
6 ੬ ਤਾਂ ਮੈਂ ਵੱਡੀ ਭੀੜ ਦੀ ਅਵਾਜ਼ ਵਰਗੀ ਅਤੇ ਬਾਹਲਿਆਂ ਪਾਣੀਆਂ ਦੀ ਅਵਾਜ਼ ਵਰਗੀ ਅਤੇ ਬੱਦਲ ਦੀਆਂ ਡਾਢੀਆਂ ਗਰਜਾਂ ਦੀ ਅਵਾਜ਼ ਵਰਗੀ ਇਹ ਆਖਦੇ ਸੁਣੀ, - ਹਲਲੂਯਾਹ! ਪ੍ਰਭੂ ਸਾਡਾ ਪਰਮੇਸ਼ੁਰ ਸਰਬ ਸ਼ਕਤੀਮਾਨ ਰਾਜ ਕਰਦਾ ਹੈ!
7 ੭ ਆਓ, ਅਸੀਂ ਅਨੰਦ ਕਰੀਏ ਅਤੇ ਖੁਸ਼ ਹੋਈਏ, ਅਤੇ ਉਹ ਦੀ ਵਡਿਆਈ ਕਰੀਏ, ਲੇਲੇ ਦਾ ਵਿਆਹ ਜੋ ਆ ਗਿਆ ਹੈ, ਅਤੇ ਉਹ ਦੀ ਲਾੜੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ।
8 ੮ ਇਹ ਉਸ ਨੂੰ ਬਖ਼ਸ਼ਿਆ ਗਿਆ ਕਿ ਸੁੰਦਰ ਅਤੇ ਸਾਫ਼ ਕਤਾਨ ਦੀ ਪੁਸ਼ਾਕ ਪਾਵੇ, ਇਹ ਕਤਾਨ ਤਾਂ ਸੰਤਾਂ ਦਾ ਧਰਮੀ ਕੰਮ ਹੈ।
9 ੯ ਤਾਂ ਦੂਤ ਨੇ ਮੈਨੂੰ ਆਖਿਆ, ਲਿਖ ਕਿ ਧੰਨ ਉਹ ਜਿਹੜੇ ਲੇਲੇ ਦੇ ਵਿਆਹ ਦੀ ਦਾਵਤ ਵਿੱਚ ਸੱਦੇ ਹੋਏ ਹਨ! ਅਤੇ ਮੈਨੂੰ ਆਖਿਆ ਕਿ ਇਹ ਪਰਮੇਸ਼ੁਰ ਦੀਆਂ ਸੱਚੀਆਂ ਗੱਲਾਂ ਹਨ।
10 ੧੦ ਅਤੇ ਉਹ ਨੂੰ ਮੱਥਾ ਟੇਕਣ ਲਈ ਮੈਂ ਡਿੱਗ ਕੇ ਉਹ ਦੇ ਚਰਨੀ ਪਿਆ। ਤਾਂ ਉਸ ਨੇ ਮੈਨੂੰ ਆਖਿਆ ਕਿ ਇਸ ਤਰ੍ਹਾਂ ਨਾ ਕਰ! ਮੈਂ ਤਾਂ ਤੇਰੇ ਅਤੇ ਤੇਰੇ ਭਰਾਵਾਂ ਦੇ ਜਿਹੜੇ ਯਿਸੂ ਦੀ ਗਵਾਹੀ ਦਿੰਦੇ ਹਨ ਨਾਲ ਦਾ ਦਾਸ ਹਾਂ। ਪਰਮੇਸ਼ੁਰ ਨੂੰ ਮੱਥਾ ਟੇਕ! ਯਿਸੂ ਦੀ ਗਵਾਹੀ ਤਾਂ ਅਗੰਮ ਵਾਕ ਦਾ ਆਤਮਾ ਹੈ।
11 ੧੧ ਮੈਂ ਅਕਾਸ਼ ਨੂੰ ਖੁੱਲਿਆ ਹੋਇਆ ਦੇਖਿਆ, ਤਾਂ ਕੀ ਵੇਖਦਾ ਹਾਂ ਭਈ ਇੱਕ ਚਿੱਟਾ ਘੋੜਾ ਹੈ ਅਤੇ ਉਹ ਦਾ ਸਵਾਰ “ਵਫ਼ਾਦਾਰ” ਅਤੇ “ਸੱਚਾ” ਅਖਵਾਉਂਦਾ ਹੈ ਅਤੇ ਉਹ ਧਰਮ ਨਾਲ ਨਿਆਂ ਅਤੇ ਯੁੱਧ ਕਰਦਾ ਹੈ।
12 ੧੨ ਉਹ ਦੀਆਂ ਅੱਖਾਂ ਅੱਗ ਦੀ ਲਾਟ ਹਨ, ਉਹ ਦੇ ਸਿਰ ਉੱਤੇ ਬਹੁਤ ਸਾਰੇ ਮੁਕਟ ਹਨ ਅਤੇ ਉਹ ਦਾ ਇੱਕ ਨਾਮ ਲਿਖਿਆ ਹੋਇਆ ਹੈ ਜਿਸ ਨੂੰ ਉਹ ਦੇ ਬਿਨ੍ਹਾਂ ਹੋਰ ਕੋਈ ਨਹੀਂ ਜਾਣਦਾ।
13 ੧੩ ਅਤੇ ਉਹ ਇੱਕ ਬਸਤਰ ਲਹੂ ਨਾਲ ਛਿੜਕਿਆ ਹੋਇਆ ਪਹਿਨੇ ਹੋਏ ਹੈ ਅਤੇ ਉਹ ਦਾ ਨਾਮ “ਪਰਮੇਸ਼ੁਰ ਦਾ ਸ਼ਬਦ” ਅਖਵਾਉਂਦਾ ਹੈ।
14 ੧੪ ਅਤੇ ਜਿਹੜੀਆਂ ਫ਼ੌਜਾਂ ਸਵਰਗ ਵਿੱਚ ਹਨ, ਉਹ ਚਿੱਟੇ ਅਤੇ ਸਾਫ਼ ਕਤਾਨੀ ਕੱਪੜੇ ਪਹਿਨੀ ਚਿੱਟੇ ਘੋੜਿਆਂ ਉੱਤੇ ਉਹ ਦੇ ਮਗਰ-ਮਗਰ ਆਉਂਦੀਆਂ ਹਨ।
15 ੧੫ ਅਤੇ ਉਹ ਦੇ ਮੂੰਹ ਵਿੱਚੋਂ ਇੱਕ ਤਿੱਖੀ ਤਲਵਾਰ ਨਿੱਕਲਦੀ ਹੈ ਜੋ ਉਸ ਨਾਲ ਉਹ ਕੌਮਾਂ ਨੂੰ ਮਾਰੇ ਅਤੇ ਉਹ ਲੋਹੇ ਦੇ ਡੰਡੇ ਨਾਲ ਉਹਨਾਂ ਉੱਤੇ ਹਕੂਮਤ ਕਰੇਗਾ, ਅਤੇ ਉਹ ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਅੱਤ ਵੱਡੇ ਕ੍ਰੋਧ ਦੀ ਮੈਅ ਦੇ ਚੁਬੱਚੇ ਨੂੰ ਲਿਤਾੜਦਾ ਹੈ।
16 ੧੬ ਉਹ ਦੇ ਬਸਤਰ ਉੱਤੇ ਅਤੇ ਉਹ ਦੇ ਪੱਟ ਉੱਤੇ ਇਹ ਨਾਮ ਲਿਖਿਆ ਹੋਇਆ ਹੈ, - “ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ।”
17 ੧੭ ਮੈਂ ਇੱਕ ਦੂਤ ਨੂੰ ਸੂਰਜ ਵਿੱਚ ਖੜ੍ਹਾ ਵੇਖਿਆ ਅਤੇ ਉਸ ਨੇ ਉਹਨਾਂ ਸਭਨਾਂ ਪੰਛੀਆਂ ਨੂੰ ਜਿਹੜੇ ਅਕਾਸ਼ ਵਿੱਚ ਉੱਡਦੇ ਹਨ ਵੱਡੀ ਅਵਾਜ਼ ਨਾਲ ਆਖਿਆ, ਆਓ ਚੱਲੋ ਅਤੇ ਪਰਮੇਸ਼ੁਰ ਦੀ ਵੱਡੀ ਦਾਵਤ ਲਈ ਇਕੱਠੇ ਹੋਵੋ!
18 ੧੮ ਭਈ ਤੁਸੀਂ ਰਾਜਿਆਂ ਦਾ ਮਾਸ, ਫੌਜ ਦੇ ਸਰਦਾਰਾਂ ਦਾ ਮਾਸ, ਮਹਾਂ ਬਲੀਆਂ ਦਾ ਮਾਸ, ਘੋੜਿਆਂ ਨਾਲੇ ਉਨ੍ਹਾਂ ਦੇ ਸਵਾਰਾਂ ਦਾ ਮਾਸ ਅਤੇ ਕੀ ਅਜ਼ਾਦਾਂ ਕੀ ਗੁਲਾਮਾਂ, ਕੀ ਛੋਟਿਆਂ ਕੀ ਵੱਡਿਆਂ, ਸਭਨਾਂ ਦਾ ਮਾਸ ਖਾਓ!
19 ੧੯ ਫੇਰ ਮੈਂ ਵੇਖਿਆ ਕਿ ਉਹ ਦਰਿੰਦਾ, ਧਰਤੀ ਦੇ ਰਾਜੇ ਅਤੇ ਉਨ੍ਹਾਂ ਦੀਆਂ ਫ਼ੌਜਾਂ ਇਕੱਠੀਆਂ ਹੋਈਆਂ ਕਿ ਉਹ ਅਤੇ ਉਹ ਦੀ ਫੌਜ ਦੇ ਨਾਲ ਯੁੱਧ ਕਰਨ, ਜਿਹੜਾ ਘੋੜੇ ਉੱਤੇ ਸਵਾਰ ਸੀ।
20 ੨੦ ਅਤੇ ਉਹ ਦਰਿੰਦਾ ਫੜਿਆ ਗਿਆ ਅਤੇ ਉਹ ਦੇ ਨਾਲ ਉਹ ਝੂਠਾ ਨਬੀ ਵੀ ਜਿਸ ਨੇ ਉਹ ਦੇ ਸਾਹਮਣੇ ਉਹ ਨਿਸ਼ਾਨੀਆਂ ਵਿਖਾਈਆਂ ਜਿਨ੍ਹਾਂ ਨਾਲ ਉਸ ਨੇ ਉਹਨਾਂ ਨੂੰ ਭਰਮਾਇਆ ਸੀ ਜਿਨ੍ਹਾਂ ਉਸ ਦਰਿੰਦੇ ਦਾ ਦਾਗ ਲੁਆਇਆ ਸੀ, ਅਤੇ ਉਹਨਾਂ ਨੂੰ ਜਿਹੜੇ ਉਹ ਦੀ ਮੂਰਤੀ ਪੂਜਾ ਕਰਦੇ ਸਨ। ਇਹ ਦੋਵੇਂ ਉਸ ਅੱਗ ਦੀ ਝੀਲ ਵਿੱਚ ਜਿਹੜੀ ਗੰਧਕ ਨਾਲ ਬਲਦੀ ਹੈ ਜਿਉਂਦੇ ਜੀ ਸੁੱਟੇ ਗਏ! (Limnē Pyr )
21 ੨੧ ਅਤੇ ਹੋਰ ਸਭ ਉਸ ਘੋੜੇ ਦੇ ਸਵਾਰ ਦੀ ਤਲਵਾਰ ਨਾਲ ਜੋ ਉਹ ਦੇ ਮੂੰਹ ਵਿੱਚੋਂ ਨਿੱਕਲਦੀ ਸੀ ਵੱਢੇ ਗਏ ਅਤੇ ਸਾਰੇ ਪੰਛੀ ਉਹਨਾਂ ਦੇ ਮਾਸ ਨਾਲ ਰੱਜ ਗਏ।