< ਯੂਹੰਨਾ ਦੇ ਪਰਕਾਸ਼ ਦੀ ਪੋਥੀ 13 >
1 ੧ ਅਤੇ ਸਮੁੰਦਰ ਦੇ ਰੇਤੇ ਉੱਤੇ ਜਾ ਖਲੋਤਾ। ਮੈਂ ਇੱਕ ਦਰਿੰਦਾ ਸਮੁੰਦਰ ਵਿੱਚੋਂ ਨਿੱਕਲਦਿਆਂ ਦੇਖਿਆ, ਜਿਸ ਦੇ ਦਸ ਸਿੰਗਾਂ ਉੱਤੇ ਦਸ ਮੁਕਟ ਅਤੇ ਉਹ ਦੇ ਸੱਤ ਸਿਰਾਂ ਉੱਤੇ ਕੁਫ਼ਰ ਦੇ ਨਾਮ ਸਨ।
2 ੨ ਅਤੇ ਜਿਹੜਾ ਦਰਿੰਦਾ ਮੈਂ ਦੇਖਿਆ ਉਹ ਚੀਤੇ ਵਰਗਾ ਸੀ, ਅਤੇ ਉਹ ਦੇ ਪੈਰ ਰਿੱਛ ਦੇ ਪੈਰਾਂ ਵਰਗੇ ਸਨ, ਅਤੇ ਉਹ ਦਾ ਮੂੰਹ ਬੱਬਰ ਸ਼ੇਰ ਦੇ ਮੂੰਹ ਵਰਗਾ ਸੀ, ਅਤੇ ਅਜਗਰ ਨੇ ਆਪਣੀ ਸਮਰੱਥਾ, ਆਪਣੀ ਗੱਦੀ ਅਤੇ ਵੱਡਾ ਅਧਿਕਾਰ ਉਹ ਨੂੰ ਦੇ ਦਿੱਤਾ।
3 ੩ ਮੈਂ ਇਹ ਦੇ ਸਿਰਾਂ ਵਿੱਚੋਂ ਇੱਕ ਨੂੰ ਜਿਵੇਂ ਮੌਤ ਦਾ ਗਹਿਰਾ ਜਖ਼ਮ ਲੱਗਾ ਹੋਇਆ ਵੇਖਿਆ ਅਤੇ ਉਹ ਦਾ ਡੂੰਘਾ ਜਖ਼ਮ ਚੰਗਾ ਹੋ ਗਿਆ ਅਤੇ ਸਾਰਾ ਸੰਸਾਰ ਉਸ ਦਰਿੰਦੇ ਦੇ ਮਗਰ ਹੈਰਾਨ ਹੋ ਕੇ ਤੁਰ ਪਿਆ।
4 ੪ ਅਤੇ ਉਹਨਾਂ ਨੇ ਅਜਗਰ ਨੂੰ ਮੱਥਾ ਟੇਕਿਆ ਕਿਉਂਕਿ ਉਸ ਨੇ ਦਰਿੰਦੇ ਨੂੰ ਆਪਣਾ ਅਧਿਕਾਰ ਦਿੱਤਾ ਸੀ ਅਤੇ ਉਹਨਾਂ ਨੇ ਉਸ ਦਰਿੰਦੇ ਨੂੰ ਮੱਥਾ ਟੇਕਿਆ ਅਤੇ ਆਖਿਆ ਜੋ ਇਸ ਦਰਿੰਦੇ ਦੇ ਵਰਗਾ ਕੌਣ ਹੈ ਅਤੇ ਕੌਣ ਇਹ ਦੇ ਨਾਲ ਲੜ ਸਕਦਾ ਹੈ?
5 ੫ ਵੱਡਾ ਬੋਲ ਬੋਲਣ ਵਾਲਾ ਅਤੇ ਨਿੰਦਿਆ ਬਕਣ ਵਾਲਾ ਮੂੰਹ ਦਰਿੰਦੇ ਨੂੰ ਦਿੱਤਾ ਗਿਆ ਅਤੇ ਉਹ ਨੂੰ ਇਹ ਅਧਿਕਾਰ ਦਿੱਤਾ ਗਿਆ ਕਿ ਬਤਾਲੀਆਂ ਮਹੀਨਿਆਂ ਤੱਕ ਆਪਣਾ ਕੰਮ ਕਰੀ ਜਾਵੇ।
6 ੬ ਦਰਿੰਦੇ ਨੇ ਪਰਮੇਸ਼ੁਰ ਦੇ ਵਿਰੁੱਧ ਕੁਫ਼ਰ ਬਕਣ ਨੂੰ ਆਪਣਾ ਮੂੰਹ ਖੋਲਿਆ ਤਾਂ ਕਿ ਉਸ ਦੇ ਨਾਮ ਅਤੇ ਉਸ ਦੇ ਡੇਰੇ ਉੱਤੇ ਅਰਥਾਤ ਉਨ੍ਹਾਂ ਉੱਤੇ ਜਿਹੜੇ ਸਵਰਗ ਵਿੱਚ ਵੱਸਦੇ ਹਨ ਕੁਫ਼ਰ ਬਕੇ।
7 ੭ ਅਤੇ ਉਸ ਦਰਿੰਦੇ ਨੂੰ ਇਹ ਦਿੱਤਾ ਗਿਆ ਕਿ ਸੰਤਾਂ ਨਾਲ ਯੁੱਧ ਕਰੇ ਅਤੇ ਉਹਨਾਂ ਨੂੰ ਜਿੱਤ ਲਵੇ, ਅਤੇ ਹਰੇਕ ਗੋਤ, ਉੱਮਤ, ਭਾਸ਼ਾ ਅਤੇ ਕੌਮ ਉੱਤੇ ਉਹ ਨੂੰ ਅਧਿਕਾਰ ਦਿੱਤਾ ਗਿਆ।
8 ੮ ਅਤੇ ਧਰਤੀ ਦੇ ਸਾਰੇ ਵਸਨੀਕ ਉਹ ਨੂੰ ਮੱਥਾ ਟੇਕਣਗੇ ਅਰਥਾਤ ਹਰੇਕ ਜਿਸ ਦਾ ਨਾਮ ਉਸ ਲੇਲੇ ਦੀ ਜੀਵਨ ਦੀ ਪੋਥੀ ਵਿੱਚ ਜਿਹੜਾ ਬਲੀਦਾਨ ਕੀਤਾ ਗਿਆ ਸੀ, ਜਗਤ ਦੇ ਮੁੱਢੋਂ ਹੀ ਨਹੀਂ ਲਿਖਿਆ ਗਿਆ।
9 ੯ ਜੇ ਕਿਸੇ ਦੇ ਕੰਨ ਹੋਣ ਤਾਂ ਸੁਣੇ।
10 ੧੦ ਜੇ ਕਿਸੇ ਨੇ ਗੁਲਾਮੀ ਵਿੱਚ ਜਾਣਾ ਹੋਵੇ, ਤਾਂ ਉਹ ਗੁਲਾਮੀ ਵਿੱਚ ਜਾਵੇਗਾ। ਜੇ ਕੋਈ ਤਲਵਾਰ ਨਾਲ ਵੱਢੇ, ਤਾਂ ਜ਼ਰੂਰ ਹੈ ਕਿ ਉਹ ਤਲਵਾਰ ਨਾਲ ਵੱਢਿਆ ਜਾਵੇ। ਇਹ ਸੰਤਾਂ ਦੇ ਸਬਰ ਅਤੇ ਵਿਸ਼ਵਾਸ ਦਾ ਮੌਕਾ ਹੈ।
11 ੧੧ ਮੈਂ ਇੱਕ ਹੋਰ ਦਰਿੰਦੇ ਨੂੰ ਧਰਤੀ ਵਿੱਚੋਂ ਨਿੱਕਲਦਿਆਂ ਦੇਖਿਆ ਅਤੇ ਇੱਕ ਲੇਲੇ ਵਾਂਗੂੰ ਉਹ ਦੇ ਦੋ ਸਿੰਗ ਸਨ ਅਤੇ ਅਜਗਰ ਵਾਂਗੂੰ ਉਹ ਬੋਲਦਾ ਸੀ।
12 ੧੨ ਅਤੇ ਉਹ ਉਸ ਪਹਿਲੇ ਦਰਿੰਦੇ ਦੇ ਸਾਹਮਣੇ ਉਸ ਦਾ ਸਾਰਾ ਅਧਿਕਾਰ ਵਰਤਦਾ ਹੈ ਅਤੇ ਧਰਤੀ ਅਤੇ ਉਹ ਦੇ ਵਾਸੀਆਂ ਕੋਲੋਂ ਉਸ ਪਹਿਲੇ ਦਰਿੰਦੇ ਨੂੰ ਮੱਥਾ ਟਿਕਾਉਂਦਾ ਹੈ ਜਿਸ ਦਾ ਗਹਿਰਾ ਜਖ਼ਮ ਚੰਗਾ ਹੋ ਗਿਆ ਸੀ।
13 ੧੩ ਅਤੇ ਉਹ ਵੱਡੀਆਂ ਨਿਸ਼ਾਨੀਆਂ ਵੀ ਵਿਖਾਉਂਦਾ ਹੈ ਐਥੋਂ ਤੱਕ ਕਿ ਮਨੁੱਖਾਂ ਦੇ ਸਾਹਮਣੇ ਸਵਰਗ ਤੋਂ ਧਰਤੀ ਉੱਤੇ ਅੱਗ ਵੀ ਵਰਸਾਉਂਦਾ ਹੈ।
14 ੧੪ ਅਤੇ ਉਨ੍ਹਾਂ ਨਿਸ਼ਾਨੀਆਂ ਦੇ ਕਾਰਨ ਜੋ ਉਸ ਦਰਿੰਦੇ ਦੇ ਸਾਹਮਣੇ ਵਿਖਾਉਂਣ ਦਾ ਉਹ ਨੂੰ ਅਧਿਕਾਰ ਦਿੱਤਾ ਗਿਆ ਸੀ ਉਹ ਧਰਤੀ ਦੇ ਵਾਸੀਆਂ ਨੂੰ ਭਰਮਾਉਂਦਾ ਹੈ ਅਤੇ ਧਰਤੀ ਦੇ ਵਾਸੀਆਂ ਨੂੰ ਆਖਦਾ ਹੈ ਕਿ ਉਸ ਦਰਿੰਦੇ ਦੀ ਮੂਰਤ ਬਣਾਓ ਜਿਹ ਨੂੰ ਤਲਵਾਰ ਦੀ ਸੱਟ ਵੱਜੀ ਅਤੇ ਉਹ ਜਿਉਂਦਾ ਰਿਹਾ।
15 ੧੫ ਉਹ ਨੂੰ ਇਹ ਵੀ ਦਿੱਤਾ ਗਿਆ ਜੋ ਉਸ ਦਰਿੰਦੇ ਦੀ ਮੂਰਤੀ ਵਿੱਚ ਸੁਆਸ ਪਾ ਦੇਵੇ ਤਾਂ ਕਿ ਉਸ ਦਰਿੰਦੇ ਦੀ ਮੂਰਤੀ ਬੋਲੇ ਅਤੇ ਜਿੰਨੇ ਦਰਿੰਦੇ ਦੀ ਮੂਰਤੀ ਦੀ ਪੂਜਾ ਨਾ ਕਰਨ ਉਹ ਵੱਢੇ ਜਾਣ।
16 ੧੬ ਅਤੇ ਉਹ ਸਭਨਾਂ ਛੋਟਿਆਂ, ਵੱਡਿਆਂ, ਧਨਵਾਨਾਂ, ਗਰੀਬਾਂ, ਅਜ਼ਾਦਾਂ ਅਤੇ ਗੁਲਾਮਾਂ ਨੂੰ ਉਹਨਾਂ ਦੇ ਸੱਜੇ ਹੱਥ ਉੱਤੇ ਅਥਵਾ ਉਹਨਾਂ ਦੇ ਮੱਥੇ ਉੱਤੇ ਦਾਗ ਲਗਵਾ ਦਿੰਦਾ ਹੈ।
17 ੧੭ ਅਤੇ ਕਿਸੇ ਨੂੰ ਲੈਣ-ਦੇਣ ਨਹੀਂ ਕਰਨ ਦਿੰਦਾ ਪਰ ਨਿਰਾ ਉਹ ਨੂੰ ਜਿਹ ਦੇ ਉੱਤੇ ਉਹ ਦਾਗ ਅਰਥਾਤ ਦਰਿੰਦੇ ਦਾ ਨਾਮ ਜਾਂ ਉਹ ਦੇ ਨਾਮ ਦਾ ਅੰਕ ਲੱਗਾ ਹੋਵੇ।
18 ੧੮ ਇਹ ਗਿਆਨ ਦਾ ਮੌਕਾ ਹੈ! ਜਿਹ ਨੂੰ ਬੁੱਧ ਹੈ ਉਹ ਉਸ ਦਰਿੰਦੇ ਦੇ ਅੰਕ ਗਿਣ ਲਵੇ। ਉਹ ਮਨੁੱਖ ਦਾ ਅੰਕ ਹੈ ਅਤੇ ਉਹ ਦਾ ਅੰਕ 666 (ਛੇ ਸੌ ਛਿਆਹਠ) ਹੈ।