< ਜ਼ਬੂਰ 72 >
1 ੧ ਸੁਲੇਮਾਨ ਦਾ ਗੀਤ। ਹੇ ਪਰਮੇਸ਼ੁਰ, ਪਾਤਸ਼ਾਹ ਨੂੰ ਆਪਣਾ ਨਿਆਂ, ਅਤੇ ਪਾਤਸ਼ਾਹ ਦੇ ਪੁੱਤਰ ਨੂੰ ਆਪਣਾ ਧਰਮ ਸਿਖਾ।
2 ੨ ਉਹ ਧਰਮ ਨਾਲ ਤੇਰੀ ਪਰਜਾ ਦਾ ਅਤੇ ਇਨਸਾਫ਼ ਨਾਲ ਤੇਰੇ ਮਸਕੀਨਾਂ ਦਾ ਨਿਆਂ ਕਰੇਗਾ।
3 ੩ ਪਰਬਤ ਤੇ ਪਹਾੜੀਆਂ ਪਰਜਾ ਲਈ ਧਰਮ ਦੇ ਕਾਰਨ ਖੁਸ਼ਹਾਲੀ ਲਿਆਉਣਗੇ।
4 ੪ ਉਹ ਪਰਜਾ ਦੇ ਮਸਕੀਨਾਂ ਦਾ ਨਿਆਂ ਕਰੇਗਾ, ਉਹ ਕੰਗਾਲਾਂ ਦੇ ਬੱਚਿਆਂ ਨੂੰ ਬਚਾਵੇਗਾ, ਅਤੇ ਜ਼ਾਲਮ ਨੂੰ ਕੁਚਲੇਂਗਾ।
5 ੫ ਜਿੰਨਾਂ ਚਿਰ ਸੂਰਜ ਤੇ ਚੰਦਰਮਾ ਬਣੇ ਰਹਿਣਗੇ, ਲੋਕ ਪੀੜ੍ਹੀਓਂ ਪੀੜ੍ਹੀ ਤੇਰਾ ਭੈਅ ਮੰਨਦੇ ਰਹਿਣਗੇ।
6 ੬ ਉਹ ਦਾ ਉਤਰਨਾ ਵਰਖਾ ਦੀ ਤਰ੍ਹਾਂ ਹੋਵੇਗਾ ਜਿਹੜੀ ਘਾਹ ਦੇ ਵੱਢ ਉੱਤੇ ਪਵੇ, ਅਤੇ ਝੜ੍ਹੀਆਂ ਦੀ ਤਰ੍ਹਾਂ ਜੋ ਧਰਤੀ ਨੂੰ ਸਿੰਜਦੀਆਂ ਹਨ।
7 ੭ ਉਹ ਦੇ ਦਿਨਾਂ ਵਿੱਚ ਧਰਮੀ ਲਹਿਲਹਾਉਣਗੇ, ਅਤੇ ਜਿੰਨਾਂ ਚਿਰ ਚੰਦਰਮਾ ਜਾਂਦਾ ਨਾ ਰਹੇ ਸ਼ਾਂਤੀ ਭਰਪੂਰੀ ਨਾਲ ਵਾਸ ਕਰੇਗੀ।
8 ੮ ਉਹ ਸਮੁੰਦਰ ਤੋਂ ਲੈ ਕੇ ਸਮੁੰਦਰ ਤੱਕ ਅਤੇ ਧਰਤੀ ਤੋਂ ਲੈ ਕੇ ਦਰਿਆ ਦੇ ਬੰਨੇ ਤੱਕ ਰਾਜ ਕਰੇਗਾ।
9 ੯ ਉਜਾੜ ਦੇ ਰਹਿਣ ਵਾਲੇ ਉਹ ਦੇ ਅੱਗੇ ਗੋਡੇ ਨਿਵਾਉਣਗੇ, ਅਤੇ ਉਹ ਦੇ ਵੈਰੀ ਖਾਕ ਚੱਟਣਗੇ!
10 ੧੦ ਤਰਸ਼ੀਸ਼ ਅਤੇ ਟਾਪੂਆਂ ਦੇ ਰਾਜੇ ਭੇਟ ਲਿਆਉਣਗੇ, ਸ਼ਬਾ ਤੇ ਸਬਾ ਦੇ ਰਾਜੇ ਨਜ਼ਰਾਨੇ ਪਹੁੰਚਾਉਣਗੇ,
11 ੧੧ ਸਗੋਂ ਸਾਰੇ ਰਾਜੇ ਉਹ ਦੇ ਅੱਗੇ ਮੱਥਾ ਟੇਕਣਗੇ, ਸਾਰੀਆਂ ਕੌਮਾਂ ਉਸ ਦੀ ਸੇਵਾ ਕਰਨਗੀਆਂ।
12 ੧੨ ਉਹ ਦੁਹਾਈ ਦੇਣ ਵਾਲੇ ਕੰਗਾਲ ਨੂੰ ਅਤੇ ਮਸਕੀਨ ਅਤੇ ਅਨਾਥ ਨੂੰ ਬਚਾਵੇਗਾ।
13 ੧੩ ਉਹ ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ, ਅਤੇ ਕੰਗਾਲ ਦੀਆਂ ਜਾਨਾਂ ਨੂੰ ਬਚਾਵੇਗਾ।
14 ੧੪ ਉਹ ਉਨ੍ਹਾਂ ਦੀ ਜਾਨ ਨੂੰ ਛਲ ਤੇ ਅਨ੍ਹੇਰ ਤੋਂ ਛੁਟਕਾਰਾ ਦੇਵੇਗਾ, ਅਤੇ ਉਨ੍ਹਾਂ ਦਾ ਜੀਵਨ ਉਹ ਦੀ ਨਿਗਾਹ ਵਿੱਚ ਬਹੁਮੁੱਲਾ ਹੋਵੇਗਾ,
15 ੧੫ ਅਤੇ ਉਹ ਜਿਉਂਦਾ ਰਹੇਗਾ ਅਤੇ ਸ਼ਬਾ ਦੇ ਸੋਨੇ ਵਿੱਚੋਂ ਉਹ ਨੂੰ ਦਿੱਤਾ ਜਾਵੇਗਾ, ਅਤੇ ਓਹ ਉਹ ਦੇ ਲਈ ਨਿੱਤ ਪ੍ਰਾਰਥਨਾ ਕਰਨਗੇ, ਸਾਰਾ ਦਿਨ ਉਹ ਨੂੰ ਮੁਬਾਰਕ ਆਖਣਗੇ।
16 ੧੬ ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇ, ਉਹ ਦਾ ਫਲ ਲਬਾਨੋਨ ਵਾਂਗੂੰ ਝੂਮੇ, ਅਤੇ ਸ਼ਹਿਰ ਦੇ ਲੋਕ ਧਰਤੀ ਦੀ ਹਰਿਆਉਲ ਵਾਂਗੂੰ ਲਹਿ ਲਹਾਉਣ!
17 ੧੭ ਉਹ ਦਾ ਨਾਮ ਸਦਾ ਰਹੇ, ਜਿੰਨਾਂ ਚਿਰ ਸੂਰਜ ਰਹੇ ਉਹ ਦਾ ਨਾਮ ਵਧੇ, ਅਤੇ ਲੋਕ ਉਸ ਵਿੱਚ ਬਰਕਤ ਪਾਉਣ, ਸਾਰੀਆਂ ਕੌਮਾਂ ਉਹ ਨੂੰ ਧੰਨ ਆਖਣ!।
18 ੧੮ ਮੁਬਾਰਕ ਹੋਵੇ ਯਹੋਵਾਹ ਪਰਮੇਸ਼ੁਰ, ਇਸਰਾਏਲ ਦਾ ਪਰਮੇਸ਼ੁਰ, ਉਹ ਇਕੱਲਾ ਹੀ ਅਚਰਜ਼ ਕੰਮ ਕਰਦਾ ਹੈ,
19 ੧੯ ਅਤੇ ਉਹ ਦਾ ਤੇਜਵਾਨ ਨਾਮ ਸਦਾ ਤੱਕ ਮੁਬਾਰਕ ਹੋਵੇ, ਅਤੇ ਸਾਰੀ ਧਰਤੀ ਉਹ ਦੇ ਤੇਜ ਨਾਲ ਭਰਪੂਰ ਹੋਵੇ! ਆਮੀਨ ਤੇ ਆਮੀਨ!। ਯੱਸੀ ਦੇ ਪੁੱਤਰ ਦਾਊਦ ਦੀਆਂ ਪ੍ਰਾਰਥਨਾਂ ਸਮਾਪਤ ਹੋਈਆਂ।
20 ੨੦ (ਇਸ ਨਾਲ ਯੱਸੀ ਦੇ ਪੁੱਤਰ ਦਾਊਦ ਦੀਆਂ ਪ੍ਰਾਰਥਨਾ ਖ਼ਤਮ ਹੁੰਦੀਆਂ ਹਨ)