< ਜ਼ਬੂਰ 69 >
1 ੧ ਪ੍ਰਧਾਨ ਵਜਾਉਣ ਵਾਲੇ ਦੇ ਲਈ ਸ਼ੇਸ਼ਤ੍ਰੀਮ ਰਾਗ ਵਿੱਚ ਦਾਊਦ ਦਾ ਗੀਤ। ਹੇ ਪਰਮੇਸ਼ੁਰ ਮੈਨੂੰ ਬਚਾ ਲੈ, ਪਾਣੀ ਮੇਰੀ ਜਾਨ ਤੱਕ ਜੋ ਆਏ ਹਨ!
2 ੨ ਮੈਂ ਡਾਢੇ ਚਿੱਕੜ ਵਿੱਚ ਧੱਸ ਚੱਲਿਆ ਹਾਂ, ਜਿੱਥੇ ਖਲੋਤਾ ਨਹੀਂ ਜਾਂਦਾ, ਮੈਂ ਡੂੰਘੇ ਪਾਣੀ ਵਿੱਚ ਪੈ ਗਿਆ, ਜਿੱਥੇ ਹੜ੍ਹ ਮੇਰੇ ਉੱਤੋਂ ਦੀ ਲੰਘਦਾ ਜਾਂਦਾ ਹੈ।
3 ੩ ਮੈਂ ਪੁਕਾਰਦਾ ਪੁਕਾਰਦਾ ਥੱਕ ਗਿਆ, ਮੇਰਾ ਸੰਘ ਬਹਿ ਗਿਆ, ਆਪਣੇ ਪਰਮੇਸ਼ੁਰ ਨੂੰ ਉਡੀਕਦਿਆਂ-ਉਡੀਕਦਿਆਂ ਮੇਰੀਆਂ ਅੱਖੀਆਂ ਰਹਿ ਗਈਆਂ!
4 ੪ ਜਿਹੜੇ ਧਿਗਾਣੇ ਮੇਰੇ ਨਾਲ ਵੈਰ ਰੱਖਦੇ ਹਨ, ਓਹ ਮੇਰੇ ਸਿਰ ਦੇ ਵਾਲਾਂ ਨਾਲੋਂ ਵੀ ਬਹੁਤ ਹਨ, ਮੇਰੇ ਵਾਢੂ ਜਿਹੜੇ ਨਹੱਕ ਮੇਰੇ ਨਾਲ ਵੈਰ ਰੱਖਦੇ ਹਨ ਬਲਵੰਤ ਹਨ, ਜੋ ਮੈਂ ਨਹੀਂ ਲੁੱਟਿਆ, ਓਹ ਮੈਨੂੰ ਮੋੜਨਾ ਪਿਆ।
5 ੫ ਹੇ ਪਰਮੇਸ਼ੁਰ, ਤੂੰ ਮੇਰੀ ਮੂਰਖਤਾਈ ਨੂੰ ਜਾਣਦਾ ਹੈਂ, ਅਤੇ ਮੇਰੇ ਅਪਰਾਧ ਤੈਥੋਂ ਲੁਕੇ ਹੋਏ ਨਹੀਂ।
6 ੬ ਹੇ ਪ੍ਰਭੂ, ਸੈਨਾਂ ਦੇ ਯਹੋਵਾਹ, ਜਿਹੜੇ ਤੈਨੂੰ ਉਡੀਕਦੇ ਹਨ, ਓਹ ਮੇਰੇ ਕਾਰਨ ਲੱਜਿਆਵਾਨ ਨਾ ਹੋਣ! ਹੇ ਇਸਰਾਏਲ ਦੇ ਪਰਮੇਸ਼ੁਰ ਜਿਹੜੇ ਤੈਨੂੰ ਭਾਲਦੇ ਹਨ, ਉਨ੍ਹਾਂ ਦੇ ਮੇਰੇ ਕਾਰਨ ਮੂੰਹ ਕਾਲੇ ਨਾ ਹੋਣ!।
7 ੭ ਮੈਂ ਤੇਰੇ ਹੀ ਕਾਰਨ ਨਿੰਦਾ ਸਹੀ, ਲਾਜ ਨੇ ਮੇਰੇ ਮੂੰਹ ਨੂੰ ਢੱਕ ਲਿਆ ਹੈ।
8 ੮ ਮੈਂ ਆਪਣੇ ਭਰਾਵਾਂ ਵਿੱਚ ਬੇਗਾਨਾ, ਅਤੇ ਮਾਂ-ਜਾਇਆਂ ਵਿੱਚ ਗੈਰ ਹੋਇਆ ਹਾਂ,
9 ੯ ਕਿਉਂ ਜੋ ਤੇਰੇ ਘਰ ਦੀ ਗ਼ੈਰਤ ਮੈਨੂੰ ਖਾ ਗਈ ਹੈ, ਅਤੇ ਤੇਰੇ ਨਿੰਦਕਾਂ ਦੀਆਂ ਨਿੰਦਿਆਂ ਮੇਰੇ ਉੱਤੇ ਆ ਪਈਆਂ।
10 ੧੦ ਜਦ ਮੈਂ ਰੋ-ਰੋ ਕੇ ਅਤੇ ਵਰਤ ਰੱਖ ਕੇ ਆਪਣੀ ਜਾਨ ਨੂੰ ਖਪਾਇਆ, ਤਾਂ ਇਹ ਵੀ ਮੇਰੇ ਲਈ ਨਿੰਦਿਆ ਦਾ ਕਾਰਨ ਹੋਇਆ!
11 ੧੧ ਜਦ ਮੈਂ ਤੱਪੜ ਆਪਣਾ ਬਿਸਤਰ ਬਣਾਇਆ, ਤਾਂ ਮੈਂ ਉਨ੍ਹਾਂ ਦੀ ਕਹਾਉਤ ਬਣਿਆ।
12 ੧੨ ਸ਼ਹਿਰ ਦੇ ਫਾਟਕ ਵਿੱਚ ਬੈਠਣ ਵਾਲੇ ਮੇਰੀ ਚਰਚਾ ਕਰਦੇ ਹਨ, ਅਤੇ ਸ਼ਰਾਬੀ ਮੇਰੇ ਉੱਤੇ ਸਿੱਠਾਂ ਜੋੜਦੇ ਹਨ।
13 ੧੩ ਪਰ ਹੇ ਯਹੋਵਾਹ, ਮੇਰੀ ਪ੍ਰਾਰਥਨਾ ਠੀਕ ਵੇਲੇ ਸਿਰ ਤੇਰੇ ਹੀ ਅੱਗੇ ਹੈ, ਹੇ ਪਰਮੇਸ਼ੁਰ, ਆਪਣੀ ਡਾਢੀ ਦਯਾ ਨਾਲ, ਅਤੇ ਆਪਣੇ ਸੱਚੇ ਬਚਾਓ ਨਾਲ ਮੈਨੂੰ ਉੱਤਰ ਦੇ।
14 ੧੪ ਮੈਨੂੰ ਚਿੱਕੜ ਵਿੱਚੋਂ ਕੱਢ ਲੈ ਕਿ ਮੈਂ ਖੁੱਭ ਨਾ ਜਾਂਵਾਂ, ਮੈਂ ਆਪਣੇ ਵੈਰੀਆਂ ਤੋਂ ਅਤੇ ਡੂੰਘੇ ਪਾਣੀਆਂ ਤੋਂ ਛੁਡਾਇਆ ਜਾਂਵਾਂ!
15 ੧੫ ਪਾਣੀ ਦੀ ਛੱਲ ਮੇਰੇ ਉੱਤੇ ਨਾ ਆ ਜਾਵੇ, ਨਾ ਡੂੰਘ ਮੈਨੂੰ ਨਿਗਲੇ, ਨਾ ਗੋਰ ਮੇਰੇ ਉੱਤੇ ਮੂੰਹ ਮੀਟ ਲਵੇ!
16 ੧੬ ਹੇ ਯਹੋਵਾਹ, ਮੈਨੂੰ ਉੱਤਰ ਦੇ ਕਿਉਂ ਜੋ ਤੇਰੀ ਦਯਾ ਭਲੀ ਹੈ, ਆਪਣੀਆਂ ਬੇਓੜਕ ਰਹਮਤਾਂ ਦੇ ਅਨੁਸਾਰ ਮੇਰੀ ਵੱਲ ਮੂੰਹ ਕਰ,
17 ੧੭ ਅਤੇ ਆਪਣੇ ਦਾਸ ਤੋਂ ਆਪਣਾ ਮੂੰਹ ਨਾ ਲੁਕਾ, ਕਿਉਂ ਜੋ ਮੈਂ ਡਾਢਾ ਔਖਾ ਹਾਂ! ਛੇਤੀ ਮੈਨੂੰ ਉੱਤਰ ਦੇ।
18 ੧੮ ਮੇਰੇ ਨੇੜੇ ਆ ਅਤੇ ਮੈਨੂੰ ਛੁਡਾ, ਅਤੇ ਮੇਰੀਆਂ ਵੈਰੀਆਂ ਦੇ ਕਾਰਨ ਮੈਨੂੰ ਛੁਟਕਾਰਾ ਦੇ!
19 ੧੯ ਮੇਰੀ ਨਿੰਦਿਆ, ਮੇਰੀ ਲਾਜ ਅਤੇ ਮੇਰੀ ਬੇਪਤੀ ਨੂੰ ਤੂੰ ਜਾਣਦਾ ਹੈਂ, ਮੇਰੇ ਸਭ ਵਿਰੋਧੀ ਤੇਰੇ ਅੱਗੇ ਹਨ।
20 ੨੦ ਨਿੰਦਿਆ ਦੇ ਨਾਲ ਮੇਰਾ ਦਿਲ ਟੁੱਟ ਗਿਆ ਹੈ ਅਤੇ ਮੈਂ ਮਾਂਦਾ ਹੋ ਗਿਆ, ਮੈਂ ਦਿਲਾਸਾ ਦੇਣ ਵਾਲੇ ਉਡੀਕਦਾ ਰਿਹਾ ਪਰ ਕੋਈ ਹੈ ਨਹੀਂ ਸੀ, ਅਤੇ ਧੀਰਜ ਦੇਣ ਵਾਲੇ, ਪਰ ਓਹ ਵੀ ਮੈਨੂੰ ਨਾ ਮਿਲੇ।
21 ੨੧ ਉਨ੍ਹਾਂ ਨੇ ਖਾਣ ਲਈ ਮੈਨੂੰ ਪਿੱਤ ਦਿੱਤਾ, ਅਤੇ ਤੇਹ ਦੇ ਵੇਲੇ ਮੈਨੂੰ ਸਿਰਕਾ ਪਿਆਇਆ।
22 ੨੨ ਉਨ੍ਹਾਂ ਦੀ ਮੇਜ਼ ਉਨ੍ਹਾਂ ਦੇ ਲਈ ਫ਼ਾਹੀ ਬਣ ਜਾਵੇ, ਅਤੇ ਜਦ ਉਹ ਸੁੱਖ-ਸਾਂਦ ਹਨ ਉਹ ਫੰਦਾ ਬਣ ਜਾਵੇ!
23 ੨੩ ਉਨ੍ਹਾਂ ਦੀਆਂ ਅੱਖਾਂ ਉੱਤੇ ਹਨ੍ਹੇਰਾ ਛਾ ਜਾਵੇ ਜੋ ਉਹ ਨਾ ਵੇਖਣ, ਅਤੇ ਉਨ੍ਹਾਂ ਦੇ ਲੱਕ ਸਦਾ ਕੰਬਦੇ ਰਹਿਣ!
24 ੨੪ ਆਪਣਾ ਰੋਹ ਉਨ੍ਹਾਂ ਉੱਤੇ ਢਾਲ਼ ਦੇ, ਅਤੇ ਤੇਰੇ ਕ੍ਰੋਧ ਦੀ ਤੇਜ਼ੀ ਉਨ੍ਹਾਂ ਨੂੰ ਫੜ ਲਵੇ!
25 ੨੫ ਉਨ੍ਹਾਂ ਦਾ ਡੇਰਾ ਉੱਜੜ ਜਾਵੇ, ਉਨ੍ਹਾਂ ਦੇ ਤੰਬੂਆਂ ਵਿੱਚ ਕੋਈ ਨਾ ਵੱਸੇ,
26 ੨੬ ਕਿਉਂ ਜੋ ਓਹ ਤੇਰੇ ਮਾਰੇ ਹੋਏ ਦਾ ਪਿੱਛਾ ਕਰਦੇ ਹਨ, ਅਤੇ ਤੇਰੇ ਘਾਇਲ ਕਿਤੇ ਹੋਇਆਂ ਦੇ ਦੁੱਖ ਦੀ ਚਰਚਾ ਕਰਦੇ ਹਨ!
27 ੨੭ ਤੂੰ ਉਨ੍ਹਾਂ ਦੀ ਬਦੀ ਉੱਤੇ ਬਦੀ ਵਧਾ, ਅਤੇ ਆਪਣੇ ਧਰਮ ਵਿੱਚ ਉਨ੍ਹਾਂ ਨੂੰ ਆਉਣ ਨਾ ਦੇ!
28 ੨੮ ਓਹ ਜੀਵਨ ਦੀ ਪੋਥੀ ਵਿੱਚੋਂ ਮੇਟ ਦਿੱਤੇ ਜਾਣ, ਅਤੇ ਧਰਮੀਆਂ ਨਾਲ ਲਿਖੇ ਨਾ ਜਾਣ!।
29 ੨੯ ਪਰ ਮੈਂ ਅਧੀਨ ਅਤੇ ਦੁਖੀ ਹਾਂ, ਹੇ ਪਰਮੇਸ਼ੁਰ, ਤੇਰਾ ਬਚਾਓ ਮੈਨੂੰ ਉੱਚਾ ਕਰ ਕੇ ਖਲ੍ਹਿਆਰੇ।
30 ੩੦ ਮੈਂ ਗੀਤ ਨਾਲ ਪਰਮੇਸ਼ੁਰ ਦੇ ਨਾਮ ਦੀ ਉਸਤਤ ਕਰਾਂਗਾ, ਅਤੇ ਧੰਨਵਾਦ ਨਾਲ ਉਹ ਦੀ ਵਡਿਆਈ ਕਰਾਂਗਾ,
31 ੩੧ ਅਤੇ ਇਹ ਯਹੋਵਾਹ ਨੂੰ ਬਲ਼ਦ ਨਾਲੋਂ, ਸਗੋਂ ਸਿੰਙ ਵਾਲੇ ਅਤੇ ਖੁਰ ਵਾਲੇ ਵੱਛੇ ਨਾਲੋਂ ਬਹੁਤਾ ਭਾਵੇਗਾ।
32 ੩੨ ਦੀਨ ਇਹ ਵੇਖ ਕੇ ਅਨੰਦ ਹੁੰਦੇ ਹਨ, ਪਰਮੇਸ਼ੁਰ ਦੇ ਤਾਲਿਬੋ, ਤੁਹਾਡਾ ਮਨ ਜਿਉਂਦਾ ਰਹੇ!
33 ੩੩ ਯਹੋਵਾਹ ਤਾਂ ਕੰਗਾਲਾਂ ਦੀ ਸੁਣਦਾ ਹੈ ਅਤੇ ਆਪਣੇ ਗ਼ੁਲਾਮਾਂ ਨੂੰ ਤੁੱਛ ਨਹੀਂ ਜਾਣਦਾ।
34 ੩੪ ਅਕਾਸ਼ ਅਤੇ ਧਰਤੀ ਉਸ ਦੀ ਉਸਤਤ ਕਰਨ, ਸਮੁੰਦਰ ਵੀ ਅਤੇ ਜੋ ਕੁਝ ਉਸ ਦੇ ਵਿੱਚ ਚੱਲਦਾ ਫਿਰਦਾ ਹੈ!
35 ੩੫ ਪਰਮੇਸ਼ੁਰ ਸੀਯੋਨ ਨੂੰ ਬਚਾਵੇਗਾ ਅਤੇ ਯਹੂਦਾਹ ਦੇ ਸ਼ਹਿਰ ਬਣਾਵੇਗਾ, ਅਤੇ ਓਹ ਉੱਥੇ ਵੱਸਣਗੇ ਤੇ ਉਸ ਨੂੰ ਆਪਣੇ ਕਬਜ਼ੇ ਵਿੱਚ ਰੱਖਣਗੇ,
36 ੩੬ ਅਤੇ ਉਹ ਦੇ ਦਾਸਾਂ ਦੀ ਅੰਸ ਉਸ ਦੀ ਵਾਰਿਸ ਹੋਵੇਗੀ, ਅਤੇ ਉਹ ਦੇ ਨਾਮ ਦੇ ਪ੍ਰੇਮੀ ਉਸ ਵਿੱਚ ਵੱਸਣਗੇ।