< ਜ਼ਬੂਰ 68 >
1 ੧ ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ। ਪਰਮੇਸ਼ੁਰ ਉੱਠੇ, ਉਹ ਦੇ ਵੈਰੀ ਛਿੰਨ ਭਿੰਨ ਹੋ ਜਾਣ, ਅਤੇ ਜਿਹੜੇ ਉਸ ਨਾਲ ਖਹਿ ਰੱਖਦੇ ਹਨ ਓਹ ਉਸ ਦੇ ਅੱਗੋਂ ਨੱਸ ਜਾਣ!
2 ੨ ਜਿਵੇਂ ਧੂੰਆਂ ਉੱਡ ਜਾਂਦਾ ਹੈ ਤਿਵੇਂ ਤੂੰ ਉਹਨਾਂ ਨੂੰ ਉਡਾ ਦੇ, ਅਤੇ ਜਿਵੇਂ ਅੱਗ ਦੇ ਸਾਹਮਣੇ ਮੋਮ ਪੰਘਰ ਜਾਂਦੀ ਹੈ, ਤਿਵੇਂ ਦੁਸ਼ਟ ਪਰਮੇਸ਼ੁਰ ਦੇ ਸਾਹਮਣਿਓਂ ਨਾਸ ਹੋ ਜਾਣ!
3 ੩ ਪਰ ਧਰਮੀ ਅਨੰਦ ਹੋਣ, ਓਹ ਪਰਮੇਸ਼ੁਰ ਦੇ ਅੱਗੇ ਬਾਗ-ਬਾਗ ਹੋਣ, ਓਹ ਅਨੰਦਤਾਈ ਨਾਲ ਖੁਸ਼ੀ ਮਨਾਉਣ!
4 ੪ ਪਰਮੇਸ਼ੁਰ ਲਈ ਗਾਓ, ਉਹ ਦੇ ਨਾਮ ਦੇ ਭਜਨ ਗਾਓ, ਥਲਾਂ ਵਿੱਚ ਸਵਾਰ ਲਈ ਇੱਕ ਸ਼ਾਹੀ ਸੜਕ ਬਣਾਓ, ਉਹ ਦਾ ਨਾਮ ਯਾਹ ਹੈ, ਉਹ ਦੇ ਅੱਗੇ ਬਾਗ-ਬਾਗ ਹੋ ਜਾਓ!
5 ੫ ਯਤੀਮਾਂ ਦਾ ਪਿਤਾ ਅਤੇ ਵਿਧਵਾ ਦੀ ਰੱਖਿਆ ਕਰਨ ਵਾਲਾ ਪਰਮੇਸ਼ੁਰ ਆਪਣੇ ਪਵਿੱਤਰ ਨਿਵਾਸ ਵਿੱਚ ਹੈ।
6 ੬ ਪਰਮੇਸ਼ੁਰ ਇਕੱਲੇ ਨੂੰ ਘਰਾਣੇ ਵਿੱਚ ਵਸਾਉਂਦਾ ਹੈ, ਉਹ ਗ਼ੁਲਾਮਾਂ ਨੂੰ ਭਾਗਵਾਨੀ ਵਿੱਚ ਕੱਢਦਾ ਹੈ, ਪਰ ਆਕੀ ਸੁੱਕੀ ਸੜੀ ਧਰਤੀ ਵਿੱਚ ਹੀ ਵੱਸਦੇ ਹਨ।
7 ੭ ਹੇ ਪਰਮੇਸ਼ੁਰ, ਜਦ ਤੂੰ ਆਪਣੇ ਲੋਕਾਂ ਦੇ ਅੱਗੇ-ਅੱਗੇ ਤੁਰਿਆ, ਜਦ ਤੂੰ ਥਲ ਦੇ ਵਿੱਚੋਂ ਦੀ ਲੰਘ ਗਿਆ, । ਸਲਹ।
8 ੮ ਤਦ ਧਰਤੀ ਕੰਬ ਉੱਠੀ, ਅਕਾਸ਼ ਵੀ ਪਰਮੇਸ਼ੁਰ ਦੇ ਅੱਗੇ ਚੋ ਪਏ, ਉੱਥੇ ਸੀਨਈ ਵੀ ਪਰਮੇਸ਼ੁਰ, ਇਸਰਾਏਲ ਦੇ ਪਰਮੇਸ਼ੁਰ ਦੇ ਅੱਗੇ ਕੰਬ ਉੱਠੀ।
9 ੯ ਹੇ ਪਰਮੇਸ਼ੁਰ, ਤੂੰ ਡਾਢੀ ਵਰਖਾ ਵਰ੍ਹਾਈ, ਅਤੇ ਆਪਣੇ ਮਿਰਾਸ ਨੂੰ ਜਾਂ ਉਹ ਥੱਕੀ ਹੋਈ ਸੀ ਕਾਇਮ ਕੀਤਾ।
10 ੧੦ ਤੇਰੀ ਪਰਜਾ ਉਸ ਵਿੱਚ ਵੱਸੀ, ਤੂੰ, ਹੇ ਪਰਮੇਸ਼ੁਰ, ਆਪਣੀ ਭਲਿਆਈ ਨਾਲ ਮਸਕੀਨਾਂ ਦੀ ਸੇਵਾ ਕੀਤੀ।
11 ੧੧ ਪ੍ਰਭੂ ਹੁਕਮ ਦਿੰਦਾ ਹੈ, ਖ਼ਬਰ ਦੇਣ ਵਾਲਿਆਂ ਦਾ ਵੱਡਾ ਦਲ ਹੈ,
12 ੧੨ “ਸੈਨਾਂ ਦੇ ਰਾਜੇ ਨੱਠ ਜਾਂਦੇ, ਓਹ ਨੱਠ ਜਾਂਦੇ ਹਨ!” ਅਤੇ ਘਰ ਵਾਲੀ ਲੁੱਟ ਦਾ ਮਾਲ ਵੰਡਦੀ ਹੈ।
13 ੧੩ ਭਾਵੇਂ ਤੁਸੀਂ ਭੇਡਾਂ ਦੇ ਵਾੜਿਆਂ ਵਿੱਚ ਲੰਮੇ ਪਏ ਰਹੋ, ਤਾਂ ਵੀ ਘੁੱਗੀ ਦੇ ਖੰਭ ਚਾਂਦੀ ਨਾਲ ਅਤੇ ਉਹ ਦੇ ਪਰ ਪੀਲੇ ਸੋਨੇ ਨਾਲ ਮੜ੍ਹੇ ਜਾਂਦੇ ਹਨ।
14 ੧੪ ਜਦ ਸਰਬ ਸ਼ਕਤੀਮਾਨ ਨੇ ਉਸ ਥਾਂ ਵਿੱਚ ਰਾਜਿਆਂ ਨੂੰ ਖਿੰਡਾ ਦਿੱਤਾ, ਤਾਂ ਜਾਣੋ, ਸਲਮੋਨ ਉੱਤੇ ਬਰਫ਼ ਪੈ ਗਈ!
15 ੧੫ ਬਾਸ਼ਾਨ ਦਾ ਪਰਬਤ ਪਰਮੇਸ਼ੁਰ ਦਾ ਪਰਬਤ ਹੈ, ਬਾਸ਼ਾਨ ਦਾ ਪਰਬਤ ਚੋਟੀਆਂ ਦਾ ਪਰਬਤ ਹੈ।
16 ੧੬ ਹੇ ਚੋਟੀਆਂ ਦੇ ਪਰਬਤੋਂ ਤੁਸੀਂ ਉਸ ਪਰਬਤ ਵੱਲ ਜਿਸ ਨੂੰ ਪਰਮੇਸ਼ੁਰ ਨੇ ਵੱਸਣ ਲਈ ਪਸੰਦ ਕੀਤਾ ਹੈ ਕਿਉਂ ਈਰਖਾ ਨਾਲ ਤੱਕਦੇ ਹੋ? ਯਹੋਵਾਹ ਸਦਾ ਤੱਕ ਉਸ ਵਿੱਚ ਵੱਸੇਗਾ।
17 ੧੭ ਪਰਮੇਸ਼ੁਰ ਦੇ ਰਥ ਵੀਹ ਹਜ਼ਾਰ ਸਗੋਂ ਹਜ਼ਾਰਾਂ ਹਜ਼ਾਰ ਹਨ, ਪ੍ਰਭੂ ਉਨ੍ਹਾਂ ਦੇ ਵਿੱਚ ਹੈ ਜਿਵੇਂ ਸੀਨਈ ਪਵਿੱਤਰ ਸਥਾਨ ਵਿੱਚ ਹੈ।
18 ੧੮ ਤੂੰ ਉਤਾਹਾਂ ਉਠਾਇਆ ਗਿਆ, ਤੂੰ ਬੰਦੀਆਂ ਨੂੰ ਬੰਨ੍ਹ ਲਿਆ, ਤੂੰ ਆਦਮੀਆਂ ਵਿੱਚ ਸਗੋਂ ਆਕੀਆਂ ਵਿੱਚ ਵੀ ਦਾਨ ਲਏ, ਕਿ ਯਾਹ ਪਰਮੇਸ਼ੁਰ ਉੱਥੇ ਵੱਸੇ।
19 ੧੯ ਪ੍ਰਭੂ ਮੁਬਾਰਕ ਹੋਵੇ ਜਿਹੜਾ ਰੋਜ਼ ਦਿਹਾੜੇ ਸਾਡਾ ਭਾਰ ਚੁੱਕ ਲੈਂਦਾ ਹੈ, ਉਹੋ ਸਾਡਾ ਮੁਕਤੀਦਾਤਾ ਪਰਮੇਸ਼ੁਰ ਹੈ!। ਸਲਹ।
20 ੨੦ ਪਰਮੇਸ਼ੁਰ ਸਾਡੇ ਲਈ ਬਚਾਵਾਂ ਦਾ ਪਰਮੇਸ਼ੁਰ ਹੈ, ਪ੍ਰਭੂ ਯਹੋਵਾਹ ਵੱਲੋਂ ਹੀ ਮੌਤ ਤੋਂ ਰਿਹਾਈ ਹੈ।
21 ੨੧ ਪਰਮੇਸ਼ੁਰ ਜ਼ਰੂਰ ਆਪਣੇ ਵੈਰੀਆਂ ਦੇ ਸਿਰ ਨੂੰ, ਨਾਲੇ ਖੁਲ੍ਹੇ ਦੋਸ਼ੀ ਦੇ ਵਾਲਾਂ ਵਾਲੀ ਖੋਪੜੀ ਨੂੰ ਭੰਨ ਸੁੱਟੇਗਾ!
22 ੨੨ ਪ੍ਰਭੂ ਨੇ ਫ਼ਰਮਾਇਆ ਕਿ ਮੈਂ ਉਨ੍ਹਾਂ ਨੂੰ ਬਾਸ਼ਾਨ ਤੋਂ ਮੋੜ ਲਿਆਵਾਂਗਾ, ਮੈਂ ਸਮੁੰਦਰ ਦੀਆਂ ਡੁੰਘਿਆਈਆਂ ਤੋਂ ਮੋੜ ਲਿਆਵਾਂਗਾ,
23 ੨੩ ਤਾਂ ਜੋ ਤੂੰ ਆਪਣੇ ਪੈਰ ਨੂੰ ਲਹੂ ਵਿੱਚ ਡੋਬੇਂ, ਅਤੇ ਤੇਰੇ ਕੁੱਤਿਆਂ ਦੀ ਜੀਭ ਦਾ ਲੁਕਮਾ ਵੈਰੀਆਂ ਵਿੱਚੋਂ ਹੋਵੇ!
24 ੨੪ ਹੇ ਪਰਮੇਸ਼ੁਰ, ਉਨ੍ਹਾਂ ਨੇ ਤੇਰੇ ਜਲੂਸ ਨੂੰ ਵੇਖਿਆ, ਪਵਿੱਤਰ ਸਥਾਨ ਵਿੱਚ ਮੇਰੇ ਪਰਮੇਸ਼ੁਰ, ਮੇਰੇ ਪਾਤਸ਼ਾਹ ਦੇ ਜਲੂਸ ਨੂੰ।
25 ੨੫ ਗਵੱਈਏ ਅੱਗੇ-ਅੱਗੇ ਅਤੇ ਵਜੰਤਰੀ ਪਿੱਛੇ-ਪਿੱਛੇ ਚੱਲਦੇ, ਜੁਆਨ ਤੀਵੀਆਂ ਵਿਚਕਾਰ ਡੱਫਾਂ ਵਜਾਉਂਦੀਆਂ ਜਾਂਦੀਆਂ ਸਨ।
26 ੨੬ ਤੁਸੀਂ ਜਿਹੜੇ ਇਸਰਾਏਲ ਦੇ ਸੋਤੇ ਤੋਂ ਹੋ, ਸੰਗਤਾਂ ਵਿੱਚ ਪ੍ਰਭੂ ਪਰਮੇਸ਼ੁਰ ਨੂੰ ਧੰਨ ਆਖੋ!
27 ੨੭ ਉੱਥੇ ਛੋਟਾ ਬਿਨਯਾਮੀਨ ਉਨ੍ਹਾਂ ਦਾ ਹਾਕਮ ਹੈ, ਯਹੂਦਾਹ ਦੇ ਸਰਦਾਰ ਆਪਣੀਆਂ ਟੋਲੀਆਂ ਸਣੇ, ਜ਼ਬੂਲੁਨ ਦੇ ਸਰਦਾਰ ਅਤੇ ਨਫ਼ਤਾਲੀ ਦੇ ਸਰਦਾਰ ਵੀ।
28 ੨੮ ਤੇਰੇ ਪਰਮੇਸ਼ੁਰ ਨੇ ਤੇਰੇ ਬਲ ਦੀ ਆਗਿਆ ਕੀਤੀ ਹੈ, ਹੇ ਪਰਮੇਸ਼ੁਰ, ਜੋ ਕੁਝ ਤੂੰ ਸਾਡੇ ਲਈ ਕੀਤਾ ਹੈ ਉਹ ਨੂੰ ਦ੍ਰਿੜ੍ਹ ਕਰ!
29 ੨੯ ਤੇਰੀ ਹੈਕਲ ਦੇ ਕਾਰਨ ਜੋ ਯਰੂਸ਼ਲਮ ਵਿੱਚ ਹੈ ਰਾਜੇ ਤੇਰੇ ਲਈ ਭੇਟ ਲਿਆਉਣਗੇ।
30 ੩੦ ਕਾਨਿਆਂ ਦੇ ਦਰਿੰਦੇ ਨੂੰ ਝਿੜਕ ਦੇ, ਨਾਲੇ ਬਲ਼ਦਾਂ ਦੇ ਵੱਗ ਨੂੰ ਲੋਕਾਂ ਦੇ ਵੱਛਿਆਂ ਸਣੇ, ਜਿਹੜੇ ਚਾਂਦੀ ਦੇ ਟੁੱਕੜੇ ਮਿੱਧਦੇ ਹਨ! ਜਿਹੜੇ ਲੋਕ ਲੜਾਈ ਪਸੰਦ ਕਰਦੇ ਹਨ, ਉਹ ਨੇ ਉਨ੍ਹਾਂ ਨੂੰ ਖਿੰਡਾ ਦਿੱਤਾ।
31 ੩੧ ਮਿਸਰ ਤੋਂ ਰਈਸ ਆਉਣਗੇ, ਕੂਸ਼ ਸ਼ਿਤਾਬੀ ਆਪਣੇ ਹੱਥ ਪਰਮੇਸ਼ੁਰ ਵੱਲ ਪਸਾਰੇਗਾ।
32 ੩੨ ਹੇ ਧਰਤੀ ਦੀਓ ਰਾਜਧਾਨੀਓ, ਪਰਮੇਸ਼ੁਰ ਲਈ ਗਾਓ, ਪ੍ਰਭੂ ਲਈ ਭਜਨ ਕੀਰਤਨ ਕਰੋ। ਸਲਹ।
33 ੩੩ ਜਿਹੜਾ ਮੁੱਢੋਂ ਅਕਾਸ਼ਾਂ ਦੇ ਅਕਾਸ਼ ਉੱਤੇ ਸਵਾਰ ਹੈ, ਵੇਖੋ, ਉਹ ਆਪਣੀ ਅਵਾਜ਼, ਇੱਕ ਜ਼ੋਰ ਵਾਲੀ ਅਵਾਜ਼ ਸੁਣਾਉਂਦਾ ਹੈ।
34 ੩੪ ਤੁਸੀਂ ਪਰਮੇਸ਼ੁਰ ਦੀ ਸਮਰੱਥਾ ਨੂੰ ਮੰਨੋ, ਉਹ ਦਾ ਪਰਤਾਪ ਇਸਰਾਏਲ ਉੱਤੇ ਹੈ, ਅਤੇ ਉਹ ਦੀ ਸਮਰੱਥਾ ਅਕਾਸ਼ ਮੰਡਲ ਵਿੱਚ ਹੈ।
35 ੩੫ ਹੇ ਪਰਮੇਸ਼ੁਰ, ਤੂੰ ਆਪਣਿਆਂ ਪਵਿੱਤਰ ਥਾਵਾਂ ਵਿੱਚ ਭਿਆਨਕ ਹੈਂ, ਇਸਰਾਏਲ ਦਾ ਪਰਮੇਸ਼ੁਰ ਉਹੋ ਪਰਮੇਸ਼ੁਰ ਹੈ ਜਿਹੜਾ ਆਪਣੀ ਪਰਜਾ ਨੂੰ ਸਮਰੱਥਾ ਅਤੇ ਸ਼ਕਤੀ ਦਿੰਦਾ ਹੈ। ਪਰਮੇਸ਼ੁਰ ਮੁਬਾਰਕ ਹੋਵੇ!।