< ਜ਼ਬੂਰ 50 >
1 ੧ ਪ੍ਰਧਾਨ ਵਜਾਉਣ ਵਾਲੇ ਦੇ ਲਈ ਕੋਰਹ ਵੰਸ਼ੀਆਂ ਦਾ ਭਜਨ। ਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਬੋਲਿਆ ਹੈ, ਅਤੇ ਉਸ ਨੇ ਸੂਰਜ ਦੇ ਚੜਦੇ ਤੋਂ ਉਹ ਦੇ ਲਹਿੰਦੇ ਤੱਕ ਧਰਤੀ ਨੂੰ ਸੱਦਿਆ ਹੈ।
2 ੨ ਸੀਯੋਨ ਵਿੱਚ ਜਿਹੜਾ ਸੁਹੱਪਣ ਦਾ ਪੂਰਾ ਹੈ, ਪਰਮੇਸ਼ੁਰ ਚਮਕਿਆ।
3 ੩ ਸਾਡਾ ਪਰਮੇਸ਼ੁਰ ਆਵੇ ਅਤੇ ਚੁੱਪ ਨਾ ਰਹੇ, ਅੱਗ ਉਸ ਦੇ ਅੱਗੇ-ਅੱਗੇ ਭਸਮ ਕਰਦੀ ਹੈ, ਅਤੇ ਉਹ ਦੇ ਆਲੇ-ਦੁਆਲੇ ਅਨ੍ਹੇਰੀ ਜ਼ੋਰ ਨਾਲ ਵਗਦੀ ਹੈ!
4 ੪ ਉਹ ਅਕਾਸ਼ ਨੂੰ ਉਤਾਹਾਂ ਪੁਕਾਰਦਾ ਹੈ, ਅਤੇ ਧਰਤੀ ਨੂੰ ਵੀ, ਕਿ ਉਹ ਆਪਣੀ ਪਰਜਾ ਦਾ ਨਿਆਂ ਕਰੇ।
5 ੫ ਮੇਰੇ ਸੰਤਾਂ ਨੂੰ ਮੇਰੇ ਕੋਲ ਇਕੱਠਿਆਂ ਕਰੋ, ਜਿਨ੍ਹਾਂ ਮੇਰੇ ਨਾਲ ਬਲੀਦਾਨ ਦੇ ਰਾਹੀਂ ਨੇਮ ਬੰਨ੍ਹਿਆ ਹੈ।
6 ੬ ਸਵਰਗ ਉਹ ਦੇ ਧਰਮ ਦਾ ਪਰਚਾਰ ਕਰਦੇ ਹਨ, ਕਿਉਂ ਜੋ ਪਰਮੇਸ਼ੁਰ ਆਪ ਹੀ ਨਿਆਈਂ ਹੈ। ਸਲਹ।
7 ੭ ਹੇ ਮੇਰੀ ਪਰਜਾ, ਸੁਣ ਅਤੇ ਮੈਂ ਬੋਲਾਂਗਾ, ਹੇ ਇਸਰਾਏਲ, ਮੈਂ ਤੇਰੇ ਉੱਤੇ ਸਾਖੀ ਦਿਆਂਗਾ। ਪਰਮੇਸ਼ੁਰ, ਤੇਰਾ ਪਰਮੇਸ਼ੁਰ, ਮੈਂ ਹੀ ਹਾਂ!
8 ੮ ਮੈਂ ਤੇਰੇ ਬਲੀਦਾਨਾਂ ਦੇ ਕਾਰਨ ਤੈਨੂੰ ਨਹੀਂ ਝਿੜਕਾਂਗਾ, ਅਤੇ ਤੇਰੀਆਂ ਹੋਮ ਬਲੀਆਂ ਹਰ ਵੇਲੇ ਮੇਰੇ ਸਾਹਮਣੇ ਹਨ।
9 ੯ ਮੈਂ ਨਾ ਤੇਰੇ ਘਰ ਤੋਂ ਬਲ਼ਦ, ਨਾ ਤੇਰੇ ਵਾੜਿਆਂ ਤੋਂ ਬੱਕਰੇ ਲਵਾਂਗਾ,
10 ੧੦ ਕਿਉਂ ਜੋ ਜੰਗਲ ਦੇ ਸਾਰੇ ਦਰਿੰਦੇ ਮੇਰੇ ਹਨ, ਨਾਲੇ ਹਜ਼ਾਰਾਂ ਪਹਾੜਾਂ ਦੇ ਡੰਗਰ।
11 ੧੧ ਪਹਾੜਾਂ ਦੇ ਸਾਰੇ ਪੰਖੇਰੂਆਂ ਨੂੰ ਮੈਂ ਜਾਣਦਾ ਹਾਂ, ਅਤੇ ਮੈਦਾਨ ਦੇ ਜਾਨਵਰ ਮੇਰੇ ਹਨ।
12 ੧੨ ਮੈਂ ਜੇ ਭੁੱਖਾ ਹੁੰਦਾ ਤਾਂ ਤੈਨੂੰ ਨਾ ਆਖਦਾ, ਕਿਉਂ ਜੋ ਜਗਤ ਅਤੇ ਉਹ ਦੀ ਭਰਪੂਰੀ ਮੇਰੀ ਹੈ।
13 ੧੩ ਭਲਾ, ਮੈਂ ਬਲ਼ਦਾਂ ਦਾ ਮਾਸ ਖਾਵਾਂ? ਜਾਂ ਬੱਕਰਿਆਂ ਦੀ ਰੱਤ ਪੀਵਾਂ?
14 ੧੪ ਪਰਮੇਸ਼ੁਰ ਨੂੰ ਧੰਨਵਾਦ ਹੀ ਦਾ ਬਲੀਦਾਨ ਚੜ੍ਹਾ, ਅਤੇ ਅੱਤ ਮਹਾਨ ਦੇ ਅੱਗੇ ਆਪਣੀਆਂ ਸੁੱਖਣਾਂ ਨੂੰ ਪੂਰੀਆਂ ਕਰ,
15 ੧੫ ਤਾਂ ਦੁੱਖਾਂ ਦੇ ਦਿਨ ਮੈਨੂੰ ਪੁਕਾਰ, ਮੈਂ ਤੈਨੂੰ ਛੁਡਾਵਾਂਗਾ ਅਤੇ ਤੂੰ ਮੇਰੀ ਵਡਿਆਈ ਕਰੇਂਗਾ।
16 ੧੬ ਪਰ ਦੁਸ਼ਟ ਨੂੰ ਪਰਮੇਸ਼ੁਰ ਇਉਂ ਆਖਦਾ ਹੈ, ਤੇਰਾ ਕੀ ਹੱਕ ਹੈ ਜੋ ਮੇਰੀਆਂ ਬਿਧੀਆਂ ਨੂੰ ਸੁਣਾਵੇਂ, ਅਤੇ ਤੂੰ ਕਿਉਂ ਆਪਣੇ ਮੂੰਹ ਵਿੱਚ ਮੇਰਾ ਨੇਮ ਲਿਆ ਹੋਇਆ ਹੈ?
17 ੧੭ ਜਦੋਂ ਤੈਨੂੰ ਤਾੜਨਾ ਬੁਰਾ ਲੱਗਦਾ ਹੈ, ਅਤੇ ਤੂੰ ਮੇਰੇ ਬਚਨਾਂ ਨੂੰ ਆਪਣੇ ਪਿੱਛੇ ਸੁੱਟਦਾ ਹੈਂ।
18 ੧੮ ਜਦ ਤੂੰ ਚੋਰ ਨੂੰ ਵੇਖਿਆ ਤਾਂ ਤੂੰ ਉਹ ਦੇ ਨਾਲ ਰਲ ਗਿਆ, ਅਤੇ ਵਿਭਚਾਰੀਆਂ ਦਾ ਸਾਂਝੀ ਹੋਇਆ!
19 ੧੯ ਤੂੰ ਆਪਣੇ ਮੂੰਹ ਨੂੰ ਬੁਰਿਆਈ ਲਈ ਖੋਲਿਆ ਹੈ, ਅਤੇ ਤੇਰੀ ਰਸਨਾ ਧੋਖਾ ਘੜਦੀ ਹੈ।
20 ੨੦ ਤੂੰ ਬਹਿ ਕੇ ਆਪਣੇ ਭਰਾ ਦੇ ਵਿਰੁੱਧ ਬੋਲਦਾ ਹੈਂ, ਆਪਣੇ ਸੱਕੇ ਭਰਾ ਦੀ ਨਿੰਦਿਆ ਕਰਦਾ ਹੈਂ।
21 ੨੧ ਤੂੰ ਇਹ ਕੰਮ ਕੀਤੇ ਅਤੇ ਮੈਂ ਚੁੱਪ ਵੱਟ ਛੱਡੀ, ਤੂੰ ਸਮਝਿਆ ਪਰਮੇਸ਼ੁਰ ਵੀ ਠੀਕ ਮੇਰੇ ਵਰਗਾ ਹੈ, ਪਰ ਮੈਂ ਤੈਨੂੰ ਝਿੜਕਾਂਗਾ ਅਤੇ ਤੇਰੀਆਂ ਅੱਖੀਆਂ ਦੇ ਸਾਹਮਣੇ ਤੇਰਾ ਦਾਵਾ ਪੇਸ਼ ਕਰਾਂਗਾ।
22 ੨੨ ਹੁਣ ਤੁਸੀਂ ਜਿਹੜੇ ਪਰਮੇਸ਼ੁਰ ਨੂੰ ਵਿਸਾਰਦੇ ਹੋ ਇਸ ਗੱਲ ਨੂੰ ਸੋਚੋ, ਕਿਤੇ ਅਜਿਹਾ ਨਾ ਹੋਵੇ ਜੋ ਮੈਂ ਤੁਹਾਨੂੰ ਪਾੜ ਸੁੱਟਾਂ, ਅਤੇ ਤੁਹਾਡਾ ਕੋਈ ਛੁਡਾਉਣ ਵਾਲਾ ਨਾ ਹੋਵੇ।
23 ੨੩ ਜਿਹੜਾ ਧੰਨਵਾਦ ਦਾ ਬਲੀਦਾਨ ਚੜ੍ਹਾਉਂਦਾ ਹੈ, ਉਹ ਮੇਰੀ ਵਡਿਆਈ ਕਰਦਾ ਹੈ, ਅਤੇ ਜਿਹੜਾ ਆਪਣੀ ਚਾਲ ਸੁਧਾਰਦਾ ਹੈ, ਮੈਂ ਉਹ ਨੂੰ ਪਰਮੇਸ਼ੁਰ ਦੀ ਮੁਕਤੀ ਵਿਖਾਵਾਂਗਾ।