< ਜ਼ਬੂਰ 45 >
1 ੧ ਪ੍ਰਧਾਨ ਵਜਾਉਣ ਵਾਲੇ ਦੇ ਲਈ। ਸ਼ੇਸ਼ਨੀਮ ਰਾਗ ਦੇ ਵਿੱਚ ਕੋਰਹ ਵੰਸ਼ੀਆਂ ਦਾ ਮਸ਼ਕੀਲ। ਪ੍ਰੇਮ ਦਾ ਗੀਤ। ਮੇਰਾ ਮਨ ਇੱਕ ਚੰਗੀ ਗੱਲ ਨਾਲ ਉੱਛਲ ਰਿਹਾ ਹੈ, ਜੋ ਕੁਝ ਮੈਂ ਪਾਤਸ਼ਾਹ ਦੇ ਵਿਖੇ ਰਚਿਆ ਹੈ, ਉਹ ਮੈਂ ਸੁਣਾਉਂਦਾ ਹਾਂ, ਮੇਰੀ ਜੀਭ ਮਾਹਿਰ ਲਿਖਾਰੀ ਦੀ ਲੇਖਣੀ ਹੈ।
2 ੨ ਤੂੰ ਆਦਮੀ ਦੇ ਪੁੱਤਰਾਂ ਨਾਲੋਂ ਸੁੰਦਰ ਹੈਂ, ਤੇਰਿਆਂ ਬੁੱਲ੍ਹਾਂ ਵਿੱਚ ਦਯਾ ਭਰੀ ਹੋਈ ਹੈ, ਇਸ ਲਈ ਪਰਮੇਸ਼ੁਰ ਨੇ ਤੈਨੂੰ ਸਦਾ ਲਈ ਬਰਕਤ ਦਿੱਤੀ ਹੈ।
3 ੩ ਮਹਾਨ ਰਾਜਾ! ਆਪਣੀ ਤਲਵਾਰ ਲੱਕ ਨਾਲ ਬੰਨ੍ਹ, ਉਹ ਤੇਰਾ ਤੇਜ ਅਤੇ ਤੇਰੀ ਮਹਿਮਾ ਹੈ।
4 ੪ ਅਤੇ ਆਪਣੀ ਮਹਿਮਾ ਨਾਲ ਸਚਿਆਈ, ਕੋਮਲਤਾਈ ਅਤੇ ਧਰਮ ਦੇ ਨਮਿੱਤ ਸਵਾਰ ਹੋ ਕੇ ਸਫ਼ਲ ਹੋ, ਅਤੇ ਤੇਰਾ ਸੱਜਾ ਹੱਥ ਤੈਨੂੰ ਭਿਆਨਕ ਕਾਰਜ ਸਿਖਲਾਵੇਗਾ!
5 ੫ ਤੇਰੇ ਤੀਰ ਤਿੱਖੇ ਹਨ, ਕੌਮਾਂ ਤੇਰੇ ਅੱਗੇ ਡਿੱਗਦੀਆਂ ਹਨ, ਉਹ ਪਾਤਸ਼ਾਹ ਦੇ ਵੈਰੀਆਂ ਦੇ ਦਿਲਾਂ ਵਿੱਚ ਹਨ।
6 ੬ ਹੇ ਪਰਮੇਸ਼ੁਰ, ਤੇਰਾ ਸਿੰਘਾਸਣ ਸਦੀਪਕ ਕਾਲ ਤੱਕ ਹੈ, ਤੇਰੇ ਰਾਜ ਦਾ ਆੱਸਾ ਸਿਧਿਆਈ ਦਾ ਆੱਸਾ ਹੈ!
7 ੭ ਤੂੰ ਧਰਮ ਨਾਲ ਪ੍ਰੇਮ, ਬਦੀ ਨਾਲ ਵੈਰ ਰੱਖਿਆ ਹੈ, ਇਸ ਲਈ ਪਰਮੇਸ਼ੁਰ, ਤੇਰੇ ਪਰਮੇਸ਼ੁਰ ਨੇ ਖੁਸ਼ੀ ਦੇ ਤੇਲ ਨਾਲ, ਤੇਰੇ ਸਾਥੀਆਂ ਤੋਂ ਵੱਧ ਤੈਨੂੰ ਮਸਹ ਕੀਤਾ ਹੈ।
8 ੮ ਤੇਰੇ ਸਾਰੇ ਬਸਤਰ ਤੋਂ ਮੁਰ, ਅਗਰ ਅਤੇ ਤੇਜ ਪੱਤਰ ਦੀ ਖੁਸ਼ਬੂ ਆਉਂਦੀ ਹੈ, ਹਾਥੀ ਦੰਦ ਦੇ ਮਹਿਲਾਂ ਵਿੱਚੋਂ ਤਾਰ ਵਾਲੇ ਵਾਜਿਆਂ ਨੇ ਤੈਨੂੰ ਅਨੰਦ ਕੀਤਾ ਹੈ।
9 ੯ ਤੇਰੀਆਂ ਪਤਵੰਤ ਇਸਤਰੀਆਂ ਵਿੱਚੋਂ ਰਾਜਕੁਮਾਰੀਆਂ ਵੀ ਹਨ, ਰਾਣੀ ਤੇਰੇ ਸੱਜੇ ਹੱਥ ਉੱਤੇ ਓਫੀਰ ਦੇ ਕੁੰਦਨ ਸੋਨੇ ਨਾਲ ਸ਼ਿੰਗਾਰ ਲਾ ਕੇ ਖੜ੍ਹੀ ਹੈ।
10 ੧੦ ਧੀਏ, ਸੁਣ ਅਤੇ ਵੇਖ ਅਤੇ ਆਪਣਾ ਕੰਨ ਲਾ, ਆਪਣੇ ਲੋਕ ਅਤੇ ਆਪਣੇ ਪਿਤਾ ਦੇ ਘਰ ਨੂੰ ਭੁੱਲ ਜਾਵੀਂ!
11 ੧੧ ਤਦ ਪਾਤਸ਼ਾਹ ਤੇਰੇ ਸੁਹੱਪਣ ਤੋਂ ਮੋਹਿਤ ਹੋਵੇਗਾ, ਕਿਉਂ ਜੋ ਉਹ ਤੇਰਾ ਸੁਆਮੀ ਹੈ ਸੋ ਉਹ ਨੂੰ ਮੱਥਾ ਟੇਕ।
12 ੧੨ ਅਤੇ ਸੂਰ ਦੇਸ ਦੇ ਲੋਕ ਭੇਟ ਨਾਲ ਹਾਜ਼ਰ ਹੋਣਗੇ, ਲੋਕਾਂ ਦੇ ਧਨਵਾਨ ਤੇਰੀ ਕਿਰਪਾ ਦੇ ਲਈ ਬੇਨਤੀ ਕਰਨਗੇ।
13 ੧੩ ਰਾਜਕੁਮਾਰੀ ਮਹਿਲ ਵਿੱਚ ਬਹੁਤ ਤੇਜ਼ਵੰਤ ਹੈ, ਉਸ ਦਾ ਲਿਬਾਸ ਸੁਨਹਿਰੀ ਕਸੀਦੇ ਦਾ ਹੈ।
14 ੧੪ ਬੂਟੇ ਕੱਢੇ ਹੋਏ ਪਹਿਰਾਵੇ ਪਹਿਨੀ ਉਹ ਪਾਤਸ਼ਾਹ ਕੋਲ ਪਹੁੰਚਾਈ ਜਾਵੇਗੀ, ਉਹ ਦੀਆਂ ਕੁਆਰੀਆਂ ਸਹੇਲੀਆਂ ਉਹ ਦੇ ਪਿੱਛੇ-ਪਿੱਛੇ ਤੇਰੇ ਕੋਲ ਲਿਆਈਆਂ ਜਾਣਗੀਆਂ।
15 ੧੫ ਓਹ ਅਨੰਦ ਅਤੇ ਖੁਸ਼ੀ ਨਾਲ ਪਹੁੰਚਾਈਆਂ ਜਾਣਗੀਆਂ, ਓਹ ਪਾਤਸ਼ਾਹ ਦੇ ਮਹਿਲ ਵਿੱਚ ਵੜਨਗੀਆਂ।
16 ੧੬ ਤੇਰੇ ਪੁਰਖਿਆਂ ਦੇ ਥਾਂ ਤੇਰੇ ਪੁੱਤਰ ਹੋਣਗੇ, ਜਿਨ੍ਹਾਂ ਨੂੰ ਤੂੰ ਸਾਰੀ ਧਰਤੀ ਉੱਤੇ ਸਰਦਾਰ ਬਣਾਵੇਂਗਾ।
17 ੧੭ ਮੈਂ ਪੀੜ੍ਹੀਓਂ ਪੀੜੀ ਤੇਰਾ ਨਾਮ ਸਿਮਰਨ ਕਰਾਵਾਂਗਾ, ਇਸ ਲਈ ਲੋਕ ਸਦਾ ਤੱਕ ਤੇਰਾ ਧੰਨਵਾਦ ਕਰਨਗੇ।