< ਜ਼ਬੂਰ 34 >
1 ੧ ਦਾਊਦ ਦਾ ਭਜਨ, ਜਦੋਂ ਉਹ ਅਬੀਮਲਕ ਦੇ ਸਾਹਮਣੇ ਪਾਗਲ ਵਾਂਗੂੰ ਬਣਿਆ ਅਤੇ ਅਬੀਮਲਕ ਨੇ ਉਸ ਨੂੰ ਕੱਢ ਦਿੱਤਾ ਤੇ ਉਹ ਚਲਾ ਗਿਆ। ਮੈਂ ਹਰ ਵੇਲੇ ਯਹੋਵਾਹ ਨੂੰ ਮੁਬਾਰਕ ਆਖਾਂਗਾ, ਉਹ ਦੀ ਉਸਤਤ ਸਦਾ ਮੇਰੇ ਮੂੰਹ ਵਿੱਚ ਹੋਵੇਗੀ।
2 ੨ ਮੇਰੀ ਜਾਨ ਯਹੋਵਾਹ ਵਿੱਚ ਆਪਣੇ ਆਪ ਨੂੰ ਵਡਿਆਵੇਗੀ, ਦੀਨ ਲੋਕ ਸੁਣ ਕੇ ਆਨੰਦ ਹੋਣਗੇ।
3 ੩ ਮੇਰੇ ਨਾਲ ਮਿਲ ਕੇ ਯਹੋਵਾਹ ਦੀ ਵਡਿਆਈ ਕਰੋ, ਰਲ ਮਿਲ ਕੇ ਅਸੀਂ ਉਹ ਦੇ ਨਾਮ ਨੂੰ ਮੁਬਾਰਕ ਆਖੀਏ।
4 ੪ ਮੈਂ ਯਹੋਵਾਹ ਨੂੰ ਪੁਕਾਰਿਆ ਅਤੇ ਉਸ ਨੇ ਮੈਨੂੰ ਉੱਤਰ ਦਿੱਤਾ, ਅਤੇ ਮੇਰੇ ਸਾਰੇ ਡਰ ਤੋਂ ਮੈਨੂੰ ਛੁਡਾਇਆ।
5 ੫ ਉਨ੍ਹਾਂ ਨੇ ਯਹੋਵਾਹ ਦੀ ਵੱਲ ਤੱਕਿਆ ਅਤੇ ਉਹਨਾਂ ਦੇ ਚਿਹਰੇ ਉਜਲੇ ਹੋ ਗਏ, ਅਤੇ ਉਨ੍ਹਾਂ ਦੇ ਮੂੰਹ ਕਦੇ ਕਾਲੇ ਨਾ ਹੋਣਗੇ।
6 ੬ ਇਸ ਮਸਕੀਨ ਨੇ ਪੁਕਾਰਿਆ ਅਤੇ ਯਹੋਵਾਹ ਨੇ ਸੁਣਿਆ, ਅਤੇ ਉਹ ਦੇ ਸਾਰਿਆਂ ਦੁੱਖਾਂ ਤੋਂ ਉਹ ਨੂੰ ਬਚਾਇਆ।
7 ੭ ਯਹੋਵਾਹ ਦਾ ਦੂਤ ਉਸ ਤੋਂ ਸਾਰੇ ਡਰਨ ਵਾਲਿਆ ਦੇ ਦੁਆਲੇ ਡੇਰਾ ਲਾਉਂਦਾ ਹੈ, ਅਤੇ ਉਨ੍ਹਾਂ ਨੂੰ ਛੁਟਕਾਰਾ ਦਿੰਦਾ ਹੈ।
8 ੮ ਚੱਖੋ ਤੇ ਵੇਖੋ ਕਿ ਯਹੋਵਾਹ ਭਲਾ ਹੈ, ਧੰਨ ਹੈ ਉਹ ਪੁਰਸ਼ ਜੋ ਉਸ ਵਿੱਚ ਪਨਾਹ ਲੈਂਦਾ ਹੈ।
9 ੯ ਹੇ ਯਹੋਵਾਹ ਦੇ ਸੰਤੋ, ਉਸ ਤੋਂ ਡਰੋ, ਕਿਉਂ ਜੋ ਉਹ ਦੇ ਡਰਨ ਵਾਲਿਆਂ ਨੂੰ ਕੋਈ ਘਾਟ ਨਹੀਂ।
10 ੧੦ ਸ਼ੇਰ ਬੱਚਿਆਂ ਨੂੰ ਘਾਟਾ ਪੈਂਦਾ ਅਤੇ ਭੁੱਖ ਲੱਗਦੀ ਹੈ, ਪਰ ਯਹੋਵਾਹ ਦੀ ਉਡੀਕ ਕਰਨ ਵਾਲਿਆਂ ਨੂੰ ਕਿਸੇ ਚੰਗੀ ਵਸਤ ਦੀ ਘਾਟ ਨਹੀਂ ਹੋਵੇਗੀ।
11 ੧੧ ਬੱਚਿਓ, ਆਓ, ਮੇਰੀ ਸੁਣੋ ਅਤੇ ਮੈਂ ਤਹਾਨੂੰ ਯਹੋਵਾਹ ਦਾ ਭੈਅ ਮੰਨਣਾ ਸਿਖਾਵਾਂਗਾ।
12 ੧੨ ਉਹ ਕਿਹੜਾ ਮਨੁੱਖ ਹੈ ਜਿਹੜਾ ਜੀਵਨ ਨੂੰ ਲੋਚਦਾ ਹੈ, ਅਤੇ ਲੰਮੀ ਉਮਰ ਚਾਹੁੰਦਾ ਹੈ ਤਾਂ ਕਿ ਭਲਿਆਈ ਵੇਖੇ?
13 ੧੩ ਆਪਣੀ ਜੀਭ ਨੂੰ ਬੁਰਿਆਈ ਕਰਨ ਤੋਂ, ਅਤੇ ਆਪਣੇ ਬੁੱਲ੍ਹਾਂ ਨੂੰ ਬੁਰੀਆਂ ਗੱਲਾਂ ਬੋਲਣ ਤੋਂ ਰੋਕ ਰੱਖ।
14 ੧੪ ਬਦੀ ਤੋਂ ਹੱਟ ਜਾ ਅਤੇ ਨੇਕੀ ਕਰ, ਮੇਲ-ਮਿਲਾਪ ਨੂੰ ਲੱਭ ਅਤੇ ਉਸ ਦਾ ਪਿੱਛਾ ਕਰ।
15 ੧੫ ਯਹੋਵਾਹ ਦੀਆਂ ਅੱਖੀਆਂ ਧਰਮੀਆਂ ਉੱਤੇ, ਅਤੇ ਉਹ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਲੱਗੇ ਰਹਿੰਦੇ ਹਨ।
16 ੧੬ ਯਹੋਵਾਹ ਦਾ ਮੂੰਹ ਕੁਕਰਮੀਆਂ ਦੇ ਵਿਰੁੱਧ ਹੈ, ਜੋ ਤੂੰ ਉਹਨਾਂ ਦੀ ਯਾਦ ਧਰਤੀ ਤੋਂ ਮਿਟਾ ਸੁੱਟੇ।
17 ੧੭ ਧਰਮੀ ਦੁਹਾਈ ਦਿੰਦੇ ਹਨ ਅਤੇ ਯਹੋਵਾਹ ਸੁਣਦਾ ਹੈ, ਅਤੇ ਉਹਨਾਂ ਨੂੰ ਸਾਰਿਆਂ ਦੁੱਖਾਂ ਤੋਂ ਛੁਡਾਉਂਦਾ ਹੈ।
18 ੧੮ ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲਿਆਂ ਆਤਮਾਵਾਂ ਵਾਲਿਆਂ ਨੂੰ ਬਚਾਉਂਦਾ ਹੈ।
19 ੧੯ ਧਰਮੀ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਪੈਂਦੀਆਂ ਹਨ, ਪਰ ਯਹੋਵਾਹ ਉਹਨਾਂ ਸਭਨਾਂ ਤੋਂ ਉਸ ਨੂੰ ਛੁਡਾਉਂਦਾ ਹੈ।
20 ੨੦ ਉਹ ਉਸ ਦੀਆਂ ਸਾਰੀਆਂ ਹੱਡੀਆਂ ਦਾ ਰਾਖ਼ਾ ਹੈ, ਉਨ੍ਹਾਂ ਵਿੱਚੋਂ ਇੱਕ ਵੀ ਨਹੀਂ ਤੋੜੀ ਜਾਂਦੀ।
21 ੨੧ ਬੁਰਿਆਈ ਦੁਸ਼ਟਾਂ ਨੂੰ ਮਾਰ ਸੁੱਟੇਗੀ, ਅਤੇ ਧਰਮੀ ਤੋਂ ਘਿਣ ਕਰਨ ਵਾਲੇ ਦੋਸ਼ੀ ਠਹਿਰਨਗੇ।
22 ੨੨ ਯਹੋਵਾਹ ਆਪਣੇ ਸੇਵਕਾਂ ਦੀ ਜਾਨ ਨੂੰ ਮੁੱਲ ਦੇ ਕੇ ਛੁਡਾਉਂਦਾ ਹੈ, ਅਤੇ ਉਸ ਦੇ ਸਾਰੇ ਸ਼ਰਨਾਰਥੀਆਂ ਵਿੱਚੋਂ ਕੋਈ ਵੀ ਦੋਸ਼ੀ ਨਹੀਂ ਠਹਿਰੇਗਾ।