< ਜ਼ਬੂਰ 27 >
1 ੧ ਦਾਊਦ ਦਾ ਭਜਨ। ਯਹੋਵਾਹ ਮੇਰਾ ਚਾਨਣ ਅਤੇ ਮੇਰਾ ਬਚਾਓ ਹੈ, ਮੈਂ ਕਿਸ ਤੋਂ ਡਰਾਂ? ਯਹੋਵਾਹ ਮੇਰੇ ਜੀਉਣ ਦਾ ਗੜ੍ਹ ਹੈ, ਮੈਂ ਕਿਸ ਦਾ ਭੈਅ ਖਾਵਾਂ?
2 ੨ ਜਦ ਬੁਰਿਆਰ ਅਰਥਾਤ ਮੇਰੇ ਵਿਰੋਧੀ ਅਤੇ ਵੈਰੀ ਮੇਰਾ ਮਾਸ ਖਾਣ ਨੂੰ ਨੇੜੇ ਆਏ, ਤਾਂ ਓਹ ਠੇਡਾ ਖਾ ਕੇ ਡਿੱਗ ਪਏ।
3 ੩ ਭਾਵੇਂ ਇੱਕ ਦਲ ਮੇਰੇ ਵਿਰੁੱਧ ਡੇਰਾ ਲਾ ਲਵੇ, ਤਾਂ ਵੀ ਮੇਰਾ ਦਿਲ ਨਾ ਡਰੇਗਾ। ਭਾਵੇਂ ਮੇਰੇ ਵਿਰੁੱਧ ਯੁੱਧ ਉੱਠੇ, ਇਸ ਵਿੱਚ ਵੀ ਮੈਂ ਆਸਵੰਤ ਹਾਂ।
4 ੪ ਮੈਂ ਯਹੋਵਾਹ ਤੋਂ ਇੱਕ ਗੱਲ ਮੰਗੀ ਹੈ ਅਤੇ ਮੈਂ ਉਹੀ ਭਾਲਾਂਗਾ, ਕਿ ਮੈਂ ਜੀਉਣ ਭਰ ਯਹੋਵਾਹ ਦੇ ਘਰ ਵੱਸਾਂ, ਤਾਂ ਜੋ ਮੈਂ ਯਹੋਵਾਹ ਦੀ ਮਨੋਹਰਤਾ ਨੂੰ ਤੱਕਾਂ, ਅਤੇ ਉਹ ਦੀ ਹੈਕਲ ਵਿੱਚ ਧਿਆਨ ਕਰਾਂ।
5 ੫ ਬਿਪਤਾ ਦੇ ਦਿਨ ਉਹ ਤਾਂ ਮੈਨੂੰ ਆਪਣੇ ਮੰਡਪ ਵਿੱਚ ਲੁਕਾਵੇਗਾ, ਅਤੇ ਆਪਣੇ ਤੰਬੂ ਦੇ ਪਰਦੇ ਵਿੱਚ ਮੈਨੂੰ ਛਿਪਾਵੇਗਾ, ਉਹ ਮੈਨੂੰ ਚੱਟਾਨ ਤੇ ਉੱਚਾ ਕਰੇਗਾ।
6 ੬ ਹੁਣ ਮੇਰਾ ਸਿਰ ਮੇਰੇ ਆਲੇ-ਦੁਆਲੇ ਦੇ ਵੈਰੀਆਂ ਦੇ ਉੱਤੇ ਉੱਚਾ ਕੀਤਾ ਜਾਵੇਗਾ, ਅਤੇ ਉਹ ਦੇ ਤੰਬੂ ਵਿੱਚ ਮੈਂ ਜੈ-ਜੈਕਾਰ ਦੇ ਚੜਾਵੇ ਚੜ੍ਹਾਵਾਂਗਾ, ਮੈਂ ਗਾਵਾਂਗਾ, ਮੈਂ ਯਹੋਵਾਹ ਦੇ ਜ਼ਬੂਰ ਗਾਵਾਂਗਾ।
7 ੭ ਹੇ ਯਹੋਵਾਹ, ਮੇਰੀ ਪੁਕਾਰ ਦੀ ਅਵਾਜ਼ ਸੁਣ, ਮੇਰੇ ਉੱਤੇ ਦਯਾ ਕਰ ਅਤੇ ਮੈਨੂੰ ਉੱਤਰ ਦੇ।
8 ੮ “ਮੇਰੇ ਦਰਸ਼ਣ ਦੀ ਖੋਜ ਕਰੋ,” ਤਾਂ ਮੇਰੇ ਮਨ ਨੇ ਤੈਨੂੰ ਆਖਿਆ, ਹੇ ਯਹੋਵਾਹ, ਮੈਂ ਤੇਰੇ ਦਰਸ਼ਣ ਦੀ ਖੋਜ ਕਰਾਂਗਾ।
9 ੯ ਆਪਣਾ ਮੁੱਖ ਮੇਰੇ ਤੋਂ ਨਾ ਲੁਕਾ, ਆਪਣੇ ਦਾਸ ਨੂੰ ਕ੍ਰੋਧ ਨਾਲ ਦੂਰ ਨਾ ਕਰ, ਤੂੰ ਮੇਰਾ ਸਹਾਇਕ ਰਿਹਾ ਹੈਂ, ਨਾ ਮੈਨੂੰ ਛੱਡ, ਨਾ ਮੈਨੂੰ ਤਿਆਗ, ਹੇ ਮੇਰੇ ਮੁਕਤੀ ਦੇ ਪਰਮੇਸ਼ੁਰ!
10 ੧੦ ਜਦ ਮੇਰੇ ਮਾਤਾ-ਪਿਤਾ ਮੈਨੂੰ ਤਿਆਗ ਦੇਣ, ਤਦ ਯਹੋਵਾਹ ਮੈਨੂੰ ਸੰਭਾਲੇਗਾ।
11 ੧੧ ਹੇ ਯਹੋਵਾਹ, ਆਪਣਾ ਰਾਹ ਮੈਨੂੰ ਸਿਖਾ, ਅਤੇ ਮੇਰੇ ਘਾਤੀਆਂ ਦੇ ਕਾਰਨ ਸਿੱਧੇ ਰਾਹ ਉੱਤੇ ਮੇਰੀ ਅਗਵਾਈ ਕਰ।
12 ੧੨ ਮੇਰੇ ਵਿਰੋਧੀਆਂ ਦੀ ਮਰਜ਼ੀ ਦੇ ਹਵਾਲੇ ਮੈਨੂੰ ਨਾ ਕਰ, ਕਿਉਂ ਜੋ ਝੂਠੇ ਗਵਾਹ ਮੇਰੇ ਵਿਰੁੱਧ ਉੱਠੇ ਹਨ, ਅਤੇ ਉਹ ਜੋ ਜ਼ੁਲਮ ਦੀਆਂ ਫੂਕਾਂ ਮਾਰਦੇ ਹਨ।
13 ੧੩ ਪਰ ਮੈਨੂੰ ਜੀਉਂਦਿਆਂ ਦੀ ਧਰਤੀ ਉੱਤੇ ਯਹੋਵਾਹ ਦੀ ਭਲਿਆਈ ਵੇਖਣ ਦਾ ਵਿਸ਼ਵਾਸ ਹੈ ।
14 ੧੪ ਯਹੋਵਾਹ ਨੂੰ ਉਡੀਕ, ਤਕੜਾ ਹੋ ਅਤੇ ਤੇਰਾ ਮਨ ਦਲੇਰ ਹੋਵੇ, ਹਾਂ, ਯਹੋਵਾਹ ਨੂੰ ਹੀ ਉਡੀਕ!