< ਜ਼ਬੂਰ 22 >
1 ੧ ਪ੍ਰਧਾਨ ਵਜਾਉਣ ਵਾਲੇ ਦੇ ਲਈ ਅਬਲੇਰਸ਼ਰ ਦੇ ਰਾਗ ਵਿੱਚ ਦਾਊਦ ਦਾ ਭਜਨ। ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਛੱਡ ਦਿੱਤਾ ਹੈ? ਅਤੇ ਮੇਰੇ ਬਚਾਉਣ ਤੋਂ ਅਤੇ ਮੇਰੀਆਂ ਭੁੱਬਾਂ ਦੇ ਸ਼ਬਦਾਂ ਤੋਂ ਕਿਉਂ ਦੂਰ ਰਹਿੰਦਾ ਹੈ?
2 ੨ ਹੇ ਮੇਰੇ ਪਰਮੇਸ਼ੁਰ, ਮੈਂ ਦਿਨ ਵੇਲੇ ਤੈਨੂੰ ਪੁਕਾਰਦਾ ਹਾਂ ਪਰ ਤੂੰ ਉੱਤਰ ਨਹੀਂ ਦਿੰਦਾ, ਅਤੇ ਰਾਤ ਨੂੰ ਵੀ ਪਰ ਮੈਨੂੰ ਚੈਨ ਨਹੀਂ।
3 ੩ ਤੂੰ ਤਾਂ ਪਵਿੱਤਰ ਹੈਂ, ਤੂੰ ਜੋ ਇਸਰਾਏਲ ਦੀਆਂ ਉਸਤਤਾਂ ਵਿੱਚ ਵੱਸਦਾ ਹੈਂ।
4 ੪ ਸਾਡੇ ਪੁਰਖਿਆਂ ਨੇ ਤੇਰੇ ਉੱਤੇ ਭਰੋਸਾ ਕੀਤਾ, ਉਨ੍ਹਾਂ ਨੇ ਭਰੋਸਾ ਕੀਤਾ ਅਤੇ ਤੂੰ ਉਨ੍ਹਾਂ ਨੂੰ ਛੁਡਾਇਆ।
5 ੫ ਉਨ੍ਹਾਂ ਨੇ ਤੇਰੀ ਦੁਹਾਈ ਦਿੱਤੀ ਅਤੇ ਛੁਟਕਾਰਾ ਪਾਇਆ, ਉਨ੍ਹਾਂ ਨੇ ਤੇਰੇ ਉੱਤੇ ਭਰੋਸਾ ਰੱਖਿਆ ਅਤੇ ਓਹ ਸ਼ਰਮਿੰਦੇ ਨਾ ਹੋਏ।
6 ੬ ਪਰ ਮੈਂ ਕੀੜਾ ਹਾਂ, ਮੈਂ ਮਨੁੱਖ ਨਹੀਂ ਹਾਂ, ਆਦਮੀ ਦੀ ਨਮੋਸ਼ੀ ਅਤੇ ਲੋਕਾਂ ਵਿੱਚ ਤੁੱਛ ਹਾਂ।
7 ੭ ਜਿੰਨੇ ਮੈਨੂੰ ਵੇਖਦੇ ਹਨ ਓਹ ਮੈਨੂੰ ਮਖ਼ੌਲ ਵਿੱਚ ਉਡਾਉਂਦੇ ਹਨ, ਓਹ ਬੁੱਲ ਪਸਾਰਦੇ ਅਤੇ ਸਿਰ ਹਿਲਾਉਂਦੇ ਹਨ,
8 ੮ “ਯਹੋਵਾਹ ਦੇ ਅਧੀਨ ਹੋ ਜਾ, ਉਹ ਹੀ ਉਸ ਨੂੰ ਛੁਡਾਵੇ, ਉਹ ਹੀ ਉਸ ਨੂੰ ਬਚਾਵੇ ਕਿਉਂ ਜੋ ਉਹ ਉਸ ਤੋਂ ਪਰਸੰਨ ਹੈ।”
9 ੯ ਪਰ ਤੂੰ ਹੀ ਮੈਨੂੰ ਕੁੱਖੋਂ ਬਾਹਰ ਲਿਆਇਆ, ਅਤੇ ਮੇਰੀ ਮਾਤਾ ਦੀਆਂ ਦੁੱਧੀਆਂ ਉੱਤੇ ਮੈਨੂੰ ਭਰੋਸਾ ਦਿਲਾਇਆ,
10 ੧੦ ਜੰਮਦਿਆਂ ਸਾਰ ਮੈਂ ਤੇਰੇ ਹੀ ਉੱਤੇ ਭਰੋਸਾ ਰੱਖਿਆ, ਮਾਤਾ ਦੀ ਕੁੱਖ ਤੋਂ ਹੀ ਤੂੰ ਮੇਰਾ ਪਰਮੇਸ਼ੁਰ ਹੈਂ।
11 ੧੧ ਮੈਥੋਂ ਦੂਰ ਨਾ ਰਹਿ ਕਿਉਂ ਜੋ ਬਿਪਤਾ ਨੇੜੇ ਆ ਗਈ ਹੈ, ਅਤੇ ਕੋਈ ਸਹਾਇਕ ਨਹੀਂ।
12 ੧੨ ਬਹੁਤੇ ਬਲ਼ਦਾਂ ਨੇ ਮੈਨੂੰ ਘੇਰ ਲਿਆ ਹੈ, ਬਾਸ਼ਾਨ ਦੇਸ਼ ਦੇ ਬਲਵੰਤ ਬਲ਼ਦਾਂ ਨੇ ਮੈਨੂੰ ਘੇਰਾ ਪਾ ਲਿਆ ਹੈ,
13 ੧੩ ਓਹ ਪਾੜਨ ਅਤੇ ਗੱਜਣ ਵਾਲੇ ਬੱਬਰ ਸ਼ੇਰ ਵਾਂਗੂੰ ਮੇਰੇ ਉੱਤੇ ਮੂੰਹ ਅੱਡਦੇ ਹਨ।
14 ੧੪ ਮੈਂ ਪਾਣੀ ਵਾਂਗੂੰ ਡੋਲ੍ਹਿਆ ਗਿਆ ਹਾਂ, ਮੇਰੀਆਂ ਸਾਰੀਆਂ ਹੱਡੀਆਂ ਉੱਖੜ ਗਈਆਂ ਹਨ, ਮੇਰਾ ਦਿਲ ਮੋਮ ਵਰਗਾ ਹੈ, ਉਹ ਮੇਰੇ ਅੰਦਰ ਪਿਘਲ ਗਿਆ ਹੈ।
15 ੧੫ ਮੇਰਾ ਗਲ਼ਾ ਠੀਕਰੇ ਵਾਂਗੂੰ ਸੁੱਕ ਗਿਆ, ਅਤੇ ਮੇਰੀ ਜੀਭ ਤਾਲੂ ਨਾਲ ਲੱਗਦੀ ਜਾਂਦੀ ਹੈ, ਅਤੇ ਤੂੰ ਮੈਨੂੰ ਮੌਤ ਦੀ ਧੂੜ ਵਿੱਚ ਰੱਖ ਛੱਡਿਆ।
16 ੧੬ ਕਿਉਂ ਜੋ ਕੁੱਤਿਆਂ ਨੇ ਮੈਨੂੰ ਘੇਰ ਲਿਆ ਹੈ, ਕੁਕਰਮੀਆਂ ਦੀ ਟੋਲੀ ਨੇ ਮੈਨੂੰ ਘੇਰਾ ਪਾ ਲਿਆ ਹੈ, ਉਨ੍ਹਾਂ ਨੇ ਮੇਰੇ ਹੱਥ-ਪੈਰ ਵਿੰਨ੍ਹ ਸੁੱਟੇ ਹਨ।
17 ੧੭ ਮੈਂ ਆਪਣੀਆਂ ਸਾਰੀਆਂ ਹੱਡੀਆਂ ਗਿਣ ਸਕਦਾ ਹਾਂ, ਓਹ ਮੈਨੂੰ ਘੂਰ-ਘੂਰ ਕੇ ਵੇਖਦੇ ਹਨ।
18 ੧੮ ਓਹ ਮੇਰੇ ਕੱਪੜੇ ਆਪਸ ਵਿੱਚ ਵੰਡ ਲੈਂਦੇ ਹਨ, ਅਤੇ ਮੇਰੇ ਲਿਬਾਸ ਉੱਤੇ ਪਰਚੀਆਂ ਸੁੱਟਦੇ ਹਨ।
19 ੧੯ ਪਰ ਤੂੰ ਯਹੋਵਾਹ ਦੂਰ ਨਾ ਰਹਿ, ਹੇ ਮੇਰੇ ਬਲ, ਮੇਰੀ ਸਹਾਇਤਾ ਲਈ ਛੇਤੀ ਕਰ,
20 ੨੦ ਮੇਰੀ ਜਾਨ ਨੂੰ ਤਲਵਾਰ ਤੋਂ, ਅਤੇ ਮੇਰੇ ਜੀਵ ਨੂੰ ਕੁੱਤੇ ਦੇ ਵੱਸ ਤੋਂ ਛੁਡਾ।
21 ੨੧ ਬੱਬਰ ਸ਼ੇਰ ਦੇ ਮੂੰਹ ਤੋਂ ਬਚਾ, ਅਤੇ ਜੰਗਲੀ ਬਲਦਾਂ ਦੇ ਸਿੰਗਾਂ ਤੋਂ, ਤੂੰ ਮੈਨੂੰ ਬਚਾਇਆ ਹੈ ।
22 ੨੨ ਮੈਂ ਆਪਣਿਆਂ ਭਰਾਵਾਂ ਨੂੰ ਤੇਰਾ ਨਾਮ ਸੁਣਾਵਾਂਗਾ, ਅਤੇ ਸਭਾ ਵਿੱਚ ਤੇਰੀ ਉਸਤਤ ਕਰਾਂਗਾ।
23 ੨੩ ਯਹੋਵਾਹ ਤੋਂ ਡਰਨ ਵਾਲਿਓ, ਉਹ ਦੀ ਉਸਤਤ ਕਰੋ, ਯਾਕੂਬ ਦਾ ਸਾਰਾ ਵੰਸ਼, ਉਹ ਦੀ ਮਹਿਮਾ ਕਰੋ, ਅਤੇ ਇਸਰਾਏਲ ਦਾ ਸਾਰਾ ਵੰਸ਼, ਉਸ ਤੋਂ ਡਰੋ,
24 ੨੪ ਕਿਉਂ ਜੋ ਉਹ ਨੇ ਦੁਖੀਏ ਦੇ ਦੁੱਖ ਨੂੰ ਤੁੱਛ ਨਾ ਜਾਣਿਆ ਨਾ ਉਸ ਤੋਂ ਘਿਣ ਕੀਤੀ, ਅਤੇ ਨਾ ਉਸ ਤੋਂ ਆਪਣਾ ਮੂੰਹ ਛਿਪਾਇਆ, ਅਤੇ ਜਦ ਉਸ ਨੇ ਉਹ ਦੀ ਦੁਹਾਈ ਦਿੱਤੀ ਤਾਂ ਉਹ ਨੇ ਸੁਣਿਆ।
25 ੨੫ ਮਹਾਂ ਸਭਾ ਵਿੱਚ ਮੇਰਾ ਉਸਤਤ ਕਰਨਾ ਤੇਰੀ ਵੱਲੋਂ ਹੁੰਦਾ ਹੈ, ਉਸ ਤੋਂ ਡਰਨ ਵਾਲਿਆਂ ਅੱਗੇ ਮੈਂ ਆਪਣੀਆਂ ਸੁੱਖਣਾਂ ਪੂਰੀਆਂ ਕਰਾਂਗਾ।
26 ੨੬ ਨਮਰ ਲੋਕ ਖਾਣਗੇ ਅਤੇ ਤ੍ਰਿਪਤ ਹੋਣਗੇ, ਯਹੋਵਾਹ ਦੇ ਖੋਜੀ ਉਸ ਦੀ ਉਸਤਤ ਕਰਨਗੇ, ਉਹਨਾਂ ਦਾ ਮਨ ਸਦਾ ਜਿਉਂਦਾ ਰਹੇ!
27 ੨੭ ਧਰਤੀ ਦੀਆਂ ਸਾਰੀਆਂ ਕੌਮਾਂ ਚੇਤੇ ਕਰ ਕੇ ਯਹੋਵਾਹ ਵੱਲ ਫਿਰਨਗੀਆਂ, ਅਤੇ ਕੌਮਾਂ ਦੇ ਸਾਰੇ ਘਰਾਣੇ ਤੇਰੇ ਅੱਗੇ ਮੱਥਾ ਟੇਕਣਗੇ,
28 ੨੮ ਕਿਉਂ ਜੋ ਰਾਜ ਯਹੋਵਾਹ ਦਾ ਹੈ, ਅਤੇ ਕੌਮਾਂ ਉੱਤੇ ਉਹੋ ਹਾਕਮ ਹੈ।
29 ੨੯ ਧਰਤੀ ਦੇ ਸਾਰੇ ਮੇਰੇ ਲੋਕ ਖਾਣਗੇ ਅਤੇ ਉਹ ਨੂੰ ਮੱਥਾ ਟੇਕਣਗੇ, ਓਹ ਸੱਭੇ ਜੋ ਮਰ ਮਿਟਦੇ ਹਨ ਉਹ ਦੇ ਅੱਗੇ ਝੁਕਣਗੇ, ਅਤੇ ਕੋਈ ਆਪਣੀ ਜਾਨ ਜਿਉਂਦੀ ਨਹੀਂ ਰੱਖ ਸਕਦਾ।
30 ੩੦ ਇੱਕ ਵੰਸ਼ ਉਹ ਦੀ ਸੇਵਾ ਕਰੇਗਾ, ਉਹ ਪ੍ਰਭੂ ਦੀ ਪੀੜ੍ਹੀ ਕਰਕੇ ਗਿਣਿਆ ਜਾਵੇਗਾ।
31 ੩੧ ਓਹ ਆਉਣਗੇ ਅਤੇ ਉਹ ਦਾ ਧਰਮ ਜਨਮ ਲੈਣ ਵਾਲੀ ਪਰਜਾ ਨੂੰ ਦੱਸਣਗੇ, ਕਿ ਉਹ ਨੇ ਹੀ ਇਹ ਕੀਤਾ ਹੈ।