< ਜ਼ਬੂਰ 109 >
1 ੧ ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ ਹੇ ਮੇਰੀ ਉਸਤਤ ਦੇ ਪਰਮੇਸ਼ੁਰ, ਤੂੰ ਚੁੱਪ ਨਾ ਰਹਿ,
2 ੨ ਕਿਉਂ ਜੋ ਭੈੜਾ ਮੂੰਹ ਅਤੇ ਛਲ ਵਾਲਾ ਮੂੰਹ ਉਨ੍ਹਾਂ ਨੇ ਮੇਰੇ ਵਿਰੁੱਧ ਖੋਲਿਆ ਹੈ, ਓਹ ਝੂਠੀ ਜੀਭ ਨਾਲ ਮੈਨੂੰ ਬੋਲੇ।
3 ੩ ਉਨ੍ਹਾਂ ਨੇ ਵੈਰ ਦੀਆਂ ਗੱਲਾਂ ਨਾਲ ਮੈਨੂੰ ਘੇਰ ਲਿਆ, ਅਤੇ ਧਗਾਣੇ ਮੇਰੇ ਨਾਲ ਝਗੜੇ।
4 ੪ ਮੇਰੇ ਪ੍ਰੇਮ ਦੇ ਬਦਲੇ ਓਹ ਮੇਰਾ ਵਿਰੋਧ ਕਰਦੇ ਹਨ, ਪਰ ਮੈਂ ਪ੍ਰਾਰਥਨਾ ਕਰਦਾ ਹਾਂ।
5 ੫ ਭਲਿਆਈ ਦੇ ਬਦਲੇ ਬੁਰਿਆਈ ਅਤੇ ਮੇਰੇ ਪ੍ਰੇਮ ਦੇ ਬਦਲੇ ਵੈਰ ਓਹ ਮੇਰੇ ਵਿਰੁੱਧ ਰੱਖਦੇ ਹਨ।
6 ੬ ਦੁਸ਼ਟ ਉਹ ਦੇ ਉੱਤੇ ਲਾ, ਅਤੇ ਵਿਰੋਧੀ ਉਹ ਦੇ ਸੱਜੇ ਹੱਥ ਖੜ੍ਹਾ ਰਹੇ!
7 ੭ ਆਪਣੇ ਨਿਆਂ ਵਿੱਚ ਉਹ ਦੋਸ਼ੀ ਨਿੱਕਲੇ, ਅਤੇ ਉਹ ਦੀ ਪ੍ਰਾਰਥਨਾ ਪਾਪ ਗਿਣੀ ਜਾਵੇ!
8 ੮ ਉਹ ਦੇ ਜਿਉਣ ਦੇ ਦਿਨ ਥੋੜੇ ਹੋਣ, ਉਹ ਦਾ ਅਹੁਦਾ ਕੋਈ ਹੋਰ ਲਵੇ!
9 ੯ ਉਹ ਦੇ ਬੱਚੇ ਯਤੀਮ ਹੋ ਜਾਣ, ਅਤੇ ਉਹ ਦੀ ਔਰਤ ਵਿਧਵਾ ਹੋ ਜਾਵੇ!
10 ੧੦ ਉਹ ਦੇ ਬਾਲ ਰੁਲਦੇ ਫਿਰਨ ਤੇ ਭੀਖ ਮੰਗਣ, ਅਤੇ ਆਪਣੇ ਉੱਜੜੇ ਥਾਵਾਂ ਤੋਂ ਦੂਰ ਟੁੱਕਰ ਲੱਭਣ!
11 ੧੧ ਉਹ ਦਾ ਸ਼ਾਹ ਉਹ ਦਾ ਸਭ ਕੁਝ ਫਾਹ ਲਵੇ, ਅਤੇ ਓਪਰੇ ਉਹ ਦੀ ਕਮਾਈ ਨੂੰ ਠੱਗ ਲੈਣ!
12 ੧੨ ਕੋਈ ਨਾ ਹੋਵੇ ਜਿਹੜਾ ਉਹ ਦੇ ਉੱਤੇ ਦਯਾ ਕਰਦਾ ਰਹੇ, ਨਾ ਕੋਈ ਉਹ ਦੇ ਯਤੀਮਾਂ ਉੱਤੇ ਤਰਸ ਕਰੇ!
13 ੧੩ ਉਹ ਦੀ ਅੰਸ ਮੁਕਾਈ ਜਾਵੇ, ਆਉਣ ਵਾਲੀ ਪੀੜ੍ਹੀ ਵਿੱਚ ਉਸ ਦਾ ਨਾਮ ਮਿਟਾਇਆ ਜਾਵੇ!
14 ੧੪ ਉਹ ਦੇ ਪੁਰਖਿਆਂ ਦੀ ਬਦੀ ਯਹੋਵਾਹ ਨੂੰ ਚੇਤੇ ਰਹੇ, ਅਤੇ ਉਹ ਦੀ ਮਾਂ ਦਾ ਪਾਪ ਨਾ ਮਿਟਾਇਆ ਜਾਵੇ!
15 ੧੫ ਓਹ ਸਦਾ ਯਹੋਵਾਹ ਦੇ ਸਾਹਮਣੇ ਪਏ ਰਹਿਣ, ਕਿ ਉਹ ਉਨ੍ਹਾਂ ਦੀ ਯਾਦ ਧਰਤੀਓਂ ਮੁਕਾ ਦੇਵੇ,
16 ੧੬ ਕਿਉਂ ਜੋ ਉਹ ਨੇ ਦਯਾ ਕਰਨੀ ਚੇਤੇ ਨਾ ਰੱਖੀ, ਪਰ ਉਹ ਮਸਕੀਨ, ਕੰਗਾਲ ਤੇ ਟੁੱਟੇ ਦਿਲ ਵਾਲੇ ਨੂੰ ਮਾਰ ਸੁੱਟਣ ਲਈ ਪਿੱਛੇ ਪਿਆ,
17 ੧੭ ਹਾਂ, ਉਹ ਨੇ ਫਿਟਕਾਰ ਨਾਲ ਪ੍ਰੀਤ ਰੱਖੀ, ਸੋ ਉਹ ਉਸ ਤੇ ਆ ਪਈ, ਅਤੇ ਬਰਕਤ ਤੋਂ ਉਹ ਖੁਸ਼ ਨਹੀਂ ਸੀ, ਸੋ ਉਹ ਉਸ ਤੋਂ ਦੂਰ ਰਹੀ,
18 ੧੮ ਅਤੇ ਉਹ ਨੇ ਫਿਟਕਾਰ ਨੂੰ ਆਪਣੇ ਬਸਤਰ ਵਾਂਗੂੰ ਪਾਇਆ ਹੋਇਆ ਸੀ, ਅਤੇ ਉਹ ਪਾਣੀ ਵਾਂਗੂੰ ਉਹ ਦੇ ਅੰਦਰ, ਅਤੇ ਉਹ ਦੀਆਂ ਹੱਡੀਆਂ ਵਿੱਚ ਤੇਲ ਵਾਂਗੂੰ ਸਮਾਈ ਹੋਈ ਸੀ।
19 ੧੯ ਉਹ ਉਸ ਲਈ ਉਸ ਲੀੜੇ ਵਾਂਗੂੰ ਹੋ ਜਾਵੇ ਜਿਹ ਦੇ ਨਾਲ ਉਹ ਆਪਣੇ ਆਪ ਨੂੰ ਢੱਕੇ, ਤੇ ਉਸ ਪੇਟੀ ਵਾਂਗੂੰ ਜਿਹ ਦੇ ਨਾਲ ਉਹ ਆਪਣੀ ਕਮਰ ਕੱਸਦਾ ਰਹੇ!
20 ੨੦ ਏਹੋ ਈ ਮੇਰੇ ਵਿਰੋਧੀਆਂ ਦਾ ਬਦਲਾ ਯਹੋਵਾਹ ਵੱਲੋਂ ਹੋਵੇ, ਅਤੇ ਮੇਰੀ ਜਾਨ ਦੇ ਵਿਰੁੱਧ ਬੁਰਾ ਬੋਲਣ ਵਾਲਿਆਂ ਦਾ ਵੀ!
21 ੨੧ ਪਰ ਤੂੰ, ਹੇ ਪ੍ਰਭੂ ਯਹੋਵਾਹ, ਆਪਣੇ ਨਾਮ ਦੇ ਕਾਰਨ ਮੇਰੇ ਲਈ ਕੁਝ ਕਰ, ਤੇਰੀ ਦਯਾ ਤਾਂ ਭਲੀ ਹੈ, ਮੈਨੂੰ ਛੁਡਾ ਲੈ,
22 ੨੨ ਕਿਉਂ ਜੋ ਮੈਂ ਮਸਕੀਨ ਤੇ ਕੰਗਾਲ ਹਾਂ, ਅਤੇ ਮੇਰਾ ਦਿਲ ਮੇਰੇ ਅੰਦਰ ਫੱਟੜ ਹੋਇਆ ਹੈ।
23 ੨੩ ਮੈਂ ਢਲਦੀ ਛਾਂ ਵਾਂਗੂੰ ਜਾਂਦਾ ਰਿਹਾ, ਮੈਂ ਸਲਾ ਵਾਂਗੂੰ ਝਾੜਿਆ ਜਾਂਦਾ,
24 ੨੪ ਵਰਤਾਂ ਨਾਲ ਮੇਰੇ ਗੋਡੇ ਭਿੜਦੇ ਹਨ, ਮੇਰਾ ਮਾਸ ਤੇਲ ਖੁਣੋਂ ਲਿੱਸਾ ਹੋ ਗਿਆ ਹੈ।
25 ੨੫ ਮੈਂ ਉਨ੍ਹਾਂ ਦੇ ਲਈ ਤਾਨਿਆਂ ਦਾ ਥਾਂ ਹੋ ਗਿਆ, ਜਦ ਓਹ ਮੈਨੂੰ ਵੇਖਦੇ, ਓਹ ਆਪਣੇ ਸਿਰ ਹਿਲਾਉਂਦੇ ਹਨ।
26 ੨੬ ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੇਰੀ ਸਹਾਇਤਾ ਕਰ! ਆਪਣੀ ਦਯਾ ਅਨੁਸਾਰ ਮੈਨੂੰ ਬਚਾ,
27 ੨੭ ਕਿ ਓਹ ਜਾਣਨ ਕਿ ਇਹ ਤੇਰਾ ਹੀ ਹੱਥ ਹੈ, ਅਤੇ ਤੂੰ, ਹੇ ਯਹੋਵਾਹ, ਇਹ ਕੀਤਾ ਹੈ।
28 ੨੮ ਓਹ ਫਿਟਕਾਰਾਂ ਦੇਣ ਪਰ ਤੂੰ ਬਰਕਤ ਦੇ! ਜਦ ਓਹ ਉੱਠਣ ਤਾਂ ਓਹ ਸ਼ਰਮਿੰਦੇ ਹੋਣ, ਪਰ ਤੇਰਾ ਦਾਸ ਅਨੰਦ ਹੋਵੇ!
29 ੨੯ ਮੇਰੇ ਵਿਰੋਧੀ ਨਿਰਾਦਰੀ ਪਹਿਨਣ, ਓਹ ਆਪਣੇ ਆਪ ਨੂੰ ਲਾਜ ਨਾਲ ਚੱਦਰ ਵਾਂਗੂੰ ਕੱਜਣ!
30 ੩੦ ਮੈਂ ਆਪਣੇ ਮੂੰਹ ਨਾਲ ਯਹੋਵਾਹ ਦਾ ਬਹੁਤ ਧੰਨਵਾਦ ਕਰਾਂਗਾ, ਅਤੇ ਬਹੁਤਿਆਂ ਦੇ ਵਿੱਚ ਉਹ ਦੀ ਉਸਤਤ ਕਰਾਂਗਾ।
31 ੩੧ ਯਹੋਵਾਹ ਤਾਂ ਕੰਗਾਲ ਦੀ ਮਦਦ ਕਰੇਗਾ, ਕਿ ਉਹ ਦੀ ਜਾਨ ਦੇ ਘਾਤਕਾਂ ਤੋਂ ਬਚਾਵੇ।