< ਕਹਾਉਤਾਂ 28 >
1 ੧ ਦੁਸ਼ਟ ਨੱਠਦੇ ਹਨ ਭਾਵੇਂ ਕੋਈ ਪਿੱਛਾ ਕਰਨ ਵਾਲਾ ਵੀ ਨਾ ਹੋਵੇ, ਪਰ ਧਰਮੀ ਸ਼ੇਰ ਵਾਂਗੂੰ ਨਿਡਰ ਰਹਿੰਦੇ ਹਨ।
2 ੨ ਦੇਸ ਦੇ ਵਿੱਚ ਅਪਰਾਧ ਦੇ ਕਾਰਨ ਉਸ ਦੇ ਹਾਕਮ ਬਦਲਦੇ ਰਹਿੰਦੇ ਹਨ, ਪਰ ਸਿਆਣੇ ਅਤੇ ਗਿਆਨਵਾਨ ਮਨੁੱਖ ਦੇ ਦੁਆਰਾ ਉਸ ਦਾ ਚੰਗਾ ਪ੍ਰਬੰਧ ਲੰਮੇ ਸਮੇਂ ਤੱਕ ਬਣਿਆ ਰਹੇਗਾ।
3 ੩ ਜੋ ਕੰਗਾਲ ਮਨੁੱਖ ਗਰੀਬਾਂ ਨੂੰ ਦਬਾਉਂਦਾ ਹੈ, ਉਹ ਵਾਛੜ ਦੇ ਮੀਂਹ ਵਰਗਾ ਹੈ ਜਿਹੜਾ ਰੋਟੀ ਵੀ ਨਹੀਂ ਰਹਿਣ ਦਿੰਦਾ।
4 ੪ ਬਿਵਸਥਾ ਦੇ ਤਿਆਗਣ ਵਾਲੇ ਦੁਸ਼ਟਾਂ ਦੀ ਮਹਿਮਾ ਕਰਦੇ ਹਨ, ਪਰ ਬਿਵਸਥਾ ਦੀ ਪਾਲਣਾ ਕਰਨ ਵਾਲੇ ਉਨ੍ਹਾਂ ਦਾ ਵਿਰੋਧ ਕਰਦੇ ਹਨ।
5 ੫ ਬੁਰੇ ਮਨੁੱਖ ਨਿਆਂ ਨੂੰ ਨਹੀਂ ਸਮਝਦੇ, ਪਰੰਤੂ ਯਹੋਵਾਹ ਦੀ ਭਾਲ ਕਰਨ ਵਾਲੇ ਸਭ ਕੁਝ ਸਮਝਦੇ ਹਨ।
6 ੬ ਕੰਗਾਲ ਜੋ ਖਰਿਆਈ ਨਾਲ ਚੱਲਦਾ ਹੈ, ਪੁੱਠੀ ਚਾਲ ਵਾਲੇ ਨਾਲੋਂ ਚੰਗਾ ਹੈ ਭਾਵੇਂ ਉਹ ਧਨੀ ਵੀ ਹੋਵੇ।
7 ੭ ਬਿਵਸਥਾ ਦੀ ਪਾਲਣਾ ਕਰਨ ਵਾਲਾ ਸਮਝਦਾਰ ਪੁੱਤਰ ਹੈ, ਪਰ ਪੇਟੂਆਂ ਦਾ ਮੇਲੀ ਆਪਣੇ ਪਿਤਾ ਦਾ ਮੂੰਹ ਕਾਲਾ ਕਰਦਾ ਹੈ।
8 ੮ ਜਿਹੜਾ ਬਿਆਜ ਅਤੇ ਕੁਧਰਮ ਦੀ ਖੱਟੀ ਨਾਲ ਧਨ ਵਧਾਉਂਦਾ ਹੈ, ਉਹ ਗਰੀਬਾਂ ਉੱਤੇ ਕਿਰਪਾ ਕਰਨ ਵਾਲੇ ਦੇ ਲਈ ਇਕੱਠਾ ਕਰਦਾ ਹੈ।
9 ੯ ਜਿਹੜਾ ਬਿਵਸਥਾ ਨੂੰ ਸੁਣਨ ਤੋਂ ਕੰਨ ਫੇਰ ਲੈਂਦਾ ਹੈ, ਉਹ ਦੀ ਪ੍ਰਾਰਥਨਾ ਵੀ ਘਿਣਾਉਣੀ ਠਹਿਰਦੀ ਹੈ।
10 ੧੦ ਜਿਹੜਾ ਸਚਿਆਰ ਨੂੰ ਕੁਰਾਹੇ ਪਾ ਦਿੰਦਾ ਹੈ, ਉਹ ਆਪਣੇ ਟੋਏ ਵਿੱਚ ਆਪ ਡਿੱਗ ਪਵੇਗਾ, ਪਰ ਖਰੇ ਲੋਕ ਚੰਗੀ ਮਿਰਾਸ ਪਾਉਣਗੇ।
11 ੧੧ ਧਨਵਾਨ ਮਨੁੱਖ ਆਪਣੀ ਨਿਗਾਹ ਵਿੱਚ ਬੁੱਧਵਾਨ ਹੁੰਦਾ ਹੈ ਪਰ ਮੱਤ ਵਾਲਾ ਗਰੀਬ ਉਹ ਨੂੰ ਸਮਝ ਲੈਂਦਾ ਹੈ।
12 ੧੨ ਜਦੋਂ ਧਰਮੀ ਜਿੱਤਦੇ ਹਨ ਤਾਂ ਬੜੀ ਸੋਭਾ ਹੁੰਦੀ ਹੈ, ਪਰ ਜਾਂ ਦੁਸ਼ਟ ਉੱਠਦੇ ਹਨ ਤਾਂ ਆਦਮੀ ਆਪਣੇ ਆਪ ਨੂੰ ਲੁਕੋ ਲੈਂਦੇ ਹਨ।
13 ੧੩ ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ ਉਹ ਸਫ਼ਲ ਨਹੀਂ ਹੁੰਦਾ, ਪਰ ਜੋ ਉਹਨਾਂ ਨੂੰ ਮੰਨ ਕੇ ਛੱਡ ਦਿੰਦਾ ਹੈ ਉਹ ਦੇ ਉੱਤੇ ਰਹਿਮ ਕੀਤਾ ਜਾਵੇਗਾ।
14 ੧੪ ਧੰਨ ਹੈ ਉਹ ਮਨੁੱਖ ਜਿਹੜਾ ਸਦਾ ਯਹੋਵਾਹ ਦਾ ਭੈਅ ਮੰਨਦਾ ਹੈ, ਪਰ ਜੋ ਆਪਣੇ ਮਨ ਨੂੰ ਕਠੋਰ ਕਰ ਲੈਂਦਾ ਹੈ ਉਹ ਬਿਪਤਾ ਵਿੱਚ ਪੈ ਜਾਵੇਗਾ
15 ੧੫ ਗਰੀਬ ਪਰਜਾ ਉੱਤੇ ਦੁਸ਼ਟ ਹਾਕਮ ਗੱਜਣ ਵਾਲੇ ਸ਼ੇਰ, ਅਤੇ ਫਿਰਦੇ ਰਿੱਛ ਵਰਗਾ ਹੈ।
16 ੧੬ ਸਮਝਹੀਣ ਹਾਕਮ ਬਹੁਤਾ ਅਨ੍ਹੇਰ ਕਰਨ ਵਾਲਾ ਹੀ ਹੁੰਦਾ ਹੈ, ਪਰ ਜੋ ਲੋਭ ਤੋਂ ਘਿਣ ਕਰਦਾ ਹੈ ਉਹ ਆਪਣੇ ਦਿਨ ਲੰਮੇ ਕਰੇਗਾ।
17 ੧੭ ਜਿਸ ਆਦਮੀ ਉੱਤੇ ਕਿਸੇ ਜਾਨ ਦੇ ਖੂਨ ਦਾ ਭਾਰ ਹੈ, ਉਹ ਟੋਏ ਵੱਲ ਨੱਸਦਾ ਹੈ, ਕੋਈ ਉਹ ਨੂੰ ਨਾ ਰੋਕੇ!
18 ੧੮ ਜਿਹੜਾ ਖਰੀ ਚਾਲ ਚੱਲਦਾ ਹੈ ਉਹ ਬਚਾਇਆ ਜਾਵੇਗਾ, ਪਰ ਜਿਹ ਦੇ ਰਾਹ ਪੁੱਠੇ ਹਨ ਉਹ ਅਚਾਨਕ ਡਿੱਗ ਪਵੇਗਾ।
19 ੧੯ ਜਿਹੜਾ ਆਦਮੀ ਜ਼ਮੀਨ ਵਾਹੁੰਦਾ ਹੈ ਉਹ ਰੋਟੀ ਨਾਲ ਰੱਜੇਗਾ। ਪਰ ਜਿਹੜਾ ਨਿਕੰਮਿਆਂ ਦੀ ਸੰਗਤ ਕਰਦਾ ਹੈ ਉਹ ਗਰੀਬੀ ਨਾਲ ਰੱਜੇਗਾ,
20 ੨੦ ਸੱਚੇ ਮਨੁੱਖ ਉੱਤੇ ਵਧੇਰੀਆਂ ਅਸੀਸਾਂ ਹੋਣਗੀਆਂ, ਪਰ ਜਿਹੜਾ ਧਨਵਾਨ ਹੋਣ ਵਿੱਚ ਕਾਹਲੀ ਕਰਦਾ ਹੈ ਉਹ ਨਿਰਦੋਸ਼ ਨਾ ਠਹਿਰੇਗਾ।
21 ੨੧ ਪੱਖਪਾਤ ਕਰਨਾ ਚੰਗਾ ਨਹੀਂ, ਅਤੇ ਇਹ ਵੀ ਚੰਗਾ ਨਹੀਂ ਕਿ ਮਨੁੱਖ ਰੋਟੀ ਦੀ ਇੱਕ ਬੁਰਕੀ ਦੇ ਲਈ ਅਪਰਾਧ ਕਰੇ।
22 ੨੨ ਲੋਭੀ ਮਨੁੱਖ ਕਾਹਲੀ ਨਾਲ ਧਨ ਦਾ ਪਿੱਛਾ ਕਰਦਾ ਹੈ, ਅਤੇ ਨਹੀਂ ਜਾਣਦਾ ਭਈ ਗਰੀਬੀ ਉਹ ਦੇ ਉੱਤੇ ਆ ਪਵੇਗੀ
23 ੨੩ ਆਦਮੀ ਨੂੰ ਤਾੜਨਾ ਦੇਣ ਵਾਲਾ ਅੰਤ ਨੂੰ ਉਸ ਨਾਲੋਂ ਜੋ ਚਾਪਲੂਸੀ ਕਰਦਾ ਹੈ, ਬਾਹਲੀ ਕਿਰਪਾ ਪਾਵੇਗਾ
24 ੨੪ ਜਿਹੜਾ ਆਪਣੇ ਪਿਉ ਜਾਂ ਆਪਣੀ ਮਾਂ ਨੂੰ ਲੁੱਟ ਕੇ ਆਖਦਾ ਹੈ ਭਈ ਇਹ ਕੋਈ ਅਪਰਾਧ ਨਹੀਂ ਹੈ, ਉਹ ਨਾਸ ਕਰਨ ਵਾਲਿਆਂ ਦਾ ਸਾਥੀ ਠਹਿਰਦਾ ਹੈ।
25 ੨੫ ਲੋਭੀ ਮਨੁੱਖ ਝਗੜਾ ਛੇੜਦਾ ਹੈ, ਪਰ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ ਰਿਸ਼ਟ-ਪੁਸ਼ਟ ਕੀਤਾ ਜਾਵੇਗਾ।
26 ੨੬ ਜਿਹੜਾ ਆਪਣੇ ਆਪ ਉੱਤੇ ਹੀ ਭਰੋਸਾ ਰੱਖਦਾ ਹੈ ਉਹ ਮੂਰਖ ਹੈ, ਪਰ ਜੋ ਬੁੱਧ ਨਾਲ ਚੱਲਦਾ ਹੈ ਉਹ ਛੁਡਾਇਆ ਜਾਵੇਗਾ।
27 ੨੭ ਜਿਹੜਾ ਕੰਗਾਲ ਨੂੰ ਦਾਨ ਕਰਦਾ ਹੈ ਉਹ ਨੂੰ ਕੋਈ ਥੁੜ ਨਾ ਹੋਵੇਗੀ, ਪਰ ਜੋ ਉਹਨਾਂ ਵੱਲੋਂ ਅੱਖੀਆਂ ਮੋੜ ਲੈਂਦਾ ਹੈ ਉਹ ਦੇ ਉੱਤੇ ਬਾਹਲੇ ਸਰਾਪ ਪੈਣਗੇ।
28 ੨੮ ਜਦ ਦੁਸ਼ਟ ਉੱਠਦੇ ਹਨ ਤਾਂ ਆਦਮੀ ਲੁੱਕ ਜਾਂਦੇ ਹਨ, ਪਰ ਜਦੋਂ ਓਹ ਮਿਟ ਜਾਂਦੇ ਹਨ ਤਾਂ ਧਰਮੀ ਤਰੱਕੀ ਕਰਦੇ ਹਨ।