< ਕਹਾਉਤਾਂ 26 >
1 ੧ ਜਿਵੇਂ ਗਰਮੀ ਵਿੱਚ ਬਰਫ਼ ਅਤੇ ਵਾਢੀ ਵਿੱਚ ਵਰਖਾ, ਤਿਵੇਂ ਮੂਰਖ ਨੂੰ ਆਦਰ ਸੂਤ ਨਹੀਂ।
2 ੨ ਜਿਵੇਂ ਚਿੜ੍ਹੀ ਭਟਕਦੀ ਅਤੇ ਬਾਲ ਕਟਾਰਾ ਉੱਡਦਾ ਫਿਰਦਾ ਹੈ, ਓਵੇਂ ਹੀ ਮੱਲੋ-ਮੱਲੀ ਦਾ ਸਰਾਪ ਨਹੀਂ ਪੈਂਦਾ।
3 ੩ ਘੋੜੇ ਦੇ ਲਈ ਚਾਬੁਕ, ਗਧੇ ਦੇ ਲਈ ਲਗਾਮ, ਅਤੇ ਮੂਰਖ ਦੀ ਪਿੱਠ ਲਈ ਸੋਟੀ ਹੁੰਦੀ ਹੈ।
4 ੪ ਮੂਰਖ ਨੂੰ ਉਹ ਦੀ ਮੂਰਖਤਾਈ ਦੇ ਅਨੁਸਾਰ ਉੱਤਰ ਨਾ ਦੇ, ਕਿਤੇ ਤੂੰ ਵੀ ਉਹ ਦੇ ਵਰਗਾ ਨਾ ਹੋ ਜਾਵੇਂ।
5 ੫ ਮੂਰਖ ਨੂੰ ਉਹ ਦੀ ਮੂਰਖਤਾਈ ਦੇ ਅਨੁਸਾਰ ਉੱਤਰ ਦੇ, ਕਿਤੇ ਉਹ ਆਪਣੇ ਲੇਖੇ ਵਿੱਚ ਬੁੱਧਵਾਨ ਨਾ ਬਣ ਬੈਠੇ।
6 ੬ ਜਿਹੜਾ ਮੂਰਖ ਦੇ ਹੱਥ ਸੁਨੇਹਾ ਘੱਲਦਾ ਹੈ, ਉਹ ਆਪਣੇ ਪੈਰ ਤੇ ਕੁਹਾੜੀ ਮਾਰਦਾ ਅਤੇ ਜ਼ਹਿਰ ਪੀਂਦਾ ਹੈ।
7 ੭ ਜਿਵੇਂ ਲੰਗੜੇ ਦੀਆਂ ਲਮਕਦੀਆਂ ਲੱਤਾਂ ਨਿਕੰਮੀਆਂ ਹਨ, ਓਵੇਂ ਮੂਰਖਾਂ ਦੇ ਮੂੰਹ ਵਿੱਚ ਕਹਾਉਤਾਂ ਹਨ।
8 ੮ ਜਿਵੇਂ ਪੱਥਰਾਂ ਦੇ ਢੇਰ ਵਿੱਚ ਰਤਨਾਂ ਨੂੰ ਰੱਖਣਾ ਹੈ, ਓਵੇਂ ਮੂਰਖ ਨੂੰ ਆਦਰ ਦੇਣਾ ਹੈ,
9 ੯ ਜਿਵੇਂ ਸ਼ਰਾਬੀ ਦੇ ਹੱਥ ਵਿੱਚ ਕੰਡਾ ਚੁੱਭਦਾ ਹੈ, ਤਿਵੇਂ ਮੂਰਖਾਂ ਦੇ ਮੂੰਹ ਵਿੱਚ ਦ੍ਰਿਸ਼ਟਾਂਤ ਹੈ।
10 ੧੦ ਜਿਵੇਂ ਤੀਰ-ਅੰਦਾਜ਼ ਸਭਨਾਂ ਨੂੰ ਫੱਟੜ ਕਰਦਾ ਹੈ, ਤਿਵੇਂ ਉਹ ਹੈ ਜੋ ਮੂਰਖ ਅਤੇ ਲੰਘਣ ਵਾਲੇ ਨੂੰ ਮਜ਼ਦੂਰੀ ਤੇ ਲਾਉਂਦਾ ਹੈ।
11 ੧੧ ਜਿਵੇਂ ਕੁੱਤਾ ਆਪਣੀ ਉਲਟੀ ਨੂੰ ਚੱਟ ਲੈਂਦਾ ਹੈ, ਓਵੇਂ ਮੂਰਖ ਆਪਣੀ ਮੂਰਖਤਾਈ ਨੂੰ ਦੁਹਰਾਉਂਦਾ ਹੈ।
12 ੧੨ ਕੀ ਤੂੰ ਉਸ ਮਨੁੱਖ ਨੂੰ ਵੇਖਦਾ ਹੈਂ ਜੋ ਆਪਣੀ ਨਿਗਾਹ ਵਿੱਚ ਬੁੱਧਵਾਨ ਹੈ? ਉਹ ਦੇ ਨਾਲੋਂ ਮੂਰਖ ਲਈ ਵਧੇਰੀ ਆਸ ਹੈ!
13 ੧੩ ਆਲਸੀ ਆਖਦਾ ਹੈ, ਰਾਹ ਵਿੱਚ ਤਾਂ ਸ਼ੇਰ ਹੈ, ਗਲੀਆਂ ਵਿੱਚ ਬੱਬਰ ਸ਼ੇਰ ਹੈ!
14 ੧੪ ਜਿਵੇਂ ਦਰਵਾਜ਼ਾ ਕਬਜ਼ੇ ਉੱਤੇ ਘੁੰਮਦਾ ਹੈ, ਓਵੇਂ ਆਲਸੀ ਆਪਣੇ ਮੰਜੇ ਉੱਤੇ।
15 ੧੫ ਆਲਸੀ ਆਪਣਾ ਹੱਥ ਥਾਲੀ ਵਿੱਚ ਪਾਉਂਦਾ ਹੈ, ਪਰ ਉਸ ਨੂੰ ਫੇਰ ਮੂੰਹ ਤੱਕ ਲਿਆਉਣ ਨਾਲ ਉਹ ਥੱਕ ਜਾਂਦਾ ਹੈ।
16 ੧੬ ਆਲਸੀ ਆਪਣੀ ਆਪ ਨੂੰ ਉਹਨਾਂ ਸੱਤਾਂ ਜਣਿਆਂ ਨਾਲੋਂ ਵੀ ਜੋ ਠੀਕ ਉੱਤਰ ਦੇਣ ਜੋਗ ਹਨ, ਬੁੱਧਵਾਨ ਸਮਝਦਾ ਹੈ।
17 ੧੭ ਜਿਹੜਾ ਰਾਹ ਤੁਰਦਿਆਂ ਪਰਾਏ ਝਗੜੇ ਵਿੱਚ ਪੈਰ ਅੜਾਉਂਦਾ ਹੈ, ਉਹ ਉਸ ਵਰਗਾ ਹੈ ਜੋ ਕੁੱਤੇ ਨੂੰ ਕੰਨੋਂ ਫੜੇ।
18 ੧੮ ਜਿਵੇਂ ਇੱਕ ਅੱਗ ਅਤੇ ਮੌਤ ਦੇ ਤੀਰ ਸੁੱਟਦਾ ਹੈ,
19 ੧੯ ਤਿਹਾ ਹੀ ਉਹ ਹੈ ਜਿਹੜਾ ਆਪਣੇ ਗੁਆਂਢੀ ਨੂੰ ਧੋਖਾ ਦੇ ਕੇ ਆਖਦਾ ਹੈ, ਭਲਾ, ਮੈਂ ਮਜ਼ਾਕ ਨਹੀਂ ਸੀ ਕਰਦਾ?
20 ੨੦ ਜਿੱਥੇ ਬਾਲਣ ਨਹੀਂ ਉੱਥੇ ਅੱਗ ਬੁੱਝ ਜਾਂਦੀ ਹੈ, ਅਤੇ ਜਿੱਥੇ ਚੁਗਲੀਆਂ ਨਹੀਂ ਉੱਥੇ ਝਗੜਾ ਮੁੱਕ ਜਾਂਦਾ ਹੈ।
21 ੨੧ ਜਿਵੇਂ ਅੰਗਿਆਰਿਆਂ ਉੱਤੇ ਕੋਇਲੇ ਅਤੇ ਅੱਗ ਉੱਤੇ ਲੱਕੜਾਂ, ਓਵੇਂ ਝਗੜੇ ਨੂੰ ਵਧਾਉਣ ਲਈ ਝਗੜਾਲੂ ਮਨੁੱਖ ਹੁੰਦਾ ਹੈ।
22 ੨੨ ਚੁਗਲੀ ਕਰਨ ਵਾਲੇ ਦੀਆਂ ਗੱਲਾਂ ਸੁਆਦਲੀਆਂ ਬੁਰਕੀਆਂ ਵਰਗੀਆਂ ਹੁੰਦੀਆਂ ਹਨ, ਉਹ ਢਿੱਡ ਵਿੱਚ ਹੀ ਵੜ ਜਾਂਦੀਆਂ ਹਨ।
23 ੨੩ ਜਿਵੇਂ ਮਿੱਟੀ ਦੇ ਭਾਂਡੇ ਉੱਤੇ ਚਾਂਦੀ ਦਾ ਪਾਣੀ ਚੜ੍ਹਾਇਆ ਹੋਵੇ, ਤਿਵੇਂ ਬੁਰੇ ਦਿਲ ਵਾਲੇ ਪ੍ਰੇਮ ਭਰੇ ਬਚਨ ਹੁੰਦੇ ਹਨ।
24 ੨੪ ਵੈਰੀ ਆਪਣੇ ਬੁੱਲ੍ਹਾਂ ਨਾਲ ਤਾਂ ਕਪਟ ਕਰਦਾ, ਅਤੇ ਆਪਣੇ ਅੰਦਰ ਧੋਖਾ ਰੱਖ ਛੱਡਦਾ ਹੈ।
25 ੨੫ ਜਦ ਉਹ ਮਿੱਠੀਆਂ-ਮਿੱਠੀਆਂ ਗੱਲਾਂ ਕਰੇ ਤਾਂ ਉਹ ਦਾ ਵਿਸ਼ਵਾਸ ਨਾ ਕਰੀਂ, ਕਿਉਂ ਜੋ ਉਹ ਦੇ ਦਿਲ ਵਿੱਚ ਸੱਤ ਘਿਣਾਉਣੀਆਂ ਗੱਲਾਂ ਹਨ।
26 ੨੬ ਭਾਵੇਂ ਉਹ ਦਾ ਵੈਰ ਧੋਖੇ ਦੇ ਕਾਰਨ ਲੁਕਿਆ ਵੀ ਰਹੇ, ਤਾਂ ਵੀ ਉਹ ਦੀ ਬੁਰਿਆਈ ਸਭਾ ਦੇ ਵਿੱਚ ਪਰਗਟ ਕੀਤੀ ਜਾਵੇਗੀ।
27 ੨੭ ਜਿਹੜਾ ਟੋਆ ਪੁੱਟਦਾ ਹੈ ਉਹ ਆਪੇ ਉਸ ਵਿੱਚ ਡਿੱਗੇਗਾ, ਅਤੇ ਜਿਹੜਾ ਪੱਥਰ ਰੇੜ੍ਹਦਾ ਹੈ ਉਹ ਮੁੜ ਕੇ ਓਸੇ ਉੱਤੇ ਆਣ ਪਵੇਗਾ।
28 ੨੮ ਝੂਠੀ ਜੀਭ ਉਹਨਾਂ ਨਾਲ ਵੈਰ ਰੱਖਦੀ ਹੈ ਜਿਨ੍ਹਾਂ ਨੂੰ ਉਸ ਨੇ ਕੁਚਲਿਆ, ਅਤੇ ਚਾਪਲੂਸ ਮੂੰਹ ਨਾਸ ਕਰਦਾ ਹੈ।