< ਕਹਾਉਤਾਂ 24 >
1 ੧ ਬੁਰਿਆਂ ਮਨੁੱਖਾਂ ਉੱਤੇ ਖੁਣਸ ਨਾ ਕਰ, ਅਤੇ ਨਾ ਉਨ੍ਹਾਂ ਦੀ ਸੰਗਤ ਦੀ ਚਾਹ ਰੱਖ,
2 ੨ ਕਿਉਂ ਜੋ ਉਨ੍ਹਾਂ ਦਾ ਮਨ ਅਨ੍ਹੇਰ ਕਰਨ ਵਿੱਚ ਲੱਗਾ ਰਹਿੰਦਾ ਹੈ, ਅਤੇ ਉਹਨਾਂ ਦੇ ਬੁੱਲ ਦੁਸ਼ਟਤਾ ਦੀਆਂ ਗੱਲਾਂ ਕਰਦੇ ਰਹਿੰਦੇ ਹਨ।
3 ੩ ਬੁੱਧ ਨਾਲ ਘਰ ਬਣਾਈਦਾ ਹੈ, ਅਤੇ ਸਮਝ ਨਾਲ ਉਹ ਸਥਿਰ ਰਹਿੰਦਾ ਹੈ।
4 ੪ ਗਿਆਨ ਦੇ ਦੁਆਰਾ ਉਹ ਦੀਆਂ ਕੋਠੜੀਆਂ ਸਭ ਪਰਕਾਰ ਦੇ ਅਣਮੁੱਲ ਅਤੇ ਮਨਭਾਉਂਦੇ ਪਦਾਰਥਾਂ ਨਾਲ ਭਰਦੀਆਂ ਹਨ।
5 ੫ ਬੁੱਧਵਾਨ ਮਨੁੱਖ ਬਲਵਾਨ ਹੈ, ਅਤੇ ਗਿਆਨੀ ਮਨੁੱਖ ਸ਼ਕਤੀ ਵਧਾਈ ਜਾਂਦਾ ਹੈ।
6 ੬ ਤੂੰ ਚੰਗੀ ਮੱਤ ਲੈ ਕੇ ਆਪਣਾ ਯੁੱਧ ਕਰ, ਬਹੁਤੇ ਸਲਾਹੂਆਂ ਨਾਲ ਹੀ ਬਚਾਓ ਹੈ।
7 ੭ ਬੁੱਧ ਮੂਰਖ ਲਈ ਬਹੁਤ ਉੱਚੀ ਹੈ, ਸਭਾ ਦੇ ਵਿੱਚ ਉਹ ਕੁਝ ਵੀ ਕਹਿ ਨਹੀਂ ਸਕਦਾ।
8 ੮ ਜਿਹੜਾ ਬੁਰਿਆਈ ਸੋਚਦਾ ਹੈ, ਲੋਕ ਉਹ ਨੂੰ ਸਾਜਸ਼ੀ ਆਖਣਗੇ।
9 ੯ ਮੂਰਖਤਾਈ ਦਾ ਵਿਚਾਰ ਹੀ ਪਾਪ ਹੈ, ਅਤੇ ਠੱਠਾ ਕਰਨ ਵਾਲੇ ਤੋਂ ਮਨੁੱਖ ਘਿਣ ਕਰਦੇ ਹਨ।
10 ੧੦ ਜੇ ਤੂੰ ਬਿਪਤਾ ਦੇ ਦਿਨ ਢਿੱਲਾ ਪੈ ਜਾਵੇਂ, ਤਾਂ ਤੇਰਾ ਬਲ ਘੱਟ ਹੈ।
11 ੧੧ ਜਿਹੜੇ ਮਾਰੇ ਜਾਣ ਲਈ ਲਿਜਾਏ ਜਾਂਦੇ ਹਨ ਉਨ੍ਹਾਂ ਨੂੰ ਛੁਡਾ, ਜਿਹੜੇ ਘਾਤ ਹੋਣ ਵਾਲੇ ਹਨ, ਉਨ੍ਹਾਂ ਨੂੰ ਫੜਵਾ।
12 ੧੨ ਜੇ ਤੂੰ ਆਖੇਂ, ਲਓ, ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ, ਤਾਂ ਜਿਹੜਾ ਦਿਲਾਂ ਨੂੰ ਜਾਚਦਾ ਹੈ ਭਲਾ, ਉਹ ਨਹੀਂ ਸਮਝਦਾ? ਅਤੇ ਤੇਰੀ ਜਾਨ ਦਾ ਰਾਖ਼ਾ ਇਹ ਨਹੀਂ ਜਾਣਦਾ? ਭਲਾ, ਉਹ ਆਦਮੀ ਨੂੰ ਉਹ ਦੀਆਂ ਕਰਨੀਆਂ ਦਾ ਫਲ ਨਾ ਦੇਵੇਗਾ?
13 ੧੩ ਹੇ ਮੇਰੇ ਪੁੱਤਰ, ਤੂੰ ਸ਼ਹਿਦ ਖਾਹ, ਉਹ ਚੰਗਾ ਜੋ ਹੈ, ਅਤੇ ਮਖ਼ੀਰ ਦਾ ਟਪਕਾ ਤੇਰੇ ਤਾਲੂ ਨੂੰ ਮਿੱਠਾ ਲੱਗੇਗਾ,
14 ੧੪ ਜਾਣ ਲੈ ਕਿ ਬੁੱਧ ਤੇਰੀ ਜਾਨ ਲਈ ਇਸੇ ਤਰ੍ਹਾਂ ਹੈ, ਜੇ ਉਹ ਤੈਨੂੰ ਲੱਭੇ ਤਾਂ ਅੰਤ ਵਿੱਚ ਉਸ ਦਾ ਫਲ ਵੀ ਮਿਲੇਗਾ, ਅਤੇ ਤੇਰੀ ਆਸ ਨਾ ਟੁੱਟੇਗੀ।
15 ੧੫ ਹੇ ਦੁਸ਼ਟ, ਧਰਮੀ ਦੀ ਵੱਸੋਂ ਦੀ ਘਾਤ ਵਿੱਚ ਨਾ ਬੈਠ! ਉਹ ਦੇ ਥਾਂ ਨੂੰ ਨਾ ਉਜਾੜ!
16 ੧੬ ਧਰਮੀ ਸੱਤ ਵਾਰੀ ਡਿੱਗ ਕੇ ਉੱਠ ਖਲੋਂਦਾ ਹੈ, ਪਰ ਦੁਸ਼ਟ ਬਿਪਤਾ ਵਿੱਚ ਡਿੱਗ ਕੇ ਪਏ ਰਹਿੰਦੇ ਹਨ।
17 ੧੭ ਜਦ ਤੇਰਾ ਵੈਰੀ ਡਿੱਗੇ ਤਾਂ ਤੂੰ ਅਨੰਦ ਨਾ ਹੋਵੀਂ, ਅਤੇ ਜਾਂ ਉਹ ਠੋਕਰ ਖਾਵੇ ਤਾਂ ਤੇਰਾ ਮਨ ਪ੍ਰਸੰਨ ਨਾ ਹੋਵੇ,
18 ੧੮ ਕਿਤੇ ਯਹੋਵਾਹ ਇਹ ਵੇਖ ਕੇ ਬੁਰਾ ਮੰਨੇ, ਅਤੇ ਆਪਣਾ ਕ੍ਰੋਧ ਉਸ ਤੋਂ ਹਟਾ ਲਵੇ।
19 ੧੯ ਕੁਕਰਮੀ ਦੇ ਕਾਰਨ ਤੂੰ ਨਾ ਕੁੜ੍ਹ ਨਾ ਦੁਸ਼ਟਾਂ ਉੱਤੇ ਖੁਣਸ ਕਰ,
20 ੨੦ ਕਿਉਂ ਜੋ ਬੁਰਿਆਰ ਲਈ ਅੱਗੇ ਨੂੰ ਕੋਈ ਆਸ ਨਹੀਂ, ਦੁਸ਼ਟਾਂ ਦਾ ਦੀਵਾ ਬੁਝਾਇਆ ਜਾਵੇਗਾ।
21 ੨੧ ਹੇ ਮੇਰੇ ਪੁੱਤਰ, ਯਹੋਵਾਹ ਦਾ ਅਤੇ ਰਾਜੇ ਦਾ ਭੈਅ ਮੰਨ, ਅਤੇ ਵਿਦਰੋਹੀਆਂ ਨਾਲ ਨਾ ਰਲ,
22 ੨੨ ਕਿਉਂ ਜੋ ਉਨ੍ਹਾਂ ਵੱਲੋਂ ਬਿਪਤਾ ਅਚਾਨਕ ਆਵੇਗੀ, ਅਤੇ ਉਨ੍ਹਾਂ ਦੋਹਾਂ ਦੀ ਵੱਲੋਂ ਆਉਣ ਵਾਲੀ ਬਰਬਾਦੀ ਨੂੰ ਕੌਣ ਜਾਣਦਾ ਹੈ?
23 ੨੩ ਇਹ ਵੀ ਬੁੱਧਵਾਨਾਂ ਦੇ ਵਾਕ ਹਨ, ਅਦਾਲਤ ਵਿੱਚ ਪੱਖਪਾਤ ਕਰਨਾ ਚੰਗੀ ਗੱਲ ਨਹੀਂ।
24 ੨੪ ਜਿਹੜਾ ਦੁਸ਼ਟ ਨੂੰ ਆਖਦਾ ਹੈ, ਤੂੰ ਧਰਮੀ ਹੈ, ਉਹ ਨੂੰ ਲੋਕ ਫਿਟਕਾਰਨਗੇ ਤੇ ਉੱਮਤਾਂ ਉਸ ਤੋਂ ਘਿਣ ਕਰਨਗੀਆਂ,
25 ੨੫ ਪਰ ਜੋ ਉਸ ਨੂੰ ਤਾੜਦੇ ਹਨ ਉਨ੍ਹਾਂ ਦਾ ਭਲਾ ਹੋਵੇਗਾ, ਅਤੇ ਉਨ੍ਹਾਂ ਉੱਤੇ ਚੰਗੀ ਤੋਂ ਚੰਗੀ ਬਰਕਤ ਆਵੇਗੀ।
26 ੨੬ ਜਿਹੜਾ ਸੱਚਾ ਉੱਤਰ ਦਿੰਦਾ ਹੈ, ਉਹ ਦੇ ਬੋਲਾਂ ਨੂੰ ਹਰੇਕ ਪ੍ਰੇਮ ਕਰਦਾ ਹੈ।
27 ੨੭ ਪਹਿਲਾਂ ਬਾਹਰ ਆਪਣਾ ਕੰਮ ਤਿਆਰ ਕਰ ਅਤੇ ਖੇਤ ਨੂੰ ਸੁਆਰ, ਫੇਰ ਆਪਣਾ ਘਰ ਬਣਾ।
28 ੨੮ ਆਪਣੇ ਗੁਆਂਢੀ ਦੇ ਵਿਰੁੱਧ ਝੂਠੀ ਗਵਾਹੀ ਨਾ ਦੇ, ਆਪਣਿਆਂ ਬੁੱਲ੍ਹਾਂ ਨਾਲ ਧੋਖਾ ਨਾ ਦੇ।
29 ੨੯ ਇਹ ਨਾ ਆਖੀਂ ਭਈ ਜਿਵੇਂ ਉਹ ਨੇ ਮੇਰੇ ਨਾਲ ਕੀਤਾ ਹੈ ਤਿਵੇਂ ਮੈਂ ਵੀ ਉਹ ਦੇ ਨਾਲ ਕਰਾਂਗਾ ਅਤੇ ਉਸ ਮਨੁੱਖ ਦੇ ਕੀਤੇ ਦਾ ਬਦਲਾ ਲਵਾਂਗਾ।
30 ੩੦ ਮੈਂ ਆਲਸੀ ਮਨੁੱਖ ਦੇ ਖੇਤ ਦੇ ਅਤੇ ਨਿਰਬੁੱਧ ਆਦਮੀ ਦੇ ਅੰਗੂਰੀ ਬਾਗ਼ ਦੇ ਨੇੜਿਓਂ ਲੰਘਿਆ,
31 ੩੧ ਤਾਂ ਵੇਖੋ, ਉੱਥੇ ਸਭ ਕੰਡੇ ਹੀ ਕੰਡੇ ਉੱਗੇ ਪਏ ਸਨ, ਉਹ ਭੱਖੜਿਆਂ ਨਾਲ ਢੱਕਿਆ ਹੋਇਆ ਸੀ, ਅਤੇ ਉਹ ਦੀ ਪੱਕੀ ਕੰਧ ਢੱਠੀ ਪਈ ਸੀ।
32 ੩੨ ਜੋ ਮੈਂ ਵੇਖਿਆ ਉਸ ਉੱਤੇ ਮੈਂ ਆਪਣੇ ਮਨ ਵਿੱਚ ਵਿਚਾਰ ਕੀਤਾ, ਮੈਂ ਵੇਖ ਕੇ ਸਿੱਖਿਆ ਪ੍ਰਾਪਤ ਕੀਤੀ,
33 ੩੩ ਰੱਤੀ ਕੁ ਨੀਂਦ, ਰੱਤੀ ਕੁ ਊਂਘ, ਰੱਤੀ ਕੁ ਹੱਥ ਇਕੱਠੇ ਕਰਕੇ ਲੰਮਾ ਪੈਣਾ,
34 ੩੪ ਇਸੇ ਤਰ੍ਹਾਂ ਗਰੀਬੀ ਡਾਕੂ ਵਾਂਗੂੰ, ਅਤੇ ਤੰਗੀ ਸ਼ਸਤਰਧਾਰੀ ਵਾਂਗੂੰ ਤੇਰੇ ਉੱਤੇ ਆ ਪਵੇਗੀ।