< ਕਹਾਉਤਾਂ 23 >
1 ੧ ਜਦ ਤੂੰ ਕਿਸੇ ਹਾਕਮ ਦੇ ਨਾਲ ਰੋਟੀ ਖਾਣ ਬੈਠੇਂ, ਤਾਂ ਚੰਗੀ ਤਰ੍ਹਾਂ ਸੋਚ ਕਿ ਤੇਰੇ ਸਾਹਮਣੇ ਕੀ ਹੈ।
2 ੨ ਜੇ ਤੂੰ ਪੇਟੂ ਹੈਂ, ਤਾਂ ਆਪਣੇ ਗਲੇ ਉੱਤੇ ਛੁਰੀ ਰੱਖ!
3 ੩ ਉਹ ਦੇ ਸੁਆਦਲੇ ਭੋਜਨ ਦਾ ਲੋਭ ਨਾ ਕਰੀਂ, ਕਿਉਂ ਜੋ ਉਹ ਧੋਖੇ ਦੀ ਰੋਟੀ ਹੈ।
4 ੪ ਧਨਵਾਨ ਹੋਣ ਦੀ ਖੇਚਲ ਨਾ ਕਰ, ਆਪਣੀ ਸਿਆਣਪ ਨੂੰ ਛੱਡ ਦੇ।
5 ੫ ਕੀ ਤੂੰ ਉਸ ਚੀਜ਼ ਉੱਤੇ ਆਪਣੀ ਨਿਗਾਹ ਲਾਵੇਂਗਾ ਜੋ ਹੈ ਹੀ ਨਹੀਂ? ਉਹ ਨੂੰ ਜ਼ਰੂਰ ਖੰਭ ਲੱਗਦੇ ਅਤੇ ਉਕਾਬ ਵਾਂਗੂੰ ਅਕਾਸ਼ ਵੱਲ ਉੱਡ ਜਾਂਦੀ ਹੈ।
6 ੬ ਤੂੰ ਬਦ ਨਜ਼ਰ ਵਾਲੇ ਦੀ ਰੋਟੀ ਨਾ ਖਾਹ, ਨਾ ਉਹ ਦੇ ਸੁਆਦਲੇ ਭੋਜਨ ਦਾ ਲੋਭ ਕਰ,
7 ੭ ਕਿਉਂ ਜੋ ਜਿਹੇ ਉਹ ਦੇ ਮਨ ਦੇ ਵਿਚਾਰ ਹਨ ਤਿਹਾ ਉਹ ਆਪ ਹੈ, ਉਹ ਤੈਨੂੰ ਆਖਦਾ ਤਾਂ ਹੈ “ਖਾਹ, ਪੀ” ਪਰ ਉਹ ਦਾ ਮਨ ਤੇਰੀ ਵੱਲ ਨਹੀਂ ਹੈ।
8 ੮ ਜੋ ਗਰਾਹੀ ਤੂੰ ਖਾਧੀ ਹੈ ਉਹ ਨੂੰ ਉਗਲ ਦੇਵੇਂਗਾ, ਅਤੇ ਆਪਣੀਆਂ ਮਿੱਠੀਆਂ ਗੱਲਾਂ ਨੂੰ ਗੁਆ ਬੈਠੇਂਗਾ।
9 ੯ ਮੂਰਖ ਦੇ ਸਾਹਮਣੇ ਨਾ ਬੋਲ, ਕਿਉਂ ਜੋ ਉਹ ਤੇਰੇ ਸਿਆਣੇ ਬੋਲ ਨੂੰ ਤੁੱਛ ਹੀ ਜਾਣੇਗਾ।
10 ੧੦ ਪੁਰਾਣੇ ਬੰਨਿਆਂ ਨੂੰ ਨਾ ਸਰਕਾ, ਅਤੇ ਯਤੀਮਾਂ ਦੇ ਖੇਤ ਵਿੱਚ ਨਾ ਵੜ,
11 ੧੧ ਕਿਉਂ ਜੋ ਉਹਨਾਂ ਦਾ ਛੁਡਾਉਣ ਵਾਲਾ ਸਮਰੱਥ ਹੈ, ਉਹਨਾਂ ਦਾ ਮੁਕੱਦਮਾ ਤੇਰੇ ਨਾਲ ਓਹੋ ਲੜੇਗਾ।
12 ੧੨ ਆਪਣਾ ਮਨ ਸਿੱਖਿਆ ਵੱਲ, ਅਤੇ ਆਪਣੇ ਕੰਨ ਗਿਆਨ ਦੀਆਂ ਗੱਲਾਂ ਵੱਲ ਲਾ।
13 ੧੩ ਬਾਲਕ ਦੇ ਤਾੜਨ ਦੇਣ ਤੋਂ ਨਾ ਰੁੱਕ, ਭਾਵੇਂ ਤੂੰ ਸੋਟੀ ਨਾਲ ਉਹ ਨੂੰ ਮਾਰੇਂ ਤਾਂ ਉਹ ਨਾ ਮਰੇਗਾ।
14 ੧੪ ਤੂੰ ਸੋਟੀ ਨਾਲ ਉਹ ਨੂੰ ਮਾਰ, ਅਤੇ ਉਹ ਦੀ ਜਾਨ ਨੂੰ ਪਤਾਲੋਂ ਬਚਾ ਲੈ। (Sheol )
15 ੧੫ ਮੇਰੇ ਪੁੱਤਰ, ਜੇ ਤੇਰਾ ਮਨ ਬੁੱਧਵਾਨ ਹੋਵੇ, ਤਾਂ ਮੇਰਾ ਮਨ ਅਨੰਦ ਹੋਵੇਗਾ, ਹਾਂ, ਮੇਰਾ ਵੀ!
16 ੧੬ ਅਤੇ ਜਦ ਤੇਰੇ ਮੂੰਹ ਤੋਂ ਸਿੱਧੀਆਂ ਗੱਲਾਂ ਨਿੱਕਲਣਗੀਆਂ, ਤਾਂ ਮੇਰਾ ਦਿਲ ਅਨੰਦਿਤ ਹੋਵੇਗਾ।
17 ੧੭ ਤੇਰਾ ਮਨ ਪਾਪੀਆਂ ਨੂੰ ਦੇਖ ਕੇ ਨਾ ਕੁੜ੍ਹੇ, ਸਗੋਂ ਤੂੰ ਦਿਨ ਭਰ ਯਹੋਵਾਹ ਦਾ ਭੈਅ ਮੰਨ,
18 ੧੮ ਕਿਉਂ ਜੋ ਸੱਚ-ਮੁੱਚ ਅੰਤ ਵਿੱਚ ਫਲ ਮਿਲੇਗਾ, ਅਤੇ ਤੇਰੀ ਆਸ ਨਾ ਟੁੱਟੇਗੀ।
19 ੧੯ ਹੇ ਮੇਰੇ ਪੁੱਤਰ, ਤੂੰ ਸੁਣ ਅਤੇ ਬੁੱਧਵਾਨ ਹੋ, ਅਤੇ ਆਪਣੇ ਮਨ ਨੂੰ ਸਿੱਧੇ ਰਾਹ ਵਿੱਚ ਚਲਾ।
20 ੨੦ ਤੂੰ ਸ਼ਰਾਬੀਆਂ ਦੇ ਨਾਲ ਨਾ ਰਲ, ਨਾ ਹੀ ਪੇਟੂ ਕਬਾਬੀਆਂ ਨਾਲ,
21 ੨੧ ਕਿਉਂ ਜੋ ਸ਼ਰਾਬੀ ਅਤੇ ਪੇਟੂ ਗਰੀਬ ਹੋ ਜਾਂਦੇ ਹਨ, ਅਤੇ ਨੀਂਦ ਆਦਮੀ ਨੂੰ ਲੀਰਾਂ ਪਹਿਨਾਉਂਦੀ ਹੈ।
22 ੨੨ ਆਪਣੇ ਪਿਉ ਦੀ ਗੱਲ ਸੁਣ ਜਿਸ ਤੋਂ ਤੂੰ ਜੰਮਿਆ ਹੈਂ, ਅਤੇ ਆਪਣੀ ਮਾਂ ਨੂੰ ਬੁਢੇਪੇ ਦੇ ਸਮੇਂ ਤੁੱਛ ਨਾ ਜਾਣ।
23 ੨੩ ਸੱਚ ਨੂੰ ਮੁੱਲ ਲੈ, ਉਹ ਨੂੰ ਵੇਚੀਂ ਨਾ, ਨਾਲੇ ਬੁੱਧ, ਸਿੱਖਿਆ ਅਤੇ ਸਮਝ ਨੂੰ ਵੀ।
24 ੨੪ ਧਰਮੀ ਦਾ ਪਿਉ ਅੱਤ ਖੁਸ਼ ਹੋਵੇਗਾ, ਅਤੇ ਜਿਹ ਦੇ ਬੁੱਧਵਾਨ ਪੁੱਤਰ ਜੰਮੇ ਉਹ ਉਸ ਉੱਤੇ ਅਨੰਦ ਰਹੇਗਾ।
25 ੨੫ ਤੇਰੇ ਮਾਪੇ ਅਨੰਦ ਹੋਣ, ਤੈਨੂੰ ਜਨਮ ਦੇਣ ਵਾਲੀ ਖੁਸ਼ ਹੋਵੇ!
26 ੨੬ ਹੇ ਮੇਰੇ ਪੁੱਤਰ, ਆਪਣਾ ਮਨ ਮੇਰੇ ਵੱਲ ਦੇ, ਅਤੇ ਤੇਰੀਆਂ ਅੱਖਾਂ ਮੇਰੇ ਰਾਹਾਂ ਵੱਲ ਲੱਗੀਆਂ ਰਹਿਣ।
27 ੨੭ ਵੇਸਵਾ ਤਾਂ ਇੱਕ ਡੂੰਘਾ ਟੋਆ ਹੈ, ਅਤੇ ਓਪਰੀ ਔਰਤ ਇੱਕ ਭੀੜਾ ਖੂਹ ਹੈ।
28 ੨੮ ਉਹ ਡਾਕੂ ਵਾਂਗੂੰ ਘਾਤ ਲਾਉਂਦੀ ਹੈ, ਅਤੇ ਆਦਮੀਆਂ ਵਿੱਚ ਵਿਸ਼ਵਾਸਘਾਤੀਆਂ ਦੀ ਗਿਣਤੀ ਵਧਾਉਂਦੀ ਹੈ।
29 ੨੯ ਕੌਣ ਹਾਏ ਹਾਏ ਕਰਦਾ ਹੈ? ਕੌਣ ਅਫ਼ਸੋਸ ਕਰਦਾ ਹੈ? ਕੌਣ ਝਗੜਾਲੂ ਹੈ? ਕੌਣ ਕੁੜਦਾ ਹੈ? ਕੌਣ ਐਂਵੇਂ ਘਾਇਲ ਹੁੰਦਾ ਹੈ? ਅਤੇ ਕਿਹਦੀਆਂ ਅੱਖਾਂ ਵਿੱਚ ਲਾਲੀ ਹੈ?
30 ੩੦ ਓਹੋ ਹਨ ਜਿਹੜੇ ਮੈਅ ਪੀਣ ਉੱਤੇ ਚਿਰ ਲਾਉਂਦੇ ਹਨ, ਅਤੇ ਰਲੀ ਹੋਈ ਸ਼ਰਾਬ ਦੀ ਭਾਲ ਕਰਦੇ ਹਨ।
31 ੩੧ ਜਦੋਂ ਸ਼ਰਾਬ ਲਾਲ ਹੋਵੇ, ਜਦ ਉਹ ਪਿਆਲੇ ਵਿੱਚ ਚਮਕੇ, ਅਤੇ ਉਹ ਸਹਿਜ ਨਾਲ ਹੇਠਾਂ ਉਤਰੇ, ਤਾਂ ਤੂੰ ਉਹ ਦੀ ਵੱਲ ਨਾ ਤੱਕ।
32 ੩੨ ਓੜਕ ਉਹ ਸੱਪ ਦੀ ਵਾਂਗੂੰ ਡੰਗ ਮਾਰਦੀ ਹੈ, ਅਤੇ ਠੂਹੇਂ ਵਾਂਗੂੰ ਡੰਗ ਮਾਰਦੀ ਹੈ!
33 ੩੩ ਤੇਰੀਆਂ ਅੱਖੀਆਂ ਅਨੋਖੀਆਂ ਚੀਜ਼ਾਂ ਵੇਖਣਗੀਆਂ, ਅਤੇ ਤੇਰਾ ਮਨ ਉਲਟੀਆਂ ਗੱਲਾਂ ਦੀ ਕਲਪਨਾ ਕਰੇਗਾ!
34 ੩੪ ਤੂੰ ਸਗੋਂ ਉਹ ਦੇ ਵਰਗਾ ਬਣ ਜਾਏਂਗਾ ਜਿਹੜਾ ਸਮੁੰਦਰ ਵਿੱਚ ਲੰਮਾ ਪਵੇ, ਅਥਵਾ ਮਸਤੂਲ ਦੇ ਸਿਰ ਉੱਤੇ ਲੇਟ ਜਾਵੇ।
35 ੩੫ ਤੂੰ ਆਖੇਂਗਾ ਭਈ ਮੈਂ ਮਾਰ ਤਾਂ ਖਾਧੀ ਪਰ ਮੈਨੂੰ ਪੀੜ ਨਾ ਹੋਈ, ਮੈਂ ਕੁੱਟਿਆ ਤਾਂ ਗਿਆ ਪਰ ਮੈਨੂੰ ਕੁਝ ਸੁੱਧ ਨਹੀਂ ਸੀ। ਮੈਂ ਸੁਰਤ ਵਿੱਚ ਕਦੋਂ ਆਵਾਂਗਾ? ਮੈਂ ਫੇਰ ਉਸ ਦੀ ਭਾਲ ਕਰਾਂਗਾ!