< ਕਹਾਉਤਾਂ 19 >
1 ੧ ਪੁੱਠੀਆਂ ਗੱਲਾਂ ਕਰਨ ਵਾਲੇ ਮੂਰਖ ਨਾਲੋਂ, ਉਹ ਕੰਗਾਲ ਚੰਗਾ ਹੈ ਜਿਹੜਾ ਸਿੱਧੀ ਚਾਲ ਚੱਲਦਾ ਹੈ।
2 ੨ ਮਨੁੱਖ ਦਾ ਗਿਆਨ ਰਹਿਤ ਹੋਣਾ ਵੀ ਚੰਗਾ ਨਹੀਂ, ਅਤੇ ਜਿਹੜਾ ਕਾਹਲੀ ਕਰਦਾ ਹੈ ਉਹ ਕੁਰਾਹੇ ਪੈ ਜਾਂਦਾ ਹੈ।
3 ੩ ਆਦਮੀ ਦੀ ਮੂਰਖਤਾਈ ਉਹ ਨੂੰ ਗੁਮਰਾਹ ਕਰ ਦਿੰਦੀ ਹੈ, ਅਤੇ ਉਹ ਮਨ ਵਿੱਚ ਯਹੋਵਾਹ ਤੇ ਚਿੜਨ ਲੱਗਦਾ ਹੈ।
4 ੪ ਧਨੀ ਦੇ ਬਹੁਤ ਮਿੱਤਰ ਬਣ ਜਾਂਦੇ ਹਨ, ਪਰ ਗਰੀਬ ਦੇ ਮਿੱਤਰ ਉਸ ਤੋਂ ਅਲੱਗ ਹੋ ਜਾਂਦੇ ਹਨ।
5 ੫ ਝੂਠਾ ਗਵਾਹ ਨਿਰਦੋਸ਼ ਨਾ ਠਹਿਰੇਗਾ, ਅਤੇ ਜੋ ਝੂਠ ਮਾਰਦਾ ਹੈ ਉਹ ਨਹੀਂ ਬਚੇਗਾ।
6 ੬ ਪਰਉਪਕਾਰੀ ਦੇ ਬਹੁਤੇ ਲੋਕ ਤਰਲੇ ਕਰਦੇ ਹਨ, ਅਤੇ ਦਾਨੀ ਦੇ ਸੱਭੇ ਮਿੱਤਰ ਬਣ ਜਾਂਦੇ ਹਨ।
7 ੭ ਜਦੋਂ ਕੰਗਾਲ ਦੇ ਸਾਰੇ ਭਰਾ ਵੀ ਉਸ ਨਾਲ ਵੈਰ ਰੱਖਦੇ ਹਨ, ਤਾਂ ਉਹ ਦੇ ਮਿੱਤਰ ਕਿਉਂ ਨਾ ਉਸ ਤੋਂ ਦੂਰ ਹੋ ਜਾਣਗੇ? ਉਹ ਗੱਲਾਂ ਨਾਲ ਉਹਨਾਂ ਦਾ ਪਿੱਛਾ ਕਰਦਾ ਹੈ ਪਰ ਨਹੀਂ ਲੱਭਦੇ ਹਨ।
8 ੮ ਜਿਹੜਾ ਬੁੱਧ ਨੂੰ ਪ੍ਰਾਪਤ ਕਰਦਾ ਹੈ ਉਹ ਆਪਣੀ ਜਾਨ ਨਾਲ ਪ੍ਰੀਤ ਰੱਖਦਾ ਹੈ, ਜਿਹੜਾ ਸਮਝ ਦੀ ਪਾਲਣਾ ਕਰਦਾ ਹੈ ਉਹ ਨੂੰ ਲਾਭ ਮਿਲੇਗਾ।
9 ੯ ਝੂਠਾ ਗਵਾਹ ਨਿਰਦੋਸ਼ ਨਾ ਠਹਿਰੇਗਾ, ਅਤੇ ਜਿਹੜਾ ਝੂਠ ਬੋਲਦਾ ਹੈ ਉਹ ਦਾ ਨਾਸ ਹੋਵੇਗਾ।
10 ੧੦ ਮੌਜ ਮਾਣਨਾ ਮੂਰਖ ਨੂੰ ਨਹੀਂ ਫੱਬਦਾ, ਤਾਂ ਸਰਦਾਰਾਂ ਉੱਤੇ ਸੇਵਕਾਂ ਦਾ ਹੁਕਮ ਚਲਾਉਣਾ ਕਿਵੇਂ ਫੱਬੇ?
11 ੧੧ ਸਮਝ ਆਦਮੀ ਨੂੰ ਕ੍ਰੋਧ ਵਿੱਚ ਧੀਮਾ ਬਣਾਉਂਦੀ ਹੈ, ਅਤੇ ਅਪਰਾਧ ਤੋਂ ਮੂੰਹ ਫ਼ੇਰ ਲੈਣ ਵਿੱਚ ਉਹ ਦੀ ਸ਼ਾਨ ਹੈ।
12 ੧੨ ਰਾਜੇ ਦਾ ਕਹਿਰ ਬੱਬਰ ਸ਼ੇਰ ਦੇ ਗੱਜਣ ਵਰਗਾ ਹੈ, ਪਰ ਉਹ ਦੀ ਪ੍ਰਸੰਨਤਾ ਘਾਹ ਉੱਤੇ ਪਈ ਹੋਈ ਤ੍ਰੇਲ ਵਾਂਗੂੰ ਹੈ।
13 ੧੩ ਮੂਰਖ ਪੁੱਤਰ ਪਿਤਾ ਦੇ ਲਈ ਬਿਪਤਾ ਹੈ, ਅਤੇ ਪਤਨੀ ਦੇ ਝਗੜੇ-ਰਗੜੇ ਸਦਾ ਛੱਤ ਦੇ ਚੋਣ ਵਾਂਗੂੰ ਹਨ।
14 ੧੪ ਘਰ ਅਤੇ ਧਨ ਮਾਪਿਆਂ ਤੋਂ ਮਿਰਾਸ ਵਿੱਚ ਮਿਲਦੇ ਹਨ, ਪਰ ਬੁੱਧਵਾਨ ਪਤਨੀ ਯਹੋਵਾਹ ਵੱਲੋਂ ਮਿਲਦੀ ਹੈ।
15 ੧੫ ਆਲਸ ਘੂਕ ਨੀਂਦ ਵਿੱਚ ਪਾ ਦਿੰਦੀ ਹੈ, ਅਤੇ ਸੁਸਤ ਪ੍ਰਾਣੀ ਭੁੱਖਾ ਰਹਿੰਦਾ ਹੈ।
16 ੧੬ ਜਿਹੜਾ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਦਾ ਹੈ ਉਹ ਆਪਣੀ ਜਾਨ ਦੀ ਪਾਲਣਾ ਕਰਦਾ ਹੈ, ਪਰ ਜੋ ਆਪਣੇ ਚਾਲ-ਚੱਲਣ ਉੱਤੇ ਧਿਆਨ ਨਹੀਂ ਦਿੰਦਾ ਉਹ ਮਰ ਜਾਵੇਗਾ।
17 ੧੭ ਜਿਹੜਾ ਗਰੀਬਾਂ ਉੱਤੇ ਦਯਾ ਕਰਦਾ ਹੈ ਉਹ ਯਹੋਵਾਹ ਨੂੰ ਉਧਾਰ ਦਿੰਦਾ ਹੇ, ਅਤੇ ਉਹ ਉਸ ਨੂੰ ਉਸ ਦੀ ਕੀਤੀ ਦਾ ਫਲ ਦੇਵੇਗਾ।
18 ੧੮ ਜਦ ਤੱਕ ਆਸ ਹੈ ਆਪਣੇ ਪੁੱਤਰ ਨੂੰ ਤਾੜਨਾ ਦੇ, ਜਾਣ ਬੁੱਝ ਕੇ ਉਹ ਦੇ ਨਾਸ ਦਾ ਕਾਰਨ ਨਾ ਬਣ।
19 ੧੯ ਡਾਢੇ ਕ੍ਰੋਧੀ ਨੂੰ ਸਜ਼ਾ ਭੋਗਣ ਦੇ, ਜੇ ਤੂੰ ਉਹ ਨੂੰ ਛੁਡਾਵੇਂ ਤਾਂ ਤੈਨੂੰ ਬਾਰ-ਬਾਰ ਛੁਡਾਉਣਾ ਪਵੇਗਾ।
20 ੨੦ ਸਲਾਹ ਨੂੰ ਸੁਣ ਅਤੇ ਸਿੱਖਿਆ ਨੂੰ ਕਬੂਲ ਕਰ, ਤਾਂ ਜੋ ਅੰਤ ਵਿੱਚ ਬੁੱਧਵਾਨ ਬਣੇਂ।
21 ੨੧ ਮਨੁੱਖ ਦੇ ਮਨ ਵਿੱਚ ਅਨੇਕ ਯੋਜਨਾਵਾਂ ਹੁੰਦੀਆਂ ਹਨ, ਪਰ ਯਹੋਵਾਹ ਦੀ ਯੋਜਨਾ ਕਾਇਮ ਰਹੇਗੀ।
22 ੨੨ ਮਨੁੱਖ ਦੀ ਦਯਾ ਦੇ ਕਾਰਨ ਉਸ ਨੂੰ ਪਸੰਦ ਕੀਤਾ ਜਾਂਦਾ ਹੈ, ਅਤੇ ਝੂਠੇ ਮਨੁੱਖ ਨਾਲੋਂ ਕੰਗਾਲ ਹੀ ਚੰਗਾ ਹੈ।
23 ੨੩ ਯਹੋਵਾਹ ਦਾ ਭੈਅ ਮੰਨਣ ਨਾਲ ਜੀਵਨ ਦਾ ਵਾਧਾ ਹੁੰਦਾ ਹੈ, ਭੈਅ ਮੰਨਣ ਵਾਲਾ ਤ੍ਰਿਪਤ ਰਹੇਗਾ, ਅਤੇ ਬਿਪਤਾ ਤੋਂ ਬਚਿਆ ਰਹੇਗਾ।
24 ੨੪ ਆਲਸੀ ਆਪਣਾ ਹੱਥ ਥਾਲੀ ਵਿੱਚ ਪਾਉਂਦਾ ਹੈ, ਪਰ ਐਨਾ ਵੀ ਨਹੀਂ ਕਰਦਾ ਭਈ ਉਹ ਨੂੰ ਫੇਰ ਮੂੰਹ ਤੱਕ ਲਿਆਵੇ।
25 ੨੫ ਠੱਠਾ ਕਰਨ ਵਾਲੇ ਨੂੰ ਮਾਰ ਤਾਂ ਭੋਲਾ ਸਿਆਣਾ ਹੋ ਜਾਵੇਗਾ, ਅਤੇ ਸਮਝ ਵਾਲੇ ਨੂੰ ਤਾੜਨਾ ਦੇ, ਉਹ ਗਿਆਨ ਨੂੰ ਸਮਝੇਗਾ।
26 ੨੬ ਜਿਹੜਾ ਆਪਣੇ ਪਿਉ ਨੂੰ ਉਜਾੜ ਦਿੰਦਾ ਅਤੇ ਆਪਣੀ ਮਾਂ ਨੂੰ ਘਰੋਂ ਕੱਢ ਦਿੰਦਾ ਹੈ, ਉਹ ਨਿਰਾਦਰ ਅਤੇ ਸ਼ਰਮਿੰਦਗੀ ਦਾ ਕਾਰਨ ਹੋਵੇਗਾ।
27 ੨੭ ਹੇ ਮੇਰੇ ਪੁੱਤਰ, ਜਿਸ ਸਿੱਖਿਆ ਨਾਲ ਗਿਆਨ ਦੇ ਬਚਨਾਂ ਤੋਂ ਭਟਕ ਜਾਈਦਾ ਹੈ, ਉਹ ਦਾ ਸੁਣਨਾ ਹੀ ਛੱਡ ਦੇ।
28 ੨੮ ਨਿਕੰਮਾ ਗਵਾਹ ਨਿਆਂ ਨੂੰ ਠੱਠਿਆਂ ਵਿੱਚ ਉਡਾਉਂਦਾ ਹੈ, ਅਤੇ ਦੁਸ਼ਟਾਂ ਦਾ ਮੂੰਹ ਬੁਰਿਆਈ ਨੂੰ ਨਿਗਲ ਜਾਂਦਾ ਹੈ।
29 ੨੯ ਠੱਠਾ ਕਰਨ ਵਾਲਿਆਂ ਦੇ ਲਈ ਸਜ਼ਾ ਤਿਆਰ ਹੈ, ਤੇ ਮੂਰਖਾਂ ਦੀ ਪਿੱਠ ਲਈ ਕੋਰੜੇ ਹਨ।