< ਕਹਾਉਤਾਂ 15 >
1 ੧ ਨਰਮ ਉੱਤਰ ਗੁੱਸੇ ਨੂੰ ਠੰਡਾ ਕਰ ਦਿੰਦਾ ਹੈ, ਪਰ ਕਠੋਰ ਬਚਨ ਕ੍ਰੋਧ ਨੂੰ ਭੜਕਾਉਂਦਾ ਹੈ।
2 ੨ ਬੁੱਧਵਾਨ ਦੀ ਜੀਭ ਗਿਆਨ ਦਾ ਸਹੀ ਇਸਤੇਮਾਲ ਕਰਦੀ ਹੈ, ਪਰ ਮੂਰਖਾਂ ਦੇ ਮੂੰਹੋਂ ਬਸ ਮੂਰਖਤਾਈ ਨਿੱਕਲਦੀ ਹੈ।
3 ੩ ਯਹੋਵਾਹ ਦੀਆਂ ਅੱਖਾਂ ਸਾਰੇ ਸਥਾਨਾਂ ਉੱਤੇ ਲੱਗੀਆਂ ਰਹਿੰਦੀਆਂ ਹਨ, ਅਤੇ ਬੁਰੇ ਭਲੇ ਦੋਹਾਂ ਨੂੰ ਤੱਕਦੀਆਂ ਹਨ।
4 ੪ ਮੇਲ ਮਿਲਾਪ ਦੀ ਗੱਲਬਾਤ ਜੀਵਨ ਦਾ ਰੁੱਖ ਹੈ, ਪਰ ਪੁੱਠੀਆਂ ਗੱਲਾਂ ਆਤਮਾ ਨੂੰ ਤੋੜਦੀਆਂ ਹਨ।
5 ੫ ਮੂਰਖ ਆਪਣੇ ਪਿਉ ਦੀ ਸਿੱਖਿਆ ਨੂੰ ਤੁੱਛ ਜਾਣਦਾ ਹੈ, ਪਰ ਜਿਹੜਾ ਤਾੜਨਾ ਨੂੰ ਮੰਨਦਾ ਹੈ ਉਹ ਸਿਆਣਾ ਹੈ।
6 ੬ ਧਰਮੀ ਦੇ ਘਰ ਵਿੱਚ ਵੱਡਾ ਧਨ ਹੈ, ਪਰ ਦੁਸ਼ਟ ਦੀ ਕਮਾਈ ਨਾਲ ਕਸ਼ਟ ਹੁੰਦਾ ਹੈ।
7 ੭ ਬੁੱਧਵਾਨ ਲੋਕ ਗਿਆਨ ਨੂੰ ਫੈਲਾਉਂਦੇ ਹਨ, ਪਰ ਮੂਰਖਾਂ ਦਾ ਮਨ ਇਸ ਤਰ੍ਹਾਂ ਨਹੀਂ ਕਰਦਾ।
8 ੮ ਦੁਸ਼ਟ ਦੀ ਭੇਟ ਤੋਂ ਯਹੋਵਾਹ ਘਿਣ ਕਰਦਾ ਹੈ, ਪਰ ਸਚਿਆਰਾਂ ਦੀ ਪ੍ਰਾਰਥਨਾ ਤੋਂ ਉਹ ਅਨੰਦ ਹੁੰਦਾ ਹੈ।
9 ੯ ਦੁਸ਼ਟ ਦੀ ਚਾਲ ਤੋਂ ਯਹੋਵਾਹ ਘਿਣ ਕਰਦਾ ਹੈ, ਪਰ ਧਰਮ ਦਾ ਪਿੱਛਾ ਕਰਨ ਵਾਲੇ ਨਾਲ ਉਹ ਪ੍ਰੇਮ ਰੱਖਦਾ ਹੈ।
10 ੧੦ ਜਿਹੜਾ ਰਾਹ ਨੂੰ ਤਿਆਗ ਦਿੰਦਾ ਹੈ ਉਹ ਨੂੰ ਸਖ਼ਤ ਤਾੜਨਾ ਮਿਲਦੀ ਹੈ, ਅਤੇ ਝਿੜਕ ਨੂੰ ਬੁਰਾ ਜਾਣਨ ਵਾਲਾ ਮਰੇਗਾ।
11 ੧੧ ਪਤਾਲ ਅਤੇ ਵਿਨਾਸ਼ ਲੋਕ ਵੀ ਯਹੋਵਾਹ ਦੇ ਅੱਗੇ ਖੁੱਲ੍ਹੇ ਪਏ ਹਨ, ਤਾਂ ਭਲਾ, ਆਦਮ ਵੰਸ਼ੀਆਂ ਦੇ ਮਨ ਕਿਵੇਂ ਖੁੱਲ੍ਹੇ ਨਾ ਹੋਣਗੇ? (Sheol )
12 ੧੨ ਠੱਠਾ ਕਰਨ ਵਾਲਾ ਤਾੜਨਾ ਨੂੰ ਪਸੰਦ ਨਹੀਂ ਕਰਦਾ, ਤੇ ਨਾ ਉਹ ਬੁੱਧਵਾਨਾਂ ਦੇ ਕੋਲ ਜਾਂਦਾ ਹੈ।
13 ੧੩ ਮਨ ਅਨੰਦ ਹੋਵੇ ਤਾਂ ਮੁਖ ਉੱਤੇ ਵੀ ਖੁਸ਼ੀ ਹੁੰਦੀ ਹੈ, ਪਰ ਮਨ ਦੇ ਸੋਗ ਨਾਲ ਆਤਮਾ ਨਿਰਾਸ਼ ਹੁੰਦਾ ਹੈ।
14 ੧੪ ਸਮਝ ਵਾਲੇ ਦਾ ਮਨ ਗਿਆਨ ਦੀ ਖੋਜ ਕਰਦਾ ਹੈ, ਪਰ ਮੂਰਖ ਲੋਕ ਮੂਰਖਤਾ ਦੇ ਨਾਲ ਪੇਟ ਭਰਦੇ ਹਨ।
15 ੧੫ ਦੁੱਖੀ ਦੇ ਸਾਰੇ ਦਿਨ ਬੁਰੇ ਹੁੰਦੇ ਹਨ, ਪਰ ਚੰਗੇ ਮਨ ਵਾਲਾ ਸਦਾ ਦਾਵਤਾਂ ਤੇ ਜਾਣ ਵਾਲੇ ਵਰਗਾ ਹੁੰਦਾ ਹੈ।
16 ੧੬ ਉਹ ਥੋੜਾ ਜਿਹਾ ਜੋ ਯਹੋਵਾਹ ਦੇ ਭੈਅ ਨਾਲ ਹੋਵੇ, ਉਸ ਵੱਡੇ ਖਜ਼ਾਨੇ ਨਾਲੋਂ ਚੰਗਾ ਹੈ ਜਿਹ ਦੇ ਨਾਲ ਘਬਰਾਹਟ ਹੋਵੇ।
17 ੧੭ ਸਾਗ ਪਤ ਦਾ ਖਾਣਾ ਜਿੱਥੇ ਪ੍ਰੇਮ ਹੈ, ਪਲੇ ਹੋਏ ਬਲ਼ਦ ਨਾਲੋਂ ਜਿੱਥੇ ਵੈਰ ਹੈ, ਚੰਗਾ ਹੈ।
18 ੧੮ ਕ੍ਰੋਧੀ ਛੇੜਖਾਨੀ ਕਰਦਾ ਹੈ, ਪਰ ਜਿਹੜਾ ਗੁੱਸੇ ਵਿੱਚ ਧੀਮਾ ਹੈ ਉਹ ਝਗੜੇ ਨੂੰ ਮਿਟਾਉਂਦਾ ਹੈ।
19 ੧੯ ਆਲਸੀ ਦਾ ਰਾਹ ਕੰਡਿਆਂ ਦੀ ਬਾੜ ਜਿਹਾ ਹੈ, ਪਰ ਸਚਿਆਰਾਂ ਦਾ ਮਾਰਗ ਰਾਜ ਮਾਰਗ ਹੈ।
20 ੨੦ ਬੁੱਧਵਾਨ ਪੁੱਤਰ ਆਪਣੇ ਪਿਉ ਨੂੰ ਅਨੰਦ ਰੱਖਦਾ ਹੈ, ਪਰ ਮੂਰਖ ਆਦਮੀ ਆਪਣੀ ਮਾਂ ਨੂੰ ਨੀਚ ਸਮਝਦਾ ਹੈ।
21 ੨੧ ਨਿਰਬੁੱਧ ਮੂਰਖਤਾਈ ਤੋਂ ਅਨੰਦ ਹੁੰਦਾ ਹੈ, ਅਤੇ ਸਮਝ ਵਾਲਾ ਪੁਰਸ਼ ਸਿੱਧੀ ਚਾਲ ਚੱਲਦਾ ਹੈ।
22 ੨੨ ਜੇ ਸਲਾਹ ਨਾ ਮਿਲੇ ਤਾਂ ਮਕਸਦ ਰੁਕ ਜਾਂਦੇ ਹਨ, ਪਰ ਜੇ ਸਲਾਹ ਦੇਣ ਵਾਲੇ ਬਹੁਤੇ ਹੋਣ ਤਾਂ ਉਹ ਕਾਇਮ ਹੋ ਜਾਂਦੇ ਹਨ।
23 ੨੩ ਮਨੁੱਖ ਆਪਣੇ ਮੂੰਹ ਦੇ ਉੱਤਰ ਤੋਂ ਪਰਸੰਨ ਹੁੰਦਾ ਹੈ, ਅਤੇ ਜਿਹੜਾ ਬਚਨ ਵੇਲੇ ਸਿਰ ਕਹੀਦਾ ਹੈ ਉਹ ਕਿਹਾ ਚੰਗਾ ਲੱਗਦਾ ਹੈ।
24 ੨੪ ਸਿਆਣੇ ਦੇ ਲਈ ਜੀਵਨ ਦਾ ਰਾਹ ਉਤਾਹਾਂ ਹੋ ਜਾਂਦਾ ਹੈ, ਤਾਂ ਜੋ ਉਹ ਪਤਾਲ ਦੇ ਹੇਠੋਂ ਪਰੇ ਰਹੇ। (Sheol )
25 ੨੫ ਹੰਕਾਰੀਆਂ ਦੇ ਘਰ ਨੂੰ ਯਹੋਵਾਹ ਢਾਹ ਦਿੰਦਾ ਹੈ, ਪਰ ਵਿਧਵਾ ਦੇ ਬੰਨਿਆ ਨੂੰ ਕਾਇਮ ਕਰਦਾ ਹੈ।
26 ੨੬ ਬੁਰਿਆਰ ਦੇ ਖ਼ਿਆਲ ਯਹੋਵਾਹ ਨੂੰ ਘਿਣਾਉਣੇ ਲੱਗਦੇ ਹਨ, ਪਰ ਸ਼ੁਭ ਬਚਨ ਸ਼ੁੱਧ ਹਨ।
27 ੨੭ ਨਫ਼ੇ ਦਾ ਲੋਭੀ ਆਪਣੇ ਹੀ ਟੱਬਰ ਨੂੰ ਦੁੱਖ ਦਿੰਦਾ ਹੈ, ਪਰ ਜਿਹੜਾ ਵੱਢੀ ਤੋਂ ਘਿਣ ਕਰਦਾ ਹੈ ਉਹ ਜੀਉਂਦਾ ਰਹੇਗਾ।
28 ੨੮ ਧਰਮੀ ਦਾ ਮਨ ਸੋਚ ਕੇ ਉੱਤਰ ਦਿੰਦਾ ਹੈ, ਪਰ ਦੁਸ਼ਟ ਦੇ ਮੂੰਹੋਂ ਬੁਰੀਆਂ ਗੱਲਾਂ ਨਿੱਕਲਦੀਆਂ ਹਨ।
29 ੨੯ ਦੁਸ਼ਟਾਂ ਕੋਲੋਂ ਯਹੋਵਾਹ ਦੂਰ ਹੈ, ਪਰ ਉਹ ਧਰਮੀਆਂ ਦੀ ਪ੍ਰਾਰਥਨਾਂ ਸੁਣਦਾ ਹੈ।
30 ੩੦ ਅੱਖਾਂ ਦਾ ਚਾਨਣ ਦਿਲ ਨੂੰ ਖੁਸ਼ ਕਰਦਾ ਹੈ, ਅਤੇ ਚੰਗੀ ਖ਼ਬਰ ਹੱਡੀਆਂ ਨੂੰ ਪੁਸ਼ਟ ਕਰਦੀ ਹੈ।
31 ੩੧ ਜਿਹੜਾ ਜੀਵਨ ਦੇਣ ਵਾਲੀ ਤਾੜਨਾ ਨੂੰ ਕੰਨ ਲਾ ਕੇ ਸੁਣਦਾ ਹੈ, ਉਹ ਬੁੱਧਵਾਨਾਂ ਦੇ ਵਿਚਕਾਰ ਵੱਸੇਗਾ।
32 ੩੨ ਸਿੱਖਿਆ ਨੂੰ ਅਣਸੁਣਿਆ ਕਰਨ ਵਾਲਾ ਆਪਣੀ ਹੀ ਜਾਨ ਨੂੰ ਤੁੱਛ ਜਾਣਦਾ ਹੈ, ਪਰ ਜੋ ਤਾੜਨਾ ਵੱਲ ਕੰਨ ਲਾਉਂਦਾ ਹੈ ਉਹ ਸਮਝ ਪ੍ਰਾਪਤ ਕਰਦਾ ਹੈ।
33 ੩੩ ਯਹੋਵਾਹ ਦਾ ਭੈਅ ਮੰਨਣ ਨਾਲ ਬੁੱਧੀ ਪ੍ਰਾਪਤ ਹੁੰਦੀ ਹੈ, ਅਤੇ ਮਹਿਮਾ ਤੋਂ ਪਹਿਲਾਂ ਨਮਰਤਾ ਆਉਂਦੀ ਹੈ।