< ਕਹਾਉਤਾਂ 1 >
1 ੧ ਦਾਊਦ ਦੇ ਪੁੱਤਰ ਇਸਰਾਏਲ ਦੇ ਰਾਜੇ ਸੁਲੇਮਾਨ ਦੀਆਂ ਕਹਾਉਤਾਂ,
2 ੨ ਬੁੱਧ ਅਤੇ ਸਿੱਖਿਆ ਜਾਣਨ ਲਈ ਅਤੇ ਸਮਝ ਦੀਆਂ ਗੱਲਾਂ ਬੁੱਝਣ ਲਈ,
3 ੩ ਚਤਰਾਈ ਦੀ ਸਿੱਖਿਆ ਪ੍ਰਾਪਤ ਕਰਨ ਲਈ, ਨਾਲੇ ਧਰਮ, ਨਿਆਂ ਅਤੇ ਇਨਸਾਫ਼ ਵੀ,
4 ੪ ਭੋਲਿਆਂ ਨੂੰ ਸਿਆਣਪ ਅਤੇ ਜੁਆਨਾਂ ਨੂੰ ਗਿਆਨ ਅਤੇ ਮੱਤ ਦੇਣ ਲਈ,
5 ੫ ਤਾਂ ਜੋ ਬੁੱਧਵਾਨ ਸੁਣ ਕੇ ਆਪਣੇ ਗਿਆਨ ਨੂੰ ਵਧਾਵੇ ਅਤੇ ਸਮਝ ਵਾਲਾ ਬੁੱਧ ਦੀਆਂ ਜੁਗਤਾਂ ਪ੍ਰਾਪਤ ਕਰੇ,
6 ੬ ਤਾਂ ਜੋ ਉਹ ਕਹਾਉਤਾਂ, ਦ੍ਰਿਸ਼ਟਾਂਤਾਂ ਅਤੇ ਬੁੱਧਵਾਨਾਂ ਦੀਆਂ ਗੱਲਾਂ ਅਤੇ ਬੁਝਾਰਤਾਂ ਨੂੰ ਸਮਝਣ।
7 ੭ ਯਹੋਵਾਹ ਦਾ ਭੈਅ ਮੰਨਣਾ ਗਿਆਨ ਦਾ ਮੁੱਢ ਹੈ, ਮੂਰਖ ਹੀ ਬੁੱਧ ਅਤੇ ਸਿੱਖਿਆ ਨੂੰ ਤੁੱਛ ਜਾਣਦੇ ਹਨ
8 ੮ ਹੇ ਮੇਰੇ ਪੁੱਤਰ, ਤੂੰ ਆਪਣੇ ਪਿਤਾ ਦਾ ਉਪਦੇਸ਼ ਸੁਣ ਅਤੇ ਆਪਣੀ ਮਾਂ ਦੀ ਸਿੱਖਿਆ ਨੂੰ ਨਾ ਛੱਡੀਂ,
9 ੯ ਕਿਉਂ ਜੋ ਉਹ ਤੇਰੇ ਸਿਰ ਲਈ ਸ਼ਿੰਗਾਰਨ ਵਾਲਾ ਸਿਹਰਾ ਅਤੇ ਤੇਰੇ ਗਲ਼ ਦੇ ਲਈ ਕੈਂਠਾ ਹੋਣਗੀਆਂ।
10 ੧੦ ਹੇ ਮੇਰੇ ਪੁੱਤਰ, ਜੇ ਕਦੀ ਪਾਪੀ ਤੈਨੂੰ ਫ਼ੁਸਲਾਉਣ, ਤਾਂ ਤੂੰ ਉਨ੍ਹਾਂ ਦੀ ਗੱਲ ਨਾ ਮੰਨੀ।
11 ੧੧ ਜੇ ਉਹ ਆਖਣ ਕਿ ਤੂੰ ਸਾਡੇ ਨਾਲ ਚੱਲ, ਅਸੀਂ ਖ਼ੂਨ ਕਰਨ ਲਈ ਘਾਤ ਲਾਈਏ, ਆਪਾਂ ਬੇਦੋਸ਼ਾਂ ਨੂੰ ਮਾਰਨ ਲਈ ਘਾਤ ਵਿੱਚ ਲੁੱਕ ਕੇ ਬੈਠੀਏ,
12 ੧੨ ਅਸੀਂ ਉਹਨਾਂ ਨੂੰ ਪਤਾਲ ਵਾਂਗੂੰ ਅਤੇ ਕਬਰ ਵਿੱਚ ਪਏ ਹੋਇਆਂ ਵਾਂਗੂੰ ਜੀਉਂਦਾ ਅਤੇ ਸਾਬਤਾ ਹੀ ਨਿਗਲ ਲਈਏ। (Sheol )
13 ੧੩ ਸਾਨੂੰ ਸਭ ਪਰਕਾਰ ਦੇ ਅਣਮੁੱਲੇ ਪਦਾਰਥ ਮਿਲਣਗੇ, ਅਸੀਂ ਲੁੱਟ ਦੇ ਮਾਲ ਨਾਲ ਆਪਣੇ ਘਰ ਭਰ ਲਵਾਂਗੇ!
14 ੧੪ ਤੂੰ ਸਾਡੇ ਨਾਲ ਭਾਈਵਾਲ ਹੋ ਜਾ, ਸਾਡਾ ਸਾਰਿਆਂ ਦਾ ਇੱਕੋ ਹੀ ਬਟੂਆ ਹੋਵੇਗਾ।
15 ੧੫ ਹੇ ਮੇਰੇ ਪੁੱਤਰ, ਤੂੰ ਉਨ੍ਹਾਂ ਦੇ ਨਾਲ ਉਸ ਰਾਹ ਵਿੱਚ ਨਾ ਤੁਰੀਂ, ਉਨ੍ਹਾਂ ਦੇ ਮਾਰਗ ਤੋਂ ਆਪਣੇ ਪੈਰ ਨੂੰ ਰੋਕ ਰੱਖੀਂ,
16 ੧੬ ਕਿਉਂ ਜੋ ਉਨ੍ਹਾਂ ਦੇ ਪੈਰ ਬੁਰਿਆਈ ਕਰਨ ਨੂੰ ਭੱਜਦੇ ਅਤੇ ਖ਼ੂਨ ਕਰਨ ਨੂੰ ਫ਼ੁਰਤੀ ਕਰਦੇ ਹਨ!
17 ੧੭ ਕਿਸੇ ਪੰਛੀ ਦੇ ਵੇਖਦਿਆਂ ਜਾਲ਼ ਵਿਛਾਉਣਾ ਵਿਅਰਥ ਹੈ।
18 ੧੮ ਉਹ ਆਪਣਾ ਹੀ ਖ਼ੂਨ ਕਰਨ ਲਈ ਘਾਤ ਲਾਉਂਦੇ ਹਨ, ਉਹ ਆਪਣੀਆਂ ਹੀ ਜਾਨਾਂ ਦੇ ਲਈ ਲੁੱਕ ਕੇ ਜਾਲ਼ ਵਿਛਾਉਂਦੇ ਹਨ।
19 ੧੯ ਨਫ਼ੇ ਦੇ ਸਾਰੇ ਲੋਭੀਆਂ ਦੀ ਚਾਲ ਅਜਿਹੀ ਹੀ ਹੁੰਦੀ ਹੈ, ਉਹ ਆਪਣੇ ਮਾਲਕਾਂ ਦੀ ਜਾਨ ਲੈ ਲੈਂਦਾ ਹੈ।
20 ੨੦ ਬੁੱਧ ਗਲੀਆਂ ਵਿੱਚ ਉੱਚੀ-ਉੱਚੀ ਪੁਕਾਰਦੀ ਹੈ, ਉਹ ਚੌਂਕਾਂ ਵਿੱਚ ਹਾਕਾਂ ਮਾਰਦੀ ਹੈ।
21 ੨੧ ਉਹ ਬਜ਼ਾਰਾਂ ਦੇ ਸਿਰਿਆਂ ਉੱਤੇ ਹੋਕਾ ਦਿੰਦੀ ਹੈ, ਉਹ ਫਾਟਕਾਂ ਦੇ ਲਾਂਘਿਆਂ ਉੱਤੇ ਅਤੇ ਸ਼ਹਿਰ ਵਿੱਚ ਇਹ ਗੱਲਾਂ ਆਖਦੀ ਹੈ,
22 ੨੨ ਹੇ ਭੋਲਿਓ, ਤੁਸੀਂ ਕਦੋਂ ਤੱਕ ਭੋਲੇਪਣ ਨਾਲ ਪ੍ਰੀਤ ਰੱਖੋਗੇ? ਕਦੋਂ ਤੱਕ ਮਖ਼ੌਲੀਏ ਆਪਣੇ ਮਖ਼ੌਲਾਂ ਤੋਂ ਪਰਸੰਨ ਹੋਣਗੇ ਅਤੇ ਮੂਰਖ ਕਦੋਂ ਤੱਕ ਗਿਆਨ ਨਾਲ ਵੈਰ ਰੱਖਣਗੇ?
23 ੨੩ ਮੇਰੀ ਝਿੜਕ ਸੁਣ ਕੇ ਮੁੜੋ! ਵੇਖੋ, ਮੈਂ ਆਪਣਾ ਆਤਮਾ ਤੁਹਾਡੇ ਉੱਤੇ ਵਹਾ ਦਿਆਂਗੀ, ਮੈਂ ਆਪਣੇ ਬਚਨ ਤੁਹਾਨੂੰ ਸਮਝਾਵਾਂਗੀ।
24 ੨੪ ਮੈਂ ਤਾਂ ਪੁਕਾਰਿਆ ਪਰ ਤੁਸੀਂ ਨਾ ਸੁਣਿਆ, ਮੈਂ ਹੱਥ ਪਸਾਰਿਆ ਪਰ ਕਿਸੇ ਨੇ ਵੀ ਧਿਆਨ ਨਾ ਕੀਤਾ,
25 ੨੫ ਸਗੋਂ ਤੁਸੀਂ ਮੇਰੀਆਂ ਸਾਰੀਆਂ ਮੱਤਾਂ ਨੂੰ ਵਿਸਾਰ ਦਿੱਤਾ, ਅਤੇ ਮੇਰੀ ਤਾੜ ਦੀ ਕੁਝ ਚਾਹ ਨਾ ਕੀਤੀ।
26 ੨੬ ਮੈਂ ਵੀ ਤੁਹਾਡੀ ਬਿਪਤਾ ਉੱਤੇ ਹੱਸਾਂਗੀ ਅਤੇ ਜਦ ਤੁਹਾਡੇ ਉੱਤੇ ਭੈਅ ਆ ਪਵੇਗਾ ਤਾਂ ਮੈਂ ਤੁਹਾਡਾ ਮਖ਼ੌਲ ਉਡਾਵਾਂਗੀ,
27 ੨੭ ਜਿਸ ਵੇਲੇ ਤੂਫ਼ਾਨ ਵਾਂਗੂੰ ਤੁਹਾਡੇ ਉੱਤੇ ਭੈਅ ਆ ਪਵੇਗਾ ਅਤੇ ਵਾਵਰੋਲੇ ਦੀ ਤਰ੍ਹਾਂ ਬਿਪਤਾ ਤੁਹਾਡੇ ਉੱਤੇ ਆਵੇਗੀ ਅਤੇ ਤੁਹਾਨੂੰ ਕਸ਼ਟ ਤੇ ਸੰਕਟ ਹੋਵੇਗਾ,
28 ੨੮ ਉਸ ਵੇਲੇ ਉਹ ਮੇਰੀਆਂ ਦੁਹਾਈਆਂ ਦੇਣਗੇ, ਪਰ ਮੈਂ ਉੱਤਰ ਨਹੀਂ ਦਿਆਂਗੀ, ਉਹ ਮਨ ਲਾ ਕੇ ਮੈਨੂੰ ਭਾਲਣਗੇ, ਪਰ ਮੈਂ ਉਨ੍ਹਾਂ ਨੂੰ ਨਾ ਲੱਭਾਂਗੀ,
29 ੨੯ ਕਿਉਂ ਜੋ ਉਨ੍ਹਾਂ ਨੇ ਗਿਆਨ ਨਾਲ ਵੈਰ ਰੱਖਿਆ ਅਤੇ ਯਹੋਵਾਹ ਦਾ ਭੈਅ ਮੰਨਣਾ ਪਸੰਦ ਨਾ ਕੀਤਾ,
30 ੩੦ ਉਨ੍ਹਾਂ ਨੇ ਮੇਰੀ ਮੱਤ ਦੀ ਕੁਝ ਲੋੜ ਨਾ ਸਮਝੀ ਅਤੇ ਮੇਰੀ ਸਾਰੀ ਤਾੜ ਨੂੰ ਤੁੱਛ ਜਾਣਿਆ,
31 ੩੧ ਇਸ ਲਈ ਉਹ ਆਪਣੀ ਕਰਨੀ ਦਾ ਫਲ ਭੋਗਣਗੇ ਅਤੇ ਆਪਣੀਆਂ ਜੁਗਤਾਂ ਨਾਲ ਰੱਜਣਗੇ,
32 ੩੨ ਕਿਉਂ ਜੋ ਭੋਲੇ ਲੋਕ ਭਟਕ ਜਾਣ ਦੇ ਕਾਰਨ ਮਾਰੇ ਜਾਣਗੇ ਅਤੇ ਮੂਰਖਾਂ ਦੀ ਲਾਪਰਵਾਹੀ ਉਹਨਾਂ ਦਾ ਨਾਸ ਕਰੇਗੀ।
33 ੩੩ ਪਰ ਜੋ ਮੇਰੀ ਸੁਣਦਾ ਹੈ, ਉਹ ਸੁੱਖ ਨਾਲ ਰਹੇਗਾ ਅਤੇ ਬਿਪਤਾ ਤੋਂ ਨਿਡਰ ਹੋ ਕੇ ਸ਼ਾਂਤੀ ਨਾਲ ਵੱਸੇਗਾ।