< ਫਿਲਿੱਪੀਆਂ ਨੂੰ 1 >
1 ੧ ਮਸੀਹ ਯਿਸੂ ਦੇ ਦਾਸ ਪੌਲੁਸ ਅਤੇ ਤਿਮੋਥਿਉਸ, ਅੱਗੇ ਯੋਗ ਫ਼ਿਲਿੱਪੈ ਦੇ ਵਿੱਚ ਜਿੰਨੇ ਮਸੀਹ ਯਿਸੂ ਵਿੱਚ ਸੰਤ ਹਨ ਉਨ੍ਹਾਂ ਸਭਨਾਂ ਨੂੰ ਕਲੀਸਿਯਾ ਦੇ ਨਿਗਾਹਬਾਨਾਂ ਅਤੇ ਸੇਵਕਾਂ ਸਣੇ।
2 ੨ ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ।
3 ੩ ਮੈਂ ਜਦੋਂ ਤੁਹਾਨੂੰ ਯਾਦ ਕਰਦਾ ਹਾਂ ਤਦ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ।
4 ੪ ਅਤੇ ਮੈਂ ਆਪਣੀ ਹਰੇਕ ਬੇਨਤੀ ਵਿੱਚ ਸਦਾ ਤੁਹਾਡੇ ਸਾਰਿਆਂ ਲਈ ਅਨੰਦ ਨਾਲ ਬੇਨਤੀ ਕਰਦਾ ਹਾਂ।
5 ੫ ਇਸ ਲਈ ਜੋ ਤੁਸੀਂ ਪਹਿਲੇ ਦਿਨ ਤੋਂ ਹੁਣ ਤੱਕ ਖੁਸ਼ਖਬਰੀ ਦੇ ਫੈਲਾਉਣ ਵਿੱਚ ਮੇਰੇ ਸਾਂਝੀ ਰਹੇ।
6 ੬ ਅਤੇ ਇਸ ਗੱਲ ਦੀ ਮੈਨੂੰ ਭਰੋਸਾ ਹੈ ਕਿ ਜਿਸ ਨੇ ਤੁਹਾਡੇ ਵਿੱਚ ਸ਼ੁਭ ਕੰਮ ਨੂੰ ਸ਼ੁਰੂ ਕੀਤਾ ਸੋ ਯਿਸੂ ਮਸੀਹ ਦੇ ਦਿਨ ਤੱਕ ਉਹ ਨੂੰ ਪੂਰਾ ਕਰੇਗਾ।
7 ੭ ਇਸ ਲਈ ਤੁਹਾਡੇ ਸਾਰਿਆਂ ਦੇ ਲਈ ਮੈਨੂੰ ਇਹ ਮੰਨਣਾ ਉੱਚਿਤ ਹੈ ਕਿਉਂ ਜੋ ਤੁਸੀਂ ਮੇਰੇ ਦਿਲ ਵਿੱਚ ਹੋ, ਇਸ ਲਈ ਜੋ ਮੇਰੇ ਬੰਧਨਾਂ ਵਿੱਚ, ਨਾਲੇ ਖੁਸ਼ਖਬਰੀ ਦੇ ਨਮਿੱਤ ਉੱਤਰ ਅਤੇ ਪਰਮਾਣ ਦੇਣ ਵਿੱਚ ਤੁਸੀਂ ਸਾਰੇ ਮੇਰੇ ਨਾਲ ਕਿਰਪਾ ਦੇ ਸਾਂਝੀ ਹੋ।
8 ੮ ਪਰਮੇਸ਼ੁਰ ਤਾਂ ਮੇਰਾ ਗਵਾਹ ਹੈ, ਜੋ ਮੈਂ ਮਸੀਹ ਯਿਸੂ ਜਿਹਾ ਪਿਆਰ ਕਰਕੇ ਤੁਸੀਂ ਸਭਨਾਂ ਨੂੰ ਕਿੰਨ੍ਹਾਂ ਹੀ ਲੋਚਦਾ ਹਾਂ।
9 ੯ ਅਤੇ ਮੈਂ ਇਹ ਪ੍ਰਾਰਥਨਾ ਕਰਦਾ ਹਾਂ ਭਈ ਤੁਹਾਡਾ ਪਿਆਰ ਸਮਝ ਅਤੇ ਸਭ ਪਰਕਾਰ ਦੇ ਬਿਬੇਕ ਨਾਲ ਹੋਰ ਤੋਂ ਹੋਰ ਵਧਦਾ ਚੱਲਿਆ ਜਾਵੇ।
10 ੧੦ ਤੁਸੀਂ ਚੰਗੀ ਚੰਗੇਰੀਆਂ ਗੱਲਾਂ ਨੂੰ ਪਸੰਦ ਕਰੋ ਤਾਂ ਜੋ ਮਸੀਹ ਦੇ ਦਿਨ ਤੱਕ ਨਿਸ਼ਕਪਟ ਅਤੇ ਨਿਰਦੋਸ਼ ਰਹੋ।
11 ੧੧ ਅਤੇ ਧਾਰਮਿਕਤਾ ਦੇ ਫਲ ਨਾਲ ਜੋ ਯਿਸੂ ਮਸੀਹ ਦੇ ਵਸੀਲੇ ਕਰਕੇ ਹੁੰਦਾ ਹੈ, ਭਰਪੂਰ ਰਹੋ ਭਈ ਪਰਮੇਸ਼ੁਰ ਦੀ ਵਡਿਆਈ ਅਤੇ ਉਸਤਤ ਹੋਵੇ।
12 ੧੨ ਹੇ ਭਰਾਵੋ, ਮੈਂ ਚਾਹੁੰਦਾ ਹਾਂ ਜੋ ਤੁਸੀਂ ਇਹ ਜਾਣੋ ਕਿ ਮੇਰੇ ਉੱਤੇ ਜੋ ਬੀਤਿਆ ਸੋ ਖੁਸ਼ਖਬਰੀ ਦੇ ਪ੍ਰਸਾਰ ਕਾਰਨ ਹੀ ਹੋਇਆ।
13 ੧੩ ਇਥੋਂ ਤੱਕ ਜੋ ਪਾਤਸ਼ਾਹ ਦੀ ਸਾਰੀ ਪਲਟਣ ਅਤੇ ਹੋਰ ਸਭਨਾਂ ਉੱਤੇ ਉਜਾਗਰ ਹੋਇਆ ਭਈ ਮੇਰੇ ਬੰਧਨ ਮਸੀਹ ਦੇ ਲਈ ਹਨ।
14 ੧੪ ਅਤੇ ਬਹੁਤੇ ਜੋ ਪ੍ਰਭੂ ਵਿੱਚ ਭਾਈ ਹਨ ਮੇਰੇ ਬੰਧਨਾਂ ਦੇ ਕਾਰਨ ਤਕੜੇ ਹੋ ਕੇ ਪਰਮੇਸ਼ੁਰ ਦਾ ਬਚਨ ਨਿਧੜਕ ਸੁਣਾਉਣ ਲਈ ਹੋਰ ਵੀ ਦਿਲੇਰ ਹੋ ਗਏ ਹਨ।
15 ੧੫ ਕਈ ਤਾਂ ਖਾਰ ਅਤੇ ਝਗੜੇ ਨਾਲ ਅਤੇ ਕਈ ਭਲੀ ਮਨਸ਼ਾ ਨਾਲ ਵੀ ਮਸੀਹ ਦਾ ਪਰਚਾਰ ਕਰਦੇ ਹਨ।
16 ੧੬ ਇਹ ਤਾਂ ਪਿਆਰ ਨਾਲ ਕਰਦੇ ਹਨ ਇਹ ਜਾਣ ਕੇ ਭਈ ਮੈਂ ਖੁਸ਼ਖਬਰੀ ਲਈ ਉੱਤਰ ਦੇਣ ਨੂੰ ਥਾਪਿਆ ਹੋਇਆ ਹਾਂ।
17 ੧੭ ਪਰ ਓਹ ਨਿਸ਼ਕਪਟਤਾ ਨਾਲ ਨਹੀਂ ਸਗੋਂ ਧੜੇ ਬਾਜ਼ੀ ਨਾਲ ਮਸੀਹ ਦਾ ਪਰਚਾਰ ਕਰਦੇ ਹਨ, ਇਹ ਸਮਝ ਕੇ ਭਈ ਮੇਰੀਆਂ ਬੰਧਨਾਂ ਵਿੱਚ ਮੈਨੂੰ ਹੋਰ ਵੀ ਕਲੇਸ਼ ਪੁਚਾਉਣ।
18 ੧੮ ਤਾਂ ਕੀ ਹੋਇਆ? ਭਾਵੇਂ ਬਹਾਨੇ ਭਾਵੇਂ ਸਚਿਆਈ ਨਾਲ ਹਰ ਤਰ੍ਹਾਂ ਮਸੀਹ ਦਾ ਪਰਚਾਰ ਹੁੰਦਾ ਹੈ ਅਤੇ ਮੈਂ ਇਸ ਕਾਰਨ ਖੁਸ਼ ਹਾਂ ਅਤੇ ਰਹਾਂਗਾ ਵੀ।
19 ੧੯ ਕਿਉਂ ਜੋ ਮੈਂ ਜਾਣਦਾ ਹਾਂ ਕਿ ਤੁਹਾਡੀ ਬੇਨਤੀ ਤੋਂ ਅਤੇ ਯਿਸੂ ਮਸੀਹ ਦੇ ਆਤਮਾ ਦੀ ਸਹਾਇਤਾ ਤੋਂ ਮੇਰਾ ਇਨਾਮ ਮੁਕਤੀ ਹੋਵੇਗਾ।
20 ੨੦ ਮੇਰੀ ਵੱਡੀ ਤਾਂਘ ਅਤੇ ਆਸ ਦੇ ਅਨੁਸਾਰ ਕਿ ਮੈਂ ਕਿਸੇ ਗੱਲ ਵਿੱਚ ਸ਼ਰਮਿੰਦਾ ਨਹੀਂ ਹੋਵਾਂਗਾ, ਸਗੋਂ ਪੂਰੀ ਦਲੇਰੀ ਨਾਲ ਜਿਵੇਂ ਮੇਰੀ ਦੇਹ ਵਿੱਚ ਮਸੀਹ ਦੀ ਵਡਿਆਈ ਹੁੰਦੀ ਆਈ ਹੈ, ਹੁਣ ਉਵੇਂ ਹੀ ਹੁੰਦੀ ਰਹੇ, ਭਾਵੇਂ ਮੈਂ ਜਿਉਂਦਾ ਰਹਾ ਜਾਂ ਮਰ ਜਾਂਵਾਂ।
21 ੨੧ ਕਿਉਂਕਿ ਜਿਉਣਾ ਮੇਰੇ ਲਈ ਮਸੀਹ ਹੈ ਅਤੇ ਮਰਨਾ ਲਾਭ ਹੈ।
22 ੨੨ ਪਰ ਜੇ ਸਰੀਰ ਵਿੱਚ ਜਿਉਂਦਾ ਰਹਿਣਾ, ਜੇ ਇਸ ਤੋਂ ਮੈਨੂੰ ਮਿਹਨਤ ਦਾ ਫਲ ਪ੍ਰਾਪਤ ਹੋਵੇ ਤਾਂ ਮੈਂ ਨਹੀਂ ਜਾਣਦਾ ਜੋ ਮੈਂ ਕਿਸਨੂੰ ਚੁਣਾਂ।
23 ੨੩ ਪਰ ਮੈਂ ਦੋਹਾਂ ਦੇ ਵਿਚਾਲੇ ਫਸਿਆ ਹੋਇਆ ਹਾਂ। ਮੈਂ ਚਾਹੁੰਦਾ ਹਾਂ ਭਈ ਛੁਟਕਾਰਾ ਪਾਵਾਂ ਅਤੇ ਮਸੀਹ ਦੇ ਕੋਲ ਜਾ ਰਹਾਂ ਕਿਉਂ ਜੋ ਇਹ ਬਹੁਤ ਹੀ ਉੱਤਮ ਹੈ।
24 ੨੪ ਪਰ ਸਰੀਰ ਵਿੱਚ ਮੇਰਾ ਰਹਿਣਾ ਤੁਹਾਡੇ ਲਈ ਵਧੇਰੇ ਜ਼ਰੂਰੀ ਹੈ।
25 ੨੫ ਅਤੇ ਇਸ ਗੱਲ ਦੀ ਪਰਤੀਤ ਹੋਣ ਕਰਕੇ ਮੈਂ ਜਾਣਦਾ ਹਾਂ ਜੋ ਮੈਂ ਜਿਉਂਦਾ ਰਹਾਂਗਾ ਅਤੇ ਤੁਸੀਂ ਸਭਨਾਂ ਦੇ ਨਾਲ ਠਹਿਰਾਂਗਾ ਜਿਸ ਕਰਕੇ ਵਿਸ਼ਵਾਸ ਵਿੱਚ ਤੁਹਾਡੀ ਉਨੱਤੀ ਅਤੇ ਅਨੰਦ ਹੋਵੇ।
26 ੨੬ ਤਾਂ ਜੋ ਮਸੀਹ ਯਿਸੂ ਵਿੱਚ ਤੁਹਾਡਾ ਅਭਮਾਨ ਜੋ ਮੇਰੇ ਉੱਤੇ ਹੈ, ਉਹ ਤੁਹਾਡੇ ਕੋਲ ਮੇਰੇ ਫੇਰ ਆਉਣ ਕਰਕੇ ਵੱਧ ਜਾਵੇ।
27 ੨੭ ਸਿਰਫ਼ ਤੁਸੀਂ ਮਸੀਹ ਦੀ ਖੁਸ਼ਖਬਰੀ ਦੇ ਯੋਗ ਚਾਲ ਚੱਲੋ ਜੋ ਮੈਂ ਭਾਵੇਂ ਆਣ ਕੇ ਤੁਹਾਨੂੰ ਵੇਖਾਂ ਭਾਵੇਂ ਤੁਹਾਡੇ ਤੋਂ ਦੂਰ ਹੋਵਾਂ, ਪਰ ਤੁਹਾਡੇ ਬਾਰੇ ਇਹ ਸੁਣਾਂ ਕਿ ਤੁਸੀਂ ਇੱਕੋ ਆਤਮਾ ਵਿੱਚ ਦ੍ਰਿੜ੍ਹ ਅਤੇ ਇੱਕੋ ਮਨ ਹੋ ਕੇ ਖੁਸ਼ਖਬਰੀ ਦੇ ਵਿਸ਼ਵਾਸ ਲਈ ਮਿਹਨਤ ਕਰਦੇ ਹੋ।
28 ੨੮ ਅਤੇ ਕਿਸੇ ਗੱਲ ਵਿੱਚ ਵਿਰੋਧੀਆਂ ਤੋਂ ਨਹੀਂ ਡਰਦੇ ਹੋ । ਜਿਹੜਾ ਉਹਨਾਂ ਲਈ ਨਾਸ ਦਾ ਪੱਕਾ ਨਿਸ਼ਾਨ ਹੈ, ਪਰ ਤੁਹਾਡੀ ਮੁਕਤੀ ਦਾ, ਅਤੇ ਇਹ ਪਰਮੇਸ਼ੁਰ ਦੀ ਵੱਲੋਂ ਹੈ।
29 ੨੯ ਕਿਉਂ ਜੋ ਮਸੀਹ ਦੇ ਕਾਰਨ ਤੁਹਾਡੇ ਉੱਤੇ ਇਹ ਕਿਰਪਾ ਹੋਈ ਜੋ ਤੁਸੀਂ ਨਾ ਕੇਵਲ ਉਸ ਉੱਤੇ ਵਿਸ਼ਵਾਸ ਕਰੋ ਸਗੋਂ ਉਹ ਦੇ ਲਈ ਦੁੱਖ ਵੀ ਝੱਲੋ।
30 ੩੦ ਅਤੇ ਤੁਸੀਂ ਇਹੋ ਜਿਹਾ ਜਤਨ ਕਰੋ ਜੋ ਤੁਸੀਂ ਮੈਨੂੰ ਕਰਦਿਆਂ ਡਿੱਠਾ ਅਤੇ ਹੁਣ ਵੀ ਸੁਣਦੇ ਹੋ।