< ਗਿਣਤੀ 8 >
1 ੧ ਯਹੋਵਾਹ ਨੇ ਮੂਸਾ ਨੂੰ ਆਖਿਆ,
2 ੨ ਹਾਰੂਨ ਨਾਲ ਗੱਲ ਕਰ ਅਤੇ ਉਹ ਨੂੰ ਆਖ ਕਿ ਜਦ ਤੂੰ ਦੀਵੇ ਬਾਲੇਂ ਤਾਂ ਉਹ ਸੱਤ ਦੀਵੇ ਸ਼ਮਾਦਾਨ ਦੇ ਸਾਹਮਣੇ ਚਾਨਣ ਦੇਣ।
3 ੩ ਤਾਂ ਹਾਰੂਨ ਨੇ ਉਸੇ ਤਰ੍ਹਾਂ ਹੀ ਕੀਤਾ। ਉਹ ਨੇ ਉਸ ਦੇ ਦੀਵੇ ਸ਼ਮਾਦਾਨ ਦੇ ਸਾਹਮਣੇ ਬਾਲੇ, ਜਿਵੇਂ ਯਹੋਵਾਹ ਨੂੰ ਮੂਸਾ ਨੂੰ ਹੁਕਮ ਦਿੱਤਾ ਸੀ।
4 ੪ ਸ਼ਮਾਦਾਨ ਦੀ ਬਣਾਵਟ ਇਸ ਤਰ੍ਹਾਂ ਸੀ, ਉਹ ਹੇਠਾਂ ਤੋਂ ਲੈ ਕੇ ਉੱਪਰ ਫੁੱਲਾਂ ਤੱਕ ਸੋਨੇ ਨਾਲ ਬਣਾਇਆ ਗਿਆ ਸੀ। ਉਹ ਉਸ ਨਮੂਨੇ ਉੱਤੇ ਸੀ ਜਿਹੜਾ ਯਹੋਵਾਹ ਨੇ ਮੂਸਾ ਨੂੰ ਵਿਖਾਇਆ, ਉਸੇ ਤਰ੍ਹਾਂ ਉਸ ਨੇ ਸ਼ਮਾਦਾਨ ਨੂੰ ਬਣਾਇਆ।
5 ੫ ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
6 ੬ ਲੇਵੀਆਂ ਨੂੰ ਇਸਰਾਏਲੀਆਂ ਵਿੱਚੋਂ ਲੈ ਕੇ ਪਵਿੱਤਰ ਕਰ।
7 ੭ ਉਨ੍ਹਾਂ ਨੂੰ ਪਵਿੱਤਰ ਕਰਨ ਲਈ ਅਜਿਹਾ ਕਰੀਂ ਕਿ ਉਨ੍ਹਾਂ ਉੱਤੇ ਪਾਪ ਤੋਂ ਸ਼ੁੱਧ ਕਰਨ ਵਾਲਾ ਪਾਣੀ ਛਿੜਕ ਦੇ ਅਤੇ ਉਨ੍ਹਾਂ ਦੇ ਸਾਰੇ ਸਰੀਰ ਉੱਤੇ ਉਸਤਰਾ ਫਿਰਾ ਦੇ ਅਤੇ ਉਹ ਆਪਣੇ ਬਸਤਰ ਧੋਣ, ਇਸ ਤਰ੍ਹਾਂ ਉਹ ਸ਼ੁੱਧ ਹੋਣ।
8 ੮ ਫੇਰ ਉਹ ਇੱਕ ਮੇਂਢਾ ਲੈਣ ਨਾਲੇ ਉਸ ਦੀ ਮੈਦੇ ਦੀ ਭੇਟ, ਬਰੀਕ ਮੈਦਾ ਤੇਲ ਨਾਲ ਰਲਿਆ ਹੋਇਆ ਅਤੇ ਤੂੰ ਦੂਜਾ ਮੇਂਢਾ ਪਾਪ ਬਲੀ ਲਈ ਲਵੀਂ।
9 ੯ ਫੇਰ ਲੇਵੀਆਂ ਨੂੰ ਮੰਡਲੀ ਦੇ ਤੰਬੂ ਦੇ ਅੱਗੇ ਹਾਜ਼ਰ ਕਰੀਂ, ਅਤੇ ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ ਇਕੱਠਾ ਕਰੀਂ।
10 ੧੦ ਤਦ ਤੂੰ ਲੇਵੀਆਂ ਨੂੰ ਯਹੋਵਾਹ ਦੇ ਅੱਗੇ ਹਾਜ਼ਰ ਕਰੀਂ ਅਤੇ ਇਸਰਾਏਲੀ ਲੇਵੀਆਂ ਉੱਤੇ ਆਪਣੇ ਹੱਥ ਧਰਨ।
11 ੧੧ ਅਤੇ ਹਾਰੂਨ ਉਨ੍ਹਾਂ ਲੇਵੀਆਂ ਨੂੰ ਯਹੋਵਾਹ ਅੱਗੇ ਇਸਰਾਏਲੀਆਂ ਵੱਲੋਂ ਹਿਲਾਉਣ ਦੀ ਭੇਟ ਕਰਕੇ ਚੜ੍ਹਾਵੇ ਤਾਂ ਜੋ ਉਹ ਯਹੋਵਾਹ ਦੀ ਸੇਵਾ ਦਾ ਕੰਮ ਕਰਨ।
12 ੧੨ ਫੇਰ ਲੇਵੀ ਆਪਣੇ ਹੱਥ ਵਹਿੜਿਆਂ ਦੇ ਸਿਰਾਂ ਉੱਤੇ ਧਰਨ ਅਤੇ ਤੂੰ ਇੱਕ ਨੂੰ ਪਾਪ ਬਲੀ ਲਈ ਅਤੇ ਦੂਜੇ ਨੂੰ ਹੋਮ ਦੀ ਭੇਟ ਲਈ ਚੜ੍ਹਾ ਤਾਂ ਜੋ ਉਹ ਲੇਵੀਆਂ ਦਾ ਪ੍ਰਾਸਚਿਤ ਹੋਵੇ।
13 ੧੩ ਤਦ ਲੇਵੀਆਂ ਨੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਅੱਗੇ ਖੜ੍ਹਾ ਕਰੀਂ ਅਤੇ ਤੂੰ ਉਨ੍ਹਾਂ ਨੂੰ ਹਿਲਾਉਣ ਦੀ ਭੇਟ ਲਈ ਯਹੋਵਾਹ ਅੱਗੇ ਚੜ੍ਹਾਈਂ।
14 ੧੪ ਇਸ ਤਰ੍ਹਾਂ ਤੂੰ ਲੇਵੀਆਂ ਨੂੰ ਇਸਰਾਏਲੀਆਂ ਵਿੱਚੋਂ ਵੱਖਰਾ ਕਰੀਂ, ਇਸ ਤਰ੍ਹਾਂ ਲੇਵੀ ਮੇਰੇ ਹੋਣਗੇ।
15 ੧੫ ਅਤੇ ਇਸ ਤੋਂ ਬਾਅਦ ਲੇਵੀ ਮੰਡਲੀ ਦੇ ਤੰਬੂ ਵਿੱਚ ਜਾ ਕੇ ਸੇਵਾ ਕਰਨ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਸ਼ੁੱਧ ਕਰੀਂ ਅਤੇ ਉਨ੍ਹਾਂ ਨੂੰ ਹਿਲਾਉਣ ਦੀ ਭੇਟ ਕਰਕੇ ਚੜ੍ਹਾਵੀਂ।
16 ੧੬ ਕਿਉਂਕਿ ਉਹ ਇਸਰਾਏਲੀਆਂ ਵਿੱਚੋਂ ਮੈਨੂੰ ਪੂਰੀ ਤਰ੍ਹਾਂ ਨਾਲ ਸਮਰਪਤ ਕੀਤੇ ਗਏ ਹਨ, ਮੈਂ ਉਹਨਾਂ ਨੂੰ ਸਾਰੇ ਇਸਰਾਏਲ ਵਿੱਚੋਂ ਸਾਰੇ ਪਹਿਲੌਠਿਆਂ ਦੇ ਬਦਲੇ ਆਪਣੇ ਲਈ ਲੈ ਲਿਆ ਹੈ।
17 ੧੭ ਕਿਉਂ ਜੋ ਇਸਰਾਏਲੀਆਂ ਦੇ ਸਾਰੇ ਪਹਿਲੌਠੇ ਮੇਰੇ ਹਨ, ਭਾਵੇਂ ਆਦਮੀ ਦਾ ਭਾਵੇਂ ਪਸ਼ੂ ਦਾ। ਜਿਸ ਦਿਨ ਤੋਂ ਮੈਂ ਮਿਸਰ ਦੇਸ ਦੇ ਸਾਰਿਆਂ ਪਹਿਲੌਠਿਆਂ ਨੂੰ ਮਾਰਿਆ, ਮੈਂ ਉਨ੍ਹਾਂ ਨੂੰ ਆਪਣੇ ਲਈ ਪਵਿੱਤਰ ਕੀਤਾ।
18 ੧੮ ਇਸ ਤਰ੍ਹਾਂ ਮੈਂ ਲੇਵੀਆਂ ਨੂੰ ਇਸਰਾਏਲੀਆਂ ਦੇ ਸਾਰੇ ਪਹਿਲੌਠਿਆਂ ਦੇ ਥਾਂ ਲੈ ਲਿਆ ਹੈ।
19 ੧੯ ਮੈਂ ਹਾਰੂਨ ਅਤੇ ਉਸ ਦੇ ਪੁੱਤਰਾਂ ਲਈ ਇਸਰਾਏਲੀਆਂ ਵਿੱਚੋਂ ਲੇਵੀ ਦਾਨ ਦਿੱਤੇ ਹਨ ਕਿ ਉਹ ਮੰਡਲੀ ਦੇ ਤੰਬੂ ਵਿੱਚ ਇਸਰਾਏਲੀਆਂ ਲਈ ਸੇਵਾ ਕਰਨ, ਇਸਰਾਏਲੀਆਂ ਲਈ ਪ੍ਰਾਸਚਿਤ ਕਰਨ ਤਾਂ ਜੋ ਜਦ ਇਸਰਾਏਲੀ ਪਵਿੱਤਰ ਸਥਾਨ ਦੇ ਨੇੜੇ ਆਉਣ ਤਾਂ ਕੋਈ ਬਵਾ ਉਹਨਾਂ ਉੱਤੇ ਨਾ ਪਵੇ।
20 ੨੦ ਮੂਸਾ, ਹਾਰੂਨ ਅਤੇ ਇਸਰਾਏਲ ਦੀ ਸਾਰੀ ਮੰਡਲੀ ਨੇ ਲੇਵੀਆਂ ਨਾਲ ਇਸੇ ਤਰ੍ਹਾਂ ਹੀ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
21 ੨੧ ਤਦ ਲੇਵੀਆਂ ਨੇ ਆਪਣੇ ਆਪ ਨੂੰ ਪਵਿੱਤਰ ਕੀਤਾ ਅਤੇ ਆਪਣੇ ਬਸਤਰ ਧੋਤੇ। ਤਦ ਹਾਰੂਨ ਨੇ ਉਨ੍ਹਾਂ ਨੂੰ ਯਹੋਵਾਹ ਅੱਗੇ ਹਿਲਾਉਣ ਦੀ ਭੇਟ ਕਰਕੇ ਚੜ੍ਹਾਇਆ ਅਤੇ ਹਾਰੂਨ ਨੇ ਉਨ੍ਹਾਂ ਦੀ ਪਵਿੱਤਰਤਾਈ ਲਈ ਪ੍ਰਾਸਚਿਤ ਕੀਤਾ।
22 ੨੨ ਇਸ ਤੋਂ ਬਾਅਦ ਉਹ ਲੇਵੀ ਸੇਵਾ ਦੇ ਕੰਮ ਲਈ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਅੱਗੇ ਮੰਡਲੀ ਦੇ ਤੰਬੂ ਵਿੱਚ ਆਏ। ਜਿਵੇਂ ਯਹੋਵਾਹ ਨੇ ਮੂਸਾ ਨੂੰ ਲੇਵੀਆਂ ਦੇ ਵਿਖੇ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਹੀ ਉਹਨਾਂ ਨੇ ਉਨ੍ਹਾਂ ਨਾਲ ਕੀਤਾ।
23 ੨੩ ਯਹੋਵਾਹ ਨੇ ਮੂਸਾ ਨੂੰ ਆਖਿਆ,
24 ੨੪ ਲੇਵੀਆਂ ਲਈ ਨਿਯਮ ਇਹ ਹੈ ਕਿ ਪੱਚੀ ਸਾਲ ਜਾਂ ਇਸ ਤੋਂ ਵੱਧ ਉਮਰ ਵਿੱਚ ਉਹ ਮੰਡਲੀ ਦੇ ਤੰਬੂ ਵਿੱਚ ਸੇਵਾ ਦੇ ਕੰਮ ਵਿੱਚ ਲੱਗੇ ਰਹਿਣ,
25 ੨੫ ਅਤੇ ਜਦ ਉਹ ਪੰਜਾਹ ਸਾਲ ਦੇ ਹੋ ਜਾਣ ਤਦ ਉਹ ਸੇਵਾ ਦੇ ਕੰਮ ਤੋਂ ਰਹਿਤ ਕੀਤੇ ਜਾਣ ਅਤੇ ਉਹ ਹੋਰ ਸੇਵਾ ਦਾ ਕੰਮ ਨਾ ਕਰਨ।
26 ੨੬ ਪਰ ਉਹ ਆਪਣੇ ਭਰਾਵਾਂ ਦੇ ਨਾਲ ਸੇਵਾ ਮੰਡਲੀ ਦੇ ਤੰਬੂ ਦੀ ਰਖਵਾਲੀ ਦਾ ਕੰਮ ਕਰਿਆ ਕਰਨ ਅਤੇ ਉਹ ਆਪ ਸੇਵਾ ਦਾ ਕੰਮ ਨਾ ਕਰਨ। ਲੇਵੀਆਂ ਨੂੰ ਜੋ-ਜੋ ਕੰਮ ਦਿੱਤੇ ਜਾਣ ਉਹਨਾਂ ਦੇ ਵਿਖੇ ਅਜਿਹਾ ਹੀ ਕਰੀਂ।