< ਗਿਣਤੀ 36 >
1 ੧ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਆਂ ਨੇ, ਜਿਹੜੇ ਯੂਸੁਫ਼ ਦੇ ਪੁੱਤਰਾਂ ਦੇ ਟੱਬਰ ਵਿੱਚ ਮਨੱਸ਼ੀ ਮਾਕੀਰ ਦੇ ਪੁੱਤਰ, ਗਿਲਆਦ ਦੇ ਪੁੱਤਰਾਂ ਦੇ ਟੱਬਰ ਤੋਂ ਸਨ, ਨੇੜੇ ਆ ਕੇ ਮੂਸਾ ਅਤੇ ਉਨ੍ਹਾਂ ਪ੍ਰਧਾਨ ਦੇ ਅੱਗੇ ਜਿਹੜੇ ਇਸਰਾਏਲੀਆਂ ਦੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਏ ਸਨ, ਗੱਲ ਕੀਤੀ।
2 ੨ ਅਤੇ ਉਨ੍ਹਾਂ ਨੂੰ ਆਖਿਆ ਕਿ ਯਹੋਵਾਹ ਨੇ ਸਾਡੇ ਸੁਆਮੀ ਨੂੰ ਹੁਕਮ ਦਿੱਤਾ ਸੀ ਕਿ ਜ਼ਮੀਨ ਦੀ ਧਰਤੀ ਚਿੱਠੀ ਪਾ ਕੇ ਇਸਰਾਏਲੀਆਂ ਨੂੰ ਦਿੱਤੀ ਜਾਵੇ, ਨਾਲੇ ਸਾਡੇ ਸੁਆਮੀ ਨੂੰ ਯਹੋਵਾਹ ਵੱਲੋਂ ਹੁਕਮ ਮਿਲਿਆ ਸੀ ਕਿ ਸਾਡੇ ਭਰਾ ਸਲਾਫ਼ਹਾਦ ਦੀ ਜ਼ਮੀਨ ਉਸ ਦੀਆਂ ਧੀਆਂ ਨੂੰ ਦਿੱਤੀ ਜਾਵੇ।
3 ੩ ਜੇ ਉਹ ਇਸਰਾਏਲੀਆਂ ਦੇ ਕਿਸੇ ਹੋਰ ਗੋਤ ਦੇ ਮਨੁੱਖਾਂ ਨਾਲ ਵਿਆਹੀਆਂ ਜਾਣ ਤਾਂ ਉਨ੍ਹਾਂ ਦਾ ਹਿੱਸਾ ਸਾਡੇ ਪੁਰਖਿਆਂ ਦੀ ਜ਼ਮੀਨ ਤੋਂ ਖ਼ਤਮ ਹੋ ਜਾਵੇਗਾ ਅਤੇ ਉਹ ਉਸ ਗੋਤ ਨੂੰ ਦਿੱਤਾ ਜਾਵੇਗਾ ਜਿਹ ਦੀਆਂ ਉਹ ਹੋ ਜਾਣਗੀਆਂ ਅਤੇ ਸਾਡਾ ਹਿੱਸਾ ਘੱਟ ਜਾਵੇਗਾ।
4 ੪ ਜਦ ਇਸਰਾਏਲੀਆਂ ਦੇ ਅਨੰਦ ਦਾ ਸਾਲ ਆਵੇਗਾ ਤਾਂ ਉਨ੍ਹਾਂ ਦੀ ਜ਼ਮੀਨ, ਉਸ ਗੋਤ ਦੀ ਜ਼ਮੀਨ ਨਾਲ ਰਲ ਜਾਵੇਗੀ ਜਿਸ ਵਿੱਚ ਉਹ ਵਿਆਹੀਆਂ ਜਾਣਗੀਆਂ। ਐਉਂ ਉਨ੍ਹਾਂ ਦਾ ਹਿੱਸਾ ਸਾਡੇ ਪੁਰਖਿਆਂ ਦੇ ਗੋਤ ਦੀ ਜ਼ਮੀਨ ਤੋਂ ਨਿੱਕਲ ਜਾਵੇਗਾ।
5 ੫ ਤਦ ਮੂਸਾ ਨੇ ਇਸਰਾਏਲੀਆਂ ਨੂੰ ਯਹੋਵਾਹ ਦੇ ਹੁਕਮ ਨਾਲ ਆਖਿਆ ਕਿ ਯੂਸੁਫ਼ ਦੇ ਪੁੱਤਰਾਂ ਦਾ ਗੋਤ ਠੀਕ ਆਖਦਾ ਹੈ।
6 ੬ ਇਹ ਉਹ ਗੱਲ ਹੈ ਜਿਹ ਦਾ ਯਹੋਵਾਹ ਨੇ ਸਲਾਫ਼ਹਾਦ ਦੀਆਂ ਧੀਆਂ ਦੇ ਵਿਖੇ ਹੁਕਮ ਦਿੱਤਾ ਸੀ, ਜਿਹੜਾ ਉਨ੍ਹਾਂ ਦੀਆਂ ਅੱਖਾਂ ਵਿੱਚ ਚੰਗਾ ਦਿੱਸੇ ਉਹ ਉਸ ਦੇ ਨਾਲ ਵਿਆਹ ਕਰ ਲੈਣ, ਪਰ ਕੇਵਲ ਆਪਣੇ ਪੁਰਖਿਆਂ ਦੇ ਗੋਤ ਦੇ ਟੱਬਰਾਂ ਵਿੱਚ ਵਿਆਹ ਕਰਾਉਣ।
7 ੭ ਅਜਿਹਾ ਹੋਵੇ ਜੋ ਇਸਰਾਏਲੀਆਂ ਦੀ ਜ਼ਮੀਨ, ਇੱਕ ਗੋਤ ਤੋਂ ਦੂਜੇ ਗੋਤ ਵਿੱਚ ਨਾ ਚਲੀ ਜਾਵੇ ਤਾਂ ਜੋ ਹਰ ਇਸਰਾਏਲੀ ਆਪਣੇ ਪੁਰਖਿਆਂ ਦੇ ਗੋਤ ਦੀ ਜ਼ਮੀਨ ਵਿੱਚ ਬਣਿਆ ਰਹੇ।
8 ੮ ਅਤੇ ਹਰ ਇੱਕ ਧੀ ਜਿਹੜੀ ਇਸਰਾਏਲੀਆਂ ਦੇ ਕਿਸੇ ਗੋਤ ਵਿੱਚ ਜ਼ਮੀਨ ਲਵੇ, ਆਪਣੇ ਪੁਰਖਿਆਂ ਦੇ ਗੋਤ ਦੇ ਟੱਬਰਾਂ ਵਿੱਚ ਵਿਆਹੀ ਜਾਵੇ ਤਾਂ ਜੋ ਹਰ ਇਸਰਾਏਲੀ ਆਪਣੇ ਪੁਰਖਿਆਂ ਦੀ ਜ਼ਮੀਨ ਦੀ ਵਿਰਾਸਤ ਨੂੰ ਲਵੇ।
9 ੯ ਇਸ ਤਰ੍ਹਾਂ ਕੋਈ ਜ਼ਮੀਨ, ਇੱਕ ਗੋਤ ਤੋਂ ਦੂਜੇ ਗੋਤ ਵਿੱਚ ਨਾ ਜਾਵੇਗੀ ਕਿਉਂ ਜੋ ਇਸਰਾਏਲੀਆਂ ਦੇ ਸਾਰੇ ਗੋਤ ਆਪਣੀਆਂ-ਆਪਣੀਆਂ ਜ਼ਮੀਨਾਂ ਵਿੱਚ ਬਣੇ ਰਹਿਣ।
10 ੧੦ ਜਿਵੇਂ ਮੂਸਾ ਨੇ ਹੁਕਮ ਦਿੱਤਾ ਸੀ ਓਵੇਂ ਹੀ ਸਲਾਫ਼ਹਾਦ ਦੀਆਂ ਧੀਆਂ ਨੇ ਕੀਤਾ।
11 ੧੧ ਅਤੇ ਮਹਲਾਹ, ਤਿਰਸਾਹ, ਹਾਗਲਾਹ, ਮਿਲਕਾਹ, ਅਤੇ ਨੋਆਹ, ਸਲਾਫ਼ਹਾਦ ਦੀਆਂ ਧੀਆਂ ਆਪਣੇ ਚਾਚੇ ਤਾਏ ਦੇ ਪੁੱਤਰਾਂ ਨਾਲ ਵਿਆਹੀਆਂ ਗਈਆਂ।
12 ੧੨ ਉਹ ਯੂਸੁਫ਼ ਦੇ ਪੁੱਤਰ ਮਨੱਸ਼ਹ ਦੇ ਪੁੱਤਰਾਂ ਦੇ ਟੱਬਰਾਂ ਵਿੱਚ ਵਿਆਹੀਆਂ ਗਈਆਂ। ਇਸ ਤਰ੍ਹਾਂ ਉਨ੍ਹਾਂ ਦੀ ਜ਼ਮੀਨ ਉਨ੍ਹਾਂ ਦੇ ਪੁਰਖਿਆਂ ਦੇ ਗੋਤ ਵਿੱਚ ਬਣੀ ਰਹੀ।
13 ੧੩ ਇਹ ਉਹ ਹੁਕਮ ਅਤੇ ਫ਼ੈਸਲੇ ਹਨ, ਜਿਨ੍ਹਾਂ ਦਾ ਯਹੋਵਾਹ ਨੇ ਮੂਸਾ ਦੇ ਰਾਹੀਂ ਇਸਰਾਏਲੀਆਂ ਨੂੰ ਮੋਆਬ ਦੇ ਮੈਦਾਨ ਵਿੱਚ ਯਰਦਨ ਨਦੀ ਦੇ ਉੱਤੇ ਯਰੀਹੋ ਦੇ ਕੋਲ ਹੁਕਮ ਦਿੱਤਾ ਸੀ।