< ਗਿਣਤੀ 32 >
1 ੧ ਰਊਬੇਨੀਆਂ ਅਤੇ ਗਾਦੀਆਂ ਕੋਲ ਮਾਲ ਡੰਗਰ ਕਾਫ਼ੀ ਸਨ ਅਤੇ ਜਦ ਉਨ੍ਹਾਂ ਨੇ ਯਾਜ਼ੇਰ ਅਤੇ ਗਿਲਆਦ ਦੇ ਦੇਸ ਨੂੰ ਵੇਖਿਆ ਤਾਂ ਵੇਖੋ, ਉਹ ਸਥਾਨ ਪਸ਼ੂਆਂ ਲਈ ਚੰਗਾ ਸੀ।
2 ੨ ਉਪਰੰਤ ਗਾਦੀਆਂ ਅਤੇ ਰਊਬੇਨੀਆਂ ਨੇ ਮੂਸਾ ਅਤੇ ਅਲਆਜ਼ਾਰ ਜਾਜਕ ਅਤੇ ਮੰਡਲੀ ਦੇ ਪ੍ਰਧਾਨਾਂ ਕੋਲ ਜਾ ਕੇ ਆਖਿਆ,
3 ੩ ਅਟਾਰੋਥ, ਦੀਬੋਨ, ਯਾਜ਼ੇਰ, ਨਿਮਰਾਹ, ਹਸ਼ਬੋਨ, ਅਲਾਲੇਹ, ਸਬਾਮ, ਨਬੋ ਅਤੇ ਬਓਨ,
4 ੪ ਅਰਥਾਤ ਜਿਸ ਧਰਤੀ ਉੱਤੇ ਯਹੋਵਾਹ ਨੇ ਇਸਰਾਏਲ ਦੀ ਮੰਡਲੀ ਨੂੰ ਜਿੱਤ ਦਿੱਤੀ ਹੈ ਇਹ ਧਰਤੀ ਪਸ਼ੂਆਂ ਲਈ ਉੱਤਮ ਹੈ ਅਤੇ ਤੁਹਾਡੇ ਦਾਸਾਂ ਕੋਲ ਮਾਲ ਡੰਗਰ ਬਹੁਤ ਹਨ।
5 ੫ ਨਾਲੇ ਉਨ੍ਹਾਂ ਨੇ ਆਖਿਆ, ਜੇ ਤੁਹਾਡੀ ਕਿਰਪਾ ਦੀ ਨਿਗਾਹ ਸਾਡੇ ਉੱਤੇ ਹੋਵੇ ਤਾਂ ਇਹ ਧਰਤੀ ਤੁਹਾਡੇ ਦਾਸਾਂ ਨੂੰ ਨਿੱਜ ਭਾਗ ਹੋਣ ਲਈ ਦਿੱਤੀ ਜਾਵੇ। ਸਾਨੂੰ ਯਰਦਨੋਂ ਪਾਰ ਨਾ ਲੰਘਾਇਓ।
6 ੬ ਤਾਂ ਮੂਸਾ ਨੇ ਗਾਦੀਆਂ ਅਤੇ ਰਊਬੇਨੀਆਂ ਨੂੰ ਆਖਿਆ, ਕੀ, ਤੁਹਾਡੇ ਭਰਾ ਤਾਂ ਲੜਾਈ ਵਿੱਚ ਜਾਣ ਅਤੇ ਤੁਸੀਂ ਇੱਥੇ ਬੈਠੇ ਰਹੋ?
7 ੭ ਤੁਸੀਂ ਇਸਰਾਏਲੀਆਂ ਨੂੰ ਉਸ ਦੇਸ ਦੇ ਵਿਖੇ ਕਿਉਂ ਨਿਰਾਸ਼ ਕਰਦੇ ਹੋ? ਜਿਹੜਾ ਯਹੋਵਾਹ ਨੇ ਉਹਨਾਂ ਨੂੰ ਦਿੱਤਾ ਹੈ।
8 ੮ ਜਦ ਮੈਂ ਤੁਹਾਡੇ ਪਿਉ ਨੂੰ ਕਾਦੇਸ਼-ਬਰਨੇਆ ਤੋਂ ਕਨਾਨ ਦੇਸ ਨੂੰ ਵੇਖਣ ਲਈ ਭੇਜਿਆ ਤਾਂ ਤੁਹਾਡੇ ਪਿਉ ਨੇ ਵੀ ਇਸੇ ਤਰ੍ਹਾਂ ਹੀ ਕੀਤਾ।
9 ੯ ਜਦ ਉਨ੍ਹਾਂ ਨੇ ਅਸ਼ਕੋਲ ਦੀ ਘਾਟੀ ਤੱਕ ਪਹੁੰਚ ਕੇ ਉਸ ਦੇਸ ਨੂੰ ਵੇਖਿਆ ਤਾਂ ਇਸਰਾਏਲੀਆਂ ਨੂੰ ਉਸ ਦੇਸ ਦੇ ਵਿਖੇ ਨਿਰਾਸ਼ ਕੀਤਾ, ਜਿਹੜਾ ਯਹੋਵਾਹ ਨੇ ਉਨ੍ਹਾਂ ਨੂੰ ਦਿੱਤਾ ਸੀ।
10 ੧੦ ਤਾਂ ਉਸ ਦਿਨ ਯਹੋਵਾਹ ਦਾ ਕ੍ਰੋਧ ਭੜਕ ਉੱਠਿਆ ਅਤੇ ਉਸ ਨੇ ਸਹੁੰ ਖਾ ਕੇ ਆਖਿਆ।
11 ੧੧ ਕਿ ਇਹ ਮਨੁੱਖ ਜਿਹੜੇ ਮਿਸਰ ਵਿੱਚੋਂ ਨਿੱਕਲ ਕੇ ਆਏ ਹਨ ਉਹਨਾਂ ਦੇ ਵਿੱਚੋਂ ਜਿਹੜੇ ਵੀਹ ਸਾਲ ਦੇ ਅਤੇ ਉਸ ਤੋਂ ਉੱਪਰ ਦੇ ਹਨ ਉਸ ਦੇਸ ਨੂੰ ਨਹੀਂ ਵੇਖਣਗੇ ਜਿਸ ਦੀ ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ ਕਿਉਂਕਿ ਉਹ ਮੇਰੇ ਪਿੱਛੇ-ਪਿੱਛੇ ਨਹੀਂ ਚੱਲੇ।
12 ੧੨ ਯਫ਼ੁੰਨਹ ਕਨਿੱਜ਼ੀ ਦੇ ਪੁੱਤਰ ਕਾਲੇਬ ਅਤੇ ਨੂਨ ਦੇ ਪੁੱਤਰ ਯਹੋਸ਼ੁਆ ਉਸ ਦੇਸ ਨੂੰ ਵੇਖਣਗੇ ਕਿਉਂ ਜੋ ਉਹ ਯਹੋਵਾਹ ਦੇ ਪਿੱਛੇ ਪੂਰੀ ਤਰ੍ਹਾਂ ਚੱਲੇ।
13 ੧੩ ਤਾਂ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕ ਉੱਠਿਆ ਅਤੇ ਜਦੋਂ ਤੱਕ ਸਾਰੀ ਪੀੜ੍ਹੀ ਦਾ ਨਾਸ ਨਾ ਹੋ ਗਿਆ ਜਿਹਨਾਂ ਨੇ ਯਹੋਵਾਹ ਦੇ ਵਿਰੁੱਧ ਬੁਰਾਈ ਕੀਤੀ ਸੀ, ਉਸੇ ਸਮੇਂ ਤੱਕ ਅਰਥਾਤ ਚਾਲ੍ਹੀ ਸਾਲ ਤੱਕ ਉਜਾੜ ਵਿੱਚ ਫਿਰਾਉਂਦਾ ਰਿਹਾ।
14 ੧੪ ਹੁਣ ਵੇਖੋ, ਤੁਸੀਂ ਉਹਨਾਂ ਵੱਡਿਆ ਦੇ ਥਾਂ ਉੱਠੇ ਹੋ। ਹਾਂ, ਤੁਸੀਂ ਉਹਨਾਂ ਪਾਪੀ ਮਨੁੱਖਾਂ ਦੇ ਦੁਆਰਾ ਜੰਮੇ ਹੋ। ਤੁਸੀਂ ਯਹੋਵਾਹ ਦੇ ਕ੍ਰੋਧ ਨੂੰ ਇਸਰਾਏਲ ਉੱਤੇ ਬਹੁਤ ਵਧਾਓਗੇ।
15 ੧੫ ਜੇ ਤੁਸੀਂ ਉਸ ਦੇ ਪਿੱਛੇ ਚੱਲਣ ਤੋਂ ਹੱਟ ਜਾਓ ਤਾਂ ਉਹ ਫਿਰ ਇਨ੍ਹਾਂ ਨੂੰ ਉਜਾੜ ਵਿੱਚ ਛੱਡ ਦੇਵੇਗਾ ਇਸ ਤਰ੍ਹਾਂ ਤੁਸੀਂ ਇਸ ਸਾਰੀ ਪਰਜਾ ਦਾ ਨਾਸ ਕਰਵਾ ਦਿਓਗੇ।
16 ੧੬ ਤਾਂ ਉਨ੍ਹਾਂ ਨੇ ਮੂਸਾ ਦੇ ਕੋਲ ਆ ਕੇ ਆਖਿਆ, ਅਸੀਂ ਇੱਥੇ ਹੀ ਆਪਣੇ ਪਸ਼ੂਆਂ ਲਈ ਵਾੜੇ ਅਤੇ ਆਪਣੇ ਬੱਚਿਆਂ ਲਈ ਸ਼ਹਿਰ ਬਣਾਵਾਂਗੇ।
17 ੧੭ ਪਰ ਅਸੀਂ ਸ਼ਸਤਰ ਲੈ ਕੇ ਇਸਰਾਏਲੀਆਂ ਦੇ ਅੱਗੇ ਹੋਵਾਂਗੇ ਜਦ ਤੱਕ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਟਿਕਾਣਿਆਂ ਉੱਤੇ ਨਾ ਪਹੁੰਚਾ ਦੇਈਏ ਅਤੇ ਸਾਡੇ ਬਾਲ ਬੱਚੇ ਇਸ ਦੇਸ ਦੇ ਨਿਵਾਸੀਆਂ ਨਾਲ ਗੜ੍ਹ ਵਾਲੇ ਸ਼ਹਿਰਾਂ ਵਿੱਚ ਰਹਿਣਗੇ।
18 ੧੮ ਅਤੇ ਅਸੀਂ ਆਪਣਿਆਂ ਘਰਾਂ ਨੂੰ ਨਹੀਂ ਮੁੜਾਂਗੇ ਜਦੋਂ ਤੱਕ ਇਸਰਾਏਲੀਆਂ ਦਾ ਇੱਕ-ਇੱਕ ਮਨੁੱਖ ਆਪਣੀ ਜ਼ਮੀਨ ਦਾ ਮਾਲਕ ਨਾ ਹੋ ਜਾਵੇ।
19 ੧੯ ਕਿਉਂ ਜੋ ਅਸੀਂ ਉਨ੍ਹਾਂ ਨਾਲ ਯਰਦਨ ਪਾਰ ਅਤੇ ਉਸ ਤੋਂ ਅੱਗੇ ਜ਼ਮੀਨ ਨਹੀਂ ਲਵਾਂਗੇ ਕਿਉਂ ਜੋ ਸਾਡੀ ਜ਼ਮੀਨ ਸਾਨੂੰ ਯਰਦਨ ਦੇ ਇਸ ਪਾਸੇ ਪੂਰਬ ਵੱਲ ਮਿਲ ਗਈ ਹੈ।
20 ੨੦ ਤਾਂ ਮੂਸਾ ਨੇ ਉਨ੍ਹਾਂ ਨੂੰ ਆਖਿਆ, ਜੇ ਤੁਸੀਂ ਇਹ ਕੰਮ ਕਰੋ, ਜੇ ਤੁਸੀਂ ਸ਼ਸਤਰ ਲਵੋ ਅਤੇ ਯਹੋਵਾਹ ਦੇ ਅੱਗੇ ਲੜਾਈ ਲਈ ਜਾਓ।
21 ੨੧ ਅਤੇ ਤੁਹਾਡੇ ਵਿੱਚੋਂ ਹਰ ਇੱਕ ਸ਼ਸਤਰ ਧਾਰੀ ਹੋ ਕੇ ਯਰਦਨ ਤੋਂ ਪਾਰ ਲੰਘ ਜਾਵੇ ਜਦ ਤੱਕ ਯਹੋਵਾਹ ਆਪਣੇ ਵੈਰੀਆਂ ਨੂੰ ਆਪਣੇ ਅੱਗੋਂ ਨਾ ਕੱਢ ਦੇਵੇ।
22 ੨੨ ਅਤੇ ਦੇਸ ਯਹੋਵਾਹ ਦੇ ਵੱਸ ਵਿੱਚ ਨਾ ਹੋ ਜਾਵੇ ਤਾਂ ਇਸ ਤੋਂ ਬਾਅਦ ਤੁਸੀਂ ਮੁੜ ਸਕਦੇ ਹੋ, ਤੁਸੀਂ ਯਹੋਵਾਹ ਵੱਲੋਂ ਅਤੇ ਇਸਰਾਏਲੀਆਂ ਵੱਲੋਂ ਨਿਰਦੋਸ਼ ਠਹਿਰੋਗੇ ਅਤੇ ਇਹ ਦੇਸ ਯਹੋਵਾਹ ਅੱਗੇ ਤੁਹਾਡੀ ਆਪਣੀ ਜ਼ਮੀਨ ਹੋਵੇਗਾ।
23 ੨੩ ਪਰ ਜੇ ਤੁਸੀਂ ਇਹ ਨਾ ਕਰੋ ਤਾਂ ਵੇਖੋ, ਤੁਸੀਂ ਯਹੋਵਾਹ ਦੇ ਵਿਰੁੱਧ ਪਾਪ ਕਰੋਗੇ ਅਤੇ ਜਾਣੋ ਕਿ ਤੁਹਾਡਾ ਪਾਪ ਤੁਹਾਡੇ ਉੱਤੇ ਆ ਪਵੇਗਾ।
24 ੨੪ ਤੁਸੀਂ ਆਪਣੇ ਬਾਲ ਬੱਚਿਆਂ ਲਈ ਸ਼ਹਿਰ ਅਤੇ ਆਪਣੇ ਇੱਜੜਾਂ ਲਈ ਵਾੜੇ ਬਣਾਓ, ਜਿਵੇਂ ਤੁਹਾਡੇ ਮੂੰਹੋਂ ਨਿੱਕਲਿਆ ਹੈ ਉਸੇ ਤਰ੍ਹਾਂ ਕਰੋ।
25 ੨੫ ਗਾਦੀਆਂ ਅਤੇ ਰਊਬੇਨੀਆਂ ਨੇ ਮੂਸਾ ਨੂੰ ਆਖਿਆ, ਆਪਣੇ ਸੁਆਮੀ ਦੀ ਆਗਿਆ ਅਨੁਸਾਰ ਤੇਰੇ ਦਾਸ ਕਰਨਗੇ।
26 ੨੬ ਸਾਡੇ ਬਾਲ ਬੱਚੇ, ਸਾਡੀਆਂ ਔਰਤਾਂ, ਸਾਡੇ ਝੁੰਡ ਅਤੇ ਸਾਡੇ ਸਾਰੇ ਜਾਨਵਰ ਗਿਲਆਦ ਦੇ ਸ਼ਹਿਰਾਂ ਵਿੱਚ ਰਹਿਣਗੇ।
27 ੨੭ ਪਰ ਆਪਣੇ ਸੁਆਮੀ ਦੇ ਕਹੇ ਅਨੁਸਾਰ ਤੇਰੇ ਦਾਸ ਸਾਰੇ ਦੇ ਸਾਰੇ ਯੁੱਧ ਕਰਨ ਲਈ ਸ਼ਸਤਰ ਧਾਰੀ ਹੋ ਕੇ ਯਹੋਵਾਹ ਅੱਗੇ-ਅੱਗੇ ਲੜਨ ਲਈ ਪਾਰ ਲੰਘਣਗੇ।
28 ੨੮ ਤਾਂ ਮੂਸਾ ਨੇ ਉਨ੍ਹਾਂ ਦੇ ਵਿਖੇ ਅਲਆਜ਼ਾਰ ਜਾਜਕ ਨੂੰ ਅਤੇ ਨੂਨ ਦੇ ਪੁੱਤਰ ਯਹੋਸ਼ੁਆ ਨੂੰ ਅਤੇ ਇਸਰਾਏਲ ਦਿਆਂ ਗੋਤਾਂ ਦੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਆਂ ਨੂੰ ਹੁਕਮ ਦਿੱਤਾ।
29 ੨੯ ਜੇ ਗਾਦੀ ਅਤੇ ਰਊਬੇਨੀ ਤੁਹਾਡੇ ਨਾਲ ਯਰਦਨ ਤੋਂ ਪਾਰ ਲੰਘਣ, ਅਤੇ ਉਹ ਜਿਹੜੇ ਸ਼ਸਤਰ ਧਾਰੀ ਹਨ ਯਹੋਵਾਹ ਲਈ ਲੜਨ ਅਤੇ ਧਰਤੀ ਤੁਹਾਡੇ ਵੱਸ ਹੋ ਜਾਵੇ ਤਾਂ ਤੁਸੀਂ ਉਨ੍ਹਾਂ ਨੂੰ ਗਿਲਆਦ ਦੇਸ ਉਹਨਾਂ ਦੀ ਸੰਪਤੀ ਹੋਣ ਲਈ ਦੇ ਦੇਇਓ।
30 ੩੦ ਪਰ ਜੇ ਉਹ ਤੁਹਾਡੇ ਨਾਲ ਸ਼ਸਤਰ ਧਾਰੀ ਹੋ ਕੇ ਪਾਰ ਨਾ ਜਾਣ ਤਾਂ ਉਹ ਤੁਹਾਡੇ ਵਿੱਚ ਕਨਾਨ ਦੇਸ ਵਿੱਚ ਜ਼ਮੀਨ ਲੈਣ।
31 ੩੧ ਤਾਂ ਗਾਦੀਆਂ ਅਤੇ ਰਊਬੇਨੀਆਂ ਨੇ ਉੱਤਰ ਦਿੱਤਾ, ਜਿਵੇਂ ਯਹੋਵਾਹ ਤੇਰੇ ਦਾਸਾਂ ਨੂੰ ਬੋਲਿਆ ਹੈ ਉਸੇ ਤਰ੍ਹਾਂ ਅਸੀਂ ਕਰਾਂਗੇ।
32 ੩੨ ਅਸੀਂ ਸ਼ਸਤਰ ਧਾਰੀ ਹੋ ਕੇ ਯਹੋਵਾਹ ਅੱਗੇ ਕਨਾਨ ਦੇਸ ਵਿੱਚ ਜਾਂਵਾਂਗੇ ਪਰ ਸਾਡੀ ਜ਼ਮੀਨ ਯਰਦਨ ਦੇ ਇਸ ਪਾਰ ਹੀ ਰਹੇ।
33 ੩੩ ਤਾਂ ਮੂਸਾ ਨੇ ਗਾਦੀਆਂ ਅਤੇ ਰਊਬੇਨੀਆਂ ਨੂੰ ਅਤੇ ਯੂਸੁਫ਼ ਦੇ ਪੁੱਤਰ ਮਨੱਸ਼ਹ ਦੇ ਅੱਧੇ ਗੋਤ ਨੂੰ ਅਮੋਰੀਆਂ ਦੇ ਰਾਜੇ ਸੀਹੋਨ ਦੇ ਰਾਜ ਨੂੰ ਅਤੇ ਬਾਸ਼ਾਨ ਦੇ ਰਾਜੇ ਓਗ ਦੇ ਰਾਜ ਨੂੰ ਦੇ ਦਿੱਤਾ ਅਤੇ ਉਸ ਦੇ ਆਲੇ-ਦੁਆਲੇ ਦੇ ਦੇਸਾਂ ਦੇ ਸ਼ਹਿਰ ਵੀ ਉਹਨਾਂ ਨੂੰ ਦਿੱਤੇ।
34 ੩੪ ਤਾਂ ਗਾਦੀਆਂ ਨੇ ਦੀਬੋਨ ਅਤੇ ਅਟਾਰੋਥ ਅਤੇ ਅਰੋਏਰ।
35 ੩੫ ਅਤੇ ਅਟਰੋਥ-ਸ਼ੋਫਾਨ ਅਤੇ ਯਾਜ਼ੇਰ ਅਤੇ ਯਾਗਬਹਾਹ।
36 ੩੬ ਅਤੇ ਬੈਤ ਨਿਮਰਾਹ ਅਤੇ ਬੈਤ ਹਾਰਾਨ ਇਹ ਗੜ੍ਹਾਂ ਵਾਲੇ ਸ਼ਹਿਰ ਅਤੇ ਭੇਡਾਂ ਦੇ ਵਾੜੇ ਬਣਾਏ।
37 ੩੭ ਪਰ ਰਊਬੇਨੀਆਂ ਨੇ ਇਹ ਬਣਾਏ, ਹਸ਼ਬੋਨ ਅਤੇ ਅਲਾਲੇਹ ਅਤੇ ਕਿਰਯਾਤਾਇਮ।
38 ੩੮ ਅਤੇ ਨਬੋ ਬਆਲ-ਮਓਨ ਜਿਨ੍ਹਾਂ ਦੇ ਨਾਮ ਬਦਲੇ ਗਏ ਅਤੇ ਸਿਬਮਾਹ ਨੂੰ ਬਣਾਇਆ ਅਤੇ ਜਿਹੜੇ ਸ਼ਹਿਰ ਉਨ੍ਹਾਂ ਨੇ ਬਣਾਏ ਉਨ੍ਹਾਂ ਦੇ ਹੋਰ ਨਾਮ ਰੱਖੇ।
39 ੩੯ ਮਨੱਸ਼ਹ ਦੇ ਪੁੱਤਰ ਮਾਕੀਰ ਦੇ ਵੰਸ਼ ਨੇ ਜਾ ਕੇ ਗਿਲਆਦ ਨੂੰ ਲੈ ਲਿਆ ਅਤੇ ਅਮੋਰੀਆਂ ਨੂੰ ਜਿਹੜੇ ਉਹ ਦੇ ਵਿੱਚ ਸਨ ਕੱਢ ਦਿੱਤਾ।
40 ੪੦ ਤਾਂ ਮੂਸਾ ਨੇ ਗਿਲਆਦ ਮਨੱਸ਼ਹ ਦੀ ਅੰਸ ਦੇ ਮਾਕੀਰ ਨੂੰ ਦਿੱਤਾ ਅਤੇ ਉਹ ਉਸ ਵਿੱਚ ਵੱਸਿਆ।
41 ੪੧ ਅਤੇ ਮਨੱਸ਼ਹ ਦੇ ਵੰਸ਼ ਦੇ ਯਾਈਰ ਨੇ ਜਾ ਕੇ ਉਨ੍ਹਾਂ ਦੀਆਂ ਬਸਤੀਆਂ ਨੂੰ ਲੈ ਲਿਆ ਅਤੇ ਉਨ੍ਹਾਂ ਦੇ ਨਾਮ ਹੱਵੋਥ, ਯਾਈਰ ਰੱਖੇ।
42 ੪੨ ਅਤੇ ਨੋਬਹ ਨੇ ਜਾ ਕੇ ਕਨਾਥ ਅਤੇ ਉਸ ਦੇ ਪਿੰਡਾਂ ਨੂੰ ਲਿਆ ਅਤੇ ਉਨ੍ਹਾਂ ਦਾ ਨਾਮ ਆਪਣੇ ਨਾਮ ਤੇ ਆਪਣਾ ਨਾਮ ਨੋਬਹ ਰੱਖਿਆ।