< ਨਹੂਮ 3 >
1 ੧ ਖੂਨੀ ਸ਼ਹਿਰ ਉੱਤੇ ਹਾਏ ਹਾਏ! ਸਾਰੇ ਦਾ ਸਾਰਾ ਝੂਠ ਅਤੇ ਲੁੱਟ ਨਾਲ ਭਰਿਆ ਹੋਇਆ ਹੈ, ਸ਼ਿਕਾਰ ਅਣਮੁੱਕ ਹੈ!
2 ੨ ਕੋਟਲੇ ਦਾ ਖੜਾਕ, ਪਹੀਏ ਦੀ ਗੂੰਜ, ਸਰਪੱਟ ਦੌੜਨ ਵਾਲਾ ਘੋੜਾ ਅਤੇ ਉੱਛਲਦਾ ਰੱਥ!
3 ੩ ਘੋੜ ਸਵਾਰ ਚੜ੍ਹਾਈ ਕਰਦੇ, ਤਲਵਾਰ ਚਮਕਦੀ ਅਤੇ ਬਰਛੀ ਲਸ਼ਕਦੀ ਹੈ! ਵੱਢੇ ਹੋਇਆਂ ਦੀ ਭੀੜ, ਲਾਸ਼ਾਂ ਦੇ ਢੇਰ, ਲੋਥਾਂ ਬੇਅੰਤ ਹਨ ਅਤੇ ਉਹ ਲੋਥਾਂ ਉੱਤੇ ਠੋਕਰ ਖਾਂਦੇ ਹਨ!
4 ੪ ਇਹ ਦਾ ਕਾਰਨ ਉਸ ਵਿਭਚਾਰਨ ਦੇ ਬਹੁਤੇ ਵਿਭਚਾਰ ਹਨ, ਜਿਹੜੀ ਸੋਹਣੀ ਅਤੇ ਰੂਪਵੰਤ ਹੈ, ਜਾਦੂਗਰੀਆਂ ਦੀ ਮਲਕਾ, ਜਿਹੜੀ ਕੌਮਾਂ ਨੂੰ ਆਪਣੀਆਂ ਜ਼ਨਾਹਕਾਰੀਆਂ ਨਾਲ ਵੇਚਦੀ ਹੈ ਅਤੇ ਘਰਾਣਿਆਂ ਨੂੰ ਆਪਣੀਆਂ ਜਾਦੂਗਰੀਆਂ ਨਾਲ।
5 ੫ ਵੇਖ, ਮੈਂ ਤੇਰੇ ਵਿਰੁੱਧ ਹਾਂ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਮੈਂ ਤੇਰਾ ਲਹਿੰਗਾ ਤੇਰੇ ਮੂੰਹ ਉੱਤੇ ਚੁੱਕ ਮਾਰਾਂਗਾ, ਮੈਂ ਕੌਮਾਂ ਨੂੰ ਤੇਰਾ ਨੰਗੇਜ਼ ਵਿਖਾਵਾਂਗਾ ਅਤੇ ਪਾਤਸ਼ਾਹੀਆਂ ਨੂੰ ਤੇਰੀ ਸ਼ਰਮ!
6 ੬ ਮੈਂ ਤੇਰੇ ਉੱਤੇ ਗੰਦਗੀ ਸੁੱਟਾਂਗਾ, ਤੇਰਾ ਮਖ਼ੌਲ ਉਡਾਵਾਂਗਾ ਅਤੇ ਤੈਨੂੰ ਤਮਾਸ਼ਾ ਬਣਾਵਾਂਗਾ!
7 ੭ ਇਸ ਤਰ੍ਹਾਂ ਹੋਵੇਗਾ ਕਿ ਜਿੰਨੇ ਤੈਨੂੰ ਵੇਖਣਗੇ, ਤੇਰੇ ਕੋਲੋਂ ਭੱਜਣਗੇ ਅਤੇ ਕਹਿਣਗੇ, ਨੀਨਵਾਹ ਬਰਬਾਦ ਹੋਇਆ, ਕੌਣ ਉਹ ਦਾ ਸੋਗ ਕਰੇਗਾ? ਮੈਂ ਤੇਰੇ ਲਈ ਤਸੱਲੀ ਦੇਣ ਵਾਲੇ ਕਿੱਥੋਂ ਲੱਭਾਂ?
8 ੮ ਕੀ ਤੂੰ ਨੋ-ਆਮੋਨ ਤੋਂ ਚੰਗਾ ਹੈਂ, ਜੋ ਨਹਿਰਾਂ ਦੇ ਵਿੱਚ ਵੱਸਿਆ ਹੋਇਆ ਸੀ, ਜਿਹ ਦੇ ਆਲੇ-ਦੁਆਲੇ ਪਾਣੀ ਸੀ, ਜਿਹ ਦੀ ਸ਼ਹਿਰਪਨਾਹ ਸਮੁੰਦਰ ਅਤੇ ਉਹ ਦੀ ਕੰਧ ਪਾਣੀ ਸੀ?
9 ੯ ਕੂਸ਼ ਅਤੇ ਮਿਸਰ ਉਹ ਦਾ ਬਲ ਸੀ, ਉਹ ਬੇਅੰਤ ਸੀ, ਪੂਟ ਅਤੇ ਲੂਬੀਮ ਤੇਰੇ ਸਹਾਇਕ ਸਨ।
10 ੧੦ ਤਾਂ ਵੀ ਉਹ ਲੈ ਲਿਆ ਗਿਆ, ਉਹ ਗੁਲਾਮੀ ਵਿੱਚ ਗਿਆ, ਉਹ ਦੇ ਨਿਆਣੇ ਸਾਰੀਆਂ ਗਲੀਆਂ ਦੇ ਸਿਰਿਆਂ ਉੱਤੇ ਪਟਕ ਦਿੱਤੇ ਗਏ, ਉਹ ਦੇ ਪਤਵੰਤਾਂ ਲਈ ਪਰਚੀਆਂ ਪਾਈਆਂ ਗਈਆਂ ਅਤੇ ਉਹ ਦੇ ਸਾਰੇ ਵੱਡੇ ਲੋਕ ਸੰਗਲਾਂ ਨਾਲ ਬੰਨ੍ਹੇ ਗਏ ਸਨ।
11 ੧੧ ਤੂੰ ਵੀ ਮਸਤ ਹੋਵੇਂਗਾ, ਤੂੰ ਗਸ਼ ਖਾਵੇਂਗਾ ਅਤੇ ਤੂੰ ਵੀ ਵੈਰੀ ਤੋਂ ਬਚਾ ਲੱਭੇਂਗਾ!
12 ੧੨ ਤੇਰੇ ਸਭ ਗੜ੍ਹ ਹੰਜ਼ੀਰ ਦੇ ਦਰੱਖਤਾਂ ਵਾਂਗੂੰ ਹੋਣਗੇ, ਜਦੋਂ ਹੰਜ਼ੀਰ ਪਹਿਲਾਂ ਪੱਕਦੀਆਂ ਹਨ, ਜੇ ਉਹ ਹਿਲਾਏ ਜਾਣ ਤਾਂ ਉਹ ਖਾਣ ਵਾਲੇ ਦੇ ਮੂੰਹ ਵਿੱਚ ਡਿੱਗਣਗੀਆਂ।
13 ੧੩ ਵੇਖ, ਤੇਰੇ ਲੋਕ ਤੇਰੇ ਵਿੱਚ ਔਰਤਾਂ ਹੀ ਹਨ, ਤੇਰੇ ਦੇਸ ਦੇ ਫਾਟਕ ਤੇਰੇ ਵੈਰੀਆਂ ਲਈ ਖੁਲ੍ਹੇ ਪਏ ਹਨ ਅਤੇ ਅੱਗ ਨੇ ਤੇਰੇ ਦਰਵਾਜ਼ਿਆਂ ਦੀਆਂ ਕੁੰਡੀਆਂ ਨੂੰ ਭਸਮ ਕੀਤਾ ਹੈ।
14 ੧੪ ਘੇਰੇ ਲਈ ਪਾਣੀ ਭਰ ਲੈ, ਆਪਣੇ ਗੜ੍ਹਾਂ ਨੂੰ ਤਕੜਾ ਕਰ, ਮਿੱਟੀ ਵਿੱਚ ਜਾ, ਗਾਰਾ ਲਤਾੜ ਅਤੇ ਭੱਠੇ ਨੂੰ ਤਕੜਾ ਕਰ!
15 ੧੫ ਉੱਥੇ ਅੱਗ ਤੈਨੂੰ ਭਸਮ ਕਰੇਗੀ, ਤਲਵਾਰ ਤੈਨੂੰ ਵੱਢੇਗੀ ਅਤੇ ਸਲਾ ਵਾਂਗੂੰ ਤੈਨੂੰ ਖਾਵੇਗੀ, ਆਪਣੇ ਆਪ ਨੂੰ ਸਲਾ ਵਾਂਗੂੰ ਵਧਾ ਅਤੇ ਆਪਣੇ ਆਪ ਨੂੰ ਟਿੱਡੀ ਵਾਂਗੂੰ ਵਧਾ!
16 ੧੬ ਤੂੰ ਆਪਣੇ ਵਪਾਰੀਆਂ ਨੂੰ ਅਕਾਸ਼ ਦੇ ਤਾਰਿਆਂ ਨਾਲੋਂ ਵਧਾਇਆ, ਸਲਾ ਨੰਗਾ ਕਰਦੀ ਅਤੇ ਫੇਰ ਉੱਡ ਜਾਂਦੀ ਹੈ।
17 ੧੭ ਤੇਰੇ ਸ਼ਾਹੀ ਲੋਕ ਟਿੱਡੀਆਂ ਵਾਂਗੂੰ ਹਨ, ਤੇਰੇ ਸੈਨਾਪਤੀ ਸਲਾ ਦੇ ਦਲਾਂ ਵਾਂਗੂੰ ਹਨ, ਜੋ ਸਿਆਲ ਦੇ ਦਿਨਾਂ ਵਿੱਚ ਬਾੜਾਂ ਦੇ ਉੱਤੇ ਟਿਕਦੀਆਂ ਹਨ, ਜਦ ਸੂਰਜ ਚੜ੍ਹਦਾ ਉਹ ਉੱਡ ਜਾਂਦੀ ਹੈ ਅਤੇ ਕੋਈ ਨਹੀਂ ਜਾਣਦਾ ਕਿ ਉਹ ਕਿੱਥੇ ਹਨ।
18 ੧੮ ਹੇ ਅੱਸ਼ੂਰ ਦੇ ਰਾਜਾ, ਤੇਰੇ ਅਯਾਲੀ ਸੁੱਤੇ ਪਏ ਹਨ, ਤੇਰੇ ਸ਼ਰੀਫ ਲੰਮੇ ਪਏ ਹਨ, ਤੇਰੇ ਲੋਕ ਪਹਾੜਾਂ ਉੱਤੇ ਖਿੱਲਰੇ ਹੋਏ ਹਨ, ਕੋਈ ਇਕੱਠੇ ਕਰਨ ਵਾਲਾ ਨਹੀਂ ਹੈ।
19 ੧੯ ਤੇਰਾ ਕੋਈ ਇਲਾਜ਼ ਨਹੀਂ, ਤੇਰਾ ਜ਼ਖਮ ਸਖ਼ਤ ਹੈ। ਤੇਰੀ ਖ਼ਬਰ ਦੇ ਸਭ ਸੁਣਨ ਵਾਲੇ ਤੇਰੇ ਉੱਤੇ ਤਾੜੀਆਂ ਵਜਾਉਂਦੇ ਹਨ, ਕਿਉਂਕਿ ਕੌਣ ਹੈ ਜਿਹ ਦੇ ਉੱਤੇ ਤੇਰੀ ਬਦੀ ਰੋਜ਼ ਨਾ ਆਈ ਹੋਵੇ?