< ਮੱਤੀ 23 >
1 ੧ ਤਦ ਯਿਸੂ ਨੇ ਲੋਕਾਂ ਨੂੰ ਅਤੇ ਆਪਣੇ ਚੇਲਿਆਂ ਨੂੰ ਕਿਹਾ,
2 ੨ ਉਪਦੇਸ਼ਕ ਅਤੇ ਫ਼ਰੀਸੀ ਮੂਸਾ ਦੀ ਗੱਦੀ ਉੱਤੇ ਬੈਠੇ ਹਨ।
3 ੩ ਇਸ ਲਈ ਸਭ ਕੁਝ ਜੋ ਉਹ ਤੁਹਾਨੂੰ ਕਹਿਣ ਤੁਸੀਂ ਮੰਨ ਲੈਣਾ ਅਤੇ ਉਹ ਦੀ ਪਾਲਣਾ ਕਰਨੀ ਪਰ ਉਨ੍ਹਾਂ ਵਰਗੇ ਕੰਮ ਨਾ ਕਰਨਾ ਕਿਉਂਕਿ ਜੋ ਉਹ ਕਹਿੰਦੇ ਹਨ ਸੋ ਉਹ ਕਰਦੇ ਨਹੀਂ।
4 ੪ ਉਹ ਭਾਰੇ ਬੋਝ ਜਿਨ੍ਹਾਂ ਦਾ ਚੁੱਕਣਾ ਔਖਾ ਹੈ, ਬੰਨ੍ਹ ਕੇ ਮਨੁੱਖਾਂ ਦਿਆਂ ਮੋਢਿਆਂ ਉੱਤੇ ਰੱਖਦੇ ਹਨ ਉਹ ਆਪ ਉਨ੍ਹਾਂ ਨੂੰ ਉਂਗਲ ਨਾਲ ਖਿਸਕਾਉਣਾ ਵੀ ਨਹੀਂ ਚਾਹੁੰਦੇ।
5 ੫ ਉਹ ਆਪਣੇ ਸਭ ਕੰਮ ਲੋਕਾਂ ਨੂੰ ਵਿਖਾਉਣ ਲਈ ਕਰਦੇ ਹਨ ਕਿਉਂ ਜੋ ਉਹ ਆਪਣੇ ਪੋਥੀਆਂ ਵਾਲੇ ਥੈਲੇ ਚੌੜੇ ਕਰਦੇ ਅਤੇ ਆਪਣੀਆਂ ਝਾਲਰਾਂ ਵਧਾਉਂਦੇ ਹਨ।
6 ੬ ਅਤੇ ਦਾਵਤ ਵਿੱਚ ਖ਼ਾਸ ਥਾਵਾਂ ਅਤੇ ਪ੍ਰਾਰਥਨਾ ਘਰ ਵਿੱਚ ਅਗਲੀਆਂ ਕੁਰਸੀਆਂ।
7 ੭ ਅਤੇ ਬਜ਼ਾਰਾਂ ਵਿੱਚ ਸਲਾਮ ਲੈਣ ਅਤੇ ਮਨੁੱਖਾਂ ਕੋਲੋਂ ਗੁਰੂ ਜੀ ਅਖਵਾਉਣ ਦੇ ਭੁੱਖੇ ਹਨ।
8 ੮ ਪਰ ਤੁਸੀਂ ਗੁਰੂ ਨਾ ਅਖਵਾਓ, ਕਿਉਂ ਜੋ ਤੁਹਾਡਾ ਗੁਰੂ ਇੱਕੋ ਹੈ ਅਤੇ ਤੁਸੀਂ ਸਾਰੇ ਭਾਈ ਹੋ।
9 ੯ ਧਰਤੀ ਉੱਤੇ ਕਿਸੇ ਨੂੰ ਆਪਣਾ ਪਿਤਾ ਨਾ ਆਖੋ ਕਿਉਂ ਜੋ ਤੁਹਾਡਾ ਪਿਤਾ ਇੱਕੋ ਹੈ, ਜਿਹੜਾ ਸਵਰਗ ਵਿੱਚ ਹੈ।
10 ੧੦ ਅਤੇ ਨਾ ਤੁਸੀਂ ਮਾਲਕ ਅਖਵਾਓ, ਕਿਉਂ ਜੋ ਤੁਹਾਡਾ ਮਾਲਕ ਇੱਕੋ ਹੈ ਅਰਥਾਤ ਮਸੀਹ।
11 ੧੧ ਪਰ ਉਹ ਜਿਹੜਾ ਤੁਹਾਡੇ ਵਿੱਚੋਂ ਹੋਰਨਾਂ ਨਾਲੋਂ ਵੱਡਾ ਹੈ, ਉਹ ਤੁਹਾਡਾ ਸੇਵਾਦਾਰ ਹੋਵੇ।
12 ੧੨ ਅਤੇ ਜੋ ਕੋਈ ਆਪਣੇ ਆਪ ਨੂੰ ਉੱਚਾ ਕਰੇਗਾ, ਉਹ ਨੀਵਾਂ ਕੀਤਾ ਜਾਵੇਗਾ ਅਤੇ ਜੋ ਕੋਈ ਆਪਣੇ ਆਪ ਨੂੰ ਨੀਵਾਂ ਕਰੇਗਾ, ਉਹ ਉੱਚਾ ਕੀਤਾ ਜਾਵੇਗਾ।
13 ੧੩ ਪਰ ਹੇ ਕਪਟੀ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ! ਇਸ ਲਈ ਜੋ ਤੁਸੀਂ ਸਵਰਗ ਰਾਜ ਨੂੰ ਮਨੁੱਖਾਂ ਦੇ ਅੱਗੇ ਬੰਦ ਕਰਦੇ ਹੋ, ਕਿਉਂ ਜੋ ਉਸ ਵਿੱਚ ਨਾ ਆਪ ਵੜਦੇ ਨਾ ਵੜਨ ਵਾਲਿਆਂ ਨੂੰ ਵੜਨ ਦਿੰਦੇ ਹੋ।
14 ੧੪ ਕਪਟੀ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਵਿਖਾਵੇ ਲਈ ਲੰਮੀਆਂ-ਲੰਮੀਆਂ ਪ੍ਰਾਰਥਨਾ ਕਰਦੇ ਹੋ, ਪਰ ਵਿਧਵਾਵਾਂ ਦੇ ਘਰ ਨੂੰ ਲੁੱਟ ਲੈਂਦੇ ਹੋ। ਤੁਹਾਨੂੰ ਵੱਡੀ ਸਜ਼ਾ ਮਿਲੇਗੀ।
15 ੧੫ ਹੇ ਕਪਟੀ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ! ਕਿਉਂ ਜੋ ਤੁਸੀਂ ਇੱਕ ਮਨੁੱਖ ਨੂੰ ਆਪਣੇ ਪੰਥ ਵਿੱਚ ਰਲਾਉਣ ਲਈ ਜਲ-ਥਲ ਗਾਹੁੰਦੇ ਹੋ ਅਤੇ ਜਦ ਉਹ ਤੁਹਾਡੇ ਪੰਥ ਵਿੱਚ ਰਲ ਜਾਂਦਾ ਹੈ ਤਾਂ ਤੁਸੀਂ ਉਸ ਨੂੰ ਆਪਣੇ ਨਾਲੋਂ ਦੁਗਣਾ ਨਰਕ ਦਾ ਪੁੱਤਰ ਬਣਾਉਂਦੇ ਹੋ। (Geenna )
16 ੧੬ ਹੇ ਅੰਨ੍ਹੇ ਆਗੂਓ, ਤੁਹਾਡੇ ਉੱਤੇ ਹਾਏ! ਜਿਹੜੇ ਆਖਦੇ ਹੋ ਕਿ ਜੇ ਕੋਈ ਹੈਕਲ ਦੀ ਸਹੁੰ ਖਾਵੇ ਤਾਂ ਕੁਝ ਗੱਲ ਨਹੀਂ ਪਰ ਜੇ ਕੋਈ ਹੈਕਲ ਦੇ ਸੋਨੇ ਦੀ ਸਹੁੰ ਖਾਵੇ ਤਾਂ ਉਹ ਪੂਰੀ ਕਰਨੀ ਪਵੇਗੀ।
17 ੧੭ ਹੇ ਮੂਰਖੋ ਅਤੇ ਅੰਨ੍ਹਿਓ ਕਿਹੜਾ ਵੱਡਾ ਹੈ ਸੋਨਾ ਜਾਂ ਹੈਕਲ, ਜਿਸ ਨੇ ਸੋਨੇ ਨੂੰ ਪਵਿੱਤਰ ਕੀਤਾ ਹੈ?
18 ੧੮ ਅਤੇ ਇਹ ਆਖਦੇ ਹੋ ਕਿ ਜੇ ਕੋਈ ਜਗਵੇਦੀ ਦੀ ਸਹੁੰ ਖਾਵੇ ਤਾਂ ਕੁਝ ਗੱਲ ਨਹੀਂ, ਪਰ ਜਿਹੜੀ ਉਸ ਭੇਟ ਦੀ ਜੋ ਉਸ ਉੱਤੇ ਹੈ ਸਹੁੰ ਖਾਵੇ ਤਾਂ ਉਹ ਨੂੰ ਪੂਰੀ ਕਰਨੀ ਪਵੇਗੀ।
19 ੧੯ ਹੇ ਅੰਨ੍ਹਿਓ ਕਿਹੜੀ ਵੱਡੀ ਹੈ ਭੇਟ ਜਾਂ ਜਗਵੇਦੀ, ਜਿਹੜੀ ਭੇਟ ਨੂੰ ਪਵਿੱਤਰ ਕਰਦੀ ਹੈ?
20 ੨੦ ਇਸ ਲਈ ਜੋ ਕੋਈ ਜਗਵੇਦੀ ਦੀ ਸਹੁੰ ਖਾਂਦਾ ਹੈ, ਸੋ ਉਹ ਦੀ ਅਤੇ ਸਭ ਚੀਜ਼ਾਂ ਦੀ ਸਹੁੰ ਖਾਂਦਾ ਹੈ ਜਿਹੜੀਆਂ ਉਸ ਉੱਤੇ ਹਨ।
21 ੨੧ ਅਤੇ ਜੋ ਕੋਈ ਹੈਕਲ ਦੀ ਸਹੁੰ ਖਾਂਦਾ ਹੈ, ਸੋ ਉਸ ਦੀ ਅਤੇ ਉਸ ਦੇ ਵਿੱਚ ਰਹਿਣ ਵਾਲੇ ਦੀ ਵੀ ਸਹੁੰ ਖਾਂਦਾ ਹੈ।
22 ੨੨ ਅਤੇ ਜੋ ਕੋਈ ਸਵਰਗ ਦੀ ਸਹੁੰ ਖਾਂਦਾ ਹੈ, ਸੋ ਪਰਮੇਸ਼ੁਰ ਦੇ ਸਿੰਘਾਸਣ ਦੀ ਅਤੇ ਉਸ ਉੱਪਰ ਬੈਠਣ ਵਾਲੇ ਦੀ ਸਹੁੰ ਖਾਂਦਾ ਹੈ।
23 ੨੩ ਹੇ ਕਪਟੀ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ! ਕਿਉਂ ਜੋ ਤੁਸੀਂ ਪੂਦੀਨੇ, ਸੌਂਫ਼ ਅਤੇ ਜੀਰੇ ਦਾ ਦਸਵੰਧ ਦਿੰਦੇ ਹੋ, ਪਰ ਮੂਸਾ ਦੀ ਬਿਵਸਥਾ ਦੇ ਵੱਡੇ ਹੁਕਮਾਂ ਨੂੰ ਅਰਥਾਤ ਨਿਆਂ, ਦਯਾ ਅਤੇ ਵਿਸ਼ਵਾਸ ਨੂੰ ਛੱਡ ਦਿੱਤਾ ਹੈ। ਪਰ ਚਾਹੀਦਾ ਸੀ ਜੋ ਇਨ੍ਹਾਂ ਨੂੰ ਕਰਦੇ ਅਤੇ ਉਨ੍ਹਾਂ ਨੂੰ ਵੀ ਨਾ ਛੱਡਦੇ।
24 ੨੪ ਹੇ ਅੰਨ੍ਹੇ ਆਗੂਓ, ਜਿਹੜੇ ਮੱਛਰ ਪੁਣ ਲੈਂਦੇ ਅਤੇ ਊਠ ਨਿਗਲ ਜਾਂਦੇ ਹੋ!
25 ੨੫ ਹੇ ਕਪਟੀ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ! ਕਿਉਂ ਜੋ ਤੁਸੀਂ ਕਟੋਰੇ ਅਤੇ ਥਾਲੀ ਨੂੰ ਬਾਹਰੋਂ ਸਾਫ਼ ਕਰਦੇ ਹੋ ਪਰ ਅੰਦਰੋਂ ਉਹ ਲੁੱਟ ਅਤੇ ਬਦ-ਪਰਹੇਜ਼ੀ ਨਾਲ ਭਰੇ ਹੋਏ ਹਨ।
26 ੨੬ ਹੇ ਅੰਨ੍ਹੇ ਫ਼ਰੀਸੀਓ! ਪਹਿਲਾਂ ਕਟੋਰੇ ਅਤੇ ਥਾਲੀ ਦੇ ਅੰਦਰ ਨੂੰ ਸਾਫ਼ ਕਰੋ ਤਾਂ ਉਹ ਬਾਹਰੋਂ ਵੀ ਸਾਫ਼ ਹੋਣਗੇ।
27 ੨੭ ਹੇ ਕਪਟੀ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ! ਕਿਉਂ ਜੋ ਤੁਸੀਂ ਰੰਗ ਕੀਤੀਆਂ ਕਬਰਾਂ ਵਰਗੇ ਹੋ, ਜਿਹੜੀਆਂ ਬਾਹਰੋਂ ਤਾਂ ਸੋਹਣੀਆਂ ਦਿਸਦੀਆਂ ਹਨ ਪਰ ਅੰਦਰੋਂ ਮੁਰਦਿਆਂ ਦੀਆਂ ਹੱਡੀਆਂ ਅਤੇ ਹਰ ਪਰਕਾਰ ਦੀ ਅਸ਼ੁੱਧਤਾ ਨਾਲ ਭਰੀਆਂ ਹੋਈਆਂ ਹਨ।
28 ੨੮ ਇਸੇ ਤਰ੍ਹਾਂ ਤੁਸੀਂ ਵੀ ਬਾਹਰੋਂ ਮਨੁੱਖਾਂ ਨੂੰ ਧਰਮੀ ਵਿਖਾਈ ਦਿੰਦੇ ਹੋ ਪਰ ਅੰਦਰੋਂ ਕਪਟ ਅਤੇ ਕੁਧਰਮ ਨਾਲ ਭਰੇ ਹੋਏ ਹੋ।
29 ੨੯ ਹੇ ਕਪਟੀ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ! ਕਿਉਂ ਜੋ ਤੁਸੀਂ ਨਬੀਆਂ ਦੀਆਂ ਕਬਰਾਂ ਬਣਾਉਂਦੇ ਹੋ ਅਤੇ ਧਰਮੀਆਂ ਦੀਆਂ ਸਮਾਧਾਂ ਸੁਆਰਦੇ ਹੋ।
30 ੩੦ ਅਤੇ ਆਖਦੇ ਹੋ ਜੇ ਅਸੀਂ ਆਪਣੇ ਪਿਉ-ਦਾਦਿਆਂ ਦੇ ਦਿਨਾਂ ਵਿੱਚ ਹੁੰਦੇ ਤਾਂ ਉਨ੍ਹਾਂ ਨਾਲ ਨਬੀਆਂ ਦੇ ਖੂਨ ਵਿੱਚ ਸਾਂਝੀ ਨਾ ਹੁੰਦੇ।
31 ੩੧ ਸੋ ਤੁਸੀਂ ਆਪਣੇ ਉੱਤੇ ਗਵਾਹੀ ਦਿੰਦੇ ਹੋ ਜੋ ਅਸੀਂ ਨਬੀਆਂ ਦੇ ਖ਼ੂਨੀਆਂ ਦੇ ਪੁੱਤਰ ਹਾਂ।
32 ੩੨ ਸੋ ਤੁਸੀਂ ਆਪਣੇ ਪਿਉ-ਦਾਦਿਆਂ ਦੇ ਪਾਪ ਦੇ ਘੜੇ ਨੂੰ ਭਰੀ ਜਾਓ।
33 ੩੩ ਹੇ ਸੱਪੋ, ਹੇ ਨਾਗਾਂ ਦੇ ਬੱਚਿਓ! ਤੁਸੀਂ ਨਰਕ ਦੀ ਸਜ਼ਾ ਤੋਂ ਕਿਸ ਤਰ੍ਹਾਂ ਬਚੋਗੇ? (Geenna )
34 ੩੪ ਇਸ ਲਈ ਵੇਖੋ ਮੈਂ ਨਬੀਆਂ ਅਤੇ ਗਿਆਨੀਆਂ ਅਤੇ ਉਪਦੇਸ਼ਕਾਂ ਨੂੰ ਤੁਹਾਡੇ ਕੋਲ ਭੇਜਦਾ ਹਾਂ। ਤੁਸੀਂ ਉਨ੍ਹਾਂ ਵਿੱਚੋਂ ਕਈਆਂ ਨੂੰ ਮਾਰ ਸੁੱਟੋਗੇ ਅਤੇ ਸਲੀਬ ਉੱਤੇ ਚੜ੍ਹਾਓਗੇ ਅਤੇ ਕਈਆਂ ਨੂੰ ਆਪਣੇ ਪ੍ਰਾਰਥਨਾ ਘਰਾਂ ਵਿੱਚ ਕੋਰੜੇ ਮਾਰੋਗੇ ਅਤੇ ਸ਼ਹਿਰ-ਸ਼ਹਿਰ ਉਨ੍ਹਾਂ ਦੇ ਮਗਰ ਪਓਗੇ।
35 ੩੫ ਤਾਂ ਕਿ ਧਰਮੀਆਂ ਦਾ ਜਿੰਨਾਂ ਲਹੂ ਧਰਤੀ ਉੱਤੇ ਵਹਾਇਆ ਗਿਆ ਸੱਭੋ ਤੁਹਾਡੇ ਜੁੰਮੇ ਆਵੇ, ਹਾਬਲ ਧਰਮੀ ਦੇ ਲਹੂ ਤੋਂ ਲੈ ਕੇ ਬਕਰਯਾਹ ਦੇ ਪੁੱਤਰ ਜ਼ਕਰਯਾਹ ਦੇ ਲਹੂ ਤੱਕ ਜਿਸ ਨੂੰ ਤੁਸੀਂ ਪਵਿੱਤਰ ਸਥਾਨ ਅਤੇ ਜਗਵੇਦੀ ਦੇ ਵਿਚਕਾਰ ਮਾਰ ਦਿੱਤਾ।
36 ੩੬ ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਇਹ ਸਭ ਕੁਝ ਇਸ ਪੀੜ੍ਹੀ ਦੇ ਲੋਕਾਂ ਦੇ ਜੁੰਮੇ ਆਵੇਗਾ।
37 ੩੭ ਹੇ ਯਰੂਸ਼ਲਮ, ਯਰੂਸ਼ਲਮ! ਤੂੰ ਜੋ ਨਬੀਆਂ ਨੂੰ ਕਤਲ ਕਰਦਾ ਹੈਂ ਅਤੇ ਉਨ੍ਹਾਂ ਨੂੰ ਜਿਹੜੇ ਤੇਰੇ ਕੋਲ ਭੇਜੇ ਗਏ ਪਥਰਾਉ ਕਰਦਾ ਹੈਂ, ਮੈਂ ਕਿੰਨੀ ਵਾਰੀ ਚਾਹਿਆ ਜੋ ਤੇਰੇ ਬੱਚਿਆਂ ਨੂੰ ਉਸੇ ਤਰ੍ਹਾਂ ਇਕੱਠੇ ਕਰਾਂ ਜਿਸ ਤਰ੍ਹਾਂ ਮੁਰਗੀ ਆਪਣੇ ਬੱਚਿਆਂ ਨੂੰ ਖੰਭਾਂ ਦੇ ਹੇਠ ਇਕੱਠੇ ਕਰਦੀ ਹੈ, ਪਰ ਤੁਸੀਂ ਨਾ ਚਾਹਿਆ।
38 ੩੮ ਵੇਖੋ ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ।
39 ੩੯ ਕਿਉਂਕਿ ਮੈਂ ਤੁਹਾਨੂੰ ਆਖਦਾ ਹਾਂ ਜੋ ਤੁਸੀਂ ਮੈਨੂੰ ਇਸ ਤੋਂ ਬਾਅਦ ਨਾ ਵੇਖੋਗੇ ਜਦ ਤੱਕ ਇਹ ਨਾ ਕਹੋਗੇ ਕਿ ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ।