< ਮੱਤੀ 19 >
1 ੧ ਫਿਰ ਅਜਿਹਾ ਹੋਇਆ ਕਿ ਜਦੋਂ ਯਿਸੂ ਇਹ ਗੱਲਾਂ ਕਰ ਹਟਿਆ ਤਾਂ ਗਲੀਲ ਤੋਂ ਚੱਲਿਆ ਗਿਆ ਅਤੇ ਯਰਦਨ ਪਾਰ ਯਹੂਦਿਯਾ ਦੇ ਇਲਾਕੇ ਵਿੱਚ ਆਇਆ।
2 ੨ ਅਤੇ ਬਹੁਤ ਸਾਰੇ ਲੋਕ ਉਹ ਦੇ ਮਗਰ ਤੁਰ ਪਏ, ਅਤੇ ਉਸ ਨੇ ਉੱਥੇ ਉਨ੍ਹਾਂ ਨੂੰ ਚੰਗਾ ਕੀਤਾ।
3 ੩ ਫ਼ਰੀਸੀ ਉਸ ਦੀ ਪ੍ਰੀਖਿਆ ਲੈਣ ਲਈ ਉਹ ਦੇ ਕੋਲ ਆ ਕੇ ਬੋਲੇ, ਕੀ ਮਨੁੱਖ ਨੂੰ ਇਹ ਯੋਗ ਹੈ ਕਿ ਉਹ ਕਿਸੇ ਗੱਲ ਕਾਰਨ ਆਪਣੀ ਪਤਨੀ ਨੂੰ ਤਲਾਕ ਦੇਵੇ?
4 ੪ ਉਸ ਨੇ ਉੱਤਰ ਦਿੱਤਾ, ਕੀ ਤੁਸੀਂ ਇਹ ਨਹੀਂ ਪੜ੍ਹਿਆ ਕਿ ਜਿਸ ਨੇ ਉਨ੍ਹਾਂ ਨੂੰ ਬਣਾਇਆ ਉਹ ਨੇ ਮੁੱਢੋਂ ਉਨ੍ਹਾਂ ਨੂੰ ਨਰ ਅਤੇ ਨਾਰੀ ਬਣਾਇਆ?
5 ੫ ਅਤੇ ਕਿਹਾ ਜੋ ਇਸ ਲਈ ਆਦਮੀ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ।
6 ੬ ਇਸ ਲਈ ਹੁਣ ਉਹ ਦੋ ਨਹੀਂ ਪਰ ਇੱਕ ਸਰੀਰ ਹਨ। ਇਸ ਲਈ ਜਿਹਨਾਂ ਨੂੰ ਪਰਮੇਸ਼ੁਰ ਨੇ ਜੋੜਿਆ ਹੈ, ਮਨੁੱਖ ਉਸ ਨੂੰ ਵੱਖ ਨਾ ਕਰੇ।
7 ੭ ਉਨ੍ਹਾਂ ਨੇ ਉਸ ਨੂੰ ਆਖਿਆ, ਫੇਰ ਮੂਸਾ ਨੇ ਤਿਆਗ ਪੱਤਰ ਰਾਹੀਂ ਤਲਾਕ ਦੇਣ ਦੀ ਆਗਿਆ ਕਿਉਂ ਦਿੱਤੀ?
8 ੮ ਯਿਸੂ ਨੇ ਉੱਤਰ ਦਿੱਤਾ, ਮੂਸਾ ਨੇ ਤੁਹਾਡੀ ਸਖ਼ਤ ਦਿਲੀ ਕਰਕੇ ਤੁਹਾਨੂੰ ਆਪਣੀਆਂ ਪਤਨੀਆਂ ਨੂੰ ਤਿਆਗਣ ਦੀ ਪਰਵਾਨਗੀ ਦਿੱਤੀ ਪਰ ਮੁੱਢੋਂ ਅਜਿਹਾ ਨਾ ਸੀ।
9 ੯ ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜੇ ਕੋਈ ਹਰਾਮਕਾਰੀ ਤੋਂ ਇਲਾਵਾ ਆਪਣੀ ਪਤਨੀ ਨੂੰ ਕਿਸੇ ਹੋਰ ਕਾਰਨ ਤਿਆਗ ਦੇਵੇ ਅਤੇ ਦੂਜੀ ਨਾਲ ਵਿਆਹ ਕਰੇ ਉਹ ਵਿਭਚਾਰ ਕਰਦਾ ਹੈ।
10 ੧੦ ਚੇਲਿਆਂ ਨੇ ਉਹ ਨੂੰ ਕਿਹਾ, ਜੇਕਰ ਆਦਮੀ ਅਤੇ ਔਰਤ ਵਿਚਕਾਰ ਇਹ ਹਾਲਾਤ ਹਨ, ਤਾਂ ਵਿਆਹ ਕਰਵਾਉਣਾ ਹੀ ਚੰਗਾ ਨਹੀਂ।
11 ੧੧ ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਇਹ ਗੱਲ ਸਾਰਿਆਂ ਲਈ ਨਹੀਂ, ਸਿਰਫ਼ ਉਹਨਾਂ ਲਈ ਜਿਨ੍ਹਾਂ ਨੂੰ ਬਖ਼ਸ਼ਿਆ ਗਿਆ ਹੈ।
12 ੧੨ ਕਿਉਂਕਿ ਅਜਿਹੇ ਖੁਸਰੇ ਹਨ, ਜਿਹੜੇ ਮਾਂ ਦੀ ਕੁੱਖੋਂ ਇਸੇ ਤਰ੍ਹਾਂ ਜੰਮੇ ਅਤੇ ਕੁਝ ਖੁਸਰੇ ਅਜਿਹੇ ਹਨ ਜਿਹੜੇ ਮਨੁੱਖਾਂ ਦੇ ਦੁਆਰਾ ਖੁਸਰੇ ਕੀਤੇ ਹੋਏ ਹਨ ਅਤੇ ਅਜਿਹੇ ਖੁਸਰੇ ਵੀ ਹਨ ਕਿ ਜਿਨ੍ਹਾਂ ਨੇ ਸਵਰਗ ਰਾਜ ਦੇ ਕਾਰਨ ਆਪਣੇ ਆਪ ਨੂੰ ਖੁਸਰੇ ਕੀਤਾ ਹੈ, ਜਿਹੜਾ ਕਬੂਲ ਕਰ ਸਕਦਾ ਹੈ ਉਹ ਕਬੂਲ ਕਰੇ।
13 ੧੩ ਤਦ ਲੋਕ ਛੋਟੇ ਬੱਚਿਆਂ ਨੂੰ ਉਹ ਦੇ ਕੋਲ ਲਿਆਏ ਤਾਂ ਜੋ ਉਹ ਉਨ੍ਹਾਂ ਉੱਤੇ ਹੱਥ ਰੱਖ ਕੇ ਪ੍ਰਾਰਥਨਾ ਕਰੇ, ਪਰ ਚੇਲਿਆਂ ਨੇ ਉਨ੍ਹਾਂ ਨੂੰ ਝਿੜਕਿਆ।
14 ੧੪ ਤਦ ਯਿਸੂ ਨੇ ਆਖਿਆ, ਬੱਚਿਆਂ ਨੂੰ ਕੁਝ ਨਾ ਆਖੋ ਅਤੇ ਉਨ੍ਹਾਂ ਨੂੰ ਮੇਰੇ ਕੋਲ ਆਉਣ ਤੋਂ ਨਾ ਰੋਕੋ ਕਿਉਂ ਜੋ ਸਵਰਗ ਰਾਜ ਇਹੋ ਜਿਹਿਆਂ ਦਾ ਹੈ।
15 ੧੫ ਅਤੇ ਉਹ ਉਨ੍ਹਾਂ ਉੱਤੇ ਹੱਥ ਰੱਖ ਕੇ ਉੱਥੋਂ ਚੱਲਿਆ ਗਿਆ।
16 ੧੬ ਤਾਂ ਵੇਖੋ ਇੱਕ ਮਨੁੱਖ ਨੇ ਉਹ ਦੇ ਕੋਲ ਆ ਕੇ ਕਿਹਾ, ਗੁਰੂ ਜੀ ਮੈਂ ਕਿਹੜਾ ਭਲਾ ਕੰਮ ਕਰਾਂ ਜੋ ਮੈਨੂੰ ਸਦੀਪਕ ਜੀਵਨ ਮਿਲੇ? (aiōnios )
17 ੧੭ ਉਸ ਨੇ ਉਹ ਨੂੰ ਆਖਿਆ, ਤੂੰ ਭਲਿਆਈ ਦੇ ਬਾਰੇ ਮੈਨੂੰ ਕਿਉਂ ਪੁੱਛਦਾ ਹੈਂ? ਭਲਾ ਤਾਂ ਇੱਕੋ ਹੀ ਹੈ। ਪਰ ਜੇ ਤੂੰ ਸਦੀਪਕ ਜੀਵਨ ਵਿੱਚ ਦਾਖਲ ਹੋਣਾ ਚਾਹੁੰਦਾ ਹੈਂ ਤਾਂ ਹੁਕਮਾਂ ਨੂੰ ਮੰਨ।
18 ੧੮ ਉਸ ਨੇ ਉਹ ਨੂੰ ਆਖਿਆ, ਕਿਹੜੇ ਹੁਕਮ? ਤਦ ਯਿਸੂ ਨੇ ਕਿਹਾ, ਖ਼ੂਨ ਨਾ ਕਰ, ਵਿਭਚਾਰ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ।
19 ੧੯ ਆਪਣੇ ਮਾਂ ਪਿਉ ਦਾ ਆਦਰ ਕਰ ਅਤੇ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।
20 ੨੦ ਉਸ ਜਵਾਨ ਨੇ ਉਹ ਨੂੰ ਆਖਿਆ, ਮੈਂ ਤਾਂ ਇਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਕਰਦਾ ਰਿਹਾ ਹਾਂ। ਹੁਣ ਮੇਰੇ ਵਿੱਚ ਕੀ ਕਮੀ ਹੈ?
21 ੨੧ ਯਿਸੂ ਨੇ ਉਹ ਨੂੰ ਕਿਹਾ, ਜੇ ਤੂੰ ਸਿੱਧ ਹੋਣਾ ਚਾਹੁੰਦਾ ਹੈਂ ਤਾਂ ਜਾ ਕੇ ਆਪਣੀ ਜਾਇਦਾਦ ਵੇਚ ਅਤੇ ਕੰਗਾਲਾਂ ਵਿੱਚ ਵੰਡ ਦੇ ਤਾਂ ਤੈਨੂੰ ਸਵਰਗ ਵਿੱਚ ਖ਼ਜ਼ਾਨਾ ਮਿਲੇਗਾ ਅਤੇ ਆ, ਮੇਰੇ ਮਗਰ ਹੋ ਤੁਰ।
22 ੨੨ ਪਰ ਉਸ ਜਵਾਨ ਨੇ ਜਦ ਇਹ ਗੱਲ ਸੁਣੀ ਤਾਂ ਉਦਾਸ ਹੋ ਕੇ ਚੱਲਿਆ ਗਿਆ, ਕਿਉਂ ਜੋ ਉਹ ਵੱਡਾ ਧਨਵਾਨ ਸੀ।
23 ੨੩ ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਧਨਵਾਨ ਦਾ ਸਵਰਗ ਰਾਜ ਵਿੱਚ ਦਾਖਲ ਹੋਣਾ ਔਖਾ ਹੈ।
24 ੨੪ ਫੇਰ ਮੈਂ ਤੁਹਾਨੂੰ ਆਖਦਾ ਹਾਂ ਕਿ ਕਿਸੇ ਧਨਵਾਨ ਦੇ ਸਵਰਗ ਰਾਜ ਵਿੱਚ ਦਾਖਲ ਹੋਣ ਨਾਲੋਂ, ਊਠ ਦਾ ਸੂਈ ਦੇ ਨੱਕੇ ਦੇ ਵਿੱਚੋਂ ਦੀ ਲੰਘਣਾ ਸੁਖਾਲਾ ਹੈ।
25 ੨੫ ਅਤੇ ਚੇਲੇ ਇਹ ਸੁਣ ਕੇ ਬਹੁਤ ਹੈਰਾਨ ਹੋਏ ਅਤੇ ਬੋਲੇ, ਤਾਂ ਫਿਰ ਕੌਣ ਮੁਕਤੀ ਪਾ ਸਕਦਾ ਹੈ?
26 ੨੬ ਤਦ ਯਿਸੂ ਨੇ ਉਨ੍ਹਾਂ ਵੱਲ ਵੇਖ ਕੇ ਉਨ੍ਹਾਂ ਨੂੰ ਕਿਹਾ, ਇਹ ਮਨੁੱਖ ਤੋਂ ਅਣਹੋਣਾ ਹੈ, ਪਰ ਪਰਮੇਸ਼ੁਰ ਤੋਂ ਸਭ ਕੁਝ ਹੋ ਸਕਦਾ ਹੈ।
27 ੨੭ ਤਦ ਪਤਰਸ ਨੇ ਉਹ ਨੂੰ ਉੱਤਰ ਦਿੱਤਾ, ਵੇਖ ਅਸੀਂ ਸਭ ਕੁਝ ਛੱਡ ਕੇ ਤੇਰੇ ਪਿੱਛੇ ਹੋ ਤੁਰੇ ਹਾਂ, ਫੇਰ ਸਾਨੂੰ ਕੀ ਮਿਲੇਗਾ?
28 ੨੮ ਯਿਸੂ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਮਨੁੱਖ ਦਾ ਪੁੱਤਰ ਨਵੀਂ ਸਰਿਸ਼ਟੀ ਵਿੱਚ ਆਪਣੇ ਮਹਿਮਾ ਦੇ ਸਿੰਘਾਸਣ ਉੱਤੇ ਬੈਠੇਗਾ ਤਦ ਤੁਸੀਂ ਵੀ ਮੇਰੇ ਨਾਲ ਬਾਰਾਂ ਸਿੰਘਾਸਣਾਂ ਉੱਤੇ ਬੈਠੋਗੇ ਅਤੇ ਇਸਰਾਏਲ ਦੇ ਬਾਰਾਂ ਗੋਤਾਂ ਦਾ ਨਿਆਂ ਕਰੋਗੇ।
29 ੨੯ ਅਤੇ ਹਰ ਕੋਈ ਜਿਸ ਨੇ ਆਪਣੇ ਘਰ, ਭਰਾਵਾਂ, ਭੈਣਾਂ, ਮਾਤਾ-ਪਿਤਾ, ਬਾਲ ਬੱਚਿਆਂ ਜਾਂ ਜਾਇਦਾਦ ਨੂੰ ਮੇਰੇ ਨਾਮ ਦੇ ਕਾਰਨ ਛੱਡਿਆ ਹੈ ਉਹ ਸੌ ਗੁਣਾ ਫਲ ਪਾਵੇਗਾ ਅਤੇ ਸਦੀਪਕ ਜੀਵਨ ਦਾ ਵਾਰਿਸ ਹੋਵੇਗਾ। (aiōnios )
30 ੩੦ ਪਰ ਬਹੁਤ ਜੋ ਪਹਿਲੇ ਹਨ ਪਿਛਲੇ ਅਤੇ ਜੋ ਪਿਛਲੇ ਹਨ ਉਹ ਪਹਿਲੇ ਹੋਣਗੇ।