< ਮਰਕੁਸ 4 >
1 ੧ ਉਹ ਫੇਰ ਝੀਲ ਦੇ ਕਿਨਾਰੇ ਉੱਤੇ ਲੋਕਾਂ ਨੂੰ ਉਪਦੇਸ਼ ਦੇਣ ਲੱਗਾ ਅਤੇ ਐਨੀ ਵੱਡੀ ਭੀੜ ਉਹ ਦੇ ਕੋਲ ਇਕੱਠੀ ਹੋਈ ਜੋ ਉਹ ਝੀਲ ਵਿੱਚ ਇੱਕ ਬੇੜੀ ਉੱਤੇ ਚੜ੍ਹ ਬੈਠਾ ਅਤੇ ਸਾਰੀ ਭੀੜ ਝੀਲ ਦੇ ਕਿਨਾਰੇ ਧਰਤੀ ਉੱਤੇ ਰਹੀ।
2 ੨ ਤੇ ਉਸ ਨੇ ਉਨ੍ਹਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਬਹੁਤ ਸਾਰੀਆਂ ਗੱਲਾਂ ਦਾ ਉਪਦੇਸ਼ ਦਿੱਤਾ ਅਤੇ ਆਪਣੇ ਉਪਦੇਸ਼ ਵਿੱਚ ਉਨ੍ਹਾਂ ਨੂੰ ਕਿਹਾ,
3 ੩ ਸੁਣੋ! ਵੇਖੋ, ਇੱਕ ਬੀਜਣ ਵਾਲਾ ਬੀਜ ਬੀਜਣ ਨੂੰ ਨਿੱਕਲਿਆ।
4 ੪ ਅਤੇ ਇਸ ਤਰ੍ਹਾਂ ਹੋਇਆ ਕਿ ਉਹ ਦੇ ਬੀਜਦਿਆਂ ਕੁਝ ਰਾਹ ਦੇ ਕੰਢੇ ਡਿੱਗ ਪਏ ਅਤੇ ਪੰਛੀ ਆਣ ਕੇ ਉਹ ਨੂੰ ਚੁਗ ਗਏ।
5 ੫ ਅਤੇ ਕੁਝ ਪਥਰੀਲੀ ਜ਼ਮੀਨ ਵਿੱਚ ਡਿੱਗਿਆ ਜਿੱਥੇ ਉਹ ਨੂੰ ਬਹੁਤੀ ਮਿੱਟੀ ਨਾ ਮਿਲੀ ਅਤੇ ਡੂੰਘੀ ਮਿੱਟੀ ਨਾ ਮਿਲਣ ਦੇ ਕਰਕੇ ਉਹ ਛੇਤੀ ਉੱਗ ਪਿਆ।
6 ੬ ਅਤੇ ਜਦੋਂ ਸੂਰਜ ਚੜ੍ਹਿਆ ਤਾਂ ਕੁਮਲਾ ਗਿਆ ਅਤੇ ਜੜ੍ਹ ਨਾ ਫੜਨ ਦੇ ਕਾਰਨ ਸੁੱਕ ਗਿਆ।
7 ੭ ਅਤੇ ਕੁਝ ਕੰਡਿਆਲੀਆਂ ਝਾੜੀਆਂ ਵਿੱਚ ਡਿੱਗਿਆ ਅਤੇ ਝਾੜੀਆਂ ਨੇ ਵਧ ਕੇ ਉਹ ਨੂੰ ਦਬਾ ਲਿਆ ਅਤੇ ਉਹ ਨਾ ਫਲਿਆ।
8 ੮ ਪਰ ਜਿਹੜਾ ਚੰਗੀ ਜ਼ਮੀਨ ਵਿੱਚ ਡਿੱਗਿਆ ਉਹ ਉੱਗਦਿਆਂ ਸਾਰ ਵਧਿਆ ਅਤੇ ਫਲਿਆ, ਕੁਝ ਤੀਹ ਗੁਣਾ, ਕੁਝ ਸੱਠ ਗੁਣਾ, ਕੁਝ ਸੌ ਗੁਣਾ ਫਲ ਦਿੱਤਾ।
9 ੯ ਫੇਰ ਉਹ ਨੇ ਕਿਹਾ, ਜਿਹ ਦੇ ਸੁਣਨ ਦੇ ਕੰਨ ਹੋਣ ਉਹ ਸੁਣੇ।
10 ੧੦ ਜਦੋਂ ਉਹ ਇਕਾਂਤ ਵਿੱਚ ਸੀ ਜਿਹੜੇ ਉਹ ਦੇ ਕੋਲ ਸਨ ਉਨ੍ਹਾਂ ਨੇ ਬਾਰਾਂ ਚੇਲਿਆਂ ਨਾਲ ਮਿਲ ਕੇ ਦ੍ਰਿਸ਼ਟਾਂਤਾਂ ਦਾ ਅਰਥ ਉਹ ਨੂੰ ਪੁੱਛਿਆ।
11 ੧੧ ਉਸ ਨੇ ਉਨ੍ਹਾਂ ਨੂੰ ਕਿਹਾ, ਪਰਮੇਸ਼ੁਰ ਦੇ ਰਾਜ ਦਾ ਭੇਤ ਤੁਹਾਨੂੰ ਦਿੱਤਾ ਗਿਆ ਹੈ ਪਰ ਜਿਹੜੇ ਬਾਹਰਲੇ ਹਨ ਉਨ੍ਹਾਂ ਲਈ ਸਾਰੀਆਂ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਹੁੰਦੀਆਂ ਹਨ ਕਿ,
12 ੧੨ ਉਹ ਵੇਖਦੇ ਹੋਏ ਵੇਖਣ ਤਾਂ ਸਹੀ ਪਰ ਬੁੱਝਣ ਨਾ, ਅਤੇ ਸੁਣਦੇ ਹੋਏ ਸੁਣਨ ਪਰ ਸਮਝਣ ਨਾ, ਕਿਤੇ ਇੰਝ ਨਾ ਹੋਵੇ ਜੋ ਉਹ ਮੁੜ ਆਉਣ, ਅਤੇ ਉਨ੍ਹਾ ਨੂੰ ਮਾਫ਼ੀ ਮਿਲੇ।
13 ੧੩ ਫੇਰ ਉਸ ਨੇ ਉਨ੍ਹਾਂ ਨੂੰ ਕਿਹਾ, ਕੀ ਤੁਸੀਂ ਇਸ ਦ੍ਰਿਸ਼ਟਾਂਤ ਦੀ ਉਦਾਹਰਣ ਨੂੰ ਨਹੀਂ ਸਮਝਦੇ? ਤਾਂ ਸਾਰਿਆਂ ਦ੍ਰਿਸ਼ਟਾਂਤਾਂ ਨੂੰ ਕਿਵੇਂ ਸਮਝੋਗੇ?
14 ੧੪ ਬੀਜਣ ਵਾਲਾ ਪਰਮੇਸ਼ੁਰ ਦਾ ਬਚਨ ਬੀਜਦਾ ਹੈ।
15 ੧੫ ਅਤੇ ਰਾਹ ਦੇ ਕਿਨਾਰੇ ਵਾਲੇ ਉਹ ਹਨ ਜਿਹਨਾਂ ਨੇ ਸੁਣਿਆ, ਤਾਂ ਸ਼ੈਤਾਨ ਆਣ ਕੇ ਉਸ ਬਚਨ ਨੂੰ ਉਨ੍ਹਾ ਦੇ ਹਿਰਦਿਆਂ ਵਿੱਚੋਂ ਕੱਢ ਲੈ ਜਾਂਦਾ ਹੈ।
16 ੧੬ ਅਤੇ ਇਸੇ ਤਰ੍ਹਾਂ ਜਿਹੜੇ ਪਥਰੀਲੀ ਜ਼ਮੀਨ ਵਿੱਚ ਬੀਜੇ ਜਾਂਦੇ ਹਨ ਸੋ ਉਹ ਹਨ ਜਿਹੜੇ ਬਚਨ ਨੂੰ ਸੁਣਦਿਆਂ ਸਾਰ ਖੁਸ਼ੀ ਨਾਲ ਉਹ ਨੂੰ ਮੰਨ ਲੈਂਦੇ ਹਨ।
17 ੧੭ ਅਤੇ ਆਪਣੇ ਵਿੱਚ ਜੜ੍ਹ ਨਹੀਂ ਰੱਖਦੇ ਹਨ ਪਰ ਥੋੜ੍ਹਾ ਸਮਾਂ ਰਹਿੰਦੇ ਹਨ ਅਤੇ ਜਦੋਂ ਬਚਨ ਦੇ ਕਾਰਨ ਦੁੱਖ ਵਿੱਚ ਪੈਂਦੇ ਜਾਂ ਸਤਾਏ ਜਾਂਦੇ ਹਨ ਤਾਂ ਝੱਟ ਠੋਕਰ ਖਾਂਦੇ ਹਨ।
18 ੧੮ ਅਤੇ ਹੋਰ ਉਹ ਹਨ ਜਿਹੜੇ ਝਾੜੀਆਂ ਵਿੱਚ ਬੀਜੇ ਜਾਂਦੇ। ਇਹ ਉਹ ਹਨ ਜਿਨ੍ਹਾਂ ਨੇ ਬਚਨ ਨੂੰ ਸੁਣਿਆ
19 ੧੯ ਅਤੇ ਸੰਸਾਰ ਦੀ ਚਿੰਤਾ ਤੇ ਧਨ ਦਾ ਧੋਖਾ ਅਤੇ ਹੋਰਨਾਂ ਚੀਜ਼ਾਂ ਦਾ ਲੋਭ ਆਣ ਕੇ ਬਚਨ ਨੂੰ ਦਬਾ ਲੈਂਦਾ ਹੈ ਅਤੇ ਉਹ ਬੇਫੱਲ ਰਹਿ ਜਾਂਦਾ ਹੈ। (aiōn )
20 ੨੦ ਅਤੇ ਜਿਹੜੇ ਚੰਗੀ ਜ਼ਮੀਨ ਵਿੱਚ ਬੀਜੇ ਗਏ ਸਨ ਸੋ ਉਹ ਲੋਕ ਹਨ ਜਿਹੜੇ ਬਚਨ ਨੂੰ ਸੁਣ ਕੇ ਮੰਨ ਲੈਂਦੇ ਅਤੇ ਫਲ ਦਿੰਦੇ ਹਨ, ਕੁਝ ਤੀਹ ਗੁਣਾ ਕੁਝ ਸੱਠ ਗੁਣਾ ਕੁਝ ਸੌ ਗੁਣਾ।
21 ੨੧ ਉਸ ਨੇ ਉਨ੍ਹਾਂ ਨੂੰ ਆਖਿਆ, ਕੀ ਦੀਵਾ ਇਸ ਲਈ ਲਿਆਉਂਦੇ ਹਨ ਕਿ ਟੋਕਰੇ ਜਾਂ ਮੰਜੇ ਥੱਲੇ ਰੱਖਿਆ ਜਾਵੇ, ਕੀ ਇਸ ਲਈ ਨਹੀਂ ਕੀ ਉਹ ਦੀਵਟ ਉੱਤੇ ਰੱਖਿਆ ਜਾਵੇ?
22 ੨੨ ਕੋਈ ਚੀਜ਼ ਗੁਪਤ ਨਹੀਂ ਪਰ ਇਸ ਲਈ ਜੋ ਉਹ ਪਰਗਟ ਕੀਤੀ ਜਾਏ ਅਤੇ ਨਾ ਕੋਈ ਵਸਤੂ ਛਿਪਾਈ ਗਈ ਪਰ ਇਸ ਲਈ ਜੋ ਉਹ ਉਜਾਗਰ ਹੋਵੇ।
23 ੨੩ ਜੇ ਕਿਸੇ ਦੇ ਸੁਣਨ ਦੇ ਕੰਨ ਹੋਣ ਤਾਂ ਉਹ ਸੁਣੇ।
24 ੨੪ ਫੇਰ ਉਸ ਨੇ ਉਨ੍ਹਾਂ ਨੂੰ ਕਿਹਾ, ਚੌਕਸ ਰਹੋ ਜੋ ਕੀ ਸੁਣਦੇ ਹੋ! ਜਿਸ ਮਾਪ ਨਾਲ ਤੁਸੀਂ ਮਿਣਦੇ ਹੋ ਉਸੇ ਨਾਲ ਤੁਹਾਡੇ ਲਈ ਮਿਣਿਆ ਜਾਵੇਗਾ ਅਤੇ ਤੁਹਾਨੂੰ ਵਧੀਕ ਦਿੱਤਾ ਜਾਵੇਗਾ।
25 ੨੫ ਕਿਉਂਕਿ ਜਿਹ ਦੇ ਕੋਲ ਕੁਝ ਹੈ ਉਹ ਨੂੰ ਦਿੱਤਾ ਜਾਵੇਗਾ ਅਤੇ ਜਿਸ ਦੇ ਕੋਲ ਨਹੀਂ ਉਸ ਤੋਂ ਜੋ ਕੁਝ ਹੈ ਸੋ ਵੀ ਲੈ ਲਿਆ ਜਾਵੇਗਾ।
26 ੨੬ ਫੇਰ ਉਹ ਨੇ ਕਿਹਾ, ਪਰਮੇਸ਼ੁਰ ਦਾ ਰਾਜ ਇਹੋ ਜਿਹਾ ਹੈ ਜਿਵੇਂ ਕੋਈ ਮਨੁੱਖ ਜ਼ਮੀਨ ਵਿੱਚ ਬੀਜ ਬੀਜੇ।
27 ੨੭ ਅਤੇ ਬੀਜ ਬੀਜਣ ਵਾਲਾ ਰਾਤ ਨੂੰ ਸੌਂਦਾ ਅਤੇ ਦਿਨ ਵੇਲੇ ਜਾਗਦਾ, ਪਰ ਉਹ ਨਹੀਂ ਜਾਣਦਾ ਕਿ ਬੀਜ ਕਿਵੇਂ ਉੱਗ ਪਿਆ।
28 ੨੮ ਜ਼ਮੀਨ ਤਾਂ ਆਪਣੇ ਆਪ ਫਲ ਲਿਆਉਂਦੀ ਹੈ, ਪਹਿਲਾਂ ਅੰਕੂਰ, ਫੇਰ ਸਿੱਟਾ, ਫੇਰ ਸਿੱਟੇ ਵਿੱਚ ਸਾਬਤ ਦਾਣੇ।
29 ੨੯ ਅਤੇ ਜਦੋਂ ਫ਼ਸਲ ਪੱਕ ਜਾਂਦੀ ਹੈ ਤਾਂ ਉਹ ਝੱਟ ਦਾਤੀ ਲਾਉਂਦਾ ਹੈ ਕਿਉਂ ਜੋ ਵਾਢੀ ਦਾ ਵੇਲਾ ਆ ਗਿਆ।
30 ੩੦ ਫੇਰ ਉਹ ਨੇ ਕਿਹਾ, ਅਸੀਂ ਪਰਮੇਸ਼ੁਰ ਦੇ ਰਾਜ ਨੂੰ ਕਿਹ ਦੇ ਵਰਗਾ ਦੱਸੀਏ ਜਾਂ ਉਹ ਦੇ ਲਈ ਕਿਹੜਾ ਦ੍ਰਿਸ਼ਟਾਂਤ ਦੇਈਏ?
31 ੩੧ ਉਹ ਇੱਕ ਰਾਈ ਦੇ ਦਾਣੇ ਵਰਗਾ ਹੈ ਕਿ ਜਦ ਜ਼ਮੀਨ ਵਿੱਚ ਬੀਜਿਆ ਜਾਂਦਾ ਹੈ ਤਾਂ ਜ਼ਮੀਨ ਦੇ ਸਭਨਾਂ ਬੀਜਾਂ ਨਾਲੋਂ ਛੋਟਾ ਹੈ।
32 ੩੨ ਪਰ ਜਦ ਬੀਜਿਆ ਗਿਆ ਤਦ ਉੱਗਦਾ ਹੈ ਅਤੇ ਸਾਰਿਆਂ ਪੋਦਿਆਂ ਨਾਲੋਂ ਵੱਡਾ ਹੋ ਜਾਂਦਾ ਹੈ ਅਤੇ ਅਜਿਹੀਆਂ ਵੱਡੀਆਂ ਟਹਿਣੀਆਂ ਫੁੱਟਦੀਆਂ ਹਨ ਜੋ ਅਕਾਸ਼ ਦੇ ਪੰਛੀ ਉਹ ਦੀ ਛਾਇਆ ਵਿੱਚ ਵਸੇਰਾ ਕਰ ਸਕਦੇ ਹਨ।
33 ੩੩ ਉਹ ਇਹੋ ਜਿਹਿਆਂ ਬਹੁਤ ਦ੍ਰਿਸ਼ਟਾਂਤਾਂ ਵਿੱਚ ਉਨ੍ਹਾਂ ਨਾਲ ਬਚਨ ਕਰਦਾ ਸੀ ਜਿਸ ਤਰ੍ਹਾਂ ਉਹ ਸਮਝ ਸਕਦੇ ਸਨ।
34 ੩੪ ਅਤੇ ਬਿਨ੍ਹਾਂ ਦ੍ਰਿਸ਼ਟਾਂਤ ਤੋਂ ਉਹ ਉਨ੍ਹਾਂ ਨਾਲ ਨਹੀਂ ਸੀ ਬੋਲਦਾ ਪਰ ਇਕਾਂਤ ਵਿੱਚ ਉਹ ਆਪਣੇ ਹੀ ਚੇਲਿਆਂ ਨੂੰ ਸਭ ਕੁਝ ਖੋਲ੍ਹ ਕੇ ਦੱਸਦਾ ਸੀ।
35 ੩੫ ਉਸੇ ਦਿਨ ਜਦੋਂ ਸ਼ਾਮ ਹੋਈ ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, ਆਓ ਅਸੀਂ ਉਸ ਪਾਰ ਚੱਲੀਏ।
36 ੩੬ ਅਤੇ ਉਹ ਭੀੜ ਨੂੰ ਛੱਡ ਕੇ ਜਿਵੇਂ ਉਹ ਬੇੜੀ ਉੱਤੇ ਸੀ ਤਿਵੇਂ ਹੀ ਉਹ ਨੂੰ ਲੈ ਚੱਲੇ ਅਤੇ ਹੋਰ ਬੇੜੀਆਂ ਵੀ ਉਹ ਦੇ ਨਾਲ ਸਨ।
37 ੩੭ ਤਦ ਇੱਕ ਵੱਡਾ ਤੂਫ਼ਾਨ ਆਇਆ, ਅਨ੍ਹੇਰੀ ਵਗੀ ਅਤੇ ਲਹਿਰਾਂ ਬੇੜੀ ਉੱਤੇ ਐਥੋਂ ਤੱਕ ਪਹੁੰਚ ਗਈਆਂ ਜੋ ਬੇੜੀ ਪਾਣੀ ਨਾਲ ਭਰ ਚੱਲੀ ਸੀ।
38 ੩੮ ਅਤੇ ਯਿਸੂ ਆਪ ਬੇੜੀ ਦੇ ਪਿਛਲੇ ਸਿਰੇ ਵੱਲ ਇੱਕ ਸਿਰਾਹਣਾ ਰੱਖ ਕੇ ਸੁੱਤੇ ਪਏ ਸਨ। ਤਦ ਉਨ੍ਹਾਂ ਨੇ ਉਹ ਨੂੰ ਜਗਾਇਆ ਅਤੇ ਉਹ ਨੂੰ ਆਖਿਆ, ਗੁਰੂ ਜੀ ਤੁਹਾਨੂੰ ਸਾਡਾ ਕੋਈ ਫ਼ਿਕਰ ਨਹੀਂ ਜੋ ਅਸੀਂ ਡੁੱਬ ਚੱਲੇ ਹਾਂ?
39 ੩੯ ਤਦ ਉਸ ਨੇ ਉੱਠ ਕੇ ਤੂਫ਼ਾਨ ਨੂੰ ਝਿੜਕਿਆ ਅਤੇ ਝੀਲ ਨੂੰ ਕਿਹਾ, ਚੁੱਪ ਕਰ ਥੰਮ੍ਹ ਜਾ! ਅਤੇ ਤੂਫ਼ਾਨ ਥੰਮ੍ਹ ਗਿਆ ਅਤੇ ਵੱਡਾ ਚੈਨ ਹੋ ਗਿਆ।
40 ੪੦ ਉਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਕਿਉਂ ਡਰਦੇ ਹੋ? ਅਜੇ ਤੱਕ ਤੁਹਾਨੂੰ ਵਿਸ਼ਵਾਸ ਨਹੀਂ ਆਇਆ?
41 ੪੧ ਤਾਂ ਉਹ ਬਹੁਤ ਡਰ ਗਏ ਅਤੇ ਆਪਸ ਵਿੱਚ ਕਹਿਣ ਲੱਗੇ, ਇਹ ਕੌਣ ਹੈ ਕਿ ਤੂਫ਼ਾਨ ਅਤੇ ਝੀਲ ਵੀ ਉਹ ਦੀ ਗੱਲ ਮੰਨ ਲੈਂਦੇ ਹਨ?