< ਲੂਕਾ 2 >
1 ੧ ਉਨ੍ਹਾਂ ਦਿਨਾਂ ਵਿੱਚ ਇਹ ਹੋਇਆ ਕਿ ਕੈਸਰ ਔਗੁਸਤੁਸ ਨੇ ਹੁਕਮ ਦਿੱਤਾ, ਜੋ ਸਾਰੀ ਦੁਨੀਆਂ ਦੇ ਲੋਕਾਂ ਦੇ ਨਾਮ ਲਿਖੇ ਜਾਣ।
2 ੨ ਇਹ ਪਹਿਲੀ ਨਾਮ ਲਿਖਾਈ ਸੀ ਜੋ ਸੀਰੀਯਾ ਦੇ ਹਾਕਮ ਕੁਰੇਨਿਯੁਸ ਦੇ ਸਮੇਂ ਵਿੱਚ ਕੀਤੀ ਗਈ।
3 ੩ ਅਤੇ ਸਭ ਲੋਕ ਆਪਣੇ ਨਾਮ ਲਿਖਾਉਣ ਲਈ ਆਪੋ ਆਪਣੇ ਨਗਰ ਨੂੰ ਗਏ।
4 ੪ ਅਤੇ ਯੂਸੁਫ਼ ਵੀ ਇਸ ਲਈ ਜੋ ਉਹ ਦਾਊਦ ਦੇ ਘਰਾਣੇ ਅਤੇ ਵੰਸ਼ ਵਿੱਚੋਂ ਸੀ, ਗਲੀਲ ਦੇ ਨਾਸਰਤ ਸ਼ਹਿਰ ਤੋਂ ਯਹੂਦਿਯਾ ਵਿੱਚ ਦਾਊਦ ਦੇ ਸ਼ਹਿਰ ਨੂੰ ਗਿਆ, ਜੋ ਬੈਤਲਹਮ ਅਖਵਾਉਂਦਾ ਹੈ।
5 ੫ ਕਿ ਆਪਣੀ ਮੰਗੇਤਰ ਮਰਿਯਮ ਨਾਲ ਜੋ ਗਰਭਵਤੀ ਸੀ ਆਪਣਾ ਨਾਮ ਲਿਖਾਵੇ।
6 ੬ ਅਤੇ ਇਸ ਤਰ੍ਹਾਂ ਹੋਇਆ ਕਿ ਉਨ੍ਹਾਂ ਦੇ ਉੱਥੇ ਹੁੰਦਿਆਂ ਮਰਿਯਮ ਦੇ ਜਨਮ ਦੇਣ ਦੇ ਦਿਨ ਪੂਰੇ ਹੋ ਗਏ।
7 ੭ ਅਤੇ ਉਸ ਨੇ ਆਪਣੇ ਇਕਲੌਤੇ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਨੂੰ ਕੱਪੜੇ ਵਿੱਚ ਲਪੇਟ ਕੇ ਖੁਰਲੀ ਵਿੱਚ ਰੱਖਿਆ, ਕਿਉਂ ਜੋ ਉਨ੍ਹਾਂ ਨੂੰ ਸਰਾਂ ਵਿੱਚ ਸਥਾਨ ਨਾ ਮਿਲਿਆ।
8 ੮ ਉਸ ਦੇਸ ਵਿੱਚ ਕੁਝ ਚਰਵਾਹੇ ਸਨ, ਜੋ ਰਾਤ ਨੂੰ ਖੇਤਾਂ ਵਿੱਚ ਰਹਿ ਕੇ ਆਪਣੇ ਇੱਜੜ ਦੀ ਰਖਵਾਲੀ ਕਰ ਰਹੇ ਸਨ।
9 ੯ ਪ੍ਰਭੂ ਦਾ ਦੂਤ ਉਨ੍ਹਾਂ ਦੇ ਸਾਹਮਣੇ ਅਤੇ ਪ੍ਰਭੂ ਦਾ ਤੇਜ ਉਨ੍ਹਾਂ ਦੇ ਚਾਰੋਂ ਪਾਸੇ ਚਮਕਿਆ ਅਤੇ ਉਹ ਬਹੁਤ ਡਰ ਗਏ।
10 ੧੦ ਤਦ ਦੂਤ ਨੇ ਉਨ੍ਹਾਂ ਨੂੰ ਆਖਿਆ, ਨਾ ਡਰੋ, ਕਿਉਂਕਿ ਵੇਖੋ, ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖ਼ਬਰ ਸੁਣਾਉਂਦਾ ਹਾਂ ਜੋ ਸਾਰੀ ਦੁਨੀਆਂ ਦੇ ਲਈ ਹੋਵੇਗੀ
11 ੧੧ ਕਿ ਦਾਊਦ ਦੇ ਸ਼ਹਿਰ ਵਿੱਚ ਅੱਜ ਤੁਹਾਡੇ ਲਈ ਇੱਕ ਮੁਕਤੀਦਾਤਾ ਪੈਦਾ ਹੋਇਆ ਹੈ, ਜਿਹੜਾ ਮਸੀਹ ਪ੍ਰਭੂ ਹੈ।
12 ੧੨ ਅਤੇ ਤੁਹਾਡੇ ਲਈ ਇਹ ਚਿੰਨ੍ਹ ਹੋਵੇਗਾ ਕਿ ਤੁਸੀਂ ਇੱਕ ਬਾਲਕ ਨੂੰ ਕੱਪੜੇ ਵਿੱਚ ਲਪੇਟਿਆ ਅਤੇ ਖੁਰਲੀ ਵਿੱਚ ਪਿਆ ਹੋਇਆ ਵੇਖੋਗੇ।
13 ੧੩ ਤਦ ਇੱਕ ਦਮ ਸਵਰਗ ਦੀ ਫ਼ੌਜ ਦਾ ਇੱਕ ਦਲ ਉਸ ਦੂਤ ਦੇ ਨਾਲ ਹੋ ਕੇ ਪਰਮੇਸ਼ੁਰ ਦੀ ਵਡਿਆਈ ਕਰਦਾ ਅਤੇ ਇਹ ਕਹਿੰਦਾ ਸੀ ।
14 ੧੪ ਸਵਰਗ ਵਿੱਚ ਪਰਮੇਸ਼ੁਰ ਦੀ ਵਡਿਆਈ, ਅਤੇ ਧਰਤੀ ਤੇ ਉਨ੍ਹਾਂ ਲੋਕਾਂ ਵਿੱਚ ਸ਼ਾਂਤੀ ਜਿਨ੍ਹਾਂ ਨਾਲ ਉਹ ਖੁਸ਼ ਹੈ।
15 ੧੫ ਜਦ ਦੂਤ ਉਨ੍ਹਾਂ ਦੇ ਕੋਲੋਂ ਸਵਰਗ ਨੂੰ ਚਲੇ ਗਏ ਤਦ ਚਰਵਾਹਿਆਂ ਨੇ ਆਪਸ ਵਿੱਚ ਆਖਿਆ, ਆਉ ਹੁਣ ਬੈਤਲਹਮ ਵੱਲ ਚੱਲੀਏ ਅਤੇ ਇਸ ਗੱਲ ਨੂੰ ਜੋ ਹੋਈ ਹੈ, ਵੇਖੀਏ, ਜਿਸ ਦੀ ਖ਼ਬਰ ਪ੍ਰਭੂ ਨੇ ਦਿੱਤੀ ਹੈ।
16 ੧੬ ਤਦ ਉਨ੍ਹਾਂ ਨੇ ਛੇਤੀ ਨਾਲ ਆ ਕੇ ਮਰਿਯਮ ਅਤੇ ਯੂਸੁਫ਼ ਨੂੰ ਅਤੇ ਉਸ ਬਾਲਕ ਨੂੰ ਖੁਰਲੀ ਵਿੱਚ ਪਿਆ ਵੇਖਿਆ।
17 ੧੭ ਅਤੇ ਉਨ੍ਹਾਂ ਨੇ ਉਸ ਬਚਨ ਨੂੰ ਜਿਹੜਾ ਇਸ ਬਾਲਕ ਦੇ ਬਾਰੇ ਸਵਰਗ ਦੂਤਾਂ ਨੇ ਦੱਸਿਆ ਸੀ, ਸੁਣਾਇਆ।
18 ੧੮ ਅਤੇ ਚਰਵਾਹਿਆਂ ਦੀਆਂ ਗੱਲਾਂ ਸੁਣ ਕੇ ਸਾਰੇ ਹੈਰਾਨ ਹੋਏ।
19 ੧੯ ਪਰ ਮਰਿਯਮ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਆਪਣੇ ਦਿਲ ਵਿੱਚ ਧਿਆਨ ਨਾਲ ਰੱਖਿਆ।
20 ੨੦ ਅਤੇ ਚਰਵਾਹਿਆਂ ਨੇ ਇਨ੍ਹਾਂ ਸਾਰੀਆਂ ਗੱਲਾਂ ਦੇ ਵਿਖੇ ਜਿਸ ਤਰ੍ਹਾਂ ਉਨ੍ਹਾਂ ਨੂੰ ਦੱਸੀਆਂ ਗਈਆਂ ਸਨ, ਉਸੇ ਤਰ੍ਹਾਂ ਸੁਣ ਅਤੇ ਵੇਖ ਕੇ ਪਰਮੇਸ਼ੁਰ ਦੀ ਵਡਿਆਈ ਅਤੇ ਉਸਤਤ ਕਰਦੇ ਹੋਏ ਵਾਪਸ ਚਲੇ ਗਏ।
21 ੨੧ ਜਦ ਅੱਠ ਦਿਨ ਪੂਰੇ ਹੋਏ, ਕਿ ਉਸ ਦੀ ਸੁੰਨਤ ਹੋਵੇ ਤਦ ਉਸ ਦਾ ਨਾਮ ਯਿਸੂ ਰੱਖਿਆ ਗਿਆ, ਜੋ ਮਰਿਯਮ ਦੇ ਗਰਭ ਵਿੱਚ ਆਉਣ ਤੋਂ ਪਹਿਲਾਂ ਦੂਤ ਨੇ ਰੱਖਿਆ ਸੀ।
22 ੨੨ ਜਦ ਮੂਸਾ ਦੀ ਬਿਵਸਥਾ ਦੇ ਅਨੁਸਾਰ ਸ਼ੁੱਧ ਹੋਣ ਦੇ ਦਿਨ ਪੂਰੇ ਹੋਏ ਤਾਂ ਉਸ ਨੂੰ ਪ੍ਰਭੂ ਦੇ ਅੱਗੇ ਸਮਰਪਤ ਕਰਨ ਲਈ ਯਰੂਸ਼ਲਮ ਵਿੱਚ ਲਿਆਏ।
23 ੨੩ ਜਿਵੇਂ ਪ੍ਰਭੂ ਦੀ ਬਿਵਸਥਾ ਵਿੱਚ ਲਿਖਿਆ ਹੋਇਆ ਹੈ, ਜੋ ਹਰੇਕ ਪਹਿਲੌਠਾ ਪ੍ਰਭੂ ਦੇ ਲਈ ਪਵਿੱਤਰ ਕਹਾਵੇਗਾ।
24 ੨੪ ਅਤੇ ਉਸ ਗੱਲ ਅਨੁਸਾਰ ਜੋ ਪ੍ਰਭੂ ਦੀ ਬਿਵਸਥਾ ਵਿੱਚ ਲਿਖੀ ਹੋਈ ਹੈ ਅਰਥਾਤ ਘੁੱਗੀਆਂ ਦਾ ਇੱਕ ਜੋੜਾ ਜਾਂ ਕਬੂਤਰਾਂ ਦੇ ਦੋ ਬੱਚੇ ਬਲੀਦਾਨ ਕਰਨ।
25 ੨੫ ਯਰੂਸ਼ਲਮ ਵਿੱਚ ਸ਼ਮਊਨ ਨਾਮ ਦਾ ਇੱਕ ਮਨੁੱਖ ਸੀ, ਉਹ ਧਰਮੀ ਅਤੇ ਭਗਤ ਸੀ ਅਤੇ ਇਸਰਾਏਲ ਦੀ ਸ਼ਾਂਤੀ ਦੀ ਉਡੀਕ ਵਿੱਚ ਸੀ ਅਤੇ ਉਹ ਪਵਿੱਤਰ ਆਤਮਾ ਨਾਲ ਭਰਪੂਰ ਸੀ।
26 ੨੬ ਅਤੇ ਪਵਿੱਤਰ ਆਤਮਾ ਨੇ ਉਸ ਉੱਤੇ ਪਰਗਟ ਕੀਤਾ ਕਿ ਜਦ ਤੱਕ ਤੂੰ ਪ੍ਰਭੂ ਦੇ ਮਸੀਹ ਨੂੰ ਨਾ ਵੇਖੇਂ ਤੂੰ ਨਾ ਮਰੇਂਗਾ।
27 ੨੭ ਉਹ ਆਤਮਾ ਦੀ ਅਗਵਾਈ ਨਾਲ ਹੈਕਲ ਵਿੱਚ ਆਇਆ ਅਤੇ ਜਦ ਮਾਤਾ-ਪਿਤਾ ਉਸ ਬਾਲਕ ਯਿਸੂ ਨੂੰ ਅੰਦਰ ਲਿਆਏ, ਤਾਂ ਜੋ ਬਿਵਸਥਾ ਦੀ ਵਿਧੀ ਨੂੰ ਪੂਰਾ ਕਰਨ।
28 ੨੮ ਉਸ ਨੇ ਉਸ ਨੂੰ ਬਾਹਾਂ ਵਿੱਚ ਲਿਆ ਅਤੇ ਪਰਮੇਸ਼ੁਰ ਦਾ ਧੰਨਵਾਦ ਕਰਕੇ ਆਖਿਆ,
29 ੨੯ ਹੇ ਮਾਲਕ, ਹੁਣ ਤੂੰ ਆਪਣੇ ਦਾਸ ਨੂੰ ਆਪਣੇ ਬਚਨ ਅਨੁਸਾਰ ਸ਼ਾਂਤੀ ਨਾਲ ਵਿਦਿਆ ਕਰ,
30 ੩੦ ਕਿਉਂਕਿ ਮੇਰੀਆਂ ਅੱਖਾਂ ਨੇ ਤੇਰੀ ਮੁਕਤੀ ਨੂੰ ਵੇਖ ਲਿਆ ਹੈ,
31 ੩੧ ਜਿਸ ਨੂੰ ਤੂੰ ਸਾਰੇ ਦੇਸਾਂ ਦੇ ਲੋਕਾਂ ਅੱਗੇ ਤਿਆਰ ਕੀਤਾ ਹੈ,
32 ੩੨ ਕਿ ਪਰਾਈਆਂ ਕੌਮਾਂ ਨੂੰ ਪ੍ਰਕਾਸ਼ ਦੇਣ ਲਈ ਜੋਤ, ਅਤੇ ਆਪਣੀ ਪਰਜਾ ਇਸਰਾਏਲ ਦੇ ਲਈ ਮਹਿਮਾ ਹੋਵੇ।
33 ੩੩ ਉਸ ਦੇ ਪਿਤਾ ਅਤੇ ਮਾਤਾ ਉਨ੍ਹਾਂ ਗੱਲਾਂ ਤੋਂ ਜੋ ਉਸ ਦੇ ਬਾਰੇ ਆਖੀਆਂ ਗਈਆਂ ਸਨ, ਸੁਣ ਕੇ ਹੈਰਾਨ ਹੁੰਦੇ ਸਨ।
34 ੩੪ ਤਦ ਸ਼ਮਊਨ ਨੇ ਉਨ੍ਹਾਂ ਨੂੰ ਬਰਕਤ ਦਿੱਤੀ ਅਤੇ ਉਸ ਦੀ ਮਾਤਾ ਮਰਿਯਮ ਨੂੰ ਆਖਿਆ, ਵੇਖ ਇਹ ਬਾਲਕ ਇਸਰਾਏਲ ਵਿੱਚ ਬਹੁਤਿਆਂ ਦੇ ਡਿੱਗਣ ਅਤੇ ਉੱਠਣ ਲਈ ਇੱਕ ਨਿਸ਼ਾਨ ਠਹਿਰਾਇਆ ਹੋਇਆ ਹੈ, ਜਿਸ ਦੇ ਵਿਰੁੱਧ ਗੱਲਾਂ ਹੋਣਗੀਆਂ।
35 ੩੫ ਸਗੋਂ ਤਲਵਾਰ ਵੀ ਤੇਰੇ ਦਿਲ ਵਿੱਚ ਖੁੱਭ ਜਾਵੇਗੀ ਤਾਂ ਜੋ ਬਹੁਤਿਆਂ ਦੇ ਮਨਾਂ ਦੀਆਂ ਗੱਲਾਂ ਪਰਗਟ ਹੋ ਜਾਣ।
36 ੩੬ ਅਤੇ ਅਸ਼ੇਰ ਦੇ ਘਰਾਣੇ ਵਿੱਚੋਂ ਆੱਨਾ ਨਾਮ ਦੀ ਇੱਕ ਨਬੀਆ ਫ਼ਨੂਏਲ ਦੀ ਧੀ ਸੀ। ਉਹ ਬਜ਼ੁਰਗ ਸੀ ਅਤੇ ਆਪਣੇ ਵਿਆਹ ਹੋਣ ਤੋਂ ਬਾਅਦ ਸੱਤ ਸਾਲਾਂ ਤੱਕ ਹੀ ਆਪਣੇ ਪਤੀ ਨਾਲ ਰਹਿ ਸਕੀ ਸੀ।
37 ੩੭ ਅਤੇ ਉਹ ਚੁਰਾਸੀਆਂ ਸਾਲਾਂ ਤੋਂ ਵਿਧਵਾ ਸੀ ਅਤੇ ਹੈਕਲ ਨੂੰ ਨਹੀਂ ਛੱਡਦੀ ਸੀ, ਪਰ ਵਰਤ ਰੱਖਣ ਅਤੇ ਬੇਨਤੀ ਕਰਨ ਨਾਲ ਰਾਤ-ਦਿਨ ਬੰਦਗੀ ਕਰਦੀ ਰਹਿੰਦੀ ਸੀ।
38 ੩੮ ਉਸ ਨੇ ਉਸੇ ਸਮੇਂ ਉੱਥੇ ਆਣ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਉਸ ਦਾ ਜ਼ਿਕਰ ਉਨ੍ਹਾਂ ਸਭਨਾਂ ਨਾਲ ਕੀਤਾ ਜਿਹੜੇ ਯਰੂਸ਼ਲਮ ਦੇ ਛੁਟਕਾਰੇ ਦੀ ਉਡੀਕ ਵਿੱਚ ਸਨ।
39 ੩੯ ਅਤੇ ਜਦ ਉਹ ਪ੍ਰਭੂ ਦੀ ਬਿਵਸਥਾ ਦੇ ਅਨੁਸਾਰ ਸਭ ਕੁਝ ਪੂਰਾ ਕਰ ਚੁੱਕੇ ਤਾਂ ਗਲੀਲ ਵੱਲ ਆਪਣੇ ਸ਼ਹਿਰ ਨਾਸਰਤ ਨੂੰ ਵਾਪਸ ਮੁੜੇ।
40 ੪੦ ਉਹ ਬਾਲਕ ਵਧਦਾ ਅਤੇ ਗਿਆਨ ਨਾਲ ਭਰਪੂਰ ਹੋ ਕੇ ਜ਼ੋਰ ਫੜਦਾ ਗਿਆ, ਅਤੇ ਪਰਮੇਸ਼ੁਰ ਦੀ ਕਿਰਪਾ ਉਸ ਉੱਤੇ ਸੀ।
41 ੪੧ ਉਸ ਦੇ ਮਾਤਾ-ਪਿਤਾ ਹਰ ਸਾਲ ਪਸਾਹ ਦੇ ਤਿਉਹਾਰ ਉੱਤੇ ਯਰੂਸ਼ਲਮ ਨੂੰ ਜਾਂਦੇ ਹੁੰਦੇ ਸਨ।
42 ੪੨ ਜਦ ਯਿਸੂ ਬਾਰਾਂ ਸਾਲਾਂ ਦਾ ਹੋਇਆ ਤਾਂ ਉਹ ਤਿਉਹਾਰ ਦੀ ਰੀਤ ਅਨੁਸਾਰ ਯਰੂਸ਼ਲਮ ਗਏ।
43 ੪੩ ਤਿਉਹਾਰ ਮਨਾਉਣ ਮਗਰੋਂ ਜਦ ਉਹ ਮੁੜਨ ਲੱਗੇ ਤਦ ਬਾਲਕ ਯਿਸੂ ਯਰੂਸ਼ਲਮ ਵਿੱਚ ਰਹਿ ਗਿਆ ਪਰ ਉਸ ਦੇ ਮਾਪਿਆਂ ਨੂੰ ਪਤਾ ਨਹੀਂ ਸੀ।
44 ੪੪ ਪਰ ਇਹ ਸੋਚ ਕੇ ਕਿ ਉਹ ਕਾਫਲੇ ਵਿੱਚ ਹੋਵੇਗਾ ਉਹਨਾਂ ਨੇ ਇੱਕ ਦਿਨ ਦਾ ਸਫ਼ਰ ਪੂਰਾ ਕੀਤਾ ਅਤੇ ਤਦ ਉਸ ਨੂੰ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਵਿੱਚ ਲੱਭਿਆ।
45 ੪੫ ਅਤੇ ਜਦ ਉਹ ਨਾ ਲੱਭਾ ਤਦ ਉਸ ਦੀ ਖੋਜ ਵਿੱਚ ਯਰੂਸ਼ਲਮ ਨੂੰ ਮੁੜੇ।
46 ੪੬ ਅਤੇ ਇਸ ਤਰ੍ਹਾਂ ਹੋਇਆ ਜੋ ਉਨ੍ਹਾਂ ਨੇ ਤਿੰਨਾਂ ਦਿਨਾਂ ਪਿੱਛੋਂ ਉਸ ਨੂੰ ਹੈਕਲ ਵਿੱਚ ਉਪਦੇਸ਼ਕਾਂ ਦੇ ਵਿਚਕਾਰ ਬੈਠਿਆਂ, ਉਨ੍ਹਾਂ ਨੂੰ ਸੁਣਦਿਆਂ ਅਤੇ ਉਨ੍ਹਾਂ ਤੋਂ ਪ੍ਰਸ਼ਨ ਪੁੱਛਦਿਆਂ ਵੇਖਿਆ।
47 ੪੭ ਅਤੇ ਸਾਰੇ ਸੁਣਨ ਵਾਲੇ ਉਸ ਦੀ ਸਮਝ ਅਤੇ ਸਵਾਲ-ਜ਼ਵਾਬ ਤੋਂ ਹੈਰਾਨ ਹੋਏ।
48 ੪੮ ਤਦ ਉਸ ਦੇ ਮਾਤਾ-ਪਿਤਾ ਉਸ ਨੂੰ ਵੇਖ ਕੇ ਹੈਰਾਨ ਹੋਏ ਅਤੇ ਉਸ ਦੀ ਮਾਤਾ ਨੇ ਉਸ ਨੂੰ ਆਖਿਆ, ਪੁੱਤਰ ਤੂੰ ਸਾਡੇ ਨਾਲ ਇਹ ਕੀ ਕੀਤਾ? ਵੇਖ ਅਸੀਂ ਫਿਕਰਮੰਦ ਹੋਏ ਤੈਨੂੰ ਲੱਭ ਰਹੇ ਸੀ।
49 ੪੯ ਯਿਸੂ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਮੈਨੂੰ ਕਿਉਂ ਲੱਭਦੇ ਸੀ? ਕੀ ਤੁਸੀਂ ਨਹੀਂ ਜਾਣਦੇ ਜੋ ਮੇਰੇ ਲਈ ਜ਼ਰੂਰੀ ਹੈ ਕਿ ਮੈਂ ਆਪਣੇ ਪਿਤਾ ਦੇ ਘਰ ਵਿੱਚ ਰਹਾਂ?
50 ੫੦ ਪਰ ਉਨ੍ਹਾਂ ਇਸ ਗੱਲ ਨੂੰ ਜਿਹੜੀ ਉਸ ਨੇ ਉਨ੍ਹਾਂ ਨੂੰ ਆਖੀ, ਨਹੀਂ ਸਮਝਿਆ।
51 ੫੧ ਤਦ ਉਹ ਉਨ੍ਹਾਂ ਦੇ ਨਾਲ ਨਾਸਰਤ ਨੂੰ ਆਇਆ ਅਤੇ ਉਨ੍ਹਾਂ ਦੇ ਅਧੀਨ ਰਿਹਾ, ਅਤੇ ਉਸ ਦੀ ਮਾਤਾ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਆਪਣੇ ਦਿਲ ਵਿੱਚ ਰੱਖਿਆ।
52 ੫੨ ਅਤੇ ਯਿਸੂ ਬੁੱਧ, ਕੱਦ ਅਤੇ ਪਰਮੇਸ਼ੁਰ ਤੇ ਮਨੁੱਖਾਂ ਦੀ ਕਿਰਪਾ ਵਿੱਚ ਵੱਧਦਾ ਗਿਆ।