< ਲੂਕਾ 14 >
1 ੧ ਸਬਤ ਦੇ ਦਿਨ ਉਹ ਫ਼ਰੀਸੀ ਸਰਦਾਰਾਂ ਵਿੱਚੋਂ ਕਿਸੇ ਦੇ ਘਰ ਭੋਜਨ ਕਰਨ ਲਈ ਗਿਆ ਤਦ ਉਹ ਉਸ ਤੇ ਨਜ਼ਰ ਰੱਖੇ ਹੋਏ ਸਨ।
2 ੨ ਅਤੇ ਵੇਖੋ ਇੱਕ ਮਨੁੱਖ ਸੀ ਜਿਸ ਨੂੰ ਜਲੋਧਰੀ ਦੀ ਬਿਮਾਰੀ ਸੀ।
3 ੩ ਯਿਸੂ ਨੇ ਬਿਵਸਥਾ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੂੰ ਪੁੱਛਿਆ, ਭਲਾ, ਸਬਤ ਦੇ ਦਿਨ ਚੰਗਾ ਕਰਨਾ ਯੋਗ ਹੈ ਕਿ ਨਹੀਂ?
4 ੪ ਪਰ ਉਹਨਾਂ ਕੁਝ ਉੱਤਰ ਨਾ ਦਿੱਤਾ। ਤਾਂ ਯਿਸੂ ਨੇ ਉਸ ਨੂੰ ਛੂਹ ਕੇ ਚੰਗਾ ਕੀਤਾ ਅਤੇ ਤੋਰ ਦਿੱਤਾ।
5 ੫ ਅਤੇ ਉਨ੍ਹਾਂ ਨੂੰ ਆਖਿਆ ਤੁਹਾਡੇ ਵਿੱਚੋਂ ਕੌਣ ਹੈ ਜੇਕਰ ਉਸ ਦਾ ਗਧਾ ਜਾਂ ਬੈਲ ਖੂਹ ਵਿੱਚ ਡਿੱਗ ਪਵੇ ਤਾਂ ਉਹ ਝੱਟ ਸਬਤ ਦੇ ਦਿਨ ਉਸ ਨੂੰ ਬਾਹਰ ਨਾ ਕੱਢੇਗਾ।
6 ੬ ਅਤੇ ਉਹ ਯਿਸੂ ਨੂੰ ਇਸ ਦਾ ਉੱਤਰ ਨਾ ਦੇ ਸਕੇ।
7 ੭ ਜਦ ਉਸ ਨੇ ਵੇਖਿਆ ਜੋ ਮਹਿਮਾਨ ਕਿਸ ਤਰ੍ਹਾਂ ਉੱਚੀਆਂ ਥਾਵਾਂ ਨੂੰ ਪਸੰਦ ਕਰਦੇ ਹਨ ਤਾਂ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦੇ ਕੇ ਕਿਹਾ
8 ੮ ਕਿ ਜਦ ਕੋਈ ਤੈਨੂੰ ਵਿਆਹ ਵਿੱਚ ਬੁਲਾਵੇ ਤਾਂ ਮੁੱਖ ਸਥਾਨ ਤੇ ਨਾ ਬੈਠ। ਕੀ ਜਾਣੀਏ ਕਿ ਉਸ ਨੇ ਤੇਰੇ ਨਾਲੋਂ ਕਿਸੇ ਆਦਰ ਵਾਲੇ ਨੂੰ ਬੁਲਾਇਆ ਹੋਵੇ।
9 ੯ ਅਤੇ ਜਿਸ ਨੇ ਤੈਨੂੰ ਅਤੇ ਉਸ ਨੂੰ ਬੁਲਾਇਆ ਹੈ ਤੇਰੇ ਕੋਲ ਆਣ ਕੇ ਆਖੇ ਕਿ ਇਹ ਜਗ੍ਹਾ ਛੱਡ ਅਤੇ ਤੈਨੂੰ ਸ਼ਰਮਿੰਦਗੀ ਨਾਲ ਸਭ ਤੋਂ ਮਗਰ ਬੈਠਣਾ ਪਵੇ।
10 ੧੦ ਪਰ ਜਦ ਤੈਨੂੰ ਬੁਲਇਆ ਜਾਵੇ ਤਾਂ ਸਭ ਤੋਂ ਪਿਛੇ ਬੈਠ, ਫੇਰ ਜਿਸ ਨੇ ਤੈਨੂੰ ਬੁਲਾਇਆ ਹੈ ਜਦ ਆਵੇ ਤਦ ਤੈਨੂੰ ਆਖੇ, “ਮਿੱਤਰਾ, ਅੱਗੇ ਆ ਜਾ” ਤਾਂ ਉਨ੍ਹਾਂ ਸਭਨਾਂ ਦੇ ਸਾਹਮਣੇ ਜੋ ਤੇਰੇ ਨਾਲ ਖਾਣ ਬੈਠੇ ਹਨ ਤੇਰਾ ਆਦਰ ਹੋਵੇਗਾ।
11 ੧੧ ਕਿਉਂਕਿ ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾਂ ਕੀਤਾ ਜਾਵੇਗਾ ਅਤੇ ਜੋ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ।
12 ੧੨ ਜਿਸ ਨੇ ਉਸ ਨੂੰ ਬੁਲਾਇਆ ਸੀ ਉਸ ਨੇ ਉਹ ਨੂੰ ਵੀ ਕਿਹਾ ਕਿ ਜਾਂ ਤੂੰ ਦਿਨ ਜਾਂ ਰਾਤ ਦੀ ਦਾਵਤ ਕਰੇਂ ਤਾਂ ਆਪਣਿਆਂ ਮਿੱਤਰਾਂ, ਆਪਣਿਆਂ ਭਾਈਆਂ, ਆਪਣਿਆਂ ਸਾਕਾਂ ਅਤੇ ਧਨਵਾਨ ਗੁਆਂਢੀਆਂ ਨੂੰ ਨਾ ਬੁਲਾ, ਅਜਿਹਾ ਨਾ ਹੋਵੇ ਜੋ ਉਹ ਫੇਰ ਤੈਨੂੰ ਵੀ ਬੁਲਾਉਣ ਅਤੇ ਤੇਰਾ ਬਦਲਾ ਹੋ ਜਾਵੇ।
13 ੧੩ ਪਰ ਜਦ ਤੂੰ ਦਾਵਤ ਕਰੇਂ ਤਾਂ ਕੰਗਾਲਾਂ, ਟੁੰਡਿਆਂ, ਲੰਗੜਿਆਂ, ਅੰਨ੍ਹਿਆਂ ਨੂੰ ਬੁਲਾ।
14 ੧੪ ਅਤੇ ਤੂੰ ਧੰਨ ਹੋਵੇਂਗਾ ਕਿਉਂ ਜੋ ਤੇਰਾ ਬਦਲਾ ਚੁਕਾਉਣ ਲਈ ਉਨ੍ਹਾਂ ਕੋਲ ਕੁਝ ਨਹੀਂ ਹੈ। ਇਸ ਦਾ ਬਦਲਾ ਤੈਨੂੰ ਧਰਮੀਆਂ ਦੇ ਜੀ ਉੱਠਣ ਵਾਲੇ ਦਿਨ ਵਿੱਚ ਦਿੱਤਾ ਜਾਵੇਗਾ।
15 ੧੫ ਉਸ ਦੇ ਨਾਲ ਬੈਠਣ ਵਾਲਿਆਂ ਵਿੱਚੋਂ ਇੱਕ ਨੇ ਇਨ੍ਹਾਂ ਗੱਲਾਂ ਨੂੰ ਸੁਣ ਕੇ ਯਿਸੂ ਨੂੰ ਕਿਹਾ ਕਿ ਧੰਨ ਉਹ ਹੈ ਜਿਹੜਾ ਪਰਮੇਸ਼ੁਰ ਦੇ ਰਾਜ ਵਿੱਚ ਭੋਜਨ ਕਰੇਗਾ।
16 ੧੬ ਪਰ ਉਸ ਨੇ ਉਹ ਨੂੰ ਆਖਿਆ, ਕਿਸੇ ਮਨੁੱਖ ਨੇ ਇੱਕ ਵੱਡੀ ਦਾਵਤ ਕੀਤੀ ਅਤੇ ਬਹੁਤ ਸਾਰੇ ਲੋਕਾਂ ਨੂੰ ਬੁਲਾਇਆ।
17 ੧੭ ਅਤੇ ਉਸ ਨੇ ਭੋਜਨ ਦੇ ਸਮੇਂ ਆਪਣੇ ਨੌਕਰ ਨੂੰ ਭੇਜਿਆ ਜੋ ਉਹ ਸੱਦੇ ਹੋਇਆਂ ਨੂੰ ਆਖੇ ਕਿ ਆਓ ਕਿਉਂ ਜੋ ਹੁਣ ਸਭ ਕੁਝ ਤਿਆਰ ਹੈ
18 ੧੮ ਤਾਂ ਉਹ ਸੱਭੇ ਇੱਕ ਮੱਤ ਹੋ ਕੇ ਬਹਾਨੇ ਬਣਾਉਣ ਲੱਗੇ। ਪਹਿਲੇ ਨੇ ਉਸ ਨੂੰ ਕਿਹਾ, ਮੈਂ ਇੱਕ ਖੇਤ ਮੁੱਲ ਲਿਆ ਹੈ ਅਤੇ ਜ਼ਰੂਰ ਹੈ ਜੋ ਮੈਂ ਜਾ ਕੇ ਉਸ ਨੂੰ ਵੇਖਾਂ। ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੈਨੂੰ ਮਾਫ਼ ਕਰੀਂ।
19 ੧੯ ਅਤੇ ਦੂਜੇ ਨੇ ਆਖਿਆ, ਮੈਂ ਬਲ਼ਦਾਂ ਦੀਆਂ ਪੰਜ ਜੋੜੀਆਂ ਮੁੱਲ ਲਈਆਂ ਹਨ ਅਤੇ ਉਨ੍ਹਾਂ ਦੇ ਪਰਖਣ ਲਈ ਜਾਂਦਾ ਹਾਂ। ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੈਨੂੰ ਮਾਫ਼ ਕਰੀਂ।
20 ੨੦ ਅਤੇ ਹੋਰ ਨੇ ਆਖਿਆ, ਮੇਰਾ ਵਿਆਹ ਹੋਇਆ ਹੈ, ਇਸ ਲਈ ਮੈਂ ਨਹੀਂ ਆ ਸਕਦਾ।
21 ੨੧ ਤਦ ਉਸ ਨੌਕਰ ਨੇ ਆਣ ਕੇ ਆਪਣੇ ਮਾਲਕ ਨੂੰ ਇਹ ਗੱਲਾਂ ਦੱਸੀਆਂ। ਤਾਂ ਉਸ ਘਰ ਦੇ ਮਾਲਕ ਨੇ ਗੁੱਸੇ ਹੋ ਕੇ ਆਪਣੇ ਨੌਕਰ ਨੂੰ ਆਖਿਆ ਜਲਦੀ ਨਿੱਕਲ ਕੇ ਸ਼ਹਿਰ ਦੇ ਚੌਕਾਂ ਅਤੇ ਗਲੀਆਂ ਵਿੱਚ ਜਾ ਅਤੇ ਕੰਗਾਲਾਂ, ਟੁੰਡਿਆਂ, ਅੰਨ੍ਹਿਆਂ ਅਤੇ ਲੰਗੜਿਆਂ ਨੂੰ ਇੱਥੇ ਅੰਦਰ ਲਿਆ।
22 ੨੨ ਉਸ ਨੌਕਰ ਨੇ ਆਖਿਆ, ਸੁਆਮੀ ਜੀ ਜਿਵੇਂ ਤੁਸੀਂ ਹੁਕਮ ਦਿੱਤਾ ਸੀ। ਉਸੇ ਤਰ੍ਹਾਂ ਹੀ ਹੋਇਆ ਹੈ ਪਰ ਅਜੇ ਜਗ੍ਹਾ ਖਾਲੀ ਹੈ।
23 ੨੩ ਮਾਲਕ ਨੇ ਨੌਕਰ ਨੂੰ ਕਿਹਾ ਕਿ ਨਿੱਕਲ ਕੇ ਸੜਕਾਂ ਅਤੇ ਪੈਲੀ ਬੰਨ੍ਹਿਆ ਵੱਲ ਜਾ ਅਤੇ ਵੱਡੀ ਤਗੀਦ ਕਰ ਕੇ ਲੋਕਾਂ ਨੂੰ ਅੰਦਰ ਲਿਆ ਤਾਂ ਜੋ ਮੇਰਾ ਘਰ ਮਹਿਮਾਨਾਂ ਨਾਲ ਭਰ ਜਾਵੇ।
24 ੨੪ ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਉਨ੍ਹਾਂ ਮਨੁੱਖਾਂ ਵਿੱਚੋਂ ਜਿਹੜੇ ਬੁਲਾਏ ਗਏ ਸਨ ਇੱਕ ਵੀ ਮੇਰੇ ਭੋਜ ਵਿੱਚ ਸ਼ਾਮਲ ਨਹੀਂ ਹੋਵੇਗਾ।
25 ੨੫ ਵੱਡੀ ਭੀੜ ਯਿਸੂ ਦੇ ਨਾਲ ਚੱਲੀ ਜਾਂਦੀ ਸੀ ਅਤੇ ਉਸ ਨੇ ਮੁੜ ਕੇ ਉਨ੍ਹਾਂ ਨੂੰ ਆਖਿਆ,
26 ੨੬ ਜੇ ਕੋਈ ਮੇਰੇ ਕੋਲ ਆਵੇ ਅਤੇ ਆਪਣੇ ਪਿਤਾ, ਮਾਤਾ, ਪਤਨੀ, ਬਾਲ ਬੱਚਿਆਂ, ਭਾਈਆਂ ਅਤੇ ਭੈਣਾਂ ਨਾਲ ਸਗੋਂ ਆਪਣੀ ਜਾਨ ਨੂੰ ਮੇਰੇ ਨਾਲੋਂ ਵੱਧ ਪਿਆਰ ਕਰੇ ਤਾਂ ਉਹ ਮੇਰਾ ਚੇਲਾ ਨਹੀਂ ਹੋ ਸਕਦਾ।
27 ੨੭ ਜੋ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਨਾ ਚੱਲੇ ਤਾਂ ਉਹ ਮੇਰਾ ਚੇਲਾ ਨਹੀਂ ਹੋ ਸਕਦਾ।
28 ੨੮ ਤੁਹਾਡੇ ਵਿੱਚੋਂ ਕੌਣ ਹੈ ਜਿਸ ਦੀ ਬੁਰਜ ਬਣਾਉਣ ਦੀ ਯੋਜਨਾ ਹੋਵੇ ਤਾਂ ਪਹਿਲਾਂ ਬੈਠ ਕੇ ਖ਼ਰਚ ਦਾ ਹਿਸਾਬ ਨਾ ਕਰੇ ਜੋ ਮੇਰੇ ਕੋਲ ਉਸ ਦੇ ਪੂਰਾ ਕਰਨ ਯੋਗ ਧਨ ਹੈ ਕਿ ਨਹੀਂ?
29 ੨੯ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਜਦ ਉਸ ਨੇ ਨੀਂਹ ਰੱਖੀ ਅਤੇ ਪੂਰਾ ਨਾ ਕਰ ਸਕਿਆ ਤਾਂ ਸਭ ਵੇਖਣ ਵਾਲੇ ਇਹ ਕਹਿ ਕੇ ਉਸਦਾ ਮਜ਼ਾਕ ਉਡਾਉਣ
30 ੩੦ ਕਿ ਇਸ ਆਦਮੀ ਨੇ ਸ਼ੁਰੂ ਤਾਂ ਕੀਤਾ ਪਰ ਪੂਰਾ ਨਾ ਕਰ ਸਕਿਆ!
31 ੩੧ ਜਾਂ ਕਿਹੜਾ ਰਾਜਾ ਹੈ ਕਿ ਜਦ ਦੂਜੇ ਰਾਜੇ ਨਾਲ ਲੜਨ ਲਈ ਨਿੱਕਲੇ ਤਾਂ ਪਹਿਲਾਂ ਬੈਠ ਕੇ ਸਲਾਹ ਨਾ ਕਰੇ, ਕੀ ਮੈਂ ਦਸ ਹਜ਼ਾਰ ਸੈਨਿਕਾਂ ਨਾਲ ਉਹ ਦਾ ਸਾਹਮਣਾ ਕਰ ਸਕਦਾ ਹਾਂ, ਜਿਸ ਨੇ ਵੀਹ ਹਜ਼ਾਰ ਸੈਨਿਕ ਨਾਲ ਮੇਰੇ ਉੱਤੇ ਚੜ੍ਹਾਈ ਕੀਤੀ ਹੈ?
32 ੩੨ ਜੇ ਨਹੀਂ ਤਾਂ ਹਮਲਾਵਰ ਦੇ ਅਜੇ ਦੂਰ ਹੁੰਦਿਆਂ ਉਹ ਆਪਣਾ ਦੂਤ ਭੇਜ ਕੇ ਮੇਲ-ਮਿਲਾਪ ਦੀਆਂ ਸ਼ਰਤਾਂ ਪੁੱਛਦਾ ਹੈ।
33 ੩੩ ਸੋ ਇਸੇ ਤਰ੍ਹਾਂ ਤੁਹਾਡੇ ਵਿੱਚੋਂ ਹਰੇਕ ਜੋ ਆਪਣਾ ਸਭ ਕੁਝ? ਨਾ ਤਿਆਗੇ ਉਹ ਮੇਰਾ ਚੇਲਾ ਨਹੀਂ ਹੋ ਸਕਦਾ।
34 ੩੪ ਲੂਣ ਤਾਂ ਚੰਗਾ ਹੈ ਪਰ ਜੇ ਲੂਣ ਬੇਸੁਆਦ ਹੋ ਜਾਵੇ ਤਾਂ ਕਿਵੇਂ ਸਲੂਣਾ ਕੀਤਾ ਜਾਵੇ?
35 ੩੫ ਉਹ ਨਾ ਖੇਤ, ਨਾ ਖਾਦ ਦੇ ਕੰਮ ਦਾ ਹੈ। ਲੋਕ ਉਸ ਨੂੰ ਬਾਹਰ ਸੁੱਟ ਦਿੰਦੇ ਹਨ। ਜਿਸ ਦੇ ਸੁਣਨ ਵਾਲੇ ਕੰਨ ਹੋਣ ਉਹ ਸੁਣੇ।