< ਲੂਕਾ 13 >
1 ੧ ਉਸ ਸਮੇਂ ਕਈ ਲੋਕ ਉੱਥੇ ਆ ਪਹੁੰਚੇ ਜਿਹੜੇ ਯਿਸੂ ਨੂੰ ਉਨ੍ਹਾਂ ਗਲੀਲੀਆਂ ਦਾ ਹਾਲ ਦੱਸਣ ਲੱਗੇ, ਜਿਨ੍ਹਾਂ ਦਾ ਖੂਨ ਪਿਲਾਤੁਸ ਨੇ ਉਨ੍ਹਾਂ ਦੇ ਬਲੀਦਾਨਾਂ ਨਾਲ ਮਿਲਾਇਆ ਸੀ।
2 ੨ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕੀ, ਤੁਸੀਂ ਸਮਝਦੇ ਹੋ ਜੋ ਇਹ ਗਲੀਲੀ ਸਭਨਾਂ ਗਲੀਲੀਆਂ ਨਾਲੋਂ ਬਹੁਤ ਪਾਪੀ ਸਨ ਜੋ ਉਨ੍ਹਾਂ ਨੇ ਇਹ ਦੁੱਖ ਸਹਿਣ ਕੀਤਾ?
3 ੩ ਮੈਂ ਤੁਹਾਨੂੰ ਆਖਦਾ ਹਾਂ, ਨਹੀਂ, ਪਰ ਜੇ ਤੁਸੀਂ ਤੋਬਾ ਨਾ ਕਰੋ ਤਾਂ ਤੁਹਾਡਾ ਵੀ ਇਸੇ ਤਰ੍ਹਾਂ ਨਾਸ ਹੋ ਜਾਵੇਗਾ।
4 ੪ ਜਾ ਉਹ ਅਠਾਰਾਂ ਜਿਨ੍ਹਾਂ ਉੱਤੇ ਸਿਲੋਆਮ ਦਾ ਬੁਰਜ ਡਿੱਗਾ ਅਤੇ ਉਹ ਮਰ ਗਏ ਸਨ, ਭਲਾ, ਤੁਸੀਂ ਇਹ ਸਮਝਦੇ ਹੋ ਜੋ ਉਹ ਯਰੂਸ਼ਲਮ ਦੇ ਸਭ ਰਹਿਣ ਵਾਲਿਆਂ ਨਾਲੋਂ ਵੱਡੇ ਪਾਪੀ ਸਨ?
5 ੫ ਮੈਂ ਤੁਹਾਨੂੰ ਆਖਦਾ ਹਾਂ, ਨਹੀਂ ਪਰ ਜੇ ਤੁਸੀਂ ਤੋਬਾ ਨਾ ਕਰੋ ਤਾਂ ਤੁਹਾਡਾ ਵੀ ਇਸੇ ਤਰ੍ਹਾਂ ਨਾਸ਼ ਹੋ ਜਾਵੇਗਾ।
6 ੬ ਯਿਸੂ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦਿੱਤਾ ਜੋ ਕਿਸੇ ਮਨੁੱਖ ਦੇ ਅੰਗੂਰੀ ਬਾਗ਼ ਵਿੱਚ ਇੱਕ ਹੰਜ਼ੀਰ ਦਾ ਰੁੱਖ ਲੱਗਿਆ ਹੋਇਆ ਸੀ ਅਤੇ ਉਹ ਉਸ ਦਾ ਫਲ ਲੈਣ ਆਇਆ ਪਰ ਨਹੀਂ ਲੱਭਾ।
7 ੭ ਤਦ ਉਸ ਨੇ ਬਾਗਵਾਨ ਨੂੰ ਆਖਿਆ, ਵੇਖ ਮੈਂ ਇਸ ਹੰਜ਼ੀਰ ਦੇ ਰੁੱਖ ਦੇ ਫਲ ਲੈਣ ਨੂੰ ਤਿੰਨਾਂ ਸਾਲਾਂ ਤੋਂ ਆਉਂਦਾ ਹਾਂ ਪਰ ਨਹੀਂ ਲੱਭਦਾ। ਇਸ ਨੂੰ ਵੱਢ ਸੁੱਟ। ਇਹ ਕਦ ਤੱਕ ਐਂਵੇਂ ਹੀ ਜ਼ਮੀਨ ਘੇਰੀਂ ਰੱਖੇਗਾ?
8 ੮ ਪਰ ਉਸ ਨੇ ਉਹ ਨੂੰ ਉੱਤਰ ਦਿੱਤਾ, ਸੁਆਮੀ ਜੀ ਇਸ ਵਾਰ ਇਸ ਨੂੰ ਰਹਿਣ ਦਿਓ। ਮੈਂ ਇਸ ਦੇ ਆਲੇ-ਦੁਆਲੇ ਖਾਲ੍ਹ ਪੁਟਾਂਗਾਂ ਅਤੇ ਖਾਦ ਪਾਵਾਂਗਾ।
9 ੯ ਸ਼ਾਇਦ ਅਗਲੇ ਸਾਲ ਫਲ ਲੱਗੇ। ਨਹੀਂ ਤਾਂ ਇਸ ਨੂੰ ਵਢਾ ਦੇਣਾ।
10 ੧੦ ਯਿਸੂ ਸਬਤ ਦੇ ਦਿਨ ਕਿਸੇ ਪ੍ਰਾਰਥਨਾ ਘਰ ਵਿੱਚ ਉਪਦੇਸ਼ ਦਿੰਦਾ ਸੀ।
11 ੧੧ ਅਤੇ ਉੱਥੇ ਇੱਕ ਔਰਤ ਸੀ ਜਿਸ ਨੂੰ ਅਠਾਰਾਂ ਸਾਲਾਂ ਤੋਂ ਕਮਜ਼ੋਰੀ ਦਾ ਆਤਮਾ ਚਿੰਬੜਿਆ ਹੋਇਆ ਸੀ ਅਤੇ ਉਹ ਕੁੱਬੀ ਸੀ ਅਤੇ ਕਿਸੇ ਤਰ੍ਹਾਂ ਸਿੱਧੀ ਨਹੀਂ ਸੀ ਹੋ ਸਕਦੀ।
12 ੧੨ ਯਿਸੂ ਨੇ ਉਸ ਨੂੰ ਵੇਖ ਕੇ ਕੋਲ ਬੁਲਾਇਆ ਅਤੇ ਉਸ ਨੂੰ ਕਿਹਾ, ਹੇ ਔਰਤ ਤੂੰ ਆਪਣੀ ਕਮਜ਼ੋਰੀ ਤੋਂ ਛੁੱਟ ਗਈ ਹੈਂ।
13 ੧੩ ਯਿਸੂ ਨੇ ਉਸ ਉੱਤੇ ਹੱਥ ਰੱਖੇ ਤਾਂ ਉਸੇ ਸਮੇਂ ਉਹ ਸਿੱਧੀ ਖੜ੍ਹੀ ਹੋ ਗਈ ਅਤੇ ਪਰਮੇਸ਼ੁਰ ਦੀ ਵਡਿਆਈ ਕਰਨ ਲੱਗੀ।
14 ੧੪ ਪਰ ਪ੍ਰਾਰਥਨਾ ਘਰ ਦੇ ਸਰਦਾਰ ਨੇ ਇਸ ਲਈ ਜੋ ਯਿਸੂ ਨੇ ਸਬਤ ਦੇ ਦਿਨ ਚੰਗਿਆਈ ਦਿੱਤੀ, ਗੁੱਸੇ ਹੋ ਕੇ ਅੱਗੋਂ ਸਭਾ ਨੂੰ ਆਖਿਆ ਕਿ ਛੇ ਦਿਨ ਹਨ ਜਿਨ੍ਹਾਂ ਵਿੱਚ ਕੰਮ ਕਰਨਾ ਚਾਹੀਦਾ ਹੈ ਸੋ ਇਨ੍ਹਾਂ ਵਿੱਚ ਆਣ ਕੇ ਚੰਗੇ ਹੋਵੋ ਨਾ ਕਿ ਸਬਤ ਦੇ ਦਿਨ।
15 ੧੫ ਪਰ ਪ੍ਰਭੂ ਯਿਸੂ ਨੇ ਉਨ੍ਹਾਂ ਨੂੰ ਉੱਤਰ ਦੇ ਕਿ ਆਖਿਆ, ਹੇ ਕਪਟੀਓ ਕੀ ਤੁਹਾਡੇ ਵਿੱਚੋਂ ਹਰ ਕੋਈ ਸਬਤ ਦੇ ਦਿਨ ਆਪਣੇ ਬਲ਼ਦ ਜਾਂ ਗਧੇ ਨੂੰ ਖੁਰਲੀ ਤੋਂ ਖੋਲ੍ਹ ਕੇ ਪਾਣੀ ਪਿਲਾਉਣ ਨੂੰ ਨਹੀਂ ਲੈ ਜਾਂਦਾ?
16 ੧੬ ਫੇਰ ਭਲਾ, ਇਹ ਔਰਤ ਜੋ ਅਬਰਾਹਾਮ ਦੀ ਸੰਤਾਨ ਵਿੱਚੋਂ ਹੈ, ਜਿਸ ਨੂੰ ਸ਼ੈਤਾਨ ਨੇ ਵੇਖੋ ਅਠਾਰਾਂ ਸਾਲਾਂ ਤੋਂ ਬੰਨ੍ਹ ਰੱਖਿਆ ਸੀ, ਇਸ ਨੂੰ ਸਬਤ ਦੇ ਦਿਨ ਇਸ ਬੰਧਨ ਤੋਂ ਛੁਡਾਉਣਾ ਯੋਗ ਨਹੀਂ ਸੀ?
17 ੧੭ ਜਦ ਉਹ ਇਹ ਗੱਲਾਂ ਕਰਦਾ ਹੀ ਸੀ ਤਾਂ ਉਸ ਦੇ ਸਭ ਵਿਰੋਧੀ ਸ਼ਰਮਿੰਦੇ ਹੋ ਗਏ ਅਤੇ ਸਾਰੀ ਭੀੜ ਉਨ੍ਹਾਂ ਸਭਨਾਂ ਪਰਤਾਪ ਵਾਲੇ ਕੰਮਾਂ ਤੋਂ ਜੋ ਉਸ ਨੇ ਕੀਤੇ ਸਨ ਅਨੰਦ ਹੋਈ।
18 ੧੮ ਯਿਸੂ ਨੇ ਉਸ ਨੂੰ ਆਖਿਆ ਕਿ ਪਰਮੇਸ਼ੁਰ ਦਾ ਰਾਜ ਕਿਸ ਵਰਗਾ ਹੈ ਅਤੇ ਇਸ ਦੀ ਤੁਲਨਾ ਮੈਂ ਕਿਸ ਤਰ੍ਹਾਂ ਕਰਾਂ?
19 ੧੯ ਉਹ ਰਾਈ ਦੇ ਦਾਣੇ ਵਰਗਾ ਹੈ ਜਿਸ ਨੂੰ ਇੱਕ ਮਨੁੱਖ ਨੇ ਲੈ ਕੇ ਆਪਣੇ ਬਾਗ਼ ਵਿੱਚ ਬੀਜਿਆ ਅਤੇ ਉਹ ਉੱਗਿਆ ਅਤੇ ਰੁੱਖ ਬਣ ਗਿਆ ਅਤੇ ਅਕਾਸ਼ ਦੇ ਪੰਛੀਆਂ ਨੇ ਉਸ ਦੀਆਂ ਟਹਿਣੀਆਂ ਉੱਤੇ ਆਲ੍ਹਣੇ ਪਾਏ।
20 ੨੦ ਉਸ ਨੇ ਫੇਰ ਆਖਿਆ, ਮੈਂ ਪਰਮੇਸ਼ੁਰ ਦੇ ਰਾਜ ਦੀ ਤੁਲਨਾ ਕਿਸ ਨਾਲ ਕਰਾਂ?
21 ੨੧ ਪਰਮੇਸ਼ੁਰ ਦਾ ਰਾਜ ਖ਼ਮੀਰ ਵਰਗਾ ਹੈ ਜਿਸ ਨੂੰ ਇੱਕ ਔਰਤ ਨੇ ਲੈ ਕੇ ਤਿੰਨ ਕਿੱਲੋ ਆਟੇ ਵਿੱਚ ਗੁਨਿਆਂ ਸੋ ਸਾਰਾ ਆਟਾ ਖ਼ਮੀਰਾ ਹੋ ਗਿਆ।
22 ੨੨ ਉਹ ਉਪਦੇਸ਼ ਦਿੰਦਾ ਹੋਇਆ ਨਗਰੋਂ ਨਗਰ ਅਤੇ ਪਿੰਡੋਂ ਪਿੰਡ ਹੋ ਕੇ ਯਰੂਸ਼ਲਮ ਦੀ ਵੱਲ ਜਾ ਰਿਹਾ ਸੀ।
23 ੨੩ ਤਦ ਇੱਕ ਨੇ ਉਸ ਨੂੰ ਆਖਿਆ, ਪ੍ਰਭੂ ਜੀ ਕੀ ਮੁਕਤੀ ਪਾਉਂਣ ਵਾਲੇ ਥੋੜ੍ਹੇ ਹੀ ਹਨ?
24 ੨੪ ਯਿਸੂ ਨੇ ਉੱਤਰ ਦਿੱਤਾ, ਤੁਸੀਂ ਭੀੜੇ ਫਾਟਕ ਤੋਂ ਵੜਨ ਦਾ ਵੱਡਾ ਯਤਨ ਕਰੋ, ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਬਹੁਤੇ ਵੜਨ ਨੂੰ ਤਾਂ ਚਾਹੁਣਗੇ ਪਰ ਵੜ ਨਾ ਸਕਣਗੇ।
25 ੨੫ ਜਦੋਂ ਘਰ ਦਾ ਮਾਲਕ ਉੱਠ ਕੇ ਦਰਵਾਜ਼ਾ ਬੰਦ ਕਰ ਦੇਵੇ ਅਤੇ ਤੁਸੀਂ ਬਾਹਰ ਖੜ੍ਹੇ ਇਹ ਕਹਿ ਕੇ ਦਰਵਾਜ਼ਾ ਖੜ੍ਹਕਾਉਣ ਲੱਗੋਗੇ ਕਿ ਹੇ ਪ੍ਰਭੂ, ਸਾਡੇ ਲਈ ਖੋਲ੍ਹੋ! ਅਤੇ ਉਹ ਤੁਹਾਨੂੰ ਉੱਤਰ ਦੇਵੇਗਾ ਜੋ ਮੈਂ ਤੁਹਾਨੂੰ ਨਹੀਂ ਜਾਣਦਾ ਜੋ ਤੁਸੀਂ ਕੌਣ ਹੋ।
26 ੨੬ ਤਦ ਤੁਸੀਂ ਆਖਣ ਲੱਗੋਗੇ ਕਿ ਅਸੀਂ ਤੁਹਾਡੇ ਨਾਲ ਖਾਧਾ ਪੀਤਾ ਅਤੇ ਤੁਸੀਂ ਸਾਡੇ ਚੌਕਾਂ ਵਿੱਚ ਉਪਦੇਸ਼ ਦਿੱਤਾ ਹੈ।
27 ੨੭ ਫੇਰ ਉਹ ਬੋਲੇਗਾ, ਮੈਂ ਤੁਹਾਨੂੰ ਆਖਦਾ ਹਾਂ ਕਿ ਮੈਂ ਨਹੀਂ ਜਾਣਦਾ ਜੋ ਤੁਸੀਂ ਕੌਣ ਹੋ। ਹੇ ਸਭ ਕੁਧਰਮੀਓ, ਮੇਰੇ ਕੋਲੋਂ ਦੂਰ ਹੋ ਜਾਓ!
28 ੨੮ ਉੱਥੇ ਰੋਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ। ਜਦ ਤੁਸੀਂ ਅਬਰਾਹਾਮ, ਇਸਹਾਕ, ਯਾਕੂਬ ਅਤੇ ਸਾਰੇ ਨਬੀਆਂ ਨੂੰ ਪਰਮੇਸ਼ੁਰ ਦੇ ਰਾਜ ਵਿੱਚ ਅਤੇ ਆਪਣੇ ਆਪ ਨੂੰ ਬਾਹਰ ਕੱਢੇ ਹੋਏ ਵੇਖੋਗੇ!
29 ੨੯ ਅਤੇ ਲੋਕ ਪੂਰਬ, ਪੱਛਮ, ਉੱਤਰ ਅਤੇ ਦੱਖਣ ਤੋਂ ਆਣ ਕੇ ਪਰਮੇਸ਼ੁਰ ਦੇ ਰਾਜ ਦੇ ਭੋਜ ਵਿੱਚ ਬੈਠਣਗੇ।
30 ੩੦ ਉਸ ਸਮੇਂ ਬਹੁਤ ਸਾਰੇ ਜੋ ਪਿਛਲੇ ਹਨ ਪਹਿਲੇ ਹੋਣਗੇ ਅਤੇ ਜੋ ਪਹਿਲੇ ਹਨ ਪਿਛਲੇ ਹੋਣਗੇ।
31 ੩੧ ਉਸੇ ਸਮੇਂ ਕਈ ਫ਼ਰੀਸੀਆਂ ਨੇ ਉਸ ਕੋਲ ਆਣ ਕੇ ਕਿਹਾ ਕਿ ਐਥੋਂ ਨਿੱਕਲ ਕੇ ਚੱਲਿਆ ਜਾ ਕਿਉਂ ਜੋ ਹੇਰੋਦੇਸ ਤੈਨੂੰ ਮਾਰਨਾ ਚਾਹੁੰਦਾ ਹੈ।
32 ੩੨ ਯਿਸੂ ਨੇ ਉਨ੍ਹਾਂ ਨੂੰ ਆਖਿਆ ਤੁਸੀਂ ਜਾ ਕੇ ਉਸ ਲੂੰਬੜੀ ਨੂੰ ਕਹੋ ਜੋ ਵੇਖ ਮੈਂ ਅੱਜ ਅਤੇ ਕੱਲ ਭੂਤਾਂ ਨੂੰ ਕੱਢਦਾ ਅਤੇ ਰੋਗੀਆਂ ਨੂੰ ਚੰਗਾ ਕਰਦਾ ਹਾਂ ਅਤੇ ਤੀਜੇ ਦਿਨ ਪੂਰਾ ਹੋ ਜਾਂਵਾਂਗਾ।
33 ੩੩ ਪਰ ਮੈਨੂੰ ਚਾਹੀਦਾ ਹੈ ਜੋ ਅੱਜ, ਕੱਲ ਅਤੇ ਪਰਸੋਂ ਫਿਰਦਾ ਰਹਾਂ ਕਿਉਂਕਿ ਇਹ ਸੰਭਵ ਨਹੀਂ ਜੋ ਯਰੂਸ਼ਲਮ ਤੋਂ ਬਾਹਰ ਕੋਈ ਨਬੀ ਮਾਰਿਆ ਜਾਵੇ।
34 ੩੪ ਹੇ ਯਰੂਸ਼ਲਮ, ਯਰੂਸ਼ਲਮ! ਤੂੰ ਜੋ ਨਬੀਆਂ ਨੂੰ ਕਤਲ ਕਰਦਾ ਹੈਂ ਅਤੇ ਉਨ੍ਹਾਂ ਨੂੰ ਜਿਹੜੇ ਤੇਰੇ ਕੋਲ ਭੇਜੇ ਹੋਏ ਹਨ ਪਥਰਾਉ ਕਰਦਾ ਹੈਂ, ਮੈਂ ਕਿੰਨੀ ਵਾਰੀ ਚਾਹਿਆ ਜੋ ਤੇਰੇ ਬੱਚਿਆਂ ਨੂੰ ਉਸੇ ਤਰ੍ਹਾਂ ਇਕੱਠੇ ਕਰਾਂ ਜਿਸ ਤਰ੍ਹਾਂ ਮੁਰਗੀ ਆਪਣੇ ਬੱਚਿਆਂ ਨੂੰ ਖੰਭਾਂ ਹੇਠ ਇਕੱਠੇ ਕਰਦੀ ਹੈ, ਪਰ ਤੁਸੀਂ ਨਾ ਚਾਹਿਆ।
35 ੩੫ ਵੇਖੋ, ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ ਅਤੇ ਮੈਂ ਤੁਹਾਨੂੰ ਆਖਦਾ ਹਾਂ ਜੋ ਤੁਸੀਂ ਮੈਨੂੰ ਨਾ ਵੇਖੋਗੇ, ਜਦ ਤੱਕ ਇਹ ਨਾ ਕਹੋਗੇ ਕਿ ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ!।