< ਲੂਕਾ 10 >
1 ੧ ਇਨ੍ਹਾਂ ਗੱਲਾਂ ਤੋਂ ਬਾਅਦ ਪ੍ਰਭੂ ਨੇ ਸੱਤਰ ਹੋਰ ਮਨੁੱਖ ਵੀ ਠਹਿਰਾਏ ਅਤੇ ਹਰ ਨਗਰ ਅਤੇ ਹਰ ਥਾਂ ਜਿੱਥੇ ਆਪ ਜਾਣ ਵਾਲਾ ਸੀ ਉਨ੍ਹਾਂ ਨੂੰ ਦੋ-ਦੋ ਕਰਕੇ ਆਪਣੇ ਅੱਗੇ ਭੇਜਿਆ।
2 ੨ ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, ਫ਼ਸਲ ਤਾਂ ਬਹੁਤ ਹੈ ਪਰ ਮਜ਼ਦੂਰ ਥੋੜ੍ਹੇ ਹਨ, ਇਸ ਲਈ ਤੁਸੀਂ ਖੇਤ ਦੇ ਮਾਲਕ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਫ਼ਸਲ ਵੱਢਣ ਲਈ ਮਜ਼ਦੂਰ ਭੇਜੇ।
3 ੩ ਜਾਓ ਵੇਖੋ, ਮੈਂ ਤੁਹਾਨੂੰ ਲੇਲਿਆਂ ਵਾਂਗੂੰ ਬਘਿਆੜਾਂ ਦੇ ਵਿੱਚ ਭੇਜਦਾ ਹਾਂ।
4 ੪ ਇਸ ਲਈ ਨਾ ਬਟੂਆ, ਨਾ ਝੋਲਾ, ਨਾ ਜੁੱਤੀਆਂ ਲਓ, ਨਾ ਰਸਤੇ ਵਿੱਚ ਕਿਸੇ ਨੂੰ ਪਰਨਾਮ ਕਰੋ।
5 ੫ ਤੁਸੀਂ ਜਿਸ ਘਰ ਵਿੱਚ ਜਾਓ ਪਹਿਲਾਂ ਉਸ ਘਰ ਦੀ ਸ਼ਾਂਤੀ ਮੰਗੋ।
6 ੬ ਅਤੇ ਜੇ ਕੋਈ ਸ਼ਾਂਤੀ ਦੇ ਯੋਗ ਉੱਥੇ ਹੋਵੇ ਤਾਂ ਤੁਹਾਡੀ ਸ਼ਾਂਤੀ ਉਸ ਉੱਤੇ ਠਹਿਰੇਗੀ, ਨਹੀਂ ਤਾਂ ਉਹ ਤੁਹਾਡੇ ਕੋਲ ਮੁੜ ਆਵੇਗੀ।
7 ੭ ਅਤੇ ਉਸੇ ਘਰ ਵਿੱਚ ਠਹਿਰੋ ਅਤੇ ਜੋ ਕੁਝ ਭੋਜਨ ਉਹ ਦੇਣ, ਖਾਓ ਪੀਓ ਕਿਉਂ ਜੋ ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ। ਘਰ-ਘਰ ਨਾ ਫਿਰੋ।
8 ੮ ਅਤੇ ਜਿਸ ਨਗਰ ਵਿੱਚ ਤੁਸੀਂ ਪਹੁੰਚੋ ਅਤੇ ਉਹ ਤੁਹਾਨੂੰ ਕਬੂਲ ਕਰਨ ਤਦ ਜੋ ਕੁਝ ਤੁਹਾਡੇ ਅੱਗੇ ਖਾਣ ਲਈ ਰੱਖਣ, ਸੋ ਖਾਓ।
9 ੯ ਅਤੇ ਉਸ ਨਗਰ ਦੇ ਰੋਗੀਆਂ ਨੂੰ ਚੰਗਾ ਕਰੋ ਅਤੇ ਉਨ੍ਹਾਂ ਨੂੰ ਦੱਸੋ ਕਿ ਪਰਮੇਸ਼ੁਰ ਦਾ ਰਾਜ ਤੁਹਾਡੇ ਨੇੜੇ ਆ ਗਿਆ ਹੈ।
10 ੧੦ ਪਰ ਜਿਸ ਨਗਰ ਵਿੱਚ ਤੁਸੀਂ ਪਹੁੰਚੋ ਅਤੇ ਉਹ ਤੁਹਾਨੂੰ ਸਵੀਕਾਰ ਨਾ ਕਰਨ ਤਾਂ ਉਹ ਦੇ ਚੌਕਾਂ ਵਿੱਚ ਜਾ ਕੇ ਕਹੋ
11 ੧੧ ਅਸੀਂ ਤੁਹਾਡੇ ਨਗਰ ਦੀ ਧੂੜ ਵੀ ਜਿਹੜੀ ਸਾਡੇ ਪੈਰਾਂ ਉੱਪਰ ਪਈ ਹੈ ਤੁਹਾਡੇ ਸਾਹਮਣੇ ਝਾੜ ਸੁੱਟਦੇ ਹਾਂ ਪਰ ਤੁਸੀਂ ਇਹ ਜਾਣ ਲਵੋ ਕਿ ਪਰਮੇਸ਼ੁਰ ਦਾ ਰਾਜ ਨੇੜੇ ਆਇਆ ਹੈ।
12 ੧੨ ਮੈਂ ਤੁਹਾਨੂੰ ਆਖਦਾ ਹਾਂ ਕਿ ਉਹ ਦਿਨ ਉਸ ਨਗਰ ਨਾਲੋਂ ਸਦੂਮ ਦਾ ਹਾਲ ਸਹਿਣ ਯੋਗ ਹੋਵੇਗਾ।
13 ੧੩ ਹਾਏ ਖੁਰਾਜ਼ੀਨ! ਹਾਏ ਬੈਤਸੈਦਾ! ਕਿਉਂਕਿ ਜਿਹੜੇ ਅਚਰਜ਼ ਕੰਮ ਤੁਹਾਡੇ ਵਿੱਚ ਕੀਤੇ ਗਏ ਹਨ ਜੇ ਸੂਰ ਅਤੇ ਸੈਦਾ ਵਿੱਚ ਕੀਤੇ ਜਾਂਦੇ ਤਾਂ ਉਹ ਤੱਪੜ ਪਹਿਨ ਕੇ ਅਤੇ ਸੁਆਹ ਵਿੱਚ ਬੈਠ ਕੇ ਕਦੋਂ ਦੇ ਤੋਬਾ ਕਰ ਲੈਂਦੇ।
14 ੧੪ ਪਰ ਨਿਆਂ ਦੇ ਦਿਨ ਤੁਹਾਡੇ ਨਾਲੋਂ ਸੂਰ ਅਤੇ ਸੈਦਾ ਦਾ ਹਾਲ ਸਹਿਣ ਯੋਗ ਹੋਵੇਗਾ।
15 ੧੫ ਅਤੇ ਹੇ ਕਫ਼ਰਨਾਹੂਮ, ਕੀ ਤੂੰ ਅਕਾਸ਼ ਤੱਕ ਉੱਚਾ ਕੀਤਾ ਜਾਵੇਂਗਾ? ਤੂੰ ਤਾਂ ਸਗੋਂ ਪਤਾਲ ਵਿੱਚ ਸੁੱਟਿਆ ਜਾਏਂਗਾ! (Hadēs )
16 ੧੬ ਜੋ ਕੋਈ ਤੁਹਾਡੀ ਸੁਣਦਾ ਹੈ ਉਹ ਮੇਰੀ ਸੁਣਦਾ ਹੈ ਅਤੇ ਜੋ ਕੋਈ ਤੁਹਾਨੂੰ ਤੁਛ ਜਾਣਦਾ ਹੈ ਉਹ ਮੈਨੂੰ ਤੁਛ ਜਾਣਦਾ ਹੈ ਅਤੇ ਜੋ ਕੋਈ ਮੈਨੂੰ ਤੁਛ ਜਾਣਦਾ ਹੈ ਉਹ ਮੇਰੇ ਭੇਜਣ ਵਾਲੇ ਨੂੰ ਤੁਛ ਜਾਣਦਾ ਹੈ।
17 ੧੭ ਉਹ ਸੱਤਰ ਅਨੰਦ ਨਾਲ ਮੁੜੇ ਅਤੇ ਬੋਲੇ ਕਿ ਪ੍ਰਭੂ ਜੀ ਤੇਰੇ ਨਾਮ ਕਰਕੇ ਭੂਤ ਵੀ ਸਾਡੇ ਵੱਸ ਵਿੱਚ ਹਨ!
18 ੧੮ ਉਸ ਨੇ ਉਨ੍ਹਾਂ ਨੂੰ ਆਖਿਆ, ਮੈਂ ਸ਼ੈਤਾਨ ਨੂੰ ਬਿਜਲੀ ਵਾਂਗੂੰ ਅਕਾਸ਼ ਤੋਂ ਡਿੱਗਾ ਹੋਇਆ ਵੇਖਿਆ।
19 ੧੯ ਵੇਖੋ ਮੈਂ ਤੁਹਾਨੂੰ ਸੱਪਾਂ ਅਤੇ ਬਿਛੂਆਂ ਨੂੰ ਕੁਚਲਣ ਦਾ ਅਤੇ ਵੈਰੀ ਦੀ ਸਾਰੀ ਸਮਰੱਥਾ ਉੱਤੇ ਅਧਿਕਾਰ ਦਿੱਤਾ ਹੈ ਅਤੇ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਾ ਕਰੇਗੀ।
20 ੨੦ ਪਰ ਇਸ ਤੋਂ ਹੀ ਅਨੰਦ ਨਾ ਹੋਵੋ ਕਿ ਆਤਮਾਵਾਂ ਤੁਹਾਡੇ ਵੱਸ ਵਿੱਚ ਹਨ ਪਰ ਇਸ ਤੋਂ ਅਨੰਦ ਹੋਵੋ ਕਿ ਤੁਹਾਡੇ ਨਾਮ ਸਵਰਗ ਵਿੱਚ ਲਿਖੇ ਹੋਏ ਹਨ।
21 ੨੧ ਉਸੇ ਸਮੇਂ ਉਹ ਪਵਿੱਤਰ ਆਤਮਾ ਵਿੱਚ ਬਹੁਤ ਮਗਨ ਹੋ ਕੇ ਬੋਲਿਆ, ਹੇ ਪਿਤਾ, ਅਕਾਸ਼ ਅਤੇ ਧਰਤੀ ਦੇ ਮਾਲਕ, ਮੈਂ ਤੇਰੀ ਵਡਿਆਈ ਕਰਦਾ ਹਾਂ ਜੋ ਤੁਸੀਂ ਇਨ੍ਹਾਂ ਗੱਲਾਂ ਨੂੰ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਲੁਕਾਇਆ ਅਤੇ ਬੱਚਿਆਂ ਉੱਤੇ ਪਰਗਟ ਕੀਤਾ। ਹਾਂ, ਪਿਤਾ, ਕਿਉਂ ਜੋ ਇਹੋ ਤੁਹਾਨੂੰ ਚੰਗਾ ਲੱਗਾ।
22 ੨੨ ਮੇਰੇ ਪਿਤਾ ਨੇ ਸਭ ਕੁਝ ਮੈਨੂੰ ਸੌਂਪਿਆ ਹੋਇਆ ਹੈ ਅਤੇ ਕੋਈ ਨਹੀਂ ਜਾਣਦਾ ਜੋ ਪੁੱਤਰ ਕੌਣ ਹੈ ਪਰ ਪਿਤਾ ਜਾਣਦਾ ਹੈ ਅਤੇ ਪਿਤਾ ਕੌਣ ਹੈ ਉਹ ਪੁੱਤਰ ਜਾਣਦਾ ਹੈ ਅਤੇ ਉਹ ਜਿਸ ਉੱਤੇ ਪੁੱਤਰ ਉਸ ਨੂੰ ਪਰਗਟ ਕਰਨਾ ਚਾਹੇ।
23 ੨੩ ਅਤੇ ਉਸ ਨੇ ਚੇਲਿਆਂ ਦੀ ਵੱਲ ਮੁੜ ਕੇ ਖ਼ਾਸ ਕਰਕੇ ਉਹਨਾਂ ਨੂੰ ਕਿਹਾ ਕਿ ਧੰਨ ਉਹ ਅੱਖਾਂ ਹਨ ਜੋ ਇਹ ਵੇਖਦੀਆਂ ਹਨ ਜੋ ਤੁਸੀਂ ਵੇਖਦੇ ਹੋ।
24 ੨੪ ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਬਹੁਤ ਸਾਰੇ ਨਬੀਆਂ ਅਤੇ ਰਾਜਿਆਂ ਨੇ ਇਹ ਇੱਛਾ ਕੀਤੀ ਕਿ ਜੋ ਕੁਝ ਤੁਸੀਂ ਵੇਖਦੇ ਹੋ ਸੋ ਵੇਖਣ ਪਰ ਨਾ ਵੇਖ ਸਕੇ ਅਤੇ ਜੋ ਕੁਝ ਤੁਸੀਂ ਸੁਣਦੇ ਹੋ ਸੋ ਸੁਣਨ ਪਰ ਨਾ ਸੁਣਿਆ।
25 ੨੫ ਤਾਂ ਵੇਖੋ ਇੱਕ ਉਪਦੇਸ਼ਕ ਨੇ ਉਸ ਨੂੰ ਪਰਤਾਉਣ ਲਈ ਖਲੋ ਕੇ ਕਿਹਾ, ਗੁਰੂ ਜੀ, ਮੈਂ ਕੀ ਕਰਾਂ ਜੋ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ? (aiōnios )
26 ੨੬ ਯਿਸੂ ਨੇ ਉਸ ਨੂੰ ਆਖਿਆ ਕਿ ਬਿਵਸਥਾ ਵਿੱਚ ਕੀ ਲਿਖਿਆ ਹੋਇਆ ਹੈ? ਤੂੰ ਕਿਸ ਪ੍ਰਕਾਰ ਇਸ ਨੂੰ ਪੜ੍ਹਦਾ ਹੈਂ?
27 ੨੭ ਤਾਂ ਉਸ ਨੇ ਉੱਤਰ ਦਿੱਤਾ ਕਿ ਤੂੰ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ ਅਤੇ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।
28 ੨੮ ਯਿਸੂ ਨੇ ਉਸ ਨੂੰ ਆਖਿਆ, ਤੂੰ ਠੀਕ ਉੱਤਰ ਦਿੱਤਾ, ਇਹੋ ਕਰ ਤਾਂ ਤੂੰ ਜੀਵੇਂਗਾ।
29 ੨੯ ਪਰ ਉਹ ਚਾਹੁੰਦਾ ਸੀ ਕਿ ਆਪਣੇ ਆਪ ਨੂੰ ਸੱਚਾ ਠਹਿਰਾਵੇ ਤਾਂ ਉਸ ਨੇ ਯਿਸੂ ਨੂੰ ਕਿਹਾ, ਫੇਰ ਕੌਣ ਹੈ ਮੇਰਾ ਗੁਆਂਢੀ?
30 ੩੦ ਯਿਸੂ ਨੇ ਉੱਤਰ ਦਿੱਤਾ ਕਿ ਇੱਕ ਆਦਮੀ ਯਰੂਸ਼ਲਮ ਤੋਂ ਯਰੀਹੋ ਨੂੰ ਜਾ ਰਿਹਾ ਸੀ ਅਤੇ ਡਾਕੂਆਂ ਨੇ ਉਸ ਨੂੰ ਘੇਰਿਆ ਅਤੇ ਉਸ ਨੂੰ ਨੰਗਾ ਕਰ ਕੇ ਮਾਰਿਆ ਅਤੇ ਅਧਮੋਇਆ ਛੱਡ ਕੇ ਚੱਲੇ ਗਏ।
31 ੩੧ ਸੰਜੋਗ ਨਾਲ ਇੱਕ ਜਾਜਕ ਉਸ ਰਸਤੇ ਤੋਂ ਲੰਘਿਆ ਜਾਂਦਾ ਸੀ ਅਤੇ ਉਸ ਨੂੰ ਵੇਖ ਕੇ ਪਾਸਾ ਵੱਟ ਕੇ ਲੰਘ ਗਿਆ।
32 ੩੨ ਇਸੇ ਤਰ੍ਹਾਂ ਇੱਕ ਲੇਵੀ ਵੀ ਉੱਥੇ ਪਹੁੰਚਿਆ ਅਤੇ ਉਸ ਨੂੰ ਵੇਖ ਕੇ ਪਾਸਾ ਵੱਟ ਕੇ ਲੰਘ ਗਿਆ।
33 ੩੩ ਪਰ ਇੱਕ ਸਾਮਰੀ ਸਫ਼ਰ ਕਰਦਾ ਹੋਇਆ ਉੱਥੇ ਪਹੁੰਚਿਆ।
34 ੩੪ ਅਤੇ ਜਦੋਂ ਉਸ ਨੂੰ ਵੇਖਿਆ ਤਾਂ ਤਰਸ ਖਾ ਕੇ ਉਸ ਦੇ ਕੋਲ ਗਿਆ ਅਤੇ ਤੇਲ ਅਤੇ ਮੈਅ ਲਾ ਕੇ ਉਸ ਦੇ ਜ਼ਖਮਾਂ ਨੂੰ ਬੰਨ੍ਹਿਆ ਅਤੇ ਆਪਣੀ ਸਵਾਰੀ ਤੇ ਉਸ ਨੂੰ ਬਿਠਾ ਕੇ ਸਰਾਂ ਵਿੱਚ ਲਿਆਂਦਾ ਅਤੇ ਉਸ ਦੀ ਮਰਹਮ ਪੱਟੀ ਕੀਤੀ।
35 ੩੫ ਫੇਰ ਸਵੇਰ ਨੂੰ ਦੋ ਦੀਨਾਰ ਕੱਢ ਕੇ ਦੇਖਭਾਲ ਕਰਨ ਵਾਲੇ ਨੂੰ ਦਿੱਤੇ ਅਤੇ ਆਖਿਆ ਜੋ ਇਸ ਦੀ ਮਹਰਮ ਪੱਟੀ ਕਰਦਾ ਰਹੀਂ, ਅਤੇ ਜੋ ਕੁਝ ਤੇਰਾ ਹੋਰ ਲੱਗੂ ਸੋ ਮੈਂ ਜਦ ਮੁੜ ਆਵਾਂ, ਤੇਰਾ ਭਰ ਦਿਆਂਗਾ।
36 ੩੬ ਸੋ ਉਸ ਆਦਮੀ ਦਾ ਜੋ ਡਾਕੂਆਂ ਦੇ ਹੱਥ ਪੈ ਗਿਆ ਸੀ, ਉਨ੍ਹਾਂ ਤਿੰਨਾਂ ਵਿੱਚੋਂ ਕਿਹੜਾ ਤੈਨੂੰ ਗੁਆਂਢੀ ਜਾਪਦਾ ਹੈ?
37 ੩੭ ਉਹ ਬੋਲਿਆ, ਜਿਸ ਨੇ ਉਸ ਉੱਤੇ ਦਯਾ ਕੀਤੀ। ਫੇਰ ਯਿਸੂ ਨੇ ਉਸ ਨੂੰ ਆਖਿਆ, ਤੂੰ ਵੀ ਜਾ ਕੇ ਇਸੇ ਤਰ੍ਹਾਂ ਹੀ ਕਰ।
38 ੩੮ ਫੇਰ ਜਦ ਉਹ ਚੱਲੇ ਜਾਂਦੇ ਸਨ ਤਾਂ ਉਹ ਇੱਕ ਪਿੰਡ ਵਿੱਚ ਪਹੁੰਚੇ ਅਤੇ ਮਾਰਥਾ ਨਾਮ ਦੀ ਇੱਕ ਔਰਤ ਨੇ ਉਸ ਨੂੰ ਆਪਣੇ ਘਰ ਉਤਾਰਿਆ।
39 ੩੯ ਅਤੇ ਮਰਿਯਮ ਨਾਮਕ ਉਸ ਦੀ ਇੱਕ ਭੈਣ ਸੀ ਜਿਹੜੀ ਪ੍ਰਭੂ ਦੇ ਚਰਨਾਂ ਕੋਲ ਬੈਠ ਕੇ ਉਸ ਦਾ ਬਚਨ ਸੁਣਦੀ ਸੀ।
40 ੪੦ ਪਰ ਮਾਰਥਾ ਸੇਵਾ ਕਰਦੀ-ਕਰਦੀ ਘਬਰਾ ਗਈ ਅਤੇ ਉਸ ਦੇ ਕੋਲ ਆਣ ਕੇ ਕਿਹਾ, ਪ੍ਰਭੂ ਜੀ ਤੁਹਾਨੂੰ ਮੇਰੀ ਕੋਈ ਚਿੰਤਾ ਨਹੀਂ ਜੋ ਮੇਰੀ ਭੈਣ ਸੇਵਾ ਵਿੱਚ ਮੇਰੀ ਸਹਾਇਤਾ ਨਹੀਂ ਕਰਦੀ? ਮੇਰੀ ਸਹਾਇਤਾ ਲਈ ਉਸ ਨੂੰ ਕਹੋ।
41 ੪੧ ਪਰ ਪ੍ਰਭੂ ਨੇ ਉਸ ਨੂੰ ਉੱਤਰ ਦਿੱਤਾ, ਮਾਰਥਾ! ਮਾਰਥਾ! ਤੂੰ ਬਹੁਤੀਆਂ ਵਸਤਾਂ ਦੀ ਚਿੰਤਾ ਕਰਦੀ ਅਤੇ ਘਬਰਾਉਂਦੀ ਹੈਂ।
42 ੪੨ ਪਰ ਇੱਕ ਗੱਲ ਦੀ ਲੋੜ ਹੈ। ਮਰਿਯਮ ਨੇ ਤਾਂ ਉਹ ਚੰਗਾ ਹਿੱਸਾ ਪਸੰਦ ਕੀਤਾ ਹੈ ਜੋ ਉਸ ਤੋਂ ਖੋਹਿਆ ਨਾ ਜਾਵੇਗਾ।