< ਲੇਵੀਆਂ ਦੀ ਪੋਥੀ 20 >
1 ੧ ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
2 ੨ ਤੂੰ ਇਸਰਾਏਲੀਆਂ ਨੂੰ ਇਹ ਵੀ ਆਖੀਂ, ਜਿਹੜਾ ਭਾਵੇਂ ਇਸਰਾਏਲੀਆਂ ਵਿੱਚੋਂ ਜਾਂ ਉਨ੍ਹਾਂ ਪਰਦੇਸੀਆਂ ਵਿੱਚੋਂ, ਜੋ ਇਸਰਾਏਲ ਵਿੱਚ ਵੱਸਦੇ ਹਨ, ਆਪਣੇ ਵੰਸ਼ ਵਿੱਚੋਂ ਕਿਸੇ ਨੂੰ ਮੋਲਕ ਦੇਵਤੇ ਨੂੰ ਦੇਵੇ, ਤਾਂ ਉਹ ਜ਼ਰੂਰ ਹੀ ਮਾਰਿਆ ਜਾਵੇ। ਦੇਸ ਦੇ ਲੋਕ ਉਸ ਨੂੰ ਪੱਥਰਾਂ ਨਾਲ ਮਾਰ ਸੁੱਟਣ।
3 ੩ ਮੈਂ ਉਸ ਮਨੁੱਖ ਦਾ ਵਿਰੋਧੀ ਬਣਾਂਗਾ ਅਤੇ ਉਸ ਨੂੰ ਉਸ ਦੇ ਲੋਕਾਂ ਵਿੱਚੋਂ ਨਾਸ ਕਰਾਂਗਾ ਕਿਉਂ ਜੋ ਉਸ ਨੇ ਮੇਰੇ ਪਵਿੱਤਰ ਸਥਾਨ ਨੂੰ ਅਸ਼ੁੱਧ ਕਰਨ ਅਤੇ ਮੇਰੇ ਪਵਿੱਤਰ ਨਾਮ ਨੂੰ ਬਦਨਾਮ ਕਰਨ ਲਈ ਆਪਣੇ ਵੰਸ਼ ਵਿੱਚੋਂ ਕਿਸੇ ਨੂੰ ਪਰਾਏ ਦੇਵਤੇ ਮੋਲਕ ਦੇ ਅੱਗੇ ਚੜ੍ਹਾਇਆ।
4 ੪ ਜੇਕਰ ਉਸ ਦੇਸ ਦੇ ਲੋਕ ਉਸ ਮਨੁੱਖ ਵੱਲੋਂ ਅਣਦੇਖੀ ਕਰਨ, ਜਿਸ ਨੇ ਆਪਣੇ ਵੰਸ਼ ਵਿੱਚੋਂ ਕਿਸੇ ਨੂੰ ਮੋਲਕ ਦੇਵਤੇ ਦੇ ਅੱਗੇ ਚੜ੍ਹਾਇਆ ਅਤੇ ਉਸ ਨੂੰ ਨਾ ਮਾਰਨ,
5 ੫ ਤਦ ਮੈਂ ਆਪ ਉਸ ਮਨੁੱਖ ਅਤੇ ਉਸ ਦੇ ਘਰਾਣੇ ਦਾ ਵਿਰੋਧੀ ਬਣਾਂਗਾ ਅਤੇ ਉਸ ਨੂੰ ਅਤੇ ਉਨ੍ਹਾਂ ਸਾਰਿਆਂ ਨੂੰ ਜਿਨ੍ਹਾਂ ਦੇ ਉਸ ਦੇ ਪਿੱਛੇ ਲੱਗ ਕੇ ਮੋਲਕ ਦੇ ਨਾਲ ਵਿਭਚਾਰ ਕੀਤਾ, ਉਨ੍ਹਾਂ ਦੇ ਲੋਕਾਂ ਵਿੱਚੋਂ ਨਾਸ ਕਰ ਦਿਆਂਗਾ।
6 ੬ ਅਤੇ ਜਿਹੜਾ ਝਾੜਾ-ਫੂਕੀ ਕਰਨ ਵਾਲਿਆਂ ਜਾਂ ਭੂਤ ਕੱਢਣ ਵਾਲਿਆਂ ਦੇ ਪਿੱਛੇ ਲੱਗ ਕੇ ਵਿਭਚਾਰ ਕਰੇ ਤਾਂ ਮੈਂ ਉਸ ਮਨੁੱਖ ਦਾ ਵਿਰੋਧੀ ਬਣ ਕੇ ਉਸ ਨੂੰ ਉਸ ਦੇ ਲੋਕਾਂ ਵਿੱਚੋਂ ਨਾਸ ਕਰ ਦਿਆਂਗਾ।
7 ੭ ਇਸ ਲਈ ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਪਵਿੱਤਰ ਬਣੇ ਰਹੋ ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
8 ੮ ਤੁਸੀਂ ਮੇਰੀਆਂ ਬਿਧੀਆਂ ਨੂੰ ਮੰਨਣਾ ਅਤੇ ਉਨ੍ਹਾਂ ਦੀ ਪਾਲਣਾ ਕਰਨਾ। ਮੈਂ ਉਹੋ ਯਹੋਵਾਹ ਹਾਂ ਜੋ ਤੁਹਾਨੂੰ ਪਵਿੱਤਰ ਕਰਦਾ ਹਾਂ।
9 ੯ ਜਿਹੜਾ ਆਪਣੇ ਪਿਤਾ ਜਾਂ ਆਪਣੀ ਮਾਂ ਨੂੰ ਫਿਟਕਾਰੇ ਉਹ ਜ਼ਰੂਰ ਹੀ ਮਾਰਿਆ ਜਾਵੇ। ਉਸ ਨੇ ਆਪਣੇ ਪਿਤਾ ਜਾਂ ਆਪਣੀ ਮਾਂ ਨੂੰ ਫਿਟਕਾਰਿਆ, ਇਸ ਲਈ ਉਸ ਦਾ ਖੂਨ ਉਸੇ ਦੇ ਜੁੰਮੇ ਹੋਵੇ।
10 ੧੦ ਜਿਹੜਾ ਕਿਸੇ ਹੋਰ ਮਨੁੱਖ ਦੀ ਪਤਨੀ ਨਾਲ ਵਿਭਚਾਰ ਕਰੇ, ਤਾਂ ਉਹ ਮਨੁੱਖ ਜਿਸ ਨੇ ਆਪਣੇ ਗੁਆਂਢੀ ਦੀ ਪਤਨੀ ਨਾਲ ਵਿਭਚਾਰ ਕੀਤਾ ਅਤੇ ਉਹ ਇਸਤਰੀ ਦੋਵੇਂ ਜ਼ਰੂਰ ਹੀ ਮਾਰੇ ਜਾਣ।
11 ੧੧ ਜਿਹੜਾ ਮਨੁੱਖ ਆਪਣੀ ਸੌਤੇਲੀ ਮਾਂ ਨਾਲ ਸੰਗ ਕਰੇ, ਤਾਂ ਇਸ ਲਈ ਕਿ ਉਸ ਨੇ ਆਪਣੇ ਪਿਤਾ ਦਾ ਨੰਗੇਜ਼ ਉਘਾੜਿਆ ਹੈ, ਉਹ ਦੋਵੇਂ ਜ਼ਰੂਰ ਮਾਰੇ ਜਾਣ ਅਤੇ ਉਨ੍ਹਾਂ ਦਾ ਖੂਨ ਉਨ੍ਹਾਂ ਦੇ ਹੀ ਜੁੰਮੇ ਹੋਵੇ।
12 ੧੨ ਜੇਕਰ ਕੋਈ ਮਨੁੱਖ ਆਪਣੀ ਨੂੰਹ ਨਾਲ ਸੰਗ ਕਰੇ, ਤਾਂ ਉਹ ਦੋਵੇਂ ਜ਼ਰੂਰ ਹੀ ਮਾਰੇ ਜਾਣ ਕਿਉਂ ਜੋ ਉਨ੍ਹਾਂ ਨੇ ਪੁੱਠਾ ਕੰਮ ਕੀਤਾ ਹੈ, ਉਨ੍ਹਾਂ ਦਾ ਖੂਨ ਉਨ੍ਹਾਂ ਦੇ ਹੀ ਜੁੰਮੇ ਹੋਵੇ।
13 ੧੩ ਜਿਸ ਤਰ੍ਹਾਂ ਕੋਈ ਪੁਰਖ ਕਿਸੇ ਇਸਤਰੀ ਨਾਲ ਸੰਗ ਕਰਦਾ ਹੈ, ਜੇਕਰ ਉਹ ਉਸੇ ਤਰ੍ਹਾਂ ਹੀ ਪੁਰਖ ਨਾਲ ਸੰਗ ਕਰੇ ਤਾਂ ਉਨ੍ਹਾਂ ਨੇ ਘਿਣਾਉਣਾ ਕੰਮ ਕੀਤਾ ਹੈ। ਉਹ ਜ਼ਰੂਰ ਹੀ ਮਾਰੇ ਜਾਣ ਅਤੇ ਉਨ੍ਹਾਂ ਦਾ ਖੂਨ ਉਨ੍ਹਾਂ ਦੇ ਹੀ ਜੁੰਮੇ ਹੋਵੇ।
14 ੧੪ ਜੇਕਰ ਕੋਈ ਮਨੁੱਖ ਕਿਸੇ ਇਸਤਰੀ ਅਤੇ ਉਸ ਦੀ ਮਾਂ ਦੋਹਾਂ ਨਾਲ ਵਿਆਹ ਕਰੇ ਤਾਂ ਇਹ ਦੁਸ਼ਟਤਾ ਹੈ, ਉਹ ਮਨੁੱਖ ਅਤੇ ਦੋਵੇਂ ਇਸਤਰੀਆਂ ਅੱਗ ਨਾਲ ਸਾੜੇ ਜਾਣ, ਤਾਂ ਜੋ ਤੁਹਾਡੇ ਵਿਚਕਾਰ ਕੋਈ ਦੁਸ਼ਟਤਾ ਨਾ ਰਹੇ।
15 ੧੫ ਜੇਕਰ ਕੋਈ ਮਨੁੱਖ ਕਿਸੇ ਪਸ਼ੂ ਨਾਲ ਸੰਗ ਕਰੇ ਤਾਂ ਉਹ ਜ਼ਰੂਰ ਮਾਰਿਆ ਜਾਵੇ ਅਤੇ ਤੁਸੀਂ ਪਸ਼ੂ ਨੂੰ ਵੀ ਵੱਢ ਸੁੱਟਣਾ।
16 ੧੬ ਜੇਕਰ ਕੋਈ ਇਸਤਰੀ ਕਿਸੇ ਪਸ਼ੂ ਦੇ ਅੱਗੇ ਆਵੇ ਅਤੇ ਉਸ ਤੋਂ ਸੰਗ ਕਰਵਾਏ ਤਾਂ ਤੂੰ ਉਸ ਇਸਤਰੀ ਨੂੰ ਅਤੇ ਉਸ ਪਸ਼ੂ ਨੂੰ ਵੱਢ ਸੁੱਟਣਾ। ਉਹ ਜ਼ਰੂਰ ਹੀ ਮਾਰੇ ਜਾਣ ਅਤੇ ਉਨ੍ਹਾਂ ਦਾ ਖੂਨ ਉਨ੍ਹਾਂ ਦੇ ਜੁੰਮੇ ਹੋਵੇ।
17 ੧੭ ਜੇਕਰ ਕੋਈ ਮਨੁੱਖ ਆਪਣੀ ਭੈਣ ਦਾ ਭਾਵੇਂ ਉਹ ਉਸ ਦੀ ਸੱਕੀ ਭੈਣ ਹੋਵੇ ਭਾਵੇਂ ਸੌਤੇਲੀ, ਉਸ ਦਾ ਨੰਗੇਜ਼ ਵੇਖੇ ਅਤੇ ਉਸ ਦੀ ਭੈਣ ਵੀ ਉਸਦਾ ਨੰਗੇਜ਼ ਵੇਖੇ ਤਾਂ ਇਹ ਸ਼ਰਮ ਦੀ ਗੱਲ ਹੈ। ਉਹ ਆਪਣੇ ਲੋਕਾਂ ਦੇ ਸਾਹਮਣੇ ਹੀ ਵੱਢੇ ਜਾਣ। ਉਸ ਨੇ ਆਪਣੀ ਭੈਣ ਦਾ ਨੰਗੇਜ਼ ਉਘਾੜਿਆ, ਇਸ ਲਈ ਉਸ ਦਾ ਦੋਸ਼ ਉਸ ਦੇ ਜੁੰਮੇ ਹੋਵੇ।
18 ੧੮ ਜੇਕਰ ਕੋਈ ਮਨੁੱਖ ਕਿਸੇ ਇਸਤਰੀ ਨਾਲ ਉਸ ਦੀ ਮਾਹਵਾਰੀ ਦੇ ਸਮੇਂ ਸੰਗ ਕਰੇ ਅਤੇ ਉਸ ਦਾ ਨੰਗੇਜ਼ ਉਘਾੜੇ ਤਾਂ ਇਸ ਲਈ ਕਿ ਉਸ ਨੇ ਉਹ ਦਾ ਸੁੰਬ ਖੋਲ੍ਹਿਆ ਅਤੇ ਉਹ ਨੇ ਵੀ ਆਪਣੇ ਲਹੂ ਦਾ ਸੁੰਬ ਖੁਲ੍ਹਵਾਇਆ, ਉਹ ਦੋਵੇਂ ਆਪਣੇ ਲੋਕਾਂ ਵਿੱਚੋਂ ਛੇਕੇ ਜਾਣ।
19 ੧੯ ਤੂੰ ਆਪਣੀ ਮਾਂ ਦੀ ਭੈਣ ਅਤੇ ਆਪਣੇ ਪਿਤਾ ਦੀ ਭੈਣ ਦਾ ਨੰਗੇਜ਼ ਨਾ ਉਘਾੜੀਂ, ਕਿਉਂ ਜੋ ਉਹ ਤੇਰੀਆਂ ਨਜ਼ਦੀਕੀ ਰਿਸ਼ਤੇਦਾਰ ਹਨ। ਉਨ੍ਹਾਂ ਦਾ ਦੋਸ਼ ਉਨ੍ਹਾਂ ਦੇ ਹੀ ਜੁੰਮੇ ਹੋਵੇ।
20 ੨੦ ਜੇਕਰ ਕੋਈ ਮਨੁੱਖ ਆਪਣੀ ਚਾਚੀ ਨਾਲ ਸੰਗ ਕਰੇ, ਤਾਂ ਉਸ ਨੇ ਆਪਣੇ ਚਾਚੇ ਦਾ ਨੰਗੇਜ਼ ਉਘਾੜਿਆ ਹੈ। ਉਨ੍ਹਾਂ ਦਾ ਦੋਸ਼ ਉਨ੍ਹਾਂ ਦੇ ਜੁੰਮੇ ਹੋਵੇ ਅਤੇ ਉਹ ਬੇ-ਔਲਾਦ ਮਰਨਗੇ।
21 ੨੧ ਜੇਕਰ ਕੋਈ ਮਨੁੱਖ ਆਪਣੇ ਭਰਾ ਦੀ ਪਤਨੀ ਨੂੰ ਲਵੇ, ਤਾਂ ਇਹ ਘਿਣਾਉਣੀ ਗੱਲ ਹੈ। ਉਸ ਨੇ ਆਪਣੇ ਭਰਾ ਦਾ ਨੰਗੇਜ਼ ਉਘਾੜਿਆ ਹੈ, ਇਸ ਲਈ ਉਹ ਬੇ-ਔਲਾਦ ਰਹਿਣਗੇ।
22 ੨੨ ਇਸ ਲਈ ਤੁਸੀਂ ਮੇਰੀਆਂ ਸਾਰੀਆਂ ਬਿਧੀਆਂ ਅਤੇ ਮੇਰੇ ਸਾਰੇ ਨਿਯਮਾਂ ਨੂੰ ਮੰਨ ਕੇ ਪਾਲਣਾ ਕਰਨਾ ਤਾਂ ਜੋ ਉਹ ਦੇਸ ਜਿਸ ਦੇ ਵਿੱਚ ਵੱਸਣ ਲਈ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਹਾਂ, ਤੁਹਾਨੂੰ ਉਗਲ ਨਾ ਦੇਵੇ।
23 ੨੩ ਅਤੇ ਜਿਨ੍ਹਾਂ ਕੌਮਾਂ ਨੂੰ ਮੈਂ ਤੁਹਾਡੇ ਅੱਗਿਓਂ ਕੱਢਦਾ ਹਾਂ, ਤੁਸੀਂ ਉਨ੍ਹਾਂ ਦੀਆਂ ਰੀਤਾਂ ਦੇ ਅਨੁਸਾਰ ਨਾ ਚੱਲਣਾ ਕਿਉਂ ਜੋ ਉਨ੍ਹਾਂ ਨੇ ਇਹ ਸਾਰੇ ਬੁਰੇ ਕੰਮ ਕੀਤੇ, ਇਸ ਲਈ ਮੈਂ ਉਨ੍ਹਾਂ ਤੋਂ ਘਿਣ ਕਰਦਾ ਹਾਂ।
24 ੨੪ ਪਰ ਮੈਂ ਤੁਹਾਨੂੰ ਆਖਦਾ ਹਾਂ, ਤੁਸੀਂ ਉਨ੍ਹਾਂ ਦੇ ਦੇਸ ਦੇ ਅਧਿਕਾਰੀ ਬਣੋਗੇ ਅਤੇ ਮੈਂ ਉਹ ਦੇਸ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ, ਤੁਹਾਨੂੰ ਦੇ ਦਿਆਂਗਾ, ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਜਿਸ ਨੇ ਤੁਹਾਨੂੰ ਹੋਰਨਾਂ ਲੋਕਾਂ ਤੋਂ ਵੱਖਰੇ ਕੀਤਾ ਹੈ।
25 ੨੫ ਇਸ ਲਈ ਤੁਸੀਂ ਸ਼ੁੱਧ ਅਤੇ ਅਸ਼ੁੱਧ ਪਸ਼ੂ ਦੇ ਵਿੱਚ ਅਤੇ ਅਸ਼ੁੱਧ ਅਤੇ ਸ਼ੁੱਧ ਪੰਛੀਆਂ ਦੇ ਵਿੱਚ ਭੇਦ ਰੱਖਣਾ ਅਤੇ ਕਿਸੇ ਪਸ਼ੂ ਜਾਂ ਪੰਛੀ ਜਾਂ ਕਿਸੇ ਪ੍ਰਕਾਰ ਦਾ ਜੀਵ ਜੋ ਧਰਤੀ ਉੱਤੇ ਘਿਸਰਦਾ ਹੈ, ਜਿਸ ਨੂੰ ਮੈਂ ਤੁਹਾਡੇ ਲਈ ਅਸ਼ੁੱਧ ਠਹਿਰਾ ਕੇ ਵੱਖਰਾ ਕੀਤਾ ਹੈ, ਉਸ ਦੇ ਕਾਰਨ ਆਪਣੇ ਆਪ ਨੂੰ ਭਰਿਸ਼ਟ ਨਾ ਕਰਨਾ।
26 ੨੬ ਤੁਸੀਂ ਮੇਰੇ ਅੱਗੇ ਪਵਿੱਤਰ ਹੋਵੋ, ਕਿਉਂ ਜੋ ਮੈਂ ਯਹੋਵਾਹ ਪਵਿੱਤਰ ਹਾਂ ਅਤੇ ਮੈਂ ਤੁਹਾਨੂੰ ਹੋਰਨਾਂ ਲੋਕਾਂ ਵਿੱਚੋਂ ਆਪਣਾ ਬਣਾਉਣ ਲਈ ਵੱਖਰਾ ਕੀਤਾ ਹੈ।
27 ੨੭ ਜੇਕਰ ਕੋਈ ਪੁਰਖ ਜਾਂ ਇਸਤਰੀ ਝਾੜਾ-ਫੂਕੀ ਕਰਨ ਵਾਲੇ ਜਾਂ ਭੂਤ ਕੱਢਣ ਵਾਲੇ ਹੋਣ, ਤਾਂ ਉਹ ਜ਼ਰੂਰ ਹੀ ਮਾਰੇ ਜਾਣ। ਉਨ੍ਹਾਂ ਨੂੰ ਪੱਥਰਾਂ ਨਾਲ ਮਾਰ ਸੁੱਟਣਾ ਅਤੇ ਉਨ੍ਹਾਂ ਦਾ ਖੂਨ ਉਨ੍ਹਾਂ ਦੇ ਜੁੰਮੇ ਹੋਵੇਗਾ।