< ਲੇਵੀਆਂ ਦੀ ਪੋਥੀ 16 >
1 ੧ ਜਿਸ ਵੇਲੇ ਹਾਰੂਨ ਦੇ ਦੋ ਪੁੱਤਰ ਯਹੋਵਾਹ ਦੇ ਸਨਮੁਖ ਅਪਵਿੱਤਰ ਭੇਟ ਚੜ੍ਹਾ ਕੇ ਮਰ ਗਏ,
2 ੨ ਤਦ ਯਹੋਵਾਹ ਨੇ ਮੂਸਾ ਦੇ ਨਾਲ ਗੱਲ ਕਰਕੇ ਆਖਿਆ, “ਆਪਣੇ ਭਰਾ ਹਾਰੂਨ ਨੂੰ ਆਖ, ਉਹ ਪਵਿੱਤਰ ਸਥਾਨ ਵਿੱਚ ਪਰਦੇ ਦੇ ਅੰਦਰ ਪ੍ਰਾਸਚਿਤ ਦੇ ਸਰਪੋਸ਼ ਦੇ ਅੱਗੇ, ਜੋ ਸੰਦੂਕ ਦੇ ਉੱਤੇ ਹੈ, ਹਰ ਵਾਰੀ ਨਾ ਆਇਆ ਕਰੇ, ਤਾਂ ਜੋ ਉਹ ਮਰ ਨਾ ਜਾਵੇ, ਕਿਉਂ ਜੋ ਮੈਂ ਪ੍ਰਾਸਚਿਤ ਦੇ ਸਰਪੋਸ਼ ਦੇ ਉੱਤੇ ਬੱਦਲ ਵਿੱਚ ਪਰਗਟ ਹੋਵਾਂਗਾ।
3 ੩ ਜਦ ਹਾਰੂਨ ਪਵਿੱਤਰ ਸਥਾਨ ਵਿੱਚ ਆਵੇ ਤਦ ਉਹ ਇੱਕ ਜੁਆਨ ਬਲ਼ਦ ਪਾਪ ਬਲੀ ਦੀ ਭੇਟ ਲਈ ਅਤੇ ਇੱਕ ਭੇਡੂ ਹੋਮ ਬਲੀ ਦੀ ਭੇਟ ਲਈ ਲੈ ਕੇ ਆਇਆ ਕਰੇ।
4 ੪ ਉਹ ਕਤਾਨ ਦਾ ਪਵਿੱਤਰ ਕੁੜਤਾ, ਕਤਾਨ ਦਾ ਅੰਗਰੱਖਾ, ਕਤਾਨ ਦਾ ਕਮਰ ਕੱਸਾ ਅਤੇ ਕਤਾਨ ਦੀ ਪਗੜੀ ਪਹਿਨ ਕੇ ਆਇਆ ਕਰੇ। ਇਹ ਪਵਿੱਤਰ ਬਸਤਰ ਹਨ, ਇਸ ਲਈ ਉਹ ਪਾਣੀ ਨਾਲ ਨਹਾ ਕੇ ਇਨ੍ਹਾਂ ਨੂੰ ਪਹਿਨੇ।
5 ੫ ਉਹ ਇਸਰਾਏਲੀਆਂ ਦੀ ਮੰਡਲੀ ਤੋਂ ਪਾਪ ਬਲੀ ਦੀ ਭੇਟ ਲਈ ਬੱਕਰੀਆਂ ਦੇ ਦੋ ਮੇਮਣੇ ਅਤੇ ਹੋਮ ਬਲੀ ਭੇਟ ਲਈ ਇੱਕ ਭੇਡੂ ਲਵੇ।
6 ੬ ਅਤੇ ਹਾਰੂਨ ਉਸ ਪਾਪ ਬਲੀ ਦੀ ਭੇਟ ਦੇ ਬਲ਼ਦ ਨੂੰ, ਜੋ ਆਪ ਉਸ ਦੇ ਲਈ ਹੈ ਚੜ੍ਹਾਵੇ ਅਤੇ ਆਪਣੇ ਲਈ ਅਤੇ ਆਪਣੇ ਘਰਾਣੇ ਲਈ ਪ੍ਰਾਸਚਿਤ ਕਰੇ।
7 ੭ ਉਹ ਉਨ੍ਹਾਂ ਦੋਨਾਂ ਮੇਮਣਿਆਂ ਨੂੰ ਲੈ ਕੇ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਯਹੋਵਾਹ ਦੇ ਅੱਗੇ ਖੜ੍ਹਾ ਕਰੇ।
8 ੮ ਅਤੇ ਹਾਰੂਨ ਉਨ੍ਹਾਂ ਦੋਹਾਂ ਬੱਕਰਿਆਂ ਉੱਤੇ ਪਰਚੀਆਂ ਪਾਵੇ, ਇੱਕ ਪਰਚੀ ਯਹੋਵਾਹ ਦੇ ਲਈ ਅਤੇ ਦੂਜੀ ਅਜ਼ਾਜ਼ੇਲ ਦੇ ਲਈ।
9 ੯ ਜਿਸ ਬੱਕਰੇ ਉੱਤੇ ਯਹੋਵਾਹ ਲਈ ਪਰਚੀ ਨਿੱਕਲੇ, ਹਾਰੂਨ ਉਸ ਨੂੰ ਲੈ ਕੇ ਪਾਪ ਬਲੀ ਦੀ ਭੇਟ ਕਰਕੇ ਚੜ੍ਹਾਵੇ।
10 ੧੦ ਪਰ ਉਹ ਬੱਕਰਾ ਜਿਸ ਦੇ ਉੱਤੇ ਅਜ਼ਾਜ਼ੇਲ ਲਈ ਪਰਚੀ ਨਿੱਕਲੀ, ਉਹ ਯਹੋਵਾਹ ਦੇ ਅੱਗੇ ਜੀਉਂਦਾ ਖੜ੍ਹਾ ਕੀਤਾ ਜਾਵੇ ਕਿ ਉਸ ਦੇ ਨਾਲ ਪ੍ਰਾਸਚਿਤ ਕੀਤਾ ਜਾਵੇ ਅਤੇ ਉਸ ਨੂੰ ਛੋਟ ਕਰ ਕੇ ਉਜਾੜ ਵਿੱਚ ਛੱਡ ਦਿੱਤਾ ਜਾਵੇ।”
11 ੧੧ “ਹਾਰੂਨ ਉਸ ਪਾਪ ਬਲੀ ਦੀ ਭੇਟ ਦੇ ਬਲ਼ਦ ਨੂੰ ਜੋ ਉਸਨੇ ਆਪਣੇ ਲਈ ਲਿਆ ਹੈ, ਲਿਆਵੇ ਅਤੇ ਉਸ ਨੂੰ ਵੱਢ ਕੇ ਆਪਣੇ ਲਈ ਅਤੇ ਆਪਣੇ ਘਰਾਣੇ ਲਈ ਪ੍ਰਾਸਚਿਤ ਕਰੇ।
12 ੧੨ ਅਤੇ ਉਹ ਜਗਵੇਦੀ ਦੇ ਉੱਤੋਂ ਕੋਲਿਆਂ ਦੀ ਅੱਗ ਨਾਲ ਧੂਪਦਾਨੀ ਨੂੰ ਭਰੇ ਅਤੇ ਆਪਣੇ ਦੋਵੇਂ ਹੱਥਾਂ ਵਿੱਚ ਮਹੀਨ ਕੁੱਟੇ ਹੋਏ ਸੁਗੰਧ ਧੂਪ ਨੂੰ ਭਰ ਕੇ ਪਰਦੇ ਦੇ ਅੰਦਰ ਲੈ ਆਵੇ।
13 ੧੩ ਉਹ ਉਸ ਧੂਪ ਨੂੰ ਯਹੋਵਾਹ ਦੇ ਅੱਗੇ ਅੱਗ ਦੇ ਉੱਤੇ ਪਾਵੇ, ਤਾਂ ਜੋ ਧੂਪ ਦਾ ਧੂੰਆਂ ਪ੍ਰਾਸਚਿਤ ਦੇ ਸਰਪੋਸ਼ ਨੂੰ ਜੋ ਸਾਖੀ ਦੇ ਉੱਤੇ ਹੈ, ਢੱਕ ਲਵੇ, ਤਾਂ ਜੋ ਉਹ ਮਰ ਨਾ ਜਾਵੇ।
14 ੧੪ ਤਦ ਉਹ ਬਲ਼ਦ ਦੇ ਲਹੂ ਵਿੱਚੋਂ ਕੁਝ ਲੈ ਕੇ ਪੂਰਬ ਦੀ ਵੱਲ ਉਸ ਨੂੰ ਪ੍ਰਾਸਚਿਤ ਦੇ ਸਰਪੋਸ਼ ਉੱਤੇ ਆਪਣੀ ਉਂਗਲ ਨਾਲ ਛਿੜਕੇ ਅਤੇ ਫੇਰ ਉਸ ਲਹੂ ਵਿੱਚੋਂ ਕੁਝ ਆਪਣੀ ਉਂਗਲ ਨਾਲ ਪ੍ਰਾਸਚਿਤ ਦੇ ਸਰਪੋਸ਼ ਦੇ ਅੱਗੇ ਸੱਤ ਵਾਰੀ ਛਿੜਕੇ।”
15 ੧੫ “ਫੇਰ ਉਹ ਪਾਪ ਬਲੀ ਦੀ ਭੇਟ ਦੇ ਬੱਕਰੇ ਨੂੰ ਜੋ ਲੋਕਾਂ ਦੇ ਲਈ ਹੈ, ਵੱਢੇ ਅਤੇ ਉਸ ਦਾ ਲਹੂ ਪਰਦੇ ਦੇ ਅੰਦਰ ਲਿਆਵੇ ਅਤੇ ਜਿਵੇਂ ਉਸ ਨੇ ਬਲ਼ਦ ਦੇ ਲਹੂ ਨਾਲ ਕੀਤਾ ਸੀ, ਉਸੇ ਤਰ੍ਹਾਂ ਹੀ ਉਹ ਉਸ ਦੇ ਲਹੂ ਨਾਲ ਕਰੇ ਅਰਥਾਤ ਪ੍ਰਾਸਚਿਤ ਦੇ ਸਰਪੋਸ਼ ਦੇ ਉੱਤੇ ਅਤੇ ਉਸ ਦੇ ਸਾਹਮਣੇ ਉਸ ਨੂੰ ਛਿੜਕੇ।”
16 ੧੬ ਅਤੇ ਉਹ ਇਸਰਾਏਲੀਆਂ ਦੀ ਅਲੱਗ-ਅਲੱਗ ਅਸ਼ੁੱਧਤਾਈ, ਅਤੇ ਉਨ੍ਹਾਂ ਦੇ ਪਾਪਾਂ, ਅਤੇ ਉਨ੍ਹਾਂ ਦੇ ਸਾਰੇ ਅਪਰਾਧਾਂ ਦੇ ਕਾਰਨ, ਪਵਿੱਤਰ ਸਥਾਨ ਦੇ ਲਈ ਪ੍ਰਾਸਚਿਤ ਕਰੇ ਅਤੇ ਇਸੇ ਤਰ੍ਹਾਂ ਹੀ ਉਹ ਮੰਡਲੀ ਦੇ ਡੇਰੇ ਦੇ ਲਈ ਕਰੇ ਜਿਹੜਾ ਉਨ੍ਹਾਂ ਦੀ ਅਸ਼ੁੱਧਤਾਈ ਦੇ ਵਿਚਕਾਰ ਰਹਿੰਦਾ ਹੈ।
17 ੧੭ ਜਿਸ ਵੇਲੇ ਹਾਰੂਨ ਪਵਿੱਤਰ ਸਥਾਨ ਵਿੱਚ ਪ੍ਰਾਸਚਿਤ ਕਰਨ ਲਈ ਜਾਵੇ, ਤਾਂ ਜਦ ਤੱਕ ਉਹ ਆਪਣੇ ਲਈ, ਆਪਣੇ ਘਰਾਣੇ ਦੇ ਲਈ ਅਤੇ ਇਸਰਾਏਲ ਦੀ ਸਾਰੀ ਮੰਡਲੀ ਦੇ ਲਈ ਪ੍ਰਾਸਚਿਤ ਪੂਰਾ ਕਰਕੇ ਬਾਹਰ ਨਾ ਨਿੱਕਲੇ, ਤਦ ਤੱਕ ਮੰਡਲੀ ਦੇ ਡੇਰੇ ਵਿੱਚ ਹੋਰ ਕੋਈ ਮਨੁੱਖ ਨਾ ਜਾਵੇ।
18 ੧੮ ਫੇਰ ਉਹ ਨਿੱਕਲ ਕੇ ਉਸ ਜਗਵੇਦੀ ਦੇ ਕੋਲ ਜਾਵੇ ਜਿਹੜੀ ਯਹੋਵਾਹ ਦੇ ਅੱਗੇ ਹੈ, ਅਤੇ ਉਸ ਦੇ ਲਈ ਪ੍ਰਾਸਚਿਤ ਕਰੇ ਅਤੇ ਬਲ਼ਦ ਦੇ ਲਹੂ ਅਤੇ ਬੱਕਰੇ ਦੇ ਲਹੂ ਤੋਂ ਕੁਝ ਲੈ ਕੇ ਉਸ ਨੂੰ ਜਗਵੇਦੀ ਦੇ ਸਿੰਗਾਂ ਉੱਤੇ ਅਤੇ ਆਲੇ-ਦੁਆਲੇ ਛਿੜਕੇ।
19 ੧੯ ਅਤੇ ਉਹ ਉਸ ਲਹੂ ਤੋਂ ਆਪਣੀ ਉਂਗਲ ਨਾਲ ਕੁਝ ਲੈ ਕੇ ਸੱਤ ਵਾਰੀ ਉਸ ਦੇ ਉੱਤੇ ਛਿੜਕੇ ਅਤੇ ਇਸਰਾਏਲੀਆਂ ਦੀ ਅਲੱਗ-ਅਲੱਗ ਅਸ਼ੁੱਧਤਾਈਆਂ ਤੋਂ ਉਸ ਨੂੰ ਪਵਿੱਤਰ ਕਰੇ।
20 ੨੦ ਜਦ ਉਹ ਪਵਿੱਤਰ ਸਥਾਨ ਅਤੇ ਮੰਡਲੀ ਦੇ ਡੇਰੇ ਅਤੇ ਜਗਵੇਦੀ ਦਾ ਪ੍ਰਾਸਚਿਤ ਪੂਰਾ ਕਰ ਲਵੇ ਤਾਂ ਜੀਉਂਦੇ ਬੱਕਰੇ ਨੂੰ ਲਿਆਵੇ,
21 ੨੧ ਅਤੇ ਹਾਰੂਨ ਆਪਣੇ ਦੋਹਾਂ ਹੱਥਾਂ ਨੂੰ ਜੀਉਂਦੇ ਬੱਕਰੇ ਦੇ ਸਿਰ ਉੱਤੇ ਰੱਖੇ ਅਤੇ ਇਸਰਾਏਲੀਆਂ ਦੀਆਂ ਬਦੀਆਂ, ਉਨ੍ਹਾਂ ਦੇ ਸਾਰੇ ਪਾਪਾਂ, ਅਤੇ ਉਨ੍ਹਾਂ ਦੇ ਸਾਰੇ ਅਪਰਾਧਾਂ ਦਾ ਇਕਰਾਰ ਕਰੇ ਅਤੇ ਉਨ੍ਹਾਂ ਨੂੰ ਬੱਕਰੇ ਦੇ ਸਿਰ ਉੱਤੇ ਰੱਖ ਕੇ ਉਸ ਨੂੰ ਕਿਸੇ ਮਨੁੱਖ ਦੇ ਹੱਥ ਜਿਹੜਾ ਇਸ ਕੰਮ ਲਈ ਤਿਆਰ ਹੋਵੇ, ਉਜਾੜ ਵਿੱਚ ਭੇਜ ਦੇਵੇ।
22 ੨੨ ਉਹ ਬੱਕਰਾ ਉਨ੍ਹਾਂ ਦੀਆਂ ਸਾਰੀਆਂ ਬਦੀਆਂ ਨੂੰ ਆਪਣੇ ਸਿਰ ਤੇ ਚੁੱਕ ਕੇ ਕਿਸੇ ਉਜਾੜ ਸਥਾਨ ਨੂੰ ਚੱਲਿਆ ਜਾਵੇ ਅਤੇ ਉਹ ਮਨੁੱਖ ਉਸ ਬੱਕਰੇ ਨੂੰ ਉਜਾੜ ਵਿੱਚ ਛੱਡ ਦੇਵੇ।
23 ੨੩ ਤਦ ਹਾਰੂਨ ਮੰਡਲੀ ਦੇ ਡੇਰੇ ਵਿੱਚ ਆਵੇ ਅਤੇ ਜਿਹੜੇ ਕਤਾਨੀ ਬਸਤਰ ਉਸ ਨੇ ਪਵਿੱਤਰ ਸਥਾਨ ਵਿੱਚ ਜਾਣ ਦੇ ਵੇਲੇ ਪਹਿਨੇ ਸਨ, ਉਨ੍ਹਾਂ ਨੂੰ ਲਾਹ ਕੇ ਰੱਖ ਦੇਵੇ।
24 ੨੪ ਫੇਰ ਉਹ ਕਿਸੇ ਪਵਿੱਤਰ ਸਥਾਨ ਵਿੱਚ ਪਾਣੀ ਨਾਲ ਨਹਾਵੇ, ਆਪਣੇ ਸਧਾਰਨ ਬਸਤਰ ਪਾਵੇ ਅਤੇ ਬਾਹਰ ਨਿੱਕਲ ਕੇ ਆਪਣੀ ਹੋਮ ਬਲੀ ਦੀ ਭੇਟ ਅਤੇ ਲੋਕਾਂ ਦੀ ਹੋਮ ਬਲੀ ਦੀ ਭੇਟ ਚੜ੍ਹਾਵੇ ਅਤੇ ਆਪਣੇ ਲਈ ਅਤੇ ਲੋਕਾਂ ਦੇ ਲਈ ਪ੍ਰਾਸਚਿਤ ਕਰੇ।
25 ੨੫ ਅਤੇ ਪਾਪ ਬਲੀ ਦੀ ਭੇਟ ਦੀ ਚਰਬੀ ਨੂੰ ਉਹ ਜਗਵੇਦੀ ਉੱਤੇ ਸਾੜੇ।
26 ੨੬ ਅਤੇ ਜਿਹੜਾ ਮਨੁੱਖ ਉਸ ਬੱਕਰੇ ਨੂੰ ਅਜ਼ਾਜ਼ੇਲ ਲਈ ਛੱਡ ਕੇ ਆਇਆ, ਉਹ ਵੀ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਅਤੇ ਫੇਰ ਡੇਰੇ ਵਿੱਚ ਆਵੇ।
27 ੨੭ ਉਹ ਉਸ ਪਾਪ ਬਲੀ ਦੀ ਭੇਟ ਦੇ ਬਲ਼ਦ ਅਤੇ ਪਾਪ ਬਲੀ ਦੀ ਭੇਟ ਦੇ ਬੱਕਰੇ ਨੂੰ, ਜਿਨ੍ਹਾਂ ਦਾ ਲਹੂ ਪਵਿੱਤਰ ਸਥਾਨ ਵਿੱਚ ਪ੍ਰਾਸਚਿਤ ਕਰਨ ਲਈ ਲਿਆਂਦਾ ਗਿਆ ਸੀ, ਡੇਰੇ ਤੋਂ ਬਾਹਰ ਲੈ ਜਾਵੇ ਅਤੇ ਉਨ੍ਹਾਂ ਦੀਆਂ ਖੱਲਾਂ, ਮਾਸ ਅਤੇ ਗੋਹੇ ਨੂੰ ਅੱਗ ਵਿੱਚ ਸਾੜ ਦੇਵੇ।
28 ੨੮ ਜਿਹੜਾ ਉਨ੍ਹਾਂ ਨੂੰ ਸਾੜੇ, ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਅਤੇ ਫੇਰ ਡੇਰੇ ਵਿੱਚ ਆਵੇ।
29 ੨੯ “ਇਹ ਤੁਹਾਡੇ ਲਈ ਇੱਕ ਸਦਾ ਦੀ ਬਿਧੀ ਠਹਿਰੇ, ਕਿ ਸੱਤਵੇਂ ਮਹੀਨੇ ਦੇ ਦਸਵੇਂ ਦਿਨ ਤੁਸੀਂ ਆਪਣੇ ਪ੍ਰਾਣਾਂ ਨੂੰ ਦੁੱਖ ਦੇਣਾ ਅਤੇ ਉਸ ਦਿਨ ਕੋਈ ਵੀ ਮਨੁੱਖ ਕੰਮ ਨਾ ਕਰੇ ਭਾਵੇਂ ਉਹ ਆਪਣੇ ਦੇਸ ਦਾ ਹੋਵੇ, ਭਾਵੇਂ ਪਰਦੇਸੀ ਜਿਹੜਾ ਤੁਹਾਡੇ ਵਿਚਕਾਰ ਰਹਿੰਦਾ ਹੈ,
30 ੩੦ ਕਿਉਂ ਜੋ ਉਸੇ ਦਿਨ ਜਾਜਕ ਤੁਹਾਨੂੰ ਸ਼ੁੱਧ ਕਰਨ ਲਈ ਤੁਹਾਡੇ ਲਈ ਪ੍ਰਾਸਚਿਤ ਕਰੇ ਤਾਂ ਜੋ ਤੁਸੀਂ ਆਪਣੇ ਸਾਰੇ ਪਾਪਾਂ ਤੋਂ ਯਹੋਵਾਹ ਦੇ ਅੱਗੇ ਸ਼ੁੱਧ ਹੋਵੋ।
31 ੩੧ ਇਹ ਤੁਹਾਡੇ ਲਈ ਇੱਕ ਮਹਾਂ-ਵਿਸ਼ਰਾਮ ਦਾ ਦਿਨ ਹੋਵੇ ਅਤੇ ਇੱਕ ਸਦਾ ਦੀ ਬਿਧੀ ਦੇ ਅਨੁਸਾਰ ਤੁਸੀਂ ਆਪਣੇ ਪ੍ਰਾਣਾਂ ਨੂੰ ਦੁੱਖ ਦੇਣਾ।
32 ੩੨ ਜਿਸ ਦਾ ਆਪਣੇ ਪਿਤਾ ਦੇ ਥਾਂ ਉੱਤੇ ਜਾਜਕ ਹੋਣ ਲਈ ਮਸਹ ਕੀਤਾ ਜਾਵੇ, ਉਹ ਜਾਜਕ ਪ੍ਰਾਸਚਿਤ ਕਰੇ ਅਤੇ ਕਤਾਨ ਦੇ ਪਵਿੱਤਰ ਬਸਤਰਾਂ ਨੂੰ ਪਹਿਨੇ।
33 ੩੩ ਉਹ ਪਵਿੱਤਰ ਸਥਾਨ ਦੇ ਲਈ, ਮੰਡਲੀ ਦੇ ਡੇਰੇ ਦੇ ਲਈ ਅਤੇ ਜਗਵੇਦੀ ਦੇ ਲਈ ਪ੍ਰਾਸਚਿਤ ਕਰੇ ਅਤੇ ਉਹ ਜਾਜਕਾਂ ਦੇ ਲਈ ਅਤੇ ਮੰਡਲੀ ਦੇ ਸਾਰੇ ਲੋਕਾਂ ਦੇ ਲਈ ਪ੍ਰਾਸਚਿਤ ਕਰੇ।
34 ੩੪ “ਇਹ ਤੁਹਾਡੇ ਲਈ ਇੱਕ ਸਦਾ ਦੀ ਬਿਧੀ ਠਹਿਰੇ ਕਿ ਤੁਸੀਂ ਇਸਰਾਏਲੀਆਂ ਦੇ ਸਾਰੇ ਪਾਪਾਂ ਦੇ ਲਈ ਸਾਲ ਵਿੱਚ ਇੱਕ ਵਾਰੀ ਪ੍ਰਾਸਚਿਤ ਕਰੋ।” ਹਾਰੂਨ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।