< ਲੇਵੀਆਂ ਦੀ ਪੋਥੀ 12 >
1 ੧ ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
2 ੨ ਇਸਰਾਏਲੀਆਂ ਨੂੰ ਆਖ ਜੇਕਰ ਕੋਈ ਇਸਤਰੀ ਗਰਭਵਤੀ ਹੋਵੇ ਅਤੇ ਮੁੰਡੇ ਨੂੰ ਜਨਮ ਦੇਵੇ ਤਾਂ ਉਹ ਸੱਤ ਦਿਨ ਤੱਕ ਅਸ਼ੁੱਧ ਰਹੇ, ਜਿਸ ਤਰ੍ਹਾਂ ਉਹ ਆਪਣੀ ਮਾਹਵਾਰੀ ਦੇ ਦਿਨਾਂ ਵਿੱਚ ਅਸ਼ੁੱਧ ਹੁੰਦੀ ਹੈ।
3 ੩ ਅੱਠਵੇਂ ਦਿਨ ਮੁੰਡੇ ਦੀ ਸੁੰਨਤ ਕੀਤੀ ਜਾਵੇ।
4 ੪ ਇਸ ਦੇ ਬਾਅਦ ਉਹ ਉਸ ਲਹੂ ਤੋਂ ਆਪਣੇ ਆਪ ਨੂੰ ਸ਼ੁੱਧ ਕਰਨ ਵਿੱਚ ਤੇਂਤੀ ਦਿਨ ਠਹਿਰੀ ਰਹੇ ਅਤੇ ਕਿਸੇ ਪਵਿੱਤਰ ਵਸਤੂ ਨੂੰ ਨਾ ਛੂਹੇ ਅਤੇ ਨਾ ਹੀ ਪਵਿੱਤਰ ਸਥਾਨ ਵਿੱਚ ਆਵੇ ਜਦ ਤੱਕ ਉਸ ਦੇ ਸ਼ੁੱਧ ਹੋਣ ਦੇ ਦਿਨ ਪੂਰੇ ਨਾ ਹੋ ਜਾਣ।
5 ੫ ਪਰ ਜੇਕਰ ਉਹ ਕੁੜੀ ਨੂੰ ਜਨਮ ਦੇਵੇ ਤਾਂ ਉਹ ਪੰਦਰਾਂ ਦਿਨ ਤੱਕ ਅਸ਼ੁੱਧ ਰਹੇ, ਜਿਵੇਂ ਉਹ ਆਪਣੀ ਮਾਹਵਾਰੀ ਦੇ ਦਿਨਾਂ ਵਿੱਚ ਅਸ਼ੁੱਧ ਹੁੰਦੀ ਹੈ ਅਤੇ ਛਿਆਹਠਵੇਂ ਦਿਨ ਤੱਕ ਉਸ ਲਹੂ ਤੋਂ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਠਹਿਰੀ ਰਹੇ।
6 ੬ ਜਦ ਉਸ ਦੇ ਸ਼ੁੱਧ ਹੋਣ ਦੇ ਦਿਨ ਪੂਰੇ ਹੋ ਜਾਣ ਤਾਂ ਭਾਵੇਂ ਉਸ ਨੇ ਪੁੱਤਰ ਨੂੰ ਜਨਮ ਦਿੱਤਾ ਹੋਵੇ ਭਾਵੇਂ ਧੀ ਨੂੰ, ਉਹ ਹੋਮ ਬਲੀ ਦੀ ਭੇਟ ਲਈ ਇੱਕ ਸਾਲ ਦਾ ਲੇਲਾ ਅਤੇ ਪਾਪ ਬਲੀ ਦੀ ਭੇਟ ਲਈ ਕਬੂਤਰ ਦਾ ਬੱਚਾ ਜਾਂ ਘੁੱਗੀ, ਮੰਡਲੀ ਦੇ ਡੇਰੇ ਦੇ ਦਰਵਾਜ਼ੇ ਅੱਗੇ ਜਾਜਕ ਦੇ ਕੋਲ ਲਿਆਵੇ।
7 ੭ ਤਦ ਜਾਜਕ ਉਸ ਨੂੰ ਯਹੋਵਾਹ ਦੇ ਅੱਗੇ ਚੜ੍ਹਾਵੇ ਅਤੇ ਉਸ ਦੇ ਲਈ ਪ੍ਰਾਸਚਿਤ ਕਰੇ ਅਤੇ ਤਾਂ ਉਹ ਆਪਣੇ ਲਹੂ ਵਗਣ ਤੋਂ ਸ਼ੁੱਧ ਹੋ ਜਾਵੇਗੀ। ਜੋ ਇਸਤਰੀ ਪੁੱਤਰ ਜਾਂ ਧੀ ਨੂੰ ਜਨਮ ਦੇਵੇ ਉਸ ਦੇ ਲਈ ਇਹੋ ਬਿਵਸਥਾ ਹੈ।
8 ੮ ਜੇਕਰ ਉਹ ਇੱਕ ਲੇਲਾ ਲਿਆਉਣ ਦੇ ਯੋਗ ਨਾ ਹੋਵੇ ਤਾਂ ਉਹ ਦੋ ਘੁੱਗੀਆਂ ਦਾ ਇੱਕ ਜੋੜਾ ਜਾਂ ਕਬੂਤਰਾਂ ਦੇ ਦੋ ਬੱਚੇ ਲਿਆਵੇ, ਇੱਕ ਤਾਂ ਹੋਮ ਬਲੀ ਦੇ ਭੇਟ ਲਈ ਅਤੇ ਦੂਜਾ ਪਾਪ ਬਲੀ ਦੀ ਭੇਟ ਲਈ ਦੇਵੇ ਅਤੇ ਜਾਜਕ ਉਸ ਦੇ ਲਈ ਪ੍ਰਾਸਚਿਤ ਕਰੇ ਅਤੇ ਉਹ ਸ਼ੁੱਧ ਹੋ ਜਾਵੇਗੀ।