< ਨਿਆਂਈਆਂ 3 >
1 ੧ ਇਸਰਾਏਲੀਆਂ ਵਿੱਚੋਂ ਜਿਹੜੇ ਕਨਾਨ ਦੀਆਂ ਸਾਰੀਆਂ ਲੜਾਈਆਂ ਨੂੰ ਨਹੀਂ ਜਾਣਦੇ ਸਨ, ਉਨ੍ਹਾਂ ਨੂੰ ਪਰਖਣ ਲਈ ਯਹੋਵਾਹ ਨੇ ਇਨ੍ਹਾਂ ਕੌਮਾਂ ਨੂੰ ਦੇਸ਼ ਵਿੱਚ ਰਹਿਣ ਦਿੱਤਾ,
2 ੨ ਸਿਰਫ਼ ਇਸ ਲਈ ਤਾਂ ਜੋ ਇਸਰਾਏਲੀਆਂ ਦੀਆਂ ਪੀੜ੍ਹੀਆਂ ਨੂੰ ਜਿਨ੍ਹਾਂ ਨੂੰ ਪਹਿਲਾਂ ਲੜਾਈ ਦਾ ਢੰਗ ਨਹੀਂ ਆਉਂਦਾ ਸੀ, ਉਹਨਾਂ ਨੂੰ ਸਿਖਾਵੇ,
3 ੩ ਅਰਥਾਤ ਫ਼ਲਿਸਤੀਆਂ ਦੇ ਪੰਜ ਅਧਿਕਾਰੀ ਅਤੇ ਸਾਰੇ ਕਨਾਨੀ, ਸੀਦੋਨੀ ਅਤੇ ਹਿੱਵੀ ਜਿਹੜੇ ਲਬਾਨੋਨ ਦੇ ਪਰਬਤ ਵਿੱਚ ਬਆਲ-ਹਰਮੋਨ ਦੇ ਪਰਬਤ ਤੋਂ ਲੈ ਕੇ ਹਮਾਥ ਦੇ ਰਸਤੇ ਤੱਕ ਵੱਸਦੇ ਸਨ।
4 ੪ ਇਹ ਇਸ ਲਈ ਰਹੇ ਤਾਂ ਜੋ ਉਨ੍ਹਾਂ ਦੇ ਰਾਹੀਂ ਇਸਰਾਏਲ ਦੀ ਪ੍ਰੀਖਿਆ ਲਈ ਜਾਵੇ ਅਤੇ ਪਤਾ ਲੱਗੇ ਕਿ ਉਹ ਯਹੋਵਾਹ ਦੇ ਹੁਕਮਾਂ ਨੂੰ ਜੋ ਉਸ ਨੇ ਮੂਸਾ ਦੇ ਰਾਹੀਂ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੇ ਸਨ, ਮੰਨਣਗੇ ਜਾਂ ਨਹੀਂ।
5 ੫ ਇਸ ਲਈ ਇਸਰਾਏਲੀ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫ਼ਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦੇ ਵਿਚਕਾਰ ਵੱਸਦੇ ਸਨ
6 ੬ ਅਤੇ ਉਨ੍ਹਾਂ ਨੇ ਉਹਨਾਂ ਜਾਤੀਆਂ ਦੀਆਂ ਧੀਆਂ ਨਾਲ ਆਪ ਵਿਆਹ ਕੀਤੇ, ਅਤੇ ਆਪਣੀਆਂ ਧੀਆਂ ਉਹਨਾਂ ਦੇ ਪੁੱਤਰਾਂ ਨੂੰ ਦਿੱਤੀਆਂ ਅਤੇ ਉਹਨਾਂ ਦੇ ਦੇਵਤਿਆਂ ਦੀ ਪੂਜਾ ਕਰਨ ਲੱਗੇ।
7 ੭ ਇਸ ਤਰ੍ਹਾਂ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਬੁਰਿਆਈ ਕੀਤੀ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭੁਲਾ ਦਿੱਤਾ ਅਤੇ ਬਆਲ ਦੇਵਤਿਆਂ ਅਤੇ ਅਸ਼ੇਰਾਹ ਦੇਵੀਆਂ ਦੀ ਪੂਜਾ ਕਰਨ ਲੱਗੇ।
8 ੮ ਇਸ ਲਈ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ, ਅਤੇ ਉਸ ਨੇ ਉਨ੍ਹਾਂ ਨੂੰ ਮਸੋਪੋਤਾਮੀਆ ਦੇ ਪਾਤਸ਼ਾਹ ਕੂਸ਼ਨ-ਰਿਸ਼ਾਤੈਮ ਦੇ ਹੱਥ ਕਰ ਦਿੱਤਾ ਅਤੇ ਉਹ ਅੱਠ ਸਾਲ ਤੱਕ ਕੂਸ਼ਨ-ਰਿਸ਼ਾਤੈਮ ਦੇ ਗ਼ੁਲਾਮ ਰਹੇ।
9 ੯ ਫਿਰ ਇਸਰਾਏਲੀਆਂ ਨੇ ਯਹੋਵਾਹ ਅੱਗੇ ਬੇਨਤੀ ਕੀਤੀ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਬਚਾਉਣ ਲਈ ਆਥਨੀਏਲ ਨੂੰ ਚੁਣਿਆ ਅਰਥਾਤ ਕਾਲੇਬ ਦੇ ਛੋਟੇ ਭਰਾ ਕਨਜ਼ ਦੇ ਪੁੱਤਰ ਆਥਨੀਏਲ ਨੂੰ ਜਿਸ ਨੇ ਉਨ੍ਹਾਂ ਨੂੰ ਬਚਾਇਆ।
10 ੧੦ ਯਹੋਵਾਹ ਦਾ ਆਤਮਾ ਆਥਨੀਏਲ ਦੇ ਉੱਤੇ ਆਇਆ ਅਤੇ ਉਹ ਇਸਰਾਏਲ ਦਾ ਨਿਆਈਂ ਬਣਿਆ ਅਤੇ ਲੜਾਈ ਕਰਨ ਨੂੰ ਨਿੱਕਲਿਆ ਅਤੇ ਯਹੋਵਾਹ ਨੇ ਅਰਾਮ ਦੇ ਰਾਜਾ ਕੂਸ਼ਨ-ਰਿਸ਼ਾਤੈਮ ਨੂੰ ਉਸ ਦੇ ਹੱਥ ਵਿੱਚ ਕਰ ਦਿੱਤਾ ਅਤੇ ਉਸ ਦਾ ਹੱਥ ਕੂਸ਼ਨ-ਰਿਸ਼ਾਤੈਮ ਦੇ ਉੱਤੇ ਬਲਵਾਨ ਹੋਇਆ।
11 ੧੧ ਤਦ ਚਾਲ੍ਹੀ ਸਾਲਾਂ ਤੱਕ ਉਸ ਦੇਸ਼ ਵਿੱਚ ਸ਼ਾਂਤੀ ਰਹੀ, ਫਿਰ ਕਨਜ਼ ਦਾ ਪੁੱਤਰ ਆਥਨੀਏਲ ਮਰ ਗਿਆ।
12 ੧੨ ਇਸਰਾਏਲੀਆਂ ਨੇ ਫਿਰ ਯਹੋਵਾਹ ਦੇ ਅੱਗੇ ਬੁਰਿਆਈ ਕੀਤੀ, ਅਤੇ ਯਹੋਵਾਹ ਨੇ ਮੋਆਬ ਦੇ ਰਾਜਾ ਅਗਲੋਨ ਨੂੰ ਇਸਰਾਏਲ ਦੇ ਉੱਤੇ ਪਰਬਲ ਕੀਤਾ, ਕਿਉਂ ਜੋ ਉਨ੍ਹਾਂ ਨੇ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਸੀ।
13 ੧੩ ਇਸ ਲਈ ਉਸ ਨੇ ਅੰਮੋਨੀਆਂ ਅਤੇ ਅਮਾਲੇਕੀਆਂ ਨੂੰ ਆਪਣੇ ਨਾਲ ਮਿਲਾਇਆ ਅਤੇ ਇਸਰਾਏਲ ਉੱਤੇ ਹਮਲਾ ਕੀਤਾ ਅਤੇ ਖ਼ਜੂਰਾਂ ਵਾਲੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ
14 ੧੪ ਤਦ ਇਸਰਾਏਲੀ ਅਠਾਰਾਂ ਸਾਲਾਂ ਤੱਕ ਮੋਆਬ ਦੇ ਰਾਜਾ ਅਗਲੋਨ ਦੀ ਸੇਵਾ ਟਹਿਲ ਕਰਦੇ ਰਹੇ।
15 ੧੫ ਫਿਰ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਦੁਹਾਈ ਦਿੱਤੀ ਅਤੇ ਯਹੋਵਾਹ ਨੇ ਉਨ੍ਹਾਂ ਦੇ ਲਈ ਇੱਕ ਬਚਾਉਣ ਵਾਲੇ ਨੂੰ ਅਰਥਾਤ ਬਿਨਯਾਮੀਨ ਗੋਤ ਦੇ ਗੇਰਾ ਦੇ ਪੁੱਤਰ ਏਹੂਦ ਨੂੰ ਜੋ ਖੱਬਾ ਸੀ, ਚੁਣਿਆ ਅਤੇ ਇਸਰਾਏਲੀਆਂ ਨੇ ਉਸ ਦੇ ਹੱਥ ਮੋਆਬ ਦੇ ਰਾਜਾ ਅਗਲੋਨ ਕੋਲ ਨਜ਼ਰਾਨਾ ਭੇਜਿਆ।
16 ੧੬ ਏਹੂਦ ਨੇ ਆਪਣੇ ਲਈ ਇੱਕ ਹੱਥ ਲੰਮੀ ਦੋਧਾਰੀ ਤਲਵਾਰ ਬਣਵਾਈ ਅਤੇ ਉਸ ਨੂੰ ਆਪਣੇ ਕੱਪੜਿਆਂ ਦੇ ਹੇਠ ਸੱਜੇ ਪੱਟ ਨਾਲ ਬੰਨ੍ਹ ਲਿਆ।
17 ੧੭ ਤਦ ਉਹ ਉਸ ਨਜ਼ਰਾਨੇ ਨੂੰ ਮੋਆਬ ਦੇ ਰਾਜਾ ਕੋਲ ਲਿਆਇਆ। ਅਗਲੋਨ ਇੱਕ ਮੋਟੇ ਢਿੱਡ ਵਾਲਾ ਮਨੁੱਖ ਸੀ।
18 ੧੮ ਅਤੇ ਅਜਿਹਾ ਹੋਇਆ ਜਦ ਏਹੂਦ ਨੇ ਨਜ਼ਰਾਨਾ ਉਸ ਨੂੰ ਦੇ ਦਿੱਤਾ ਤਾਂ ਜਿਹੜੇ ਲੋਕ ਨਜ਼ਰਾਨਾ ਚੁੱਕ ਕੇ ਲਿਆਏ ਸਨ, ਉਨ੍ਹਾਂ ਨੂੰ ਉਸ ਨੇ ਭੇਜ ਦਿੱਤਾ।
19 ੧੯ ਪਰ ਉਹ ਆਪ ਪੱਥਰ ਦੀ ਖਾਣ ਕੋਲੋਂ ਜੋ ਗਿਲਗਾਲ ਵਿੱਚ ਹੈ, ਵਾਪਿਸ ਆਇਆ ਅਤੇ ਅਗਲੋਨ ਨੂੰ ਕਿਹਾ, “ਹੇ ਮਹਾਰਾਜ, ਮੇਰੇ ਕੋਲ ਤੁਹਾਡੇ ਲਈ ਇੱਕ ਗੁਪਤ ਸੰਦੇਸ਼ ਹੈ।” ਅਗਲੋਨ ਨੇ ਕਿਹਾ, “ਥੋੜੀ ਦੇਰ ਲਈ ਬਾਹਰ ਜਾਓ।” ਤਦ ਜਿਹੜੇ ਉਸ ਦੇ ਆਲੇ-ਦੁਆਲੇ ਖੜ੍ਹੇ ਸਨ, ਸਭ ਬਾਹਰ ਨਿੱਕਲ ਗਏ।
20 ੨੦ ਤਦ ਏਹੂਦ ਉਸ ਦੇ ਕੋਲ ਆਇਆ, ਉਸ ਵੇਲੇ ਉਹ ਹਵਾਦਾਰ ਚੁਬਾਰੇ ਵਿੱਚ ਜੋ ਸਿਰਫ਼ ਉਸ ਦੇ ਲਈ ਸੀ, ਬੈਠਿਆ ਹੋਇਆ ਸੀ। ਫਿਰ ਏਹੂਦ ਨੇ ਕਿਹਾ, “ਤੁਹਾਡੇ ਲਈ ਮੇਰੇ ਕੋਲ ਪਰਮੇਸ਼ੁਰ ਦੀ ਵੱਲੋਂ ਇੱਕ ਸੰਦੇਸ਼ ਹੈ।” ਤਦ ਉਹ ਗੱਦੀ ਉੱਤੋਂ ਉੱਠ ਕੇ ਖੜ੍ਹਾ ਹੋ ਗਿਆ।
21 ੨੧ ਤਦ ਏਹੂਦ ਨੇ ਆਪਣਾ ਖੱਬਾ ਹੱਥ ਵਧਾਇਆ ਅਤੇ ਆਪਣੇ ਸੱਜੇ ਪੱਟ ਉੱਤੋਂ ਤਲਵਾਰ ਫੜ੍ਹ ਕੇ ਉਸ ਦੇ ਢਿੱਡ ਦੇ ਵਿੱਚ ਘੁਸਾ ਦਿੱਤੀ।
22 ੨੨ ਅਤੇ ਤਲਵਾਰ ਦੇ ਨਾਲ ਦਸਤਾ ਵੀ ਉਸ ਦੇ ਢਿੱਡ ਵਿੱਚ ਧੱਸ ਗਿਆ ਅਤੇ ਤਲਵਾਰ ਚਰਬੀ ਦੇ ਵਿੱਚ ਜਾ ਕੇ ਖੁੱਭ ਗਈ ਕਿਉਂ ਜੋ ਉਸ ਨੇ ਤਲਵਾਰ ਨੂੰ ਉਹ ਦੇ ਢਿੱਡ ਵਿੱਚੋਂ ਨਹੀਂ ਕੱਢਿਆ ਸਗੋਂ ਤਲਵਾਰ ਉਸ ਦੇ ਆਰ-ਪਾਰ ਨਿੱਕਲ ਗਈ ਅਤੇ ਚਰਬੀ ਨੇ ਉਸ ਨੂੰ ਢੱਕ ਲਿਆ।
23 ੨੩ ਤਦ ਏਹੂਦ ਨੇ ਬਾਹਰ ਵਿਹੜੇ ਵਿੱਚ ਆ ਕੇ ਚੁਬਾਰੇ ਦਾ ਦਰਵਾਜ਼ਾ ਆਪਣੇ ਪਿੱਛੇ ਬੰਦ ਕੀਤਾ ਅਤੇ ਤਾਲਾ ਲਗਾ ਦਿੱਤਾ।
24 ੨੪ ਜਦ ਉਹ ਨਿੱਕਲ ਗਿਆ ਤਾਂ ਅਗਲੋਨ ਦੇ ਸੇਵਕ ਆਏ ਅਤੇ ਜਦੋਂ ਉਨ੍ਹਾਂ ਨੇ ਵੇਖਿਆ ਕਿ ਚੁਬਾਰੇ ਦੇ ਦਰਵਾਜ਼ੇ ਬੰਦ ਸਨ ਤਾਂ ਉਨ੍ਹਾਂ ਨੇ ਕਿਹਾ, “ਉਹ ਹਵਾਦਾਰ ਚੁਬਾਰੇ ਦੀ ਅੰਦਰਲੀ ਕੋਠੜੀ ਵਿੱਚ ਪਖ਼ਾਨੇ ਵਿੱਚ ਬੈਠਾ ਹੋਵੇਗਾ।”
25 ੨੫ ਅਤੇ ਉਹ ਬਹੁਤ ਦੇਰ ਤੱਕ ਉਸ ਦੀ ਉਡੀਕ ਕਰਦੇ ਰਹੇ, ਇੱਥੋਂ ਤੱਕ ਕਿ ਉਹ ਸ਼ਰਮਿੰਦੇ ਹੋਏ ਅਤੇ ਜਦੋਂ ਉਨ੍ਹਾਂ ਨੇ ਵੇਖਿਆ ਕਿ ਉਹ ਚੁਬਾਰੇ ਦਾ ਦਰਵਾਜ਼ਾ ਨਹੀਂ ਖੋਲ੍ਹਦਾ ਤਾਂ ਉਨ੍ਹਾਂ ਨੇ ਆਪ ਹੀ ਚਾਬੀ ਲਾ ਕੇ ਦਰਵਾਜ਼ਾ ਖੋਲ੍ਹਿਆ ਅਤੇ ਵੇਖੋ, ਉਨ੍ਹਾਂ ਦਾ ਸੁਆਮੀ ਧਰਤੀ ਉੱਤੇ ਮਰਿਆ ਪਿਆ ਸੀ!
26 ੨੬ ਉਨ੍ਹਾਂ ਦੇ ਉਡੀਕਣ ਦੇ ਸਮੇਂ ਵਿੱਚ ਏਹੂਦ ਭੱਜ ਗਿਆ ਅਤੇ ਪੱਥਰ ਦੀ ਖਾਣ ਤੋਂ ਪਾਰ ਲੰਘ ਗਿਆ ਅਤੇ ਸਈਰਾਹ ਦੇ ਵਿੱਚ ਜਾ ਕੇ ਬਚ ਗਿਆ।
27 ੨੭ ਫਿਰ ਅਜਿਹਾ ਹੋਇਆ ਕਿ ਜਦੋਂ ਉਹ ਉੱਥੇ ਪਹੁੰਚਿਆ ਤਾਂ ਉਸ ਨੇ ਇਫ਼ਰਾਈਮ ਦੇ ਪਰਬਤ ਉੱਤੇ ਤੁਰ੍ਹੀ ਵਜਾਈ ਤਾਂ ਇਸਰਾਏਲੀ ਉਸ ਨੇ ਨਾਲ ਪਰਬਤ ਤੋਂ ਉਤਰ ਆਏ ਅਤੇ ਉਹ ਉਨ੍ਹਾਂ ਦੇ ਅੱਗੇ-ਅੱਗੇ ਤੁਰਿਆ।
28 ੨੮ ਉਸ ਨੇ ਉਨ੍ਹਾਂ ਨੂੰ ਕਿਹਾ, “ਮੇਰੇ ਪਿੱਛੇ-ਪਿੱਛੇ ਆਓ ਕਿਉਂ ਜੋ ਯਹੋਵਾਹ ਨੇ ਤੁਹਾਡੇ ਮੋਆਬੀ ਵੈਰੀਆਂ ਨੂੰ ਤੁਹਾਡੇ ਹੱਥ ਵਿੱਚ ਕਰ ਦਿੱਤਾ ਹੈ।” ਤਦ ਉਹ ਉਸ ਦੇ ਪਿੱਛੇ ਉੱਤਰੇ ਅਤੇ ਯਰਦਨ ਦੇ ਕਿਨਾਰਿਆਂ ਨੂੰ ਜੋ ਮੋਆਬ ਦੀ ਵੱਲ ਸਨ, ਕਬਜ਼ਾ ਕਰ ਲਿਆ ਅਤੇ ਇੱਕ ਨੂੰ ਵੀ ਪਾਰ ਨਾ ਲੰਘਣ ਦਿੱਤਾ।
29 ੨੯ ਉਸ ਸਮੇਂ ਉਨ੍ਹਾਂ ਨੇ ਮੋਆਬ ਦੇ ਲੱਗਭੱਗ ਦਸ ਹਜ਼ਾਰ ਮਨੁੱਖ ਮਾਰ ਦਿੱਤੇ, ਉਹ ਸਾਰੇ ਬਲਵੰਤ ਅਤੇ ਤਕੜੇ ਲੋਕ ਸਨ ਅਤੇ ਉਨ੍ਹਾਂ ਵਿੱਚੋਂ ਇੱਕ ਵੀ ਨਾ ਬਚਿਆ।
30 ੩੦ ਇਸ ਤਰ੍ਹਾਂ ਉਸ ਦਿਨ ਮੋਆਬ ਇਸਰਾਏਲ ਦੇ ਹੱਥ ਵਿੱਚ ਆ ਗਿਆ ਅਤੇ ਅੱਸੀ ਸਾਲਾਂ ਤੱਕ ਉਸ ਦੇਸ਼ ਵਿੱਚ ਸ਼ਾਂਤੀ ਬਣੀ ਰਹੀ।
31 ੩੧ ਏਹੂਦ ਤੋਂ ਬਾਅਦ ਅਨਾਥ ਦਾ ਪੁੱਤਰ ਸ਼ਮਗਰ ਉੱਠਿਆ ਅਤੇ ਉਸ ਨੇ ਫ਼ਲਿਸਤੀਆਂ ਵਿੱਚੋਂ ਛੇ ਸੌ ਮਨੁੱਖਾਂ ਨੂੰ ਬਲ਼ਦ ਦੀ ਆਰ ਨਾਲ ਮਾਰਿਆ, ਇਸ ਤਰ੍ਹਾਂ ਉਸ ਨੇ ਵੀ ਇਸਰਾਏਲ ਨੂੰ ਬਚਾਇਆ।