< ਨਿਆਂਈਆਂ 21 >
1 ੧ ਇਸਰਾਏਲ ਦੇ ਲੋਕਾਂ ਨੇ ਮਿਸਪਾਹ ਵਿੱਚ ਸਹੁੰ ਖਾਧੀ ਸੀ ਕਿ ਸਾਡੇ ਵਿੱਚੋਂ ਕੋਈ ਵੀ ਆਪਣੀ ਧੀ ਬਿਨਯਾਮੀਨ ਵਿੱਚ ਵਿਆਹੁਣ ਲਈ ਨਹੀਂ ਦੇਵੇਗਾ।
2 ੨ ਲੋਕ ਬੈਤਏਲ ਵਿੱਚ ਆਏ ਅਤੇ ਸ਼ਾਮ ਤੱਕ ਉੱਥੇ ਪਰਮੇਸ਼ੁਰ ਦੇ ਅੱਗੇ ਬੈਠੇ ਰਹੇ ਅਤੇ ਫੁੱਟ-ਫੁੱਟ ਕੇ ਰੋਂਦੇ ਰਹੇ
3 ੩ ਅਤੇ ਬੋਲੇ, “ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਇਸਰਾਏਲ ਵਿੱਚ ਅਜਿਹਾ ਕਿਉਂ ਹੋਇਆ ਕਿ ਅੱਜ ਇਸਰਾਏਲ ਵਿੱਚੋਂ ਇੱਕ ਗੋਤ ਘੱਟ ਗਿਆ ਹੈ?”
4 ੪ ਫਿਰ ਅਗਲੇ ਦਿਨ ਲੋਕਾਂ ਨੇ ਸਵੇਰੇ ਉੱਠ ਕੇ ਉੱਥੇ ਇੱਕ ਜਗਵੇਦੀ ਬਣਾਈ ਅਤੇ ਹੋਮ ਬਲੀ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ।
5 ੫ ਅਤੇ ਇਸਰਾਏਲੀ ਕਹਿਣ ਲੱਗੇ, “ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਕੌਣ ਹੈ ਜੋ ਯਹੋਵਾਹ ਦੇ ਸਨਮੁਖ ਸਭਾ ਦੇ ਨਾਲ ਨਹੀਂ ਆਇਆ ਸੀ?” ਕਿਉਂ ਜੋ ਉਨ੍ਹਾਂ ਨੇ ਪੱਕੀ ਸਹੁੰ ਖਾਧੀ ਸੀ ਕਿ ਜੋ ਕੋਈ ਯਹੋਵਾਹ ਦੇ ਸਨਮੁਖ ਮਿਸਪਾਹ ਵਿੱਚ ਨਹੀਂ ਆਵੇਗਾ ਉਹ ਯਕੀਨੀ ਤੌਰ ਤੇ ਮਾਰਿਆ ਜਾਵੇਗਾ।
6 ੬ ਤਦ ਇਸਰਾਏਲ ਆਪਣੇ ਭਰਾ ਬਿਨਯਾਮੀਨ ਦੇ ਕਾਰਨ ਇਹ ਕਹਿ ਕੇ ਪਛਤਾਉਣ ਲੱਗੇ ਕਿ ਅੱਜ ਇਸਰਾਏਲੀਆਂ ਦਾ ਇੱਕ ਗੋਤ ਨਸ਼ਟ ਹੋ ਗਿਆ ਹੈ।
7 ੭ ਅਸੀਂ ਤਾਂ ਯਹੋਵਾਹ ਦੀ ਸਹੁੰ ਖਾਧੀ ਹੈ ਕਿ ਅਸੀਂ ਆਪਣੀਆਂ ਧੀਆਂ ਉਨ੍ਹਾਂ ਨੂੰ ਵਿਆਹੁਣ ਲਈ ਨਹੀਂ ਦਿਆਂਗੇ, ਇਸ ਲਈ ਜਿਹੜੇ ਬਚ ਗਏ ਹਨ ਉਨ੍ਹਾਂ ਨੂੰ ਅਸੀਂ ਪਤਨੀਆਂ ਕਿੱਥੋਂ ਦੇਈਏ?
8 ੮ ਫਿਰ ਉਨ੍ਹਾਂ ਨੇ ਪੁੱਛਿਆ, ਇਸਰਾਏਲੀਆਂ ਵਿੱਚੋਂ ਕਿਹੜਾ ਗੋਤ ਹੈ ਜੋ ਮਿਸਪਾਹ ਵਿੱਚ ਯਹੋਵਾਹ ਦੇ ਸਨਮੁਖ ਨਹੀਂ ਆਇਆ ਸੀ? ਤਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਯਾਬੇਸ਼ ਗਿਲਆਦ ਦੇ ਵਾਸੀਆਂ ਵਿੱਚੋਂ ਸਭਾ ਵਿੱਚ ਇਕੱਠੇ ਹੋਣ ਲਈ ਉੱਥੇ ਕੋਈ ਨਹੀਂ ਆਇਆ ਸੀ।
9 ੯ ਕਿਉਂਕਿ ਜਿਸ ਵੇਲੇ ਲੋਕਾਂ ਦੀ ਗਿਣਤੀ ਕੀਤੀ ਗਈ ਤਾਂ ਯਾਬੇਸ਼ ਗਿਲਆਦ ਦੇ ਵਾਸੀਆਂ ਵਿੱਚੋਂ ਕੋਈ ਵੀ ਉੱਥੇ ਨਾ ਲੱਭਿਆ।
10 ੧੦ ਤਦ ਸਭਾ ਨੇ ਬਾਰਾਂ ਹਜ਼ਾਰ ਸੂਰਬੀਰਾਂ ਨੂੰ ਇਹ ਆਗਿਆ ਦੇ ਕੇ ਭੇਜਿਆ, “ਤੁਸੀਂ ਜਾ ਕੇ ਯਾਬੇਸ਼ ਗਿਲਆਦ ਦੇ ਵਾਸੀਆਂ ਨੂੰ ਇਸਤਰੀਆਂ ਅਤੇ ਬਾਲਕਾਂ ਸਮੇਤ ਤਲਵਾਰ ਦੀ ਧਾਰ ਨਾਲ ਨਾਸ ਕਰ ਦਿਉ।
11 ੧੧ ਅਤੇ ਇਹ ਕੰਮ ਕਰੋ ਕਿ ਸਾਰੇ ਪੁਰਸ਼ਾਂ ਅਤੇ ਉਨ੍ਹਾਂ ਇਸਤਰੀਆਂ ਨੂੰ ਜਿਨ੍ਹਾਂ ਨੇ ਪੁਰਖਾਂ ਨਾਲ ਸੰਗ ਕੀਤਾ ਹੋਇਆ ਹੋਵੇ ਨਾਸ ਕਰ ਦੇਣਾ।”
12 ੧੨ ਉਨ੍ਹਾਂ ਨੂੰ ਯਾਬੇਸ਼ ਗਿਲਆਦ ਦੇ ਵਾਸੀਆਂ ਵਿੱਚੋਂ ਚਾਰ ਸੌ ਕੁਆਰੀਆਂ ਮਿਲੀਆਂ ਜਿਹੜੀਆਂ ਪੁਰਖਾਂ ਤੋਂ ਅਣਜਾਣ ਸਨ, ਅਤੇ ਜਿਨ੍ਹਾਂ ਨੇ ਕਿਸੇ ਨਾਲ ਸੰਗ ਨਹੀਂ ਕੀਤਾ ਸੀ। ਉਹ ਉਨ੍ਹਾਂ ਨੂੰ ਕਨਾਨ ਦੇਸ਼ ਵਿੱਚ ਸ਼ੀਲੋਹ ਦੀ ਛਾਉਣੀ ਵਿੱਚ ਲੈ ਆਏ।
13 ੧੩ ਤਦ ਸਾਰੀ ਸਭਾ ਨੇ ਬਿਨਯਾਮੀਨੀਆਂ ਨੂੰ ਜੋ ਰਿੰਮੋਨ ਦੀ ਪਹਾੜੀ ਵਿੱਚ ਸਨ, ਸੰਦੇਸ਼ਾ ਭੇਜਿਆ ਅਤੇ ਉਨ੍ਹਾਂ ਨਾਲ ਸੰਧੀ ਦੀ ਘੋਸ਼ਣਾ ਕੀਤੀ।
14 ੧੪ ਤਦ ਉਸ ਸਮੇਂ ਬਿਨਯਾਮੀਨੀ ਮੁੜ ਆਏ ਅਤੇ ਉਨ੍ਹਾਂ ਨੂੰ ਯਾਬੇਸ਼ ਗਿਲਆਦ ਦੀਆਂ ਉਹ ਕੁਆਰੀਆਂ ਦਿੱਤੀਆਂ ਗਈਆਂ ਜਿਹੜੀਆਂ ਜੀਉਂਦੀਆਂ ਛੱਡੀਆਂ ਗਈਆਂ ਸਨ, ਪਰ ਉਹ ਉਨ੍ਹਾਂ ਲਈ ਪੂਰੀਆਂ ਨਾ ਹੋਈਆਂ।
15 ੧੫ ਲੋਕ ਬਿਨਯਾਮੀਨ ਦੇ ਲਈ ਬਹੁਤ ਪਛਤਾਏ ਕਿਉਂਕਿ ਯਹੋਵਾਹ ਨੇ ਇਸਰਾਏਲ ਦੇ ਗੋਤਾਂ ਵਿੱਚ ਦਰਾਰ ਪਾ ਦਿੱਤੀ ਸੀ।
16 ੧੬ ਤਦ ਸਭਾ ਦੇ ਬਜ਼ੁਰਗਾਂ ਨੇ ਕਿਹਾ, “ਬਿਨਯਾਮੀਨ ਦੀਆਂ ਸਾਰੀਆਂ ਇਸਤਰੀਆਂ ਤਾਂ ਮਾਰੀਆਂ ਗਈਆਂ ਹਨ, ਹੁਣ ਬਚੇ ਹੋਏ ਪੁਰਖਾਂ ਲਈ ਪਤਨੀਆਂ ਕਿੱਥੋਂ ਲਿਆਈਏ?”
17 ੧੭ ਤਦ ਉਨ੍ਹਾਂ ਨੇ ਕਿਹਾ, “ਇਹ ਜ਼ਰੂਰੀ ਹੈ ਕਿ ਜਿਹੜੇ ਬਿਨਯਾਮੀਨ ਦੇ ਵਿੱਚੋਂ ਬਚ ਗਏ ਹਨ, ਉਨ੍ਹਾਂ ਦਾ ਵੀ ਹਿੱਸਾ ਰਹੇ, ਤਾਂ ਜੋ ਇਸਰਾਏਲੀਆਂ ਦਾ ਇੱਕ ਗੋਤ ਮਿਟ ਨਾ ਜਾਵੇ।
18 ੧੮ ਫਿਰ ਵੀ ਅਸੀਂ ਤਾਂ ਆਪਣੀਆਂ ਧੀਆਂ ਦਾ ਵਿਆਹ ਉਨ੍ਹਾਂ ਨਾਲ ਨਹੀਂ ਕਰ ਸਕਦੇ, ਕਿਉਂ ਜੋ ਇਸਰਾਏਲੀਆਂ ਨੇ ਸਹੁੰ ਖਾਧੀ ਹੈ ਕਿ ਜਿਹੜਾ ਕਿਸੇ ਬਿਨਯਾਮੀਨੀ ਨਾਲ ਆਪਣੀ ਧੀ ਦਾ ਵਿਆਹ ਕਰੇ, ਉਹ ਸਰਾਪੀ ਹੋਵੇ।”
19 ੧੯ ਤਦ ਉਨ੍ਹਾਂ ਨੇ ਕਿਹਾ, “ਵੇਖੋ, ਸ਼ੀਲੋਹ ਵਿੱਚ ਉਸ ਥਾਂ ਦੇ ਕੋਲ ਜੋ ਬੈਤਏਲ ਦੇ ਉੱਤਰ ਵੱਲ ਅਤੇ ਉਸ ਸੜਕ ਦੇ ਪੂਰਬ ਵੱਲ ਜਿਹੜੀ ਬੈਤਏਲ ਤੋਂ ਸ਼ਕਮ ਨੂੰ ਲਬੋਨਾਹ ਦੇ ਦੱਖਣ ਵੱਲ ਲੰਘ ਕੇ ਜਾਂਦੀ ਹੈ, ਯਹੋਵਾਹ ਦੇ ਲਈ ਹਰ ਸਾਲ ਇੱਕ ਪਰਬ ਮਨਾਇਆ ਜਾਂਦਾ ਹੈ।”
20 ੨੦ ਤਦ ਉਨ੍ਹਾਂ ਨੇ ਬਿਨਯਾਮੀਨੀਆਂ ਨੂੰ ਇਹ ਆਗਿਆ ਦਿੱਤੀ, “ਤੁਸੀਂ ਜਾ ਕੇ ਅੰਗੂਰਾਂ ਦੇ ਬਾਗ਼ਾਂ ਦੇ ਵਿੱਚ ਘਾਤ ਲਾ ਕੇ ਬੈਠ ਜਾਓ,
21 ੨੧ ਅਤੇ ਧਿਆਨ ਨਾਲ ਵੇਖੋ, ਜੇਕਰ ਸ਼ੀਲੋਹ ਦੀਆਂ ਧੀਆਂ ਨੱਚਣ ਨੂੰ ਬਾਹਰ ਨਿੱਕਲਣ ਤਾਂ ਤੁਸੀਂ ਅੰਗੂਰਾਂ ਦੇ ਬਾਗ਼ਾਂ ਵਿੱਚੋਂ ਨਿੱਕਲ ਕੇ ਸ਼ੀਲੋਹ ਦੀਆਂ ਧੀਆਂ ਵਿੱਚੋਂ ਇੱਕ-ਇੱਕ ਕੁੜੀ ਆਪਣੇ ਲਈ ਫੜ ਕੇ ਬਿਨਯਾਮੀਨ ਦੇ ਦੇਸ਼ ਨੂੰ ਚਲੇ ਜਾਓ,
22 ੨੨ ਅਤੇ ਜਦ ਉਨ੍ਹਾਂ ਦੇ ਪਿਤਾ ਜਾਂ ਭਰਾ ਸਾਡੇ ਕੋਲ ਸ਼ਿਕਾਇਤ ਕਰਨ ਲਈ ਆਉਣਗੇ ਤਾਂ ਅਸੀਂ ਉਨ੍ਹਾਂ ਨੂੰ ਕਹਾਂਗੇ ਕਿ ਕਿਰਪਾ ਕਰਕੇ ਸਾਡੇ ਲਈ ਉਨ੍ਹਾਂ ਨੂੰ ਬਖ਼ਸ਼ ਦਿਉ ਕਿਉਂਕਿ ਅਸੀਂ ਲੜਾਈ ਵਿੱਚ ਕਿਸੇ ਮਨੁੱਖ ਦੇ ਲਈ ਪਤਨੀ ਨਾ ਛੱਡੀ, ਨਾ ਹੀ ਤੁਸੀਂ ਆਪ ਉਨ੍ਹਾਂ ਨੂੰ ਉਹ ਕੁੜੀਆਂ ਦਿੱਤੀਆਂ ਹਨ ਕਿ ਤੁਸੀਂ ਅਪਰਾਧੀ ਹੁੰਦੇ।”
23 ੨੩ ਤਦ ਬਿਨਯਾਮੀਨੀਆਂ ਨੇ ਅਜਿਹਾ ਹੀ ਕੀਤਾ। ਉਨ੍ਹਾਂ ਨੇ ਆਪਣੀ ਗਿਣਤੀ ਦੇ ਅਨੁਸਾਰ ਨੱਚਣ ਵਾਲੀਆਂ ਵਿੱਚੋਂ ਆਪਣੇ ਲਈ ਇੱਕ-ਇੱਕ ਕੁੜੀ ਫੜ ਲਈ ਅਤੇ ਉਨ੍ਹਾਂ ਨੂੰ ਲੈ ਕੇ ਆਪਣੇ ਹਿੱਸੇ ਵੱਲ ਮੁੜ ਗਏ ਅਤੇ ਆਪਣੇ ਸ਼ਹਿਰਾਂ ਨੂੰ ਸੁਧਾਰ ਕੇ ਉਨ੍ਹਾਂ ਵਿੱਚ ਵੱਸ ਗਏ।
24 ੨੪ ਉਸੇ ਸਮੇਂ ਸਾਰੇ ਇਸਰਾਏਲੀ ਵੀ ਉੱਥੋਂ ਆਪੋ ਆਪਣੇ ਗੋਤ ਅਤੇ ਆਪੋ ਆਪਣੇ ਘਰਾਣੇ ਵਿੱਚ ਚਲੇ ਗਏ ਅਤੇ ਉੱਥੋਂ ਉਹ ਸਾਰੇ ਆਪੋ ਆਪਣੇ ਹਿੱਸਿਆਂ ਵਿੱਚ ਚਲੇ ਗਏ।
25 ੨੫ ਉਨ੍ਹਾਂ ਦਿਨਾਂ ਵਿੱਚ ਇਸਰਾਏਲ ਦਾ ਕੋਈ ਰਾਜਾ ਨਹੀਂ ਸੀ। ਜਿਸ ਕਿਸੇ ਨੂੰ ਜੋ ਠੀਕ ਲੱਗਦਾ ਸੀ, ਉਹ ਉਹੀ ਕਰਦਾ ਸੀ।