< ਨਿਆਂਈਆਂ 17 >
1 ੧ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਮੀਕਾਹ ਨਾਮ ਦਾ ਇੱਕ ਮਨੁੱਖ ਸੀ।
2 ੨ ਉਸ ਨੇ ਆਪਣੀ ਮਾਂ ਨੂੰ ਕਿਹਾ, “ਉਹ ਗਿਆਰ੍ਹਾਂ ਸੌ ਚਾਂਦੀ ਦੇ ਸਿੱਕੇ ਜੋ ਤੇਰੇ ਤੋਂ ਲਏ ਗਏ ਸਨ, ਜਿਨ੍ਹਾਂ ਦੇ ਕਾਰਨ ਮੈਂ ਤੈਨੂੰ ਸਰਾਪ ਦਿੰਦੇ ਸੁਣਿਆ, ਵੇਖ ਉਹ ਚਾਂਦੀ ਮੇਰੇ ਕੋਲ ਹੈ, ਮੈਂ ਹੀ ਉਹ ਲੈ ਲਈ ਸੀ।” ਉਸ ਦੀ ਮਾਂ ਨੇ ਕਿਹਾ, “ਹੇ ਮੇਰੇ ਪੁੱਤਰ! ਯਹੋਵਾਹ ਤੈਨੂੰ ਅਸੀਸ ਦੇਵੇ।”
3 ੩ ਅਤੇ ਜਦ ਉਸ ਨੇ ਉਹ ਗਿਆਰ੍ਹਾਂ ਸੌ ਚਾਂਦੀ ਦੇ ਸਿੱਕੇ ਆਪਣੀ ਮਾਂ ਨੂੰ ਮੋੜ ਦਿੱਤੇ ਤਾਂ ਉਸ ਦੀ ਮਾਂ ਨੇ ਕਿਹਾ, “ਮੈਂ ਇਹ ਚਾਂਦੀ ਆਪਣੇ ਪੁੱਤਰ ਦੇ ਕਾਰਨ ਯਹੋਵਾਹ ਨੂੰ ਅਰਪਣ ਕਰਦੀ ਹਾਂ ਤਾਂ ਜੋ ਉਹ ਇਸ ਨਾਲ ਇੱਕ ਘੜ੍ਹੀ ਹੋਈ ਅਤੇ ਇੱਕ ਢਾਲੀ ਹੋਈ ਮੂਰਤ ਬਣਾਵੇ। ਇਸ ਲਈ ਹੁਣ ਮੈਂ ਇਹ ਤੈਨੂੰ ਮੋੜ ਦਿੰਦੀ ਹਾਂ।”
4 ੪ ਜਦ ਉਸ ਨੇ ਉਹ ਰੁਪਏ ਆਪਣੀ ਮਾਂ ਨੂੰ ਮੋੜ ਦਿੱਤੇ, ਤਾਂ ਉਸ ਦੀ ਮਾਂ ਨੇ ਦੋ ਸੌ ਸਿੱਕੇ ਲੈ ਕੇ ਢਾਲਣ ਵਾਲੇ ਨੂੰ ਦਿੱਤੇ ਅਤੇ ਉਸ ਨੇ ਉਨ੍ਹਾਂ ਨਾਲ ਇੱਕ ਘੜ੍ਹੀ ਹੋਈ ਅਤੇ ਇੱਕ ਢਾਲੀ ਹੋਈ ਮੂਰਤ ਬਣਾਈ, ਅਤੇ ਉਹ ਮੀਕਾਹ ਦੇ ਘਰ ਵਿੱਚ ਰਹੀ।
5 ੫ ਉਸ ਮਨੁੱਖ ਮੀਕਾਹ ਕੋਲ ਇੱਕ ਮੰਦਰ ਸੀ, ਤਦ ਉਸ ਨੇ ਇੱਕ ਏਫ਼ੋਦ ਅਤੇ ਤਿਰਾਫ਼ੀਮ ਅਰਥਾਤ ਘਰੇਲੂ ਦੇਵਤਾ ਬਣਵਾਏ ਅਤੇ ਆਪਣੇ ਪੁੱਤਰਾਂ ਵਿੱਚੋਂ ਇੱਕ ਨੂੰ ਆਪਣਾ ਪੁਰੋਹਿਤ ਠਹਿਰਾਇਆ।
6 ੬ ਉਨ੍ਹਾਂ ਦਿਨਾਂ ਵਿੱਚ ਇਸਰਾਏਲ ਦਾ ਕੋਈ ਰਾਜਾ ਨਹੀਂ ਸੀ। ਜਿਸ ਕਿਸੇ ਨੂੰ ਜੋ ਠੀਕ ਲੱਗਦਾ ਸੀ, ਉਹ ਉਹੀ ਕਰਦਾ ਸੀ।
7 ੭ ਬੈਤਲਹਮ ਯਹੂਦਾਹ ਦਾ ਰਹਿਣ ਵਾਲਾ ਇੱਕ ਜੁਆਨ ਲੇਵੀ, ਯਹੂਦਾਹ ਦੇ ਗੋਤ ਵਿੱਚ ਪਰਦੇਸੀ ਹੋ ਕੇ ਰਹਿੰਦਾ ਸੀ।
8 ੮ ਇਹ ਮਨੁੱਖ ਬੈਤਲਹਮ ਯਹੂਦਾਹ ਤੋਂ ਇਸ ਲਈ ਨਿੱਕਲਿਆ ਸੀ ਕਿ ਜਿੱਥੇ ਟਿਕਾਣਾ ਮਿਲੇ ਉੱਥੇ ਜਾ ਕੇ ਰਹੇ। ਉਹ ਚਲਦੇ-ਚਲਦੇ ਇਫ਼ਰਾਈਮ ਦੇ ਪਹਾੜੀ ਦੇਸ ਵਿੱਚ ਮੀਕਾਹ ਦੇ ਘਰ ਪਹੁੰਚ ਗਿਆ।
9 ੯ ਮੀਕਾਹ ਨੇ ਉਸ ਨੂੰ ਪੁੱਛਿਆ, “ਤੂੰ ਕਿੱਥੋਂ ਆਇਆ ਹੈਂ?” ਉਸ ਨੇ ਉਹ ਨੂੰ ਕਿਹਾ, “ਮੈਂ ਬੈਤਲਹਮ ਯਹੂਦਾਹ ਦਾ ਰਹਿਣ ਵਾਲਾ ਇੱਕ ਲੇਵੀ ਹਾਂ, ਅਤੇ ਇਸ ਲਈ ਤੁਰਿਆ ਹਾਂ ਕਿ ਜਿੱਥੇ ਕਿਤੇ ਟਿਕਾਣਾ ਮਿਲੇ ਉੱਥੇ ਜਾ ਕੇ ਰਹਾਂ।”
10 ੧੦ ਮੀਕਾਹ ਨੇ ਉਸ ਨੂੰ ਕਿਹਾ, “ਮੇਰੇ ਕੋਲ ਰਹਿ ਅਤੇ ਮੇਰਾ ਪਿਤਾ ਅਤੇ ਪੁਰੋਹਿਤ ਬਣ, ਅਤੇ ਮੈਂ ਤੈਨੂੰ ਹਰ ਸਾਲ ਚਾਂਦੀ ਦੇ ਦਸ ਸਿੱਕੇ, ਅਤੇ ਇੱਕ ਜੋੜੀ ਕੱਪੜੇ ਅਤੇ ਭੋਜਨ ਵੀ ਦਿਆਂਗਾ।”
11 ੧੧ ਤਾਂ ਉਹ ਲੇਵੀ ਮੀਕਾਹ ਨਾਲ ਰਹਿਣ ਲਈ ਤਿਆਰ ਹੋ ਗਿਆ ਅਤੇ ਉਹ ਜੁਆਨ ਉਸ ਦੇ ਨਾਲ ਉਸ ਦੇ ਪੁੱਤਰਾਂ ਵਰਗਾ ਬਣ ਕੇ ਰਿਹਾ।
12 ੧੨ ਤਾਂ ਮੀਕਾਹ ਨੇ ਉਸ ਲੇਵੀ ਨੂੰ ਨਿਯੁਕਤ ਕੀਤਾ ਅਤੇ ਉਹ ਜੁਆਨ ਉਸ ਦਾ ਪੁਰੋਹਿਤ ਬਣ ਕੇ ਮੀਕਾਹ ਦੇ ਘਰ ਵਿੱਚ ਰਹਿਣ ਲੱਗਾ।
13 ੧੩ ਤਦ ਮੀਕਾਹ ਨੇ ਕਿਹਾ, “ਹੁਣ ਮੈਂ ਜਾਣਦਾ ਹਾਂ ਕਿ ਯਹੋਵਾਹ ਮੇਰਾ ਭਲਾ ਕਰੇਗਾ, ਕਿਉਂ ਜੋ ਮੈਂ ਇੱਕ ਲੇਵੀ ਨੂੰ ਆਪਣਾ ਪੁਰੋਹਿਤ ਬਣਾਇਆ ਹੈ।”