< ਯਹੋਸ਼ੁਆ 7 >
1 ੧ ਪਰ ਇਸਰਾਏਲੀਆਂ ਨੇ ਚੜ੍ਹਾਵੇ ਦੀ ਚੀਜ਼ ਦੇ ਵਿਖੇ ਅਪਰਾਧ ਕੀਤਾ, ਕਿਉਂ ਜੋ ਜ਼ਰਹ ਦੇ ਪੜਪੋਤੇ, ਜ਼ਬਦੀ ਦੇ ਪੋਤੇ ਅਤੇ ਕਰਮੀ ਦੇ ਪੁੱਤਰ ਆਕਾਨ ਨੇ ਜਿਹੜਾ ਯਹੂਦਾਹ ਦੇ ਗੋਤ ਦਾ ਸੀ ਉਸ ਚੜ੍ਹਾਵੇ ਦੀ ਚੀਜ਼ ਵਿੱਚੋਂ ਕੁਝ ਲਿਆ ਅਤੇ ਯਹੋਵਾਹ ਦਾ ਕ੍ਰੋਧ ਇਸਰਾਏਲੀਆਂ ਉੱਤੇ ਭੜਕਿਆ।
2 ੨ ਯਹੋਸ਼ੁਆ ਨੇ ਯਰੀਹੋ ਤੋਂ ਅਈ ਨੂੰ ਜਿਹੜੀ ਬੈਤ-ਆਵਨ ਦੇ ਕੋਲ ਬੈਤਏਲ ਦੇ ਚੜ੍ਹਦੀ ਵੱਲ ਹੈ ਮਨੁੱਖ ਭੇਜੇ ਅਤੇ ਉਹਨਾਂ ਨੂੰ ਆਖਿਆ, ਉਤਾਹਾਂ ਜਾ ਕੇ ਉਸ ਦੇਸ ਦੀ ਖ਼ੋਜ ਕੱਢ ਲਿਆਓ। ਉਸ ਤੋਂ ਬਾਅਦ ਉਹ ਮਨੁੱਖ ਗਏ ਅਤੇ ਅਈ ਦੀ ਖ਼ੋਜ ਕੱਢੀ।
3 ੩ ਉਹਨਾਂ ਨੇ ਯਹੋਸ਼ੁਆ ਕੋਲ ਵਾਪਿਸ ਆ ਕੇ ਉਹ ਨੂੰ ਆਖਿਆ, ਸਾਰੇ ਲੋਕ ਉਤਾਹਾਂ ਨਾ ਜਾਣ ਪਰ ਕੇਵਲ ਦੋ ਤਿੰਨ ਹਜ਼ਾਰ ਮਨੁੱਖ ਉਤਾਹਾਂ ਜਾ ਕੇ ਅਈ ਨੂੰ ਜਿੱਤ ਲੈਣ। ਸਾਰਿਆਂ ਲੋਕਾਂ ਨੂੰ ਭੇਜਣ ਦੀ ਖੇਚਲ ਨਾ ਕਰੋ ਕਿਉਂ ਜੋ ਉਹ ਥੋੜੇ ਹੀ ਹਨ।
4 ੪ ਇਸ ਲਈ ਲੋਕਾਂ ਵਿੱਚੋਂ ਤਿੰਨ ਕੁ ਹਜ਼ਾਰ ਉੱਧਰ ਉਤਾਹਾਂ ਗਏ ਅਤੇ ਅਈ ਦੇ ਮਨੁੱਖਾਂ ਦੇ ਅੱਗੋਂ ਨੱਠ ਆਏ।
5 ੫ ਅਤੇ ਅਈ ਵਾਲਿਆਂ ਨੇ ਉਹਨਾਂ ਵਿੱਚੋਂ ਲੱਗਭੱਗ ਛੱਤੀ ਮਨੁੱਖ ਮਾਰ ਦਿੱਤੇ ਅਤੇ ਫਾਟਕ ਦੇ ਅੱਗੋਂ ਲੈ ਕੇ ਸਬਾਰੀਮ ਤੱਕ ਉਹਨਾਂ ਦੇ ਪਿੱਛੇ ਆਏ ਅਤੇ ਉਹਨਾਂ ਨੂੰ ਹਠਾੜ ਵਿੱਚ ਮਾਰਿਆ ਤਾਂ ਲੋਕਾਂ ਦੇ ਮਨ ਢੱਲ਼ ਗਏ ਅਤੇ ਪਾਣੀਓ ਪਾਣੀ ਹੋ ਗਏ।
6 ੬ ਯਹੋਸ਼ੁਆ ਨੇ ਆਪਣੇ ਕੱਪੜੇ ਪਾੜੇ ਅਤੇ ਯਹੋਵਾਹ ਦੇ ਸੰਦੂਕ ਦੇ ਅੱਗੇ ਸ਼ਾਮਾਂ ਤੱਕ ਮੂੰਹ ਭਾਰ ਧਰਤੀ ਉੱਤੇ ਪਿਆ ਰਿਹਾ, ਉਹ ਅਤੇ ਇਸਰਾਏਲ ਦੇ ਬਜ਼ੁਰਗ ਵੀ ਅਤੇ ਉਹਨਾਂ ਆਪਣਿਆਂ ਸਿਰਾਂ ਵਿੱਚ ਧੂੜ ਪਾ ਲਈ।
7 ੭ ਯਹੋਸ਼ੁਆ ਨੇ ਆਖਿਆ, ਹਾਏ ਪ੍ਰਭੂ ਯਹੋਵਾਹ, ਕੀ ਤੂੰ ਇਹਨਾਂ ਲੋਕਾਂ ਨੂੰ ਇਸ ਕਾਰਨ ਯਰਦਨ ਤੋਂ ਪਾਰ ਲਿਆਇਆ ਹੈਂ ਕਿ ਅਮੋਰੀਆਂ ਦੇ ਹੱਥ ਵਿੱਚ ਸਾਨੂੰ ਦੇ ਕੇ ਸਾਡਾ ਸੱਤਿਆਨਾਸ ਕਰਾਏਂ? ਚੰਗਾ ਹੀ ਹੁੰਦਾ ਜੇ ਅਸੀਂ ਸਬਰ ਕਰਦੇ ਅਤੇ ਯਰਦਨ ਦੇ ਉਸ ਪਾਸੇ ਹੀ ਵੱਸੇ ਰਹਿੰਦੇ।
8 ੮ ਹੇ ਪ੍ਰਭੂ, ਮੈਂ ਹੁਣ ਕੀ ਆਖਾਂ ਜਦ ਇਸਰਾਏਲ ਨੇ ਆਪਣੇ ਵੈਰੀਆਂ ਦੇ ਅੱਗੋਂ ਪਿੱਠ ਵਿਖਾਈ ਹੈ?
9 ੯ ਕਨਾਨੀ ਅਤੇ ਸਾਰੇ ਇਸ ਦੇਸ ਦੇ ਵਸਨੀਕ ਸੁਣਨਗੇ ਅਤੇ ਉਹ ਸਾਨੂੰ ਘੇਰ ਲੈਣਗੇ ਅਤੇ ਉਹ ਸਾਡਾ ਨਾਮ ਧਰਤੀ ਉੱਤੋਂ ਮਿਟਾ ਦੇਣਗੇ ਤਾਂ ਤੂੰ ਆਪਣੇ ਵੱਡੇ ਨਾਮ ਲਈ ਕੀ ਕਰੇਂਗਾ?
10 ੧੦ ਤਦ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, ਤੂੰ ਉੱਠ ਖਲੋ! ਕਿਉਂ ਮੂੰਹ ਪਰਨੇ ਪਿਆ ਹੈਂ?
11 ੧੧ ਇਸਰਾਏਲ ਨੇ ਪਾਪ ਕੀਤਾ ਹੈ। ਹਾਂ, ਉਹਨਾਂ ਨੇ ਮੇਰੇ ਨੇਮ ਦਾ ਜਿਸ ਦਾ ਉਹਨਾਂ ਨੂੰ ਹੁਕਮ ਦਿੱਤਾ ਸੀ ਉਲੰਘਣ ਕੀਤਾ ਹੈ। ਹਾਂ, ਉਹਨਾਂ ਨੇ ਚੜ੍ਹਾਵੇ ਦੀਆਂ ਚੀਜ਼ਾਂ ਵਿੱਚੋਂ ਕੁਝ ਲੈ ਲਈਆਂ ਹਨ, ਚੋਰੀ ਕਰ ਲਈਆਂ ਹਨ, ਧੋਖਾ ਵੀ ਕੀਤਾ ਹੈ ਅਤੇ ਆਪਣੇ ਸਮਾਨ ਵਿੱਚ ਰਲਾ ਲਈਆਂ ਹਨ।
12 ੧੨ ਇਸੇ ਲਈ ਇਸਰਾਏਲੀ ਆਪਣੇ ਵੈਰੀਆਂ ਦੇ ਅੱਗੇ ਸਾਹਮਣਾ ਨਾ ਕਰ ਸਕੇ ਸਗੋਂ ਵੈਰੀਆਂ ਦੇ ਅੱਗੋਂ ਪਿੱਠ ਵਿਖਾਈ ਕਿਉਂ ਜੋ ਉਹ ਸਰਾਪੇ ਗਏ ਸਨ। ਸੋ ਹੁਣ ਮੈਂ ਅੱਗੇ ਨੂੰ ਤੁਹਾਡੇ ਨਾਲ ਨਾ ਹੋਵਾਂਗਾ ਜਦ ਤੁਸੀਂ ਉਸ ਚੜ੍ਹਾਵੇ ਦੀ ਚੀਜ਼ ਨੂੰ ਆਪਣੇ ਵਿੱਚੋਂ ਨਾਸ ਨਾ ਕਰ ਸੁੱਟੋ।
13 ੧੩ ਉੱਠ ਅਤੇ ਲੋਕਾਂ ਨੂੰ ਪਵਿੱਤਰ ਕਰ ਅਤੇ ਤੂੰ ਆਖ ਕਿ ਆਪਣੇ ਆਪ ਨੂੰ ਕੱਲ ਲਈ ਪਵਿੱਤਰ ਕਰੋ ਕਿਉਂ ਜੋ ਇਸਰਾਏਲ ਦਾ ਪਰਮੇਸ਼ੁਰ ਇਉਂ ਆਖਦਾ ਹੈ ਕਿ ਹੇ ਇਸਰਾਏਲ ਤੁਹਾਡੇ ਵਿੱਚ ਚੜ੍ਹਾਵੇ ਦੀ ਚੀਜ਼ ਹੈ। ਤੁਸੀਂ ਆਪਣੇ ਵੈਰੀਆਂ ਦੇ ਸਾਹਮਣੇ ਠਹਿਰ ਨਾ ਸਕੋਗੇ ਜਦ ਤੱਕ ਤੁਸੀਂ ਉਸ ਚੜ੍ਹਾਵੇ ਦੀ ਚੀਜ਼ ਨੂੰ ਆਪਣੇ ਵਿੱਚੋਂ ਕੱਢ ਨਾ ਦਿਓ।
14 ੧੪ ਇਸ ਲਈ ਤੁਸੀਂ ਸਵੇਰ ਦੇ ਵੇਲੇ ਆਪੋ ਆਪਣੇ ਗੋਤਾਂ ਅਨੁਸਾਰ ਨੇੜੇ ਕੀਤੇ ਜਾਓਗੇ ਅਤੇ ਅਜਿਹਾ ਹੋਵੇਗਾ ਕਿ ਉਹ ਗੋਤ ਜਿਹ ਨੂੰ ਯਹੋਵਾਹ ਫੜ੍ਹੇਗਾ ਉਸ ਅਨੁਸਾਰ ਨੇੜੇ ਆਵੇ ਅਤੇ ਜਿਸ ਮੂੰਹੀ ਨੂੰ ਯਹੋਵਾਹ ਫੜ੍ਹੇਗਾ ਉਹ ਆਪਣੇ ਘਰਾਣਿਆਂ ਅਨੁਸਾਰ ਨੇੜੇ ਆਵੇ ਅਤੇ ਜਿਸ ਘਰਾਣੇ ਨੂੰ ਯਹੋਵਾਹ ਫੜ੍ਹੇਗਾ ਉਹ ਇੱਕ-ਇੱਕ ਕਰਕੇ ਨੇੜੇ ਆਵੇ।
15 ੧੫ ਇਸ ਤਰ੍ਹਾਂ ਹੋਵੇਗਾ ਕਿ ਜੋ ਚੜ੍ਹਾਵੇ ਦੀ ਚੀਜ਼ ਨਾਲ ਫੜਿਆ ਜਾਵੇ ਉਹ ਆਪਣੇ ਸਭ ਕੁਝ ਸਮੇਤ ਅੱਗ ਵਿੱਚ ਸਾੜਿਆ ਜਾਵੇਗਾ ਕਿਉਂ ਜੋ ਉਸ ਨੇ ਯਹੋਵਾਹ ਦੇ ਨੇਮ ਦਾ ਉਲੰਘਣ ਕੀਤਾ ਅਤੇ ਇਸਰਾਏਲ ਵਿੱਚ ਸ਼ਰਮਨਾਕ ਕੰਮ ਕੀਤਾ ਹੈ।
16 ੧੬ ਯਹੋਸ਼ੁਆ ਸਵੇਰ ਦੇ ਵੇਲੇ ਉੱਠਿਆ ਅਤੇ ਇਸਰਾਏਲ ਨੂੰ ਗੋਤਾਂ ਅਨੁਸਾਰ ਨੇੜੇ ਲਿਆਇਆ ਤਾਂ ਯਹੂਦਾਹ ਦਾ ਗੋਤ ਫੜਿਆ ਗਿਆ।
17 ੧੭ ਯਹੂਦਾਹ ਦੇ ਪਰਿਵਾਰਾਂ ਨੂੰ ਨੇੜੇ ਲਿਆਂਦਾ ਤਾਂ ਜ਼ਰਹੀਆਂ ਦਾ ਕਬੀਲਾ ਫੜਿਆ ਗਿਆ। ਜ਼ਰਹੀ ਦੇ ਕਬੀਲੇ ਦੇ ਇੱਕ-ਇੱਕ ਮਨੁੱਖ ਕਰਕੇ ਨੇੜੇ ਲਿਆਇਆ ਤਾਂ ਜ਼ਬਦੀ ਫੜਿਆ ਗਿਆ।
18 ੧੮ ਉਸ ਦੇ ਘਰਾਣੇ ਦਾ ਮਨੁੱਖ ਇੱਕ-ਇੱਕ ਕਰਕੇ ਨੇੜੇ ਲਿਆਇਆ ਤਾਂ ਯਹੂਦਾਹ ਦੇ ਗੋਤ ਦਾ ਜ਼ਰਹ ਦਾ ਪੜਪੋਤਾ ਜ਼ਬਦੀ ਦਾ ਪੋਤਾ ਅਤੇ ਕਰਮੀ ਦਾ ਪੁੱਤਰ ਆਕਾਨ ਫੜਿਆ ਗਿਆ।
19 ੧੯ ਯਹੋਸ਼ੁਆ ਨੇ ਆਕਾਨ ਨੂੰ ਆਖਿਆ, ਹੇ ਮੇਰੇ ਪੁੱਤਰ, ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਮਹਿਮਾ ਕਰ ਅਤੇ ਉਸ ਨੂੰ ਵਡਿਆਈ ਦੇ ਅਤੇ ਤੂੰ ਹੁਣ ਮੈਨੂੰ ਦੱਸ ਕਿ ਤੂੰ ਕੀ ਕੀਤਾ ਹੈ ਅਤੇ ਮੇਰੇ ਕੋਲੋਂ ਨਾ ਲੁਕਾ।
20 ੨੦ ਆਕਾਨ ਨੇ ਯਹੋਸ਼ੁਆ ਨੂੰ ਉੱਤਰ ਦਿੱਤਾ ਕਿ ਮੈਂ ਸੱਚ-ਮੁੱਚ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦਾ ਪਾਪ ਕੀਤਾ ਹੈ ਅਤੇ ਮੈਂ ਇਸ ਤਰ੍ਹਾਂ ਕੀਤਾ ਹੈ।
21 ੨੧ ਮੈਂ ਲੁੱਟ ਵਿੱਚ ਇੱਕ ਸ਼ਿਨਾਰ ਦੇਸ ਦਾ ਸੋਹਣਾ ਚੋਗਾ ਵੇਖਿਆ ਅਤੇ ਦੋ ਸੌ ਰੁਪਏ ਚਾਂਦੀ ਅਤੇ ਪੰਜਾਹ ਤੋਲਾ ਤੋਲ ਵਿੱਚ ਸੋਨੇ ਦੀ ਇੱਕ ਇੱਟ ਤਾਂ ਮੈਨੂੰ ਲਾਲਚ ਆ ਗਿਆ ਅਤੇ ਮੈਂ ਉਹਨਾਂ ਨੂੰ ਚੁੱਕ ਲਿਆ ਅਤੇ ਵੇਖੋ ਉਹ ਤੰਬੂ ਦੇ ਵਿੱਚਕਾਰ ਧਰਤੀ ਵਿੱਚ ਦੱਬੇ ਹੋਏ ਹਨ ਅਤੇ ਚਾਂਦੀ ਉਸ ਦੇ ਹੇਠ ਹੈ।
22 ੨੨ ਯਹੋਸ਼ੁਆ ਨੇ ਖੋਜੀ ਭੇਜੇ। ਉਹ ਤੰਬੂ ਵੱਲ ਭੱਜ ਕੇ ਗਏ ਅਤੇ ਵੇਖੋ ਉਹ ਤੰਬੂ ਵਿੱਚ ਦੱਬਿਆ ਹੋਇਆ ਸੀ ਅਤੇ ਚਾਂਦੀ ਉਸ ਦੇ ਹੇਠ ਸੀ।
23 ੨੩ ਉਹ ਉਹਨਾਂ ਨੂੰ ਤੰਬੂ ਵਿੱਚੋਂ ਕੱਢ ਕੇ ਯਹੋਸ਼ੁਆ ਅਤੇ ਸਾਰੇ ਇਸਰਾਏਲੀਆਂ ਦੇ ਸਾਹਮਣੇ ਲੈ ਆਏ ਅਤੇ ਉਹਨਾਂ ਨੂੰ ਯਹੋਵਾਹ ਦੇ ਸਨਮੁਖ ਰੱਖ ਦਿੱਤਾ।
24 ੨੪ ਯਹੋਸ਼ੁਆ ਨੇ ਸਾਰੇ ਇਸਰਾਏਲ ਸਣੇ ਜ਼ਰਹ ਦੇ ਪੁੱਤਰ ਆਕਾਨ ਨੂੰ ਅਤੇ ਚਾਂਦੀ, ਚੋਗਾ ਅਤੇ ਸੋਨੇ ਦੀ ਇੱਟ ਨੂੰ ਅਤੇ ਉਹ ਦੇ ਪੁੱਤਰਾਂ ਧੀਆਂ, ਉਹ ਦੇ ਬਲ਼ਦ, ਗਧੇ, ਉਹ ਦੀਆਂ ਭੇਡਾਂ, ਉਹ ਦਾ ਤੰਬੂ ਅਤੇ ਉਹ ਦਾ ਸਾਰਾ ਮਾਲ ਲੈ ਲਿਆ ਅਤੇ ਆਕੋਰ ਦੀ ਘਾਟੀ ਵਿੱਚ ਉੱਪਰ ਲੈ ਆਏ।
25 ੨੫ ਯਹੋਸ਼ੁਆ ਨੇ ਆਖਿਆ, ਤੂੰ ਸਾਨੂੰ ਕਿਉਂ ਦੁੱਖ ਦਿੱਤਾ? ਯਹੋਵਾਹ ਅੱਜ ਦੇ ਦਿਨ ਤੈਨੂੰ ਦੁੱਖ ਦੇਵੇਗਾ ਤਾਂ ਸਾਰੇ ਇਸਰਾਏਲੀਆਂ ਨੇ ਉਹ ਨੂੰ ਪਥਰਾਓ ਕੀਤਾ ਅਤੇ ਪਥਰਾਓ ਤੋਂ ਬਾਅਦ ਉਹ ਨੂੰ ਅੱਗ ਵਿੱਚ ਸਾੜ ਸੁੱਟਿਆ।
26 ੨੬ ਉਹਨਾਂ ਨੇ ਉਹ ਦੇ ਉੱਤੇ ਪੱਥਰਾਂ ਦਾ ਇੱਕ ਵੱਡਾ ਢੇਰ ਲਾ ਦਿੱਤਾ ਜਿਹੜਾ ਅੱਜ ਦੇ ਦਿਨ ਤੱਕ ਹੈ; ਤਦ ਯਹੋਵਾਹ ਦਾ ਕ੍ਰੋਧ ਸ਼ਾਂਤ ਹੋ ਗਿਆ। ਇਸ ਲਈ ਉਸ ਥਾਂ ਦਾ ਨਾਮ ਅੱਜ ਤੱਕ ਆਕੋਰ ਦੀ ਘਾਟੀ ਹੈ।