< ਯਹੋਸ਼ੁਆ 22 >
1 ੧ ਤਦ ਯਹੋਸ਼ੁਆ ਨੇ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਸੱਦਿਆ।
2 ੨ ਉਹਨਾਂ ਨੂੰ ਆਖਿਆ ਕਿ ਤੁਸੀਂ ਉਸ ਸਾਰੇ ਦੀ ਪਾਲਨਾ ਕੀਤੀ ਜਿਹੜਾ ਹੁਕਮ ਤੁਹਾਨੂੰ ਯਹੋਵਾਹ ਦੇ ਦਾਸ ਮੂਸਾ ਨੇ ਦਿੱਤਾ ਸੀ ਤੁਸੀਂ ਮੇਰੀ ਸਾਰੀ ਆਗਿਆਵਾਂ ਨੂੰ ਮੰਨਿਆਂ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਸੀ।
3 ੩ ਤੁਸੀਂ ਬਹੁਤ ਸਾਰੇ ਦਿਨਾਂ ਤੋਂ ਅੱਜ ਦੇ ਦਿਨ ਤੱਕ ਆਪਣੇ ਭਰਾਵਾਂ ਨੂੰ ਨਹੀਂ ਛੱਡਿਆ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਦੀ ਜ਼ਿੰਮੇਵਾਰੀ ਦੀ ਪਾਲਨਾ ਕੀਤੀ।
4 ੪ ਹੁਣ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਭਰਾਵਾਂ ਨੂੰ ਸੁੱਖ ਦਿੱਤਾ ਹੈ ਜਿਵੇਂ ਉਸ ਉਹਨਾਂ ਨਾਲ ਬਚਨ ਕੀਤਾ ਸੀ। ਹੁਣ ਤੁਸੀਂ ਮੁੜ ਜਾਓ ਅਤੇ ਆਪਣੇ ਤੰਬੂਆਂ ਵਿੱਚ ਆਪਣੀ ਮਿਲਖ਼ ਦੇ ਦੇਸ ਨੂੰ ਜਿਹੜੀ ਯਹੋਵਾਹ ਦੇ ਦਾਸ ਮੂਸਾ ਨੇ ਤੁਹਾਨੂੰ ਯਰਦਨ ਦੇ ਪਾਰ ਦਿੱਤੀ ਸੀ ਜਾਓ।
5 ੫ ਕੇਵਲ ਤੁਸੀਂ ਉਸ ਹੁਕਮਨਾਮੇ ਦੀ ਅਤੇ ਬਿਵਸਥਾ ਦੀ ਬਹੁਤ ਮਿਹਨਤ ਨਾਲ ਪੂਰਾ ਕਰਨ ਦੀ ਪਾਲਨਾ ਕਰਿਓ ਜਿਨ੍ਹਾਂ ਦਾ ਯਹੋਵਾਹ ਦੇ ਦਾਸ ਮੂਸਾ ਨੇ ਤੁਹਾਨੂੰ ਹੁਕਮ ਦਿੱਤਾ ਸੀ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪਿਆਰ ਕਰੋ ਅਤੇ ਉਸ ਦੇ ਸਾਰਿਆਂ ਰਾਹਾਂ ਉੱਤੇ ਚੱਲੋ ਅਤੇ ਉਸ ਦੇ ਹੁਕਮਾਂ ਦੀ ਪਾਲਨਾ ਕਰੋ ਅਤੇ ਉਸ ਵਿੱਚ ਬਣੇ ਰਹੋ ਅਤੇ ਆਪਣੇ ਸਾਰੇ ਮਨ ਨਾਲ, ਆਪਣੀ ਸਾਰੀ ਜਾਨ ਨਾਲ ਉਸ ਦੀ ਉਪਾਸਨਾ ਕਰੋ।
6 ੬ ਤਦ ਯਹੋਸ਼ੁਆ ਨੇ ਉਹਨਾਂ ਨੂੰ ਬਰਕਤ ਦਿੱਤੀ ਅਤੇ ਉਹਨਾਂ ਨੂੰ ਵਿਦਿਆ ਕੀਤਾ, ਫਿਰ ਉਹ ਆਪਣੇ ਤੰਬੂਆਂ ਨੂੰ ਤੁਰ ਗਏ।
7 ੭ ਮਨੱਸ਼ਹ ਦੇ ਅੱਧੇ ਗੋਤ ਨੂੰ ਮੂਸਾ ਨੇ ਬਾਸ਼ਾਨ ਵਿੱਚ ਮਿਲਖ਼ ਦਿੱਤੀ ਅਤੇ ਉਸ ਦੇ ਦੂਜੇ ਅੱਧ ਨੂੰ ਯਹੋਸ਼ੁਆ ਨੇ ਉਸ ਦੇ ਭਰਾਵਾਂ ਦੇ ਨਾਲ ਯਰਦਨ ਪਾਰ ਪੱਛਮ ਵੱਲ ਮਿਲਖ਼ ਦਿੱਤੀ ਤਾਂ ਫਿਰ ਜਦ ਯਹੋਸ਼ੁਆ ਨੇ ਉਹਨਾਂ ਨੂੰ ਉਹਨਾਂ ਦੇ ਤੰਬੂਆਂ ਨੂੰ ਭੇਜਿਆ ਤਾਂ ਉਹਨਾਂ ਨੂੰ ਬਰਕਤ ਦਿੱਤੀ।
8 ੮ ਉਹ ਨੇ ਉਹਨਾਂ ਨੂੰ ਆਖਿਆ ਕਿ ਵੱਡੇ ਧਨ ਨਾਲ ਅਤੇ ਬਹੁਤ ਵੱਡੇ ਚੌਣੇ ਨਾਲ ਅਤੇ ਚਾਂਦੀ, ਸੋਨੇ, ਪਿੱਤਲ, ਲੋਹੇ ਅਤੇ ਬਸਤਰਾਂ ਦੇ ਵੱਡੇ ਢੇਰ ਨਾਲ ਆਪਣੇ ਤੰਬੂਆਂ ਨੂੰ ਮੁੜ ਜਾਓ ਅਤੇ ਆਪਣੇ ਵੈਰੀਆਂ ਦੀ ਲੁੱਟ ਨੂੰ ਆਪਣੇ ਭਰਾਵਾਂ ਨਾਲ ਵੰਡ ਲਓ।
9 ੯ ਰਊਬੇਨੀ, ਗਾਦੀ ਅਤੇ ਮਨੱਸ਼ਹ ਦਾ ਅੱਧਾ ਗੋਤ ਇਸਰਾਏਲੀਆਂ ਦੇ ਵਿੱਚੋਂ ਸ਼ੀਲੋਹ ਤੋਂ ਮੁੜ ਤੁਰਿਆ ਜਿਹੜਾ ਕਨਾਨ ਦੇਸ ਵਿੱਚ ਹੈ ਕਿ ਉਹ ਗਿਲਆਦ ਦੇ ਦੇਸ ਨੂੰ ਆਪਣੀ ਜਗੀਰ ਵਿੱਚ ਜਾਣ ਜਿੱਥੇ ਉਹਨਾਂ ਨੂੰ ਮੂਸਾ ਦੇ ਰਾਹੀਂ ਯਹੋਵਾਹ ਦੇ ਹੁਕਮ ਅਨੁਸਾਰ ਕਬਜ਼ਾ ਦਿੱਤਾ ਗਿਆ ਸੀ।
10 ੧੦ ਜਦ ਉਹ ਯਰਦਨ ਦੇ ਇਲਾਕਿਆਂ ਵਿੱਚ ਆਏ ਜਿਹੜੇ ਕਨਾਨ ਦੇਸ ਵਿੱਚ ਹਨ ਤਾਂ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੇ ਉੱਥੇ ਇੱਕ ਜਗਵੇਦੀ ਬਣਾਈ ਅਰਥਾਤ ਯਰਦਨ ਦੇ ਉੱਤੇ ਇੱਕ ਜਗਵੇਦੀ ਜਿਹੜੀ ਵੇਖਣ ਵਿੱਚ ਵੱਡੀ ਸਾਰੀ ਲੱਗੇ।
11 ੧੧ ਇਸਰਾਏਲੀਆਂ ਨੇ ਸੁਣਿਆ ਕਿ ਵੇਖੋ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੇ ਕਨਾਨ ਦੇਸ ਦੇ ਸਾਹਮਣੇ ਯਰਦਨ ਦੇ ਇਲਾਕਿਆਂ ਵਿੱਚ ਇੱਕ ਜਗਵੇਦੀ ਇਸਰਾਏਲੀਆਂ ਦੇ ਪਾਸੇ ਵੱਲ ਬਣਾ ਲਈ ਹੈ।
12 ੧੨ ਜਦ ਇਸਰਾਏਲੀਆਂ ਨੇ ਇਹ ਸੁਣਿਆ ਤਾਂ ਇਸਰਾਏਲੀਆਂ ਦੀ ਸਾਰੀ ਮੰਡਲੀ ਸ਼ੀਲੋਹ ਵਿੱਚ ਇਕੱਠੀ ਹੋਈ ਕਿ ਉਹਨਾਂ ਨਾਲ ਯੁੱਧ ਕਰਨ ਲਈ ਚੜ੍ਹਾਈ ਕਰਨ।
13 ੧੩ ਇਸਰਾਏਲੀਆਂ ਨੇ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਕੋਲ ਅਲਆਜ਼ਾਰ ਜਾਜਕ ਦੇ ਪੁੱਤਰ ਫ਼ੀਨਹਾਸ ਨੂੰ ਗਿਲਆਦ ਦੇ ਦੇਸ ਵਿੱਚ ਭੇਜਿਆ।
14 ੧੪ ਦਸ ਪਰਧਾਨ ਉਸ ਦੇ ਨਾਲ ਇਸਰਾਏਲ ਦੇ ਪੁਰਖਿਆਂ ਦੇ ਘਰਾਣਿਆਂ ਦੇ ਕੁਲ ਗੋਤਾਂ ਦਾ ਇੱਕ-ਇੱਕ ਪ੍ਰਧਾਨ ਅਤੇ ਹਰ ਮਨੁੱਖ ਆਪਣੇ ਪੁਰਖਿਆਂ ਦੇ ਘਰਾਣੇ ਦਾ ਅਤੇ ਇਸਰਾਏਲ ਦੇ ਹਜ਼ਾਰਾਂ ਦਾ ਸਰਦਾਰ ਸੀ।
15 ੧੫ ਅਤੇ ਉਹਨਾਂ ਰਊਬੇਨੀਆਂ, ਗਾਦੀਆਂ, ਅਤੇ ਮਨੱਸ਼ਹ ਦੇ ਅੱਧੇ ਗੋਤ ਕੋਲ ਗਿਲਆਦ ਨੂੰ ਜਾ ਕੇ ਉਹਨਾਂ ਨਾਲ ਗੱਲ ਕੀਤੀ।
16 ੧੬ ਕਿ ਯਹੋਵਾਹ ਦੀ ਸਾਰੀ ਮੰਡਲੀ ਇਉਂ ਆਖਦੀ ਹੈ, ਇਹ ਕੀ ਬੇਈਮਾਨੀ ਹੈ ਜਿਹੜੀ ਤੁਸੀਂ ਇਸਰਾਏਲ ਦੇ ਪਰਮੇਸ਼ੁਰ ਦੇ ਵਿਰੁੱਧ ਕੀਤੀ ਹੈ ਕਿ ਤੁਸੀਂ ਅੱਜ ਦੇ ਦਿਨ ਯਹੋਵਾਹ ਦੇ ਪਿੱਛੇ ਚੱਲਣ ਤੋਂ ਮੁੜ ਗਏ ਹੋ ਅਤੇ ਆਪਣੇ ਲਈ ਇੱਕ ਜਗਵੇਦੀ ਬਣਾ ਲਈ ਹੈ ਕਿ ਤੁਸੀਂ ਅੱਜ ਦੇ ਦਿਨ ਯਹੋਵਾਹ ਤੋਂ ਆਕੀ ਹੋ ਜਾਓ?
17 ੧੭ ਕੀ ਸਾਡੇ ਲਈ ਪਓਰ ਦੀ ਬੁਰਿਆਈ ਛੋਟੀ ਹੈ ਜਿਸ ਤੋਂ ਅਸੀਂ ਆਪਣੇ ਆਪ ਨੂੰ ਅਜੇ ਪਵਿੱਤਰ ਨਹੀਂ ਕੀਤਾ ਭਾਵੇਂ ਯਹੋਵਾਹ ਦੀ ਮੰਡਲੀ ਵਿੱਚ ਬਵਾ ਪੈ ਗਈ ਸੀ?
18 ੧੮ ਕੀ ਤੁਸੀਂ ਅੱਜ ਦੇ ਦਿਨ ਯਹੋਵਾਹ ਦੇ ਪਿੱਛੇ ਚੱਲਣ ਤੋਂ ਇਨਕਾਰ ਕਰਦੇ ਹੋ? ਤਾਂ ਇਸ ਤਰ੍ਹਾਂ ਹੋਵੇਗਾ ਕਿ ਜੇ ਤੁਸੀਂ ਅੱਜ ਦੇ ਦਿਨ ਯਹੋਵਾਹ ਤੋਂ ਪਿੱਛੇ ਮੁੜ ਜਾਓਗੇ ਤਾਂ ਕੱਲ ਉਹ ਇਸਰਾਏਲ ਦੀ ਸਾਰੀ ਮੰਡਲੀ ਉੱਤੇ ਗੁੱਸੇ ਹੋ ਜਾਵੇਗਾ।
19 ੧੯ ਤਾਂ ਵੀ ਜੇ ਤੁਹਾਡੀ ਆਪਣੀ ਜ਼ਮੀਨ ਅਸ਼ੁੱਧ ਹੋ ਗਈ ਹੋਵੇ ਤਾਂ ਤੁਸੀਂ ਯਹੋਵਾਹ ਦੀ ਮਿਲਖ਼ ਦੇ ਦੇਸ ਨੂੰ ਲੰਘੋ ਜਿੱਥੇ ਯਹੋਵਾਹ ਦਾ ਡੇਰਾ ਟਿਕਿਆ ਹੋਇਆ ਹੈ ਅਤੇ ਸਾਡੇ ਵਿੱਚ ਮਿਲਖ਼ ਲੈ ਲਓ ਪਰ ਨਾ ਯਹੋਵਾਹ ਤੋਂ ਪਿੱਛੇ ਹਟੋ ਅਤੇ ਨਾ ਸਾਥੋਂ ਪਿੱਛੇ ਹਟੋ ਇਹ ਨਾ ਹੋਵੇ ਕਿ ਯਹੋਵਾਹ ਸਾਡੇ ਪਰਮੇਸ਼ੁਰ ਦੀ ਜਗਵੇਦੀ ਦੇ ਬਿਨ੍ਹਾਂ ਕੋਈ ਹੋਰ ਆਪਣੇ ਲਈ ਜਗਵੇਦੀ ਬਣਾ ਲਓ।
20 ੨੦ ਕੀ ਜ਼ਰਹ ਦੇ ਪੁੱਤਰ ਆਕਾਨ ਨੇ ਚੜ੍ਹਾਵੇ ਦੀਆਂ ਚੀਜ਼ਾਂ ਵਿੱਚ ਬੇਈਮਾਨੀ ਨਹੀਂ ਕੀਤੀ ਸੀ ਕਿ ਇਸਰਾਏਲ ਦੀ ਸਾਰੀ ਮੰਡਲੀ ਉੱਤੇ ਕ੍ਰੋਧ ਆ ਪਿਆ? ਅਤੇ ਉਹ ਮਨੁੱਖ ਇਕੱਲਾ ਹੀ ਆਪਣੀ ਬੁਰਿਆਈ ਵਿੱਚ ਨਾਸ ਨਹੀਂ ਹੋਇਆ ਸੀ!।
21 ੨੧ ਤਦ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੇ ਇਸਰਾਏਲ ਦੇ ਹਜ਼ਾਰਾਂ ਦੇ ਸਰਦਾਰਾਂ ਨੂੰ ਉੱਤਰ ਦੇ ਕੇ ਇਹ ਗੱਲ ਕੀਤੀ।
22 ੨੨ ਯਹੋਵਾਹ ਸਮਰੱਥ ਪਰਮੇਸ਼ੁਰ, ਹਾਂ, ਯਹੋਵਾਹ ਸਮਰੱਥ ਪਰਮੇਸ਼ੁਰ, ਉਹੀ ਜਾਣਦਾ ਹੈ ਅਤੇ ਇਸਰਾਏਲੀ ਵੀ ਜਾਣੇਗਾ ਕਿ ਜੇ ਕਦੀ ਪਿੱਛੇ ਹੱਟਣ ਵਿੱਚ ਜਾਂ ਯਹੋਵਾਹ ਦੇ ਵਿਰੁੱਧ ਬੇਈਮਾਨੀ ਕਰਨ ਵਿੱਚ ਕੁਝ ਹੋਇਆ ਹੋਵੇ ਤਾਂ ਅੱਜ ਦੇ ਦਿਨ ਸਾਨੂੰ ਨਾ ਛੱਡੋ।
23 ੨੩ ਕਿ ਜੇ ਅਸੀਂ ਆਪਣੇ ਲਈ ਇਹ ਜਗਵੇਦੀ ਬਣਾਈ ਹੋਵੇ ਕਿ ਯਹੋਵਾਹ ਦੇ ਪਿੱਛੇ ਤੁਰਨ ਤੋਂ ਮੁੜ ਜਾਈਏ ਅਤੇ ਜੇ ਉਹ ਦੇ ਉੱਤੇ ਹੋਮ ਦੀਆਂ ਬਲੀਆਂ ਜਾਂ ਮੈਦੇ ਦੀਆਂ ਭੇਟਾਂ ਚੜ੍ਹਾਈਏ ਜਾਂ ਸੁੱਖ-ਸਾਂਦ ਦੀਆਂ ਬਲੀਆਂ ਦੇਈਏ ਤਾਂ ਯਹੋਵਾਹ ਹੀ ਲੇਖਾ ਲਵੇ।
24 ੨੪ ਜਦ ਅਸੀਂ ਇਸ ਗੱਲ ਦੇ ਡਰ ਨਾਲ ਇਹ ਨਹੀਂ ਕੀਤਾ ਕਿ ਆਉਣ ਵਾਲਿਆਂ ਸਮਿਆਂ ਵਿੱਚ ਤੁਹਾਡੇ ਪੁੱਤਰ ਸਾਡੇ ਪੁੱਤਰਾਂ ਨੂੰ ਆਖਣਗੇ ਕਿ ਤੁਹਾਨੂੰ ਅਤੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੂੰ ਕੀ ਕੰਮ ਹੈ?
25 ੨੫ ਹੇ ਰਊਬੇਨੀਓ ਅਤੇ ਗਾਦੀਓ, ਯਹੋਵਾਹ ਨੇ ਸਾਡੇ ਵਿੱਚ ਅਤੇ ਤੁਹਾਡੇ ਵਿੱਚ ਯਰਦਨ ਹੱਦ ਠਹਿਰਾਈ ਹੈ ਸੋ ਤੁਹਾਡੇ ਲਈ ਯਹੋਵਾਹ ਵਿੱਚ ਕੋਈ ਭਾਗ ਨਹੀਂ। ਸ਼ਾਇਦ ਤੁਹਾਡੇ ਪੁੱਤਰ ਸਾਡੇ ਪੁੱਤਰਾਂ ਨੂੰ ਯਹੋਵਾਹ ਦਾ ਡਰ ਮੰਨਣ ਤੋਂ ਮੁੱਕਰਾ ਦੇਣ।
26 ੨੬ ਇਸ ਲਈ ਅਸੀਂ ਆਖਿਆ ਕਿ ਅਸੀਂ ਆਪਣੇ ਲਈ ਇੱਕ ਜਗਵੇਦੀ ਬਣਾਈਏ, ਉਹ ਤਾਂ ਨਾ ਹੋਮ ਦੀਆਂ ਭੇਟਾਂ ਅਤੇ ਨਾ ਬਲੀਆਂ ਲਈ ਹੈ।
27 ੨੭ ਸਗੋਂ ਉਹ ਸਾਡੇ ਵਿੱਚ ਅਤੇ ਤੁਹਾਡੇ ਵਿੱਚ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਇੱਕ ਗਵਾਹੀ ਹੋਵੇਗੀ ਕਿ ਅਸੀਂ ਯਹੋਵਾਹ ਦੀ ਉਪਾਸਨਾ ਉਸ ਦੇ ਅੱਗੇ ਆਪਣੀਆਂ ਹੋਮ ਦੀਆਂ ਭੇਟਾਂ ਨਾਲ ਅਤੇ ਬਲੀਆਂ ਨਾਲ ਅਤੇ ਸੁੱਖ-ਸਾਂਦ ਦੀਆਂ ਭੇਟਾਂ ਨਾਲ ਚੜ੍ਹਾਈਏ ਤਾਂ ਜੋ ਤੁਹਾਡੇ ਪੁੱਤਰ ਆਉਣ ਵਾਲਿਆਂ ਸਮਿਆਂ ਵਿੱਚ ਸਾਡੇ ਪੁੱਤਰਾਂ ਨੂੰ ਨਾ ਆਖਣ ਕਿ ਤੁਹਾਡੇ ਲਈ ਯਹੋਵਾਹ ਵਿੱਚ ਕੋਈ ਭਾਗ ਨਹੀਂ।
28 ੨੮ ਤਾਂ ਅਸੀਂ ਆਖਿਆ ਕਿ ਇਸ ਤਰ੍ਹਾਂ ਹੋਵੇਗਾ ਕਿ ਜਦ ਉਹ ਸਾਨੂੰ ਜਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਉਂ ਆਖਣਗੇ ਤਾਂ ਅਸੀਂ ਆਖਾਂਗੇ, ਯਹੋਵਾਹ ਦੀ ਜਗਵੇਦੀ ਦਾ ਨਮੂਨਾ ਵੇਖੋ ਜਿਹੜੀ ਸਾਡੇ ਪੁਰਖਿਆਂ ਨੇ ਨਾ ਤਾਂ ਹੋਮ ਦੀਆਂ ਭੇਟਾਂ ਲਈ ਨਾ ਬਲੀਆਂ ਲਈ ਬਣਾਈ ਸੀ ਸਗੋਂ ਉਹ ਤੁਹਾਡੇ ਅਤੇ ਸਾਡੇ ਵਿੱਚਕਾਰ ਇੱਕ ਗਵਾਹੀ ਹੈ।
29 ੨੯ ਇਹ ਸਾਥੋਂ ਦੂਰ ਹੋਵੇ ਜੇ ਅਸੀਂ ਯਹੋਵਾਹ ਦੇ ਵਿਰੁੱਧ ਆਕੀ ਹੋ ਕੇ ਅੱਜ ਦੇ ਦਿਨ ਯਹੋਵਾਹ ਦੇ ਪਿੱਛੇ ਚੱਲਣ ਤੋਂ ਮੁੜ ਜਾਈਏ ਅਤੇ ਇੱਕ ਜਗਵੇਦੀ ਹੋਮ ਦੀਆਂ ਅਤੇ ਮੈਦੇ ਦੀਆਂ ਭੇਟਾਂ ਲਈ ਅਤੇ ਬਲੀਆਂ ਲਈ ਬਣਾ ਲਈਏ ਯਹੋਵਾਹ ਸਾਡੇ ਪਰਮੇਸ਼ੁਰ ਦੀ ਜਗਵੇਦੀ ਤੋਂ ਬਿਨ੍ਹਾਂ ਜਿਹੜੀ ਉਸ ਦੇ ਡੇਰੇ ਦੇ ਸਾਹਮਣੇ ਹੈ।
30 ੩੦ ਜਦ ਫ਼ੀਨਹਾਸ ਜਾਜਕ ਅਤੇ ਮੰਡਲੀ ਦੇ ਪ੍ਰਧਾਨਾਂ ਅਤੇ ਇਸਰਾਏਲ ਦੇ ਹਜ਼ਾਰਾਂ ਦੇ ਸਰਦਾਰਾਂ ਨੇ ਜਿਹੜੇ ਉਸ ਦੇ ਨਾਲ ਸਨ ਇਹ ਗੱਲਾਂ ਸੁਣੀਆਂ ਜਿਹੜੀਆਂ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੀਆਂ ਨੇ ਕੀਤੀਆਂ ਸਨ ਤਾਂ ਉਹਨਾਂ ਨੂੰ ਇਹ ਚੰਗਾ ਲੱਗਾ
31 ੩੧ ਅਤੇ ਅਲਆਜ਼ਾਰ ਜਾਜਕ ਦੇ ਪੁੱਤਰ ਫ਼ੀਨਹਾਸ ਨੇ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੀਆਂ ਨੂੰ ਆਖਿਆ ਕਿ ਅਸੀਂ ਜਾਣਦੇ ਹਾਂ ਕਿ ਅੱਜ ਦੇ ਦਿਨ ਯਹੋਵਾਹ ਸਾਡੇ ਵਿੱਚ ਹੈ ਕਿਉਂ ਜੋ ਤੁਸੀਂ ਇਹ ਬੇਈਮਾਨੀ ਯਹੋਵਾਹ ਦੇ ਵਿਰੁੱਧ ਨਹੀਂ ਕੀਤੀ। ਹੁਣ ਤੁਸੀਂ ਇਸਰਾਏਲੀਆਂ ਨੂੰ ਯਹੋਵਾਹ ਦੇ ਹੱਥੋਂ ਛੁਡਾ ਲਿਆ ਹੈ।
32 ੩੨ ਅਲਆਜ਼ਾਰ ਜਾਜਕ ਦਾ ਪੁੱਤਰ ਫ਼ੀਨਹਾਸ ਅਤੇ ਉਹ ਪ੍ਰਧਾਨ ਰਊਬੇਨੀਆਂ ਅਤੇ ਗਾਦੀਆਂ ਤੋਂ ਗਿਲਆਦ ਦੇ ਦੇਸ ਵਿੱਚੋਂ ਕਨਾਨ ਦੇਸ ਨੂੰ ਇਸਰਾਏਲੀਆਂ ਕੋਲ ਮੁੜ ਆਏ ਅਤੇ ਉਹਨਾਂ ਨੂੰ ਇਹ ਖ਼ਬਰ ਦਿੱਤੀ
33 ੩੩ ਤਦ ਇਹ ਗੱਲ ਇਸਰਾਏਲੀਆਂ ਨੂੰ ਚੰਗੀ ਲੱਗੀ ਅਤੇ ਇਸਰਾਏਲੀਆਂ ਨੇ ਪਰਮੇਸ਼ੁਰ ਨੂੰ ਮੁਬਾਰਕ ਆਖਿਆ ਅਤੇ ਫਿਰ ਉਹਨਾਂ ਉੱਤੇ ਯੁੱਧ ਲਈ ਚੜ੍ਹਾਈ ਕਰਨ ਦੀਆਂ ਅਤੇ ਉਸ ਦੇਸ ਨੂੰ ਜਿੱਥੇ ਰਊਬੇਨੀ ਅਤੇ ਗਾਦੀ ਵੱਸਦੇ ਸਨ ਨਾਸ ਕਰਨ ਦੀਆਂ ਗੱਲਾਂ ਛੱਡ ਦਿੱਤੀਆਂ
34 ੩੪ ਤਦ ਰਊਬੇਨੀਆਂ ਅਤੇ ਗਾਦੀਆਂ ਨੇ ਉਸ ਜਗਵੇਦੀ ਨੂੰ “ਗਵਾਹੀ” ਆਖਿਆ ਕਿਉਂ ਜੋ ਸਾਡੇ ਵਿੱਚ ਇਹ ਗਵਾਹੀ ਹੈ ਕਿ ਯਹੋਵਾਹ ਹੀ ਪਰਮੇਸ਼ੁਰ ਹੈ।